ਲੇਖ

ਲੀਜ਼ੈਂਡ ਤੋਂ ਘੱਟ ਨਹੀਂ ਸਿੰਧੂ

ਭਾਰਤੀ ਬੈਡਮਿੰਟਨ ਖਿਡਾਰੀਆਂ ਦੇ ਵੱਡੇ ਟੂਰਨਾਮੈਂਟਾਂ ‘ਚ ਅਸਫਲਤਾਵਾਂ ਦੇ ਕਾਫ਼ੀ ਲੰਮੇ ਦੌਰ ਤੋਂ ਬਾਅਦ ਆਖ਼ਰ ਸਾਲ ਦੇ ਅਖ਼ੀਰ ‘ਚ ਭਾਰਤ ਦੀ ਨੰਬਰ ਇੱਕ ਬੈਡਮਿੰਟਨ ਖਿਡਾਰੀ ਪੁਸਰਲਾ ਵੈਂਕਟ ਸਿੰਧੂ (ਪੀ. ਵੀ. ਸਿੰਧੂ) ਨੇ ਆਪਣੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਪਾਰ ਪਾਉਂਦਿਆਂ ਵਿਸ਼ਵ ਟੂਰ ਫਾਈਨਲਜ਼ ਦਾ ਖ਼ਿਤਾਬ ਜਿੱਤ ਕੇ ਆਪਣਾ ਖ਼ਿਤਾਬੀ ਸੋਕਾ ਹੀ ਨਹੀਂ ਖਤਮ ਕੀਤਾ ਸਗੋਂ ਲੰਮੇ ਸਮੇਂ ਬਾਅਦ ਬੈਡਮਿੰਟਨ ‘ਚ ਵਿਸ਼ਵ ਪੱਧਰ ਦਾ ਕੋਈ ਖ਼ਿਤਾਬ ਭਾਰਤ ਦੀ ਝੋਲੀ ‘ਚ ਪਾ ਦਿੱਤਾ ਤੇ ਇਸ ਦੇ ਨਾਲ ਸਿੰਧੂ ਇਹ ਖ਼ਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਵੀ ਬਣ ਗਈ ਅਸਲ ‘ਚ ਕਾਫ਼ੀ ਲੰਮੇ ਸਮੇਂ ਤੋਂ ਸਿੰਧੂ ਨੂੰ ਫਾਈਨਲ ਮੁਕਾਬਲਿਆਂ ‘ਚ ਹਾਰਦੇ ਦੇਖਣ ਵਾਲੇ ਲੋਕਾਂ ਨੂੰ ਸਿੰਧੂ ਤੋਂ ਕਿਸੇ ਖ਼ਿਤਾਬ ਦਾ ਇੰਤਜ਼ਾਰ ਸੀ ਅਤੇ ਸਾਲ ਦੇ ਅੰਤ ‘ਚ ਸਿੰਧੂ ਨੇ ਬੈਡਮਿੰਟਨ ਦੀਆਂ ਧੁਰੰਦਰਾਂ ਨੂੰ ਹਰਾ ਕੇ ਇਸ ਸ਼ਾਨਦਾਰ ਜਿੱਤ ਨਾਲ ਸਭ ਨੂੰ ਖੁਸ਼ੀ ‘ਚ ਖੀਵੇ ਕਰ ਦਿੱਤਾ ਹੈ
ਆਦਮੀ ਦੀ ਜ਼ਿੰਦਗੀ ‘ਚ ਕਈ ਵਾਰ ਅਜਿਹੇ ਪਲ ਆਉਂਦੇ ਹਨ ਜਦੋਂ ਉਸਨੂੰ ਉਸਦੀ ਮਿਹਨਤ ਜਾਂ ਉਸ ਦੇ ਹੁਨਰ ਜਾਂ ਕਲਾ ਦਾ ਵਾਜ਼ਬ ਮੁੱਲ ਨਹੀਂ ਪੈਂਦਾ ਅਤੇ ਉਸਨੂੰ ਕਾਫ਼ੀ ਕੁਝ ਨਾਕਾਰਾਤਮਕ ਵੀ ਸੁਣਨਾ ਪੈਂਦਾ ਹੈ 2016 ‘ਚ ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਵੀ ਇਸ ਤਰ੍ਹਾਂ ਦੇ ਦੌਰ ‘ਚੋਂ ਹੀ ਪਿਛਲੇ ਲਗਭਗ ਦੋ ਸਾਲਾਂ ਤੋਂ ਲੰਘਦੀ ਆ ਰਹੀ ਸੀ

ਆਂਧਰ ਪ੍ਰਦੇਸ਼ ਦੀ ਸਿੰਧੂ ਨੇ ਇਸ ਸਾਲ ਪੰਜ ਫਾਈਨਲ ‘ਚ ਹਾਰ ਦਾ ਸਾਹਮਣਾ ਕੀਤਾ ਜਦੋਂਕਿ ਪਿਛਲੇ ਲਗਾਤਾਰ ਸੱਤ ਫਾਈਨਲ ‘ਚ ਹਾਰ ਤੋਂ ਬਾਅਦ ਸਿੰਧੂ ਨੇ ਇਹ ਨਾਮਵਰ ਅੰਤਰਰਾਸ਼ਟਰੀ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ ਹੈ ਹਾਲਾਂਕਿ ਇਹਨਾਂ ਟੂਰਨਾਮੈਂਟਾਂ ‘ਚ ਫਾਈਨਲ ਤੱਕ ਦਾ ਸਫ਼ਰ ਤੈਅ ਕਰਨਾ ਵੀ ਬਹੁਤ ਵੱਡੀ ਪ੍ਰਾਪਤੀ ਕਿਹਾ ਜਾ ਸਕਦਾ ਹੈ ਪਰ ਮੀਡੀਆ ਨੇ ਉਸਨੂੰ ਇਹਨਾਂ ਨਤੀਜਿਆਂ ਕਾਰਨ ਫਾਈਨਲ ‘ਚ ਜਿੱਤ ਦਾ ਦਮ ਨਾ ਰੱਖਣ ਵਾਲੀ ਖਿਡਾਰੀ ਦੀ ਦਿੱਖ਼ ਦੇਣੀ ਸ਼ੁਰੂ ਕਰ ਦਿੱਤੀ ਸੀ ਮੀਡੀਆ ਦੇ ਕੁਝ ਵਰਗ ਨੇ ਤਾਂ ਉਸਦੀਆਂ ਪ੍ਰਾਪਤੀਆਂ ਨੂੰ ਅੱਖੋਂ ਪਰੋਖੇ ਕਰਕੇ ਉਸਨੂੰ ‘ਚੋਕਰ’ ਤੱਕ ਦਾ ਦਰਜਾ ਦੇ ਦਿੱਤਾ ਜੋ ਵੱਡੇ ਖ਼ਿਤਾਬ ਨੂੰ ਜਿੱਤਣ ਦਾ ਦਮ ਹੀ ਨਹੀਂ ਰੱਖਦੀ ਪਰ ਦੇਰ ਆਏ, ਦਰੁਸਤ ਆਏ ਵਾਲੀ ਕਹਾਵਤ ਨੂੰ ਸਹੀ ਸਾਬਤ ਕਰਦਿਆਂ ਸਿੰਧੂ ਨੇ ਆਖ਼ਰ ਸਾਲ ਦੇ ਅੰਤ ‘ਚ ਇਸ ਇੱਕ ਹੀ ਟੂਰਨਾਮੈਂਟ ‘ਚ ਵਿਸ਼ਵ ਨੰ. ਇੱਕ ਤਾਈਪੇ ਦੀ ਤਾਈ, ਵਿਸ਼ਵ ਨੰ. ਦੋ ਜਪਾਨ ਦੀ ਅਕਾਨੇ ਯਾਮਾਗੁਚੀ ਵਰਗੀਆਂ ਖਿਡਾਰਨਾਂ ਨੂੰ ਹਰਾ ਕੇ ਨਾ ਸਿਰਫ਼ ਪਿਛਲੀਆਂ ਹਾਰਾਂ ਦਾ ਬਦਲਾ ਲਿਆ ਸਗੋਂ ਸੌ ਸੁਨਿਆਰ ਦੀ ਇੱਕ ਲੁਹਾਰ ਦੀ, ਵਾਲੀ ਗੱਲ ਨੂੰ ਸਾਰਥਿਕ ਕਰਦਿਆਂ ਵਿਸ਼ਵ ਦੇ ਸਭ ਤੋਂ ਚੁਣੌਤੀਪੂਰਨ ਟੂਰਨਾਮੈਂਟ ‘ਚ ਜਿੱਤ ਨਾਲ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਅਹਿਸਾਸ ਕਰਵਾ ਕੇ ਅਲੋਚਕਾਂ ਦੇ ਮੂੰਹ ‘ਤੇ ਵੀ ਤਾਲਾ ਜੜ ਦਿੱਤਾ ਵਿਸ਼ਵ ਟੂਰ ਫਾਈਨਲਜ਼ ਟੂਰਨਾਮੈਂਟ ‘ਚ ਵਿਸ਼ਵ ਦੇ ਚੋਟੀ ਰੈਂਕਿੰਗ ਦੇ ਖਿਡਾਰੀ ਹੀ ਹਿੱਸਾ ਲੈਂਦੇ ਹਨ ਅਤੇ ਉਹਨਾਂ ਨੂੰ ਹਰਾ ਕੇ ਖ਼ਿਤਾਬ ਜਿੱਤਣਾ ਬਿਨਾਂ ਸ਼ੱਕ ਇੱਕ ਅਸਾਧਾਰਨ ਪ੍ਰਾਪਤੀ ਕਿਹਾ ਜਾ ਸਕਦਾ ਹੈ ਇਸ ਟੂਰਨਾਮੈਂਟ ਤੋਂ ਸਿੰਧੂ ਦੇ ਮਾਨਸਿਕ ਤੌਰ ‘ਤੇ ਵੀ ਦ੍ਰਿੜਤਾ ਦਾ ਪਤਾ ਲੱਗਾ ਜੋ ਕਿ ਉਸਨੇ ਵਿਸ਼ਵ ਦੀਆਂ ਇਹਨਾਂ ਚੋਟੀ ਦੀਆਂ ਖਿਡਾਰਨਾਂ ਹੱਥੋਂ ਪਿਛਲੀਆਂ ਹਾਰਾਂ ਦੇ ਦਬਾਅ ਨੂੰ ਭਾਰੂ ਨਹੀਂ ਹੋਣ ਦਿੱਤਾ

ਅਸਲ ‘ਚ ਸਿੰਧੂ ਦੀ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਉਸਨੂੰ ਲਗਭਗ ਪਿਛਲੇ ਡੇਢ ਸਾਲ ਤੋਂ ਵੱਡੇ ਟੂਰਨਾਮੈਂਟਾਂ ‘ਚ ਫਾਈਨਲ ਦੀ ਹਾਰ ਦਾ ਡੰਗ ਝੱਲਣਾ ਪਿਆ ਜਿਸ ਦਾ ਇੱਕ ਕਾਰਨ ਇਹ ਵੀ ਰਿਹਾ ਕਿ ਉਸਦਾ ਫ਼ਾਈਨਲ ਮੁਕਾਬਲਿਆਂ ‘ਚ ਹਮੇਸ਼ਾ ਹੀ ਵਿਸ਼ਵ ਦੀਆਂ ਚੋਟੀ 10 ਖਿਡਾਰਨਾਂ ਨਾਲ ਹੀ ਟਾਕਰਾ ਹੋਇਆ ਜਿਨ੍ਹਾਂ ਵਿੱਚੋਂ ਕੁਝ ਸਮੇਂ-ਸਮੇਂ ਵਿਸ਼ਵ ਨੰਬਰ ਇੱਕ ਵੀ ਰਹੀਆਂ 2018 ‘ਚ ਸਿੰਧੂ ਭਾਵੇਂ ਕੋਈ ਫਾਈਨਲ ਮੁਕਾਬਲਾ ਨਹੀਂ ਜਿੱਤੀ ਸੀ ਪਰ ਇਸ ਸਾਲ ਸਾਰੇ ਵੱਡੇ ਟੂਰਨਾਮੈਂਟਾਂ ‘ਚ ਉਸਨੇ ਇਤਿਹਾਸਕ ਪ੍ਰਾਪਤੀਆਂ ਕਰਦਿਆਂ ਦੇਸ਼ ਦੀ ਝੋਲੀ ਖਾਲੀ ਨਹੀਂ ਛੱਡੀ ਹਾਲਾਂਕਿ ਇਹ ਵੀ ਗੱਲ ਖ਼ਾਸ ਹੈ ਕਿ ਵਿਸ਼ਵ ਨੰਬਰ 6 ਸਿੰਧੂ ਕਦੇ ਵੀ ਕਿਸੇ ਆਮ ਖਿਡਾਰੀ ਤੋਂ ਉਲਟਫੇਰ ਦਾ ਸ਼ਿਕਾਰ ਨਹੀਂ ਹੋਈ ਸਗੋਂ ਉਸਨੂੰ ਪਿਛਲੇ ਡੇਢ ਸਾਲ ਤੋਂ ਆਪਣੇ ਬਰਾਬਰ ਜਾਂ ਆਪਣੇ ਤੋਂ ਉੱਪਰ ਦੀਆਂ ਰੈਂਕਿੰਗ ਖਿਡਾਰਨਾਂ ਅੱਗੇ ਹੀ ਮਾਤ ਖਾਣੀ ਪਈ ਇਸ ਸਾਲ ਕਾਮਨਵੈਲਥ ਖੇਡਾਂ ‘ਚ ਵਿਸ਼ਵ ਨੰਬਰ 5 ਭਾਰਤ ਦੀ ਹੀ ਸਾਇਨਾ ਨੇਹਵਾਲ ਨੇ ਫਾਈਨਲ ‘ਚ ਸਿੰਧੂ ਨੂੰ 21-18, 23-21 ਨਾਲ ਮਾਤ ਦੇ ਕੇ ਚਾਂਦੀ ਤਮਗੇ ਤੱਕ ਸੀਮਤ ਕੀਤਾ ਵਿਸ਼ਵ ਚੈਂਪੀਅਨਸ਼ਿਪ 2018 ‘ਚ ਉਸ ਸਮੇਂ ਵਿਸ਼ਵ ਨੰਬਰ 4 ਸਪੇਨ ਦੀ ਕੈਰੋਲੀਨਾ ਮਾਰਿਨ ਨੇ ਸਿੰਧੂ ਨੂੰ ਫਾਈਨਲ ਮੁਕਾਬਲੇ ‘ਚ 21-19, 21-10 ਨਾਲ ਸਿੱਧੇ ਸੈੱਟਾਂ ‘ਚ ਹਰਾਇਆ ਸੀ ਸਾਲ 2016 ‘ਚ ਰੀਓ ਓਲੰਪਿਕ ‘ਚ ਵੀ ਸਿੰਧੂ ਨੂੰ ਸੋਨ ਤਮਗੇ ਦੇ ਮੁਕਾਬਲੇ ‘ਚ ਸਪੇਨ ਦੀ ਮਾਰਿਨ ਹੱਥੋਂ ਸਖ਼ਤ ਸੰਘਰਸ਼ ਦੇ ਬਾਵਜ਼ੂਦ 19-21, 21-12, 21-15 ਨਾਲ ਸੋਨ ਤਮਗਾ ਗੁਆਉਣਾ ਪਿਆ ਸੀ ਹਾਲਾਂਕਿ ਇੱਥੇ ਚਾਂਦੀ ਤਮਗਾ ਜਿੱਤ ਕੇ ਉਹ ਓਲੰਪਿਕ ‘ਚ ਚਾਂਦੀ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ

ਇਸ ਸਾਲ ਏਸ਼ੀਆਈ ਖੇਡਾਂ ਦੇ ਫਾਈਨਲ ‘ਚ ਸਿੰਧੂ ਦੀ ਚੁਣੌਤੀ ਵਿਸ਼ਵ ਨੰਬਰ 1 ਚੀਨੀ ਤਾਈਪੇ ਦੀ ਤਾਈ ਜੂ ਯਿੰਗ ਨੇ ਸਿੱਧੇ ਸੈੱਟਾਂ ‘ਚ 21-13, 21-16 ਨਾਲ ਖ਼ਤਮ ਕੀਤੀ ਪਰ ਹਾਰ ਦੇ ਬਾਵਜ਼ੂਦ ਉਸਨੇ ਏਸ਼ੀਆਈ ਖੇਡਾਂ ‘ਚ ਮਹਿਲਾ ਬੈਡਮਿੰਟਨ ਸਿੰਗਲ ਦੇ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਭਾਰਤੀ ਬਣਨ ਦਾ ਮਾਣ ਹਾਸਲ ਕੀਤਾ ਇਹੀ ਨਹੀਂ ਸਿੰਧੂ ਨੇ ਸੈਮੀਫਾਈਨਲ ‘ਚ ਵਿਸ਼ਵ ਨੰਬਰ 2 ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਸਖ਼ਤ ਮੁਕਾਬਲੇ ‘ਚ 21-17, 15-21, 21-10 ਨਾਲ ਮਾਤ ਦੇ ਕੇ ਫਾਈਨਲ ਦੀ ਟਿਕਟ ਕਟਵਾਈ ਸੀ ਯਾਮਾਗੁਚੀ ਨੇ ਸਿੰਧੂ ਨੂੰ 2017 ‘ਚ ਬੀਡਬਲਿਊ ਸੁਪਰ ਸੀਰੀਜ਼ ਦੇ ਫਾਈਨਲ ‘ਚ ਸੋਨ ਤਮਗੇ ਤੋਂ ਵਾਂਝੀ ਕੀਤਾ ਸੀ

ਇਸ ਵਾਰ ਦੀ ਵਿਸ਼ਵ ਟੂਰ ਚੈਂਪੀਅਨਸ਼ਿਪ ਦੀ ਗੱਲ ਕਰੀਏ ਤਾਂ ਸਿੰਧੂ ਨੇ ਲਗਾਤਾਰ ਤੀਸਰੇ ਸਾਲ ਵਿਸ਼ਵ ਦੀਆਂ ਚੋਟੀ ਅੱਠ ਖਿਡਾਰਨਾਂ ਦੇ ਇਸ ਨਾਮਵਰ ਟੂਰਨਾਮੈਂਟ ‘ਚ ਕੁਆਲੀਫਾਈ ਕੀਤਾ ਸੀ 2016 ‘ਚ ਉਸਨੂੰ ਸੈਮੀਫਾਈਨਲ ‘ਚ ਹਾਰ ਮਿਲੀ ਸੀ ਜਦੋਂਕਿ 2017 ‘ਚ ਪਿਛਲੇ ਸਾਲ ਫਾਈਨਲ ‘ਚ ਉਸਨੂੰ ਓਕੁਹਾਰਾ ਤੋਂ 19-21, 22-20, 20-22 ਨਾਲ ਮਾਤ ਝੱਲਣੀ ਪਈ ਸੀ ਪਰ ਇਸ ਵਾਰ ਸਿੰਧੂ ਦਾ ਟੂਰਨਾਮੈਂਟ ‘ਚ ਸ਼ੁਰੂ ਤੋਂ ਹੀ ਸ਼ਾਨਦਾਰ ਪ੍ਰਦਰਸ਼ਨ ਰਿਹਾ ਤੇ ਉਸਨੇ ਜਿਵੇਂ ਧਾਰ ਰੱਖੀ ਸੀ ਕਿ ਉਹ ਇਹ ਟੂਰਨਾਮੈਂਟ ਜਿੱਤ ਕੇ ਇਸ ਸਾਲ ਨੂੰ ਖ਼ਿਤਾਬ ਦੇ ਸੋਕੇ ਨਾਲ ਨਹੀਂ ਜਾਣ ਦੇਵੇਗੀ ਸਿੰਧੂ ਨੇ ਆਪਣੇ ਗਰੁੱਪ ਏ ਦੇ ਤਿੰਨੇ ਮੈਚ ਜਿੱਤੇ ਟੂਰਨਾਮੈਂਟ ਦੇ ਪਹਿਲੇ ਹੀ ਮੈਚ ‘ਚ ਵਿਸ਼ਵ ਨੰ. 2 ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਸਿੱਧੇ ਸੈੱਟਾਂ ‘ਚ ਹਰਾਇਆ ਤੇ ਫਿਰ ਗਰੁੱਪ ਮੈਚ ‘ਚ ਹੀ ਵਿਸ਼ਵ ਨੰਬਰ 1 ਤਾਈਪੇ ਦੀ ਤਾਈ ਨੂੰ ਤਿੰਨ ਸੈੱਟਾਂ ਦੇ ਸਖ਼ਤ ਸੰਘਰਸ਼ ‘ਚ ਹਰਾ ਕੇ ਉਸਤੋਂ ਇਸ ਸਾਲ ਏਸ਼ੀਆਈ ਖੇਡਾਂ ਦੇ ਫਾਈਨਲ ‘ਚ ਮਿਲੀ ਹਾਰ ਦਾ ਬਦਲਾ ਲੈ ਲਿਆ

ਇਹਨਾਂ ਵੱਡੀਆਂ ਜਿੱਤਾਂ ਨਾਲ ਉਸਨੇ ਇਸ ਵਾਰ ਵੱਖਰੇ ਨਤੀਜੇ ਦੇਣ ਦੇ ਸੰਕੇਤ ਦੇ ਦਿੱਤੇ ਸਨ ਦੇਖਿਆ ਜਾਵੇ ਤਾਂ ਜਾਪਾਨ ਦੀ ਨੋਜੋਮੀ ਓਕੁਹਾਰਾ ਅਤੇ ਸਿੰਧੂ ਦੀ ਟੱਕਰ ਹਮੇਸ਼ਾ ਹੀ ਕਾਂਟੇ ਦੀ ਰਹੀ ਹੈ ਵਿਸ਼ਵ ਟੂਰ ਦੇ ਫਾਈਨਲ ਤੋਂ ਪਹਿਲਾਂ ਦੋਵਾਂ ਦਰਮਿਆਨ 12 ਮੁਕਾਬਲੇ ਹੋਏ ਸਨ ਅਤੇ ਦੋਵਾਂ ਨੇ ਬਰਾਬਰ 6-6 ਜਿੱਤੇ ਸਨ ਹਾਲਾਂਕਿ ਸਿੰਧੂ ‘ਤੇ ਪਿਛਲੇ ਸਾਲ ਦੀ ਹਾਰ ਦਾ ਦਬਾਅ ਸੀ ਜੋ ਕਿ ਸਿੰਧੂ ਨੇ ਮੈਚ ਜਿੱਤਣ ਤੋਂ ਬਾਅਦ ਦੱਸਿਆ ਪਰ ਮੈਚ ਦੌਰਾਨ ਜਿੱਥੇ ਓਕੁਹਾਰਾ ਨੇ ਕੁਝ ਗਲਤੀਆਂ ਕੀਤੀਆਂ, ਉੱਥੇ ਸਿੰਧੂ ਨੇ ਆਪਣੇ ਲੰਮੇ ਕੱਦ ਦਾ ਫਾਇਦਾ ਲੈਂਦਿਆਂ ਬਹੁਤ ਹੀ ਠਰ੍ਹੰਮੇ ਭਰੀ ਖੇਡ ਨਾਲ ਜਿੱਤ ਹਾਸਲ ਕਰਕੇ ਪਿਛਲੇ ਸਾਲ ਦੀ ਖ਼ਿਤਾਬੀ ਹਾਰ ਦਾ ਬਦਲਾ ਹੀ ਨਹੀਂ ਲਿਆ ਸਗੋਂ ਇਸ ਸਾਲ ਦੇ ਆਪਣੇ ਖ਼ਿਤਾਬੀ ਸੋਕੇ ਨੂੰ ਸ਼ਾਨਦਾਰ ਢੰਗ ਨਾਲ ਸਮਾਪਤ ਕਰ ਦਿੱਤਾ ਸਿੰਧੂ ਦਾ ਟੂਰ ਫਾਈਨਲ ਜਿੱਤਣਾ ਅਤੇ ਇਸ ਦੌਰਾਨ ਦੁਨੀਆਂ ਦੇ ਸਰਵਸ੍ਰੇਸ਼ਠ ਖਿਡਾਰੀਆਂ ਨੂੰ ਹਰਾਉਣਾ ਦਰਸਾਉਂਦਾ ਹੈ ਕਿ ਭਾਰਤੀ ਬੈਡਮਿੰਟਨ ਸਹੀ ਦਿਸ਼ਾ ‘ਚ ਜਾ ਰਹੀ ਹੈ

ਇਸ ਜਿੱਤ ਨਾਲ ਬਿਨਾਂ ਸ਼ੱਕ ਸਿੰਧੂ ਦਾ ਆਤਮ-ਵਿਸ਼ਵਾਸ ਵੀ ਵਧੇਗਾ ਅਤੇ ਆਉਣ ਵਾਲੇ ਸਾਲ ‘ਚ ਰਨਰ ਅੱਪ ਰਹਿਣ ਵਾਲੀ ਨਹੀਂ ਸਗੋਂ ਜੋਸ਼ ਅਤੇ ਉਤਸ਼ਾਹ ਨਾਲ ਵੱਡੇ ਟੂਰਨਾਮੈਂਟ ਜਿੱਤਣ ਵਾਲੀ ਸਿੰਧੂ ਦਿਸੇਗੀ 2019 ਵੀ ਬੈਡਮਿੰਟਨ ਖਿਡਾਰੀ ਸਿੰਧੂ ਲਈ ਖ਼ਾਸ ਹੈ ਜਿਸ ਵਿੱਚ ਓਲੰਪਿਕ ਕੁਆਲੀਫਿਕੇਸ਼ਨ ਲਈ ਮੈਚ ਖੇਡਣੇ ਹੋਣਗੇ ਇਸ ਤੋਂ ਇਲਾਵਾ ਮਲੇਸ਼ੀਆ ਅਤੇ ਇੰਡੋਨੇਸ਼ੀਆ ‘ਚ ਵੀ ਸਿੰਧੂ ਨੂੰ ਵੱਡੇ ਟੂਰਨਾਮੈਂਟਾਂ ਦੌਰਾਨ ਇੱਕ ਵਾਰ ਫਿਰ ਵਿਸ਼ਵ ਦੀਆਂ ਚੋਟੀ ਦੀਆਂ ਖਿਡਾਰਨਾਂ ਨਾਲ ਟੱਕਰ ਲੈਣੀ ਹੋਵੇਗੀ ਅਤੇ ਸਿੰਧੂ ਦੀ ਸਾਲ ਦੀ ਇਹ ਆਖ਼ਰੀ ਜਿੱਤ ਵਿਰੋਧੀਆਂ ‘ਤੇ ਦਬਾਅ ਨਾਲ ਵੱਡੀਆਂ ਜਿੱਤਾਂ ਅਤੇ ਉਸਦੇ ਰੈਂਕਿੰਗ ‘ਚ ਅੱਗੇ ਵਧਣ ਦਾ ਰਾਹ ਵੀ ਖੋਲ੍ਹੇਗੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top