ਚਪੇੜ

0
Slap 

ਚਪੇੜ

ਸ਼ੈਰੀ ਅੱਜ ਪੰਜ ਵਰ੍ਹਿਆਂ ਮਗਰੋਂ ਆਪਣੇ ਪਿੰਡ ਪਰਤਿਆ ਸੀ। ਪੁਰਾਣੀਆਂ ਯਾਦਾਂ ‘ਚ ਗੁਆਚਿਆ ਪਿੰਡ ਦੇ ਖੇਤਾਂ ‘ਚ ਖੜ੍ਹੇ ਰੁੱਖਾਂ ਨਾਲ ਖਾਮੋਸ਼ ਗੱਲਾਂ ਕਰਨ ‘ਚ ਉਹ ਏਨਾ ਮਸ਼ਰੂਫ ਹੋ ਗਿਆ ਕਿ ਘਰ ਦੇ ਮੇਨ ਗੇਟ ਅੱਗੇ ਗੱਡੀ ਦੇ ਬ੍ਰੇਕ ਲੱਗਣ ਨਾਲ ਹੀ ਉਸਦੇ ਖਿਆਲਾਂ ਦੀ ਲੜੀ ਟੁੱਟੀ। ਘਰ ਉਸਦੇ ਸਵਾਗਤ ਲਈ ਸਿਰਫ ਦੋ-ਤਿੰਨ ਮੈਂਬਰ ਹੀ ਸਨ। ਬਾਕੀ ਮੈਂਬਰ ਦਿੱਲੀ ਏਅਰਪੋਰਟ ਤੋਂ ਉਸਦੇ ਨਾਲ ਹੀ ਵਾਪਸ ਆਏ ਸਨ। ਸ਼ੈਰੀ ਦੇ ਪਰਤਣ ਨਾਲ ਜਿਵੇਂ ਘਰ ‘ਚ ਰੌਣਕਾਂ ਹੀ ਲੱਗ ਗਈਆਂ। ਹਰ ਕਿਸੇ ਲਈ ਉਹ ਕੁੱਝ ਨਾ ਕੁੱਝ ਲੈ ਕੇ ਆਇਆ ਸੀ। ਬਾਪੂ ਜੀ ਦੇ ਗੋਡੇ ਤੇ ਬੇਬੇ ਜੀ ਦੇ ਮੋਢੇ ਹੁਣ ਚਾਅ ਨਾਲ ਹੀ ਦਰਦ ਕਰਨੋਂ ਹਟ ਗਏ ਸਨ। ਨਿੱਕੀ ਭੈਣ ਜੀਤੀ ਦੇ ਵੀ ਪੈਰ ਧਰਤ ‘ਤੇ ਨਾ ਲੱਗਦੇ। ਮਾਂ ਤੇ ਪਿਓ ਦੀ ਖੁਸ਼ੀ ਦਾ ਤਾਂ ਟਿਕਾਣਾ ਈ ਨਹੀਂ ਸੀ। ਹਰ ਰੋਜ਼ ਘਰ ‘ਚ ਕੋਈ ਨਾ ਕੋਈ ਨਵਾਂ ਪਕਵਾਨ ਬਣਦਾ।
‘ਬਾਹਰ ਘੁੰਮ-ਫਿਰ ਆਓ ਪੁੱਤਰ ਜੀ, ਜ਼ਰਾ ਦਿਲ ਬਹਿਲ ਜਾਊ।’ ਸ਼ੈਰੀ ਨੂੰ ਬੋਰ ਹੁੰਦਾ ਵੇਖ ਪਿਤਾ ਮਲਕੀਤ ਸਿੰਘ ਨੇ ਕਿਹਾ। ਸ਼ੈਰੀ ਨੂੰ ਪਿੰਡ ਆਇਆਂ ਅੱਜ ਹਫਤਾ ਹੋ ਚੱਲਿਆ ਸੀ।
‘ਸਹੀ ਗੱਲ ਆ ਡੈਡੀ, ਇਹੀ ਬੈਟਰ ਰਹੇਗਾ।’ ਆਖ ਸ਼ੈਰੀ ਬਾਹਰ ਚਲਾ ਗਿਆ। ਗਲ਼ੀ ‘ਚ ਉਸਦੇ ਬਚਪਨ ਦਾ ਦੋਸਤ ਰਾਜੂ ਮਿਲ ਪਿਆ ਜੋ ਕੇਲਾ ਖਾਂਦਾ ਆ ਰਿਹਾ ਸੀ।
‘ਓ ਰਾਜੂ, ਤੇਰੀ ਕੇਲੇ ਖਾਣ ਦੀ ਆਦਤ ਹਾਲੇ ਤੱਕ ਐਂ ਈ ਐ?’
‘ਆਪਣੀ ਤਾਂ ਛਿਲਕਾ ਵਗਾਉਣ ਦੀ ਆਦਤ ਵੀ ਐਂ ਈ ਐ ਯਾਰਾ’ ਆਖਦਿਆਂ ਉਸ ਨੇ ਛਿਲਕਾ ਮਗਰ ਵੱਲ ਚਲਾ ਮਾਰਿਆ ਜੋ ਪਿੱਛੇ ਆ ਰਹੀ ਦੀਪੀ ਦੇ ਸਿਰ ‘ਚ ਵੱਜਾ।
‘ਬੇਵਕੂਫ!’ ਦੀਪੀ ਨੇ ਗੁੱਸੇ ‘ਚ ਕਿਹਾ।
‘ਸੌਰੀ ਦੀਪੀ ਜੀ, ਮੈਨੂੰ ਪਤਾ ਨਹੀਂ ਸੀ ਕਿ ਪਿੱਛੇ ਤੁਸੀਂ ਆ ਰਹੇ ਓ।’ ਰਾਜੂ ਨੇ ਗਲਤੀ ਮਹਿਸੂਸ ਕੀਤੀ।
‘ਪਤੇ ਵਾਲੀ ਕਿਹੜੀ ਗੱਲ ਐ! ਪਹਿਲੀ ਗੱਲ ਤਾਂ ਰਾਹ ਜਾਂਦਿਆਂ ਐਦਾਂ ਕੁੱਝ ਖਾਈਦਾ ਨਹੀਂ, ਜੇ ਖਾਣਾ ਈ ਹੋਵੇ ਤਾਂ ਐਦਾਂ ਛਿਲਕਾ ਨ੍ਹੀਂ ਸੁੱਟੀਦਾ।’ ਨਾਲ਼ ਖੜ੍ਹਾ ਦੀਪੀ ਦਾ ਨਿੱਕਾ ਭਰਾ ਗਿੱਪੀ ਜ਼ਰਾ ਤਲਖ ਅੰਦਾਜ਼ ‘ਚ ਬੋਲਿਆ।
‘ਚਲੋ ਛੱਡੋ ਜੀ, ਇਹਦਾ ਤਾਂ ਇਹੀ ਕੰਮ ਐ।’ ਸ਼ੈਰੀ ਨੇ ਸੁਲ੍ਹਾ ਵਜੋਂ ਕਿਹਾ ਤੇ ਸਾਰੇ ਜਣੇ ਹੱਸਦੇ ਹੋਏ ਆਪੋ-ਆਪਣੇ ਰਾਹ ਪੈ ਗਏ।
‘ਸਰਪੰਚ ਸਾਬ੍ਹ ਉਦੋਂ ਵੋਟਾਂ ਵੇਲੇ ਤਾਂ ਆਖਦੇ ਸੀ ਪੈਨਸ਼ਨਾਂ ਲਗਵਾ ਦੇਊਂ, ਗਲੀਆਂ ਪੱਕੀਆਂ ਕਰਾ ਦੇਊਂ, ਨਸ਼ੇ ਬੰਦ ਕਰਵਾ ਦੇਊਂ, ਪਰ ਕੋਈ ਕੰਮ ਨ੍ਹੀਂ ਕਰਾਇਆ ਤੁਸੀਂ। ਪੰਜ ਦੇ ਪੰਜ ਸਾਲ ਲਾਰਿਆਂ ਨਾਲ ਟਪਾ’ਤੇ।’ ਸਰਪੰਚ ਨਾਹਰ ਸਿੰਘ ਦੇ ਘਰ ਅੱਗੇ ਸ਼ੈਰੀ ਨੇ ਕਈ ਮਰਦ-ਤ੍ਰੀਮਤਾਂ ਨੂੰ ਆਪਣਾ ਦੁੱਖੜਾ ਰੋਂਦਿਆਂ ਵੇਖਿਆ।
‘ਪਿਛਲੀਆਂ ਵੋਟਾਂ ਵੇਲੇ ਤਾਂ ਖਰਚਾ ਈ ਐਨਾ ਹੋ ਗਿਆ ਸੀ ਕਿ ਪੰਜਾਂ ਸਾਲਾਂ ‘ਚ ਉਹੀ ਮਸਾਂ ਪੂਰਾ ਕੀਤੈ, ਬਾਕੀ ਕੋਈ ਨ੍ਹੀਂ ਤੁਸੀਂ ਕੱਲ੍ਹ ਆ ਜਾਇਓ। ਅੱਜ ਮੈਂ ਜ਼ਰਾ ਕੰਮ ਜਾਣੈ।’ ਲੋਕਾਂ ਨੂੰ ਟਾਲ ਕੇ ਨਾਹਰ ਸਿੰਘ ਨੇ ਦਰਵਾਜ਼ਾ ਬੰਦ ਕਰ ਲਿਆ।
‘ਕੀੜੇ-ਮਕੌੜੇ ਕਿਤੋਂ ਦੇ, ਤੜਕੇ ਈ ਆ ਜਾਂਦੇ ਨੇ ਦੰਦੀਆਂ ਵੱਢਣ।’ ਅੰਦਰ ਵਿਹੜੇ ‘ਚ ਖੜ੍ਹਾ ਉਹ ਦੰਦ ਪੀਸ ਰਿਹਾ ਸੀ।
ਚਿੱਕੜ ਭਰੀਆਂ ਗਲੀਆਂ ਨਾਲ਼ੀਆਂ ‘ਚ ਘੁੰਮਦਾ-ਘੁੰਮਦਾ ਸ਼ੈਰੀ ਪਿੰਡ ਤੋਂ ਬਾਹਰਵਾਰ ਸੜਕ ‘ਤੇ ਪੈਦਲ ਜਾ ਰਿਹਾ ਸੀ ਕਿ ਉਸ ਨੂੰ ਕਿਸੇ ਦਾ ਭੁਲੇਖਾ ਪਿਆ।
‘ਬੰਟੀ!’
‘ਹੈਲੋ ਬੰਟੀ!’ ਆਪਣੇ ਜਿਗਰੀ ਯਾਰ ਨੂੰ ਪਛਾਣਦਿਆਂ ਉਸ ਨੇ ‘ਵਾਜ ਮਾਰੀ।
‘ਸ਼ੈਰੀ! ਓ ਕਿੱਦਾਂ ਯਾਰ, ਕਦੋਂ ਆਇਆਂ ਅਸਟਰੇਲੀਆ ਤੋਂ?’ ਬੰਟੀ ਮੋਟਰਸਾਈਕਲ ਤੋਂ ਉੱਤਰ ਕੇ ਉਸ ਨੂੰ ਘੁੱਟ ਕੇ ਜੱਫੀ ਪਾ ਕੇ ਮਿਲਿਆ।
‘ਬੱਸ ਯਾਰ ਪਿਛਲੇ ਹਫਤੇ ਈ ਆਇਆਂ, ਆ ਘਰ ਚਲਦੇ ਆਂ।’ ਸ਼ੈਰੀ ਨੇ ਕਿਹਾ।
ਕੋਲੋਂ ਦੀ ਨਾਹਰ ਸਰਪੰਚ ਗੱਡੀ ਲਈ ਸ਼ਹਿਰ ਵੱਲ ਨੂੰ ਲੰਘਿਆ ਤਾਂ ਰਾਹ ‘ਚ ਜਾ ਰਹੀਆਂ ਦੋ ਔਰਤਾਂ ‘ਤੇ ਚਿੱਕੜ ਪੈ ਗਿਆ।
‘ਬੇੜਾ ਗਰਕ ਹੋ ਜਾਏ ਐਹੋ ਜੀ ਗੰਦੀ ਪੰਚਾਇਤ ਦਾ, ਲੱਖਾਂ ਰੁਪਏ ਖਾ ਕੇ ਵੀ ਢਿੱਡ ਨ੍ਹੀਂ ਭਰੇ ਇਨ੍ਹਾਂ ਦੇ। ਇੱਕ ਧੇਲਾ ਨ੍ਹੀਂ ਲਾਇਆ ਪਿੰਡ ‘ਤੇ ਤਾਂ।’ ਚਿੱਕੜ ਨਾਲ਼ ਲਿੱਬੜੇ ਕੱਪੜੇ ਸਾਫ ਕਰਦੀ ਇੱਕ ਔਰਤ ਬੋਲੀ।
‘ਕੋਈ ਗੱਲ ਨ੍ਹੀਂ ਚਾਚੀ, ਗਾਲ੍ਹਾਂ ਕੱਢਿਆਂ ਕੁੱਝ ਨ੍ਹੀਂ ਬਣਨਾ, ਹੌਲੀ-ਹੌਲੀ ਬਦਲਣਗੇ ਦਿਨ।’ ਸ਼ੈਰੀ ਨੇ ਘਰਾਂ ‘ਚੋਂ ਚਾਚੀ ਲੱਗਦੀ ਹਰਬੰਸ ਕੌਰ ਨੂੰ ਤਸੱਲੀ ਦਿੱਤੀ ਤੇ ਫਿਰ ਦੋਵੇਂ ਦੋਸਤ ਮੋਟਰਸਾਈਕਲ ‘ਤੇ ਸਵਾਰ ਹੋ ਚਲੇ ਗਏ।
‘ਹੋਰ ਸੁਣਾ, ਕਿਵੇਂ ਐਂ ਸਾਡਾ ਵਲੈਤੀ ਯਾਰ? ਲੈਨਾਂ ਨਜ਼ਾਰੇ ਫੇਰ ਬਾਹਰ ਦੇ?’ ਸ਼ੈਰੀ ਦੇ ਘਰ ਲਾਅਨ ‘ਚ ਬੈਠੇ ਬੰਟੀ ਨੇ ਚਾਹ ਦਾ ਕੱਪ ਚੁੱਕਦਿਆਂ ਕਿਹਾ।
‘ਨਜ਼ਾਰੇ ਕਾਹਦੇ ਭਰਾਵਾ, ਬੱਸ ਮਸ਼ੀਨ ਬਣੇ ਫਿਰੀ ਜਾਨੇ ਆਂ, ਤੂੰ ਸੁਣਾ?’
‘ਬੱਸ ਆਪਣਾ ਵੀ ਚੱਲੀ ਜਾਂਦੈ ਯੱਕਾ, ਤੂੰ ਕਿਵੇਂ ਪਰੇਸ਼ਾਨ ਜਿਹਾ ਲੱਗਦੈਂ? ਕੀ ਗੱਲ ਜੀਅ ਨ੍ਹੀਂ ਲੱਗਾ।’ ਬੰਟੀ ਨੇ ਸ਼ੈਰੀ ਦਾ ਚਿਹਰਾ ਪੜ੍ਹਨ ਦੀ ਕੋਸ਼ਿਸ਼ ਕਰਦਿਆਂ ਸਵਾਲ ਕੀਤਾ।
‘ਐਸੀ ਤਾਂ ਕੋਈ ਗੱਲ ਨ੍ਹੀਂ ਯਾਰ, ਬੱਸ ਆਪਣੇ ਪਿੰਡ ਦਾ ਹਾਲ ਦੇਖ ਕੇ ਰੋਣਾ ਆਉਂਦੈ।’
‘ਕੀ ਗੱਲ ਹੋਗੀ? ਬਾਹਲਾ ਈ ਦੁਖੀ ਲੱਗਦਾਂ ਤੂੰ ਤਾਂ’
‘ਓ ਪੁੱਛ ਨਾ ਯਾਰ, ਨਾ ਪੰਚਾਇਤਾਂ ਆਪਣੇ ਫਰਜ਼ ਸਮਝਦੀਆਂ ਨੇ ਤੇ ਨਾ ਹੀ ਲੋਕ।’
‘ਹੂੰਅ! ਤੂੰ ਮੇਰੇ ਨਾਲ ਚੱਲ।’ ਚਾਹ ਦਾ ਖਾਲੀ ਕੱਪ ਟੇਬਲ ‘ਤੇ ਰੱਖਦਿਆਂ ਬੰਟੀ ਉੱਠ ਖਲੋਤਾ।
‘ਚੱਲੀਏ! ਪਰ ਕਿੱਥੇ?’
‘ਤੂੰ ਆ ਤਾਂ ਸਹੀ ਯਾਰ।’ ਕਹਿ ਕੇ ਬੰਟੀ ਉਸ ਨੂੰ ਆਪਣੇ ਨਾਲ ਲੈ ਗਿਆ ਆਪਣੇ ਪਿੰਡ।
ਪਿੰਡ ਵਿਚਲੇ ਖੂਬਸੂਰਤ ਪਾਰਕ, ਗਲੀਆਂ ਅੱਗੇ ਸਾਈਨ ਬੋਰਡ, ਸਟਰੀਟ ਲਾਈਟਾਂ, ਖੇਡ ਸਟੇਡੀਅਮ, ਆਧੁਨਿਕ ਬੱਸ ਸਟਾਪ, ਮਾਡਰਨ ਸਕੂਲ, ਜਿਮ, ਸਵੀਮਿੰਗ ਪੂਲ, ਵਾਲ ਪੇਂਟਿੰਗ ਤੇ ਹਰ ਜਗ੍ਹਾ ਡਸਟਬਿਨ ਪਏ ਦੇਖ ਸ਼ੈਰੀ ਦੰਗ ਰਹਿ ਗਿਆ। ਕੋਈ ਘੰਟਾ ਭਰ ਘੁੰਮਣ ਮਗਰੋਂ ਉਹ ਗੱਲਾਂ ਕਰਦੇ-ਕਰਦੇ ਪਿੰਡ ਵਿਚਕਾਰ ਬਣੇ ਪਾਰਕ ‘ਚ ਲੱਗੇ ਬੈਂਚ ‘ਤੇ ਆ ਬੈਠੇ।
‘ਹੱਦ ਐ ਯਾਰ, ਤੇਰੇ ਪਿੰਡ ਦੀ ਕਾਇਆ ਕਲਪ ਕਿਵੇਂ ਹੋਗੀ?’ ਸ਼ੈਰੀ ਨੂੰ ਇਉਂ ਲੱਗਾ ਜਿਵੇਂ ਉਹ ਵਾਪਸ ਅਸਟਰੇਲੀਆ ਪਹੁੰਚ ਗਿਆ ਹੋਵੇ।
‘ਕੀ ਹੋਇਆ? ਚਕਰਾ ਗਿਆ ਨਾ ਸਿਰ, ਬੱਸ ਸਹੀ ਸਮੇਂ ‘ਤੇ ਸਹੀ ਫੈਸਲੇ ਦਾ ਕਮਾਲ ਐ ਸਾਰਾ।’
‘ਮਤਲਬ?’
‘ਏਸ ਪਿੰਡ ਦਾ ਸਰਪੰਚ ਤੇਰਾ ਵੀਰ ਬੰਟੀ ਐ। ਨਾ ਕੋਈ ਮਾੜਾ ਕੰਮ ਕਰੀਦੈ ਤੇ ਨਾ ਹੀ ਕਰਨ ਦੇਈਦੈ। ਦੋ ਸਾਲ ਹੋਗੇ ਆਪਾਂ ਏਥੋਂ ਸ਼ਰਾਬ ਦਾ ਠੇਕਾ ਵੀ ਚੁਕਵਾ ਦਿੱਤੈ। ਪਰ ਇਹ ਸਭ ਤਾਂ ਹੀ ਸੰਭਵ ਐ ਜੇ ਵੋਟਾਂ ਵੇਲੇ ਜ਼ਮੀਰਾਂ ਦੇ ਸੌਦੇ ਨਾ ਹੋਣ।’
‘ਮੈਂ ਤੇਰੀ ਸਾਰੀ ਗੱਲ ਸਮਝ ਗਿਆ, ਵਾਪਸ ਜਾਣ ਤੋਂ ਪਹਿਲਾਂ ਮੈਂ ਪਿੰਡ ਵਾਲਿਆਂ ਨੂੰ ਸਮਝਾਵਾਂਗਾ।’
‘ਕੋਈ ਮੇਰੀ ਲੋੜ ਹੋਵੇ ਤਾਂ ਦੱਸੀਂ।’
‘ਹਾਂ ਜ਼ਰੂਰ! ਚੰਗਾ ਬਈ ਦੋਸਤਾ, ਹੁਣ ਮੈਂ ਚਲਦਾਂ, ਫੇਰ ਮਿਲਾਂਗੇ।’ ਸ਼ੈਰੀ ਉੱਠਣ ਲੱਗਾ।
‘ਐਂ ਨ੍ਹੀਂ ਕੰਮ ਚੱਲਣਾ ਬੱਲਿਆ, ਤੇਰੀ ਭਰਜਾਈ ਨੇ ਘਰ ਪਨੀਰ ਦੇ ਪਰੌਂਠੇ ਬਣਾਏ ਨੇ, ਉਹ ਕੌਣ ਖਾਊ?’
‘ਅੱਛਾ ਜੀ! ਚੱਲ ਫੇਰ ਚਲਦੇ ਆਂ।’ ਦੋਵੇਂ ਹੱਸਦੇ ਹੋਏ ਬੰਟੀ ਦੇ ਘਰ ਵੱਲ ਚਲੇ ਗਏ।
ਪਿੰਡ ਆ ਕੇ ਅਗਲੇ ਹੀ ਦਿਨ ਸ਼ੈਰੀ ਨੇ ਘਰ-ਘਰ ਜਾ ਕੇ ਲੋਕਾਂ ਨੂੰ ਸੱਥ ਵਿੱਚ ਬੁਲਾ ਲਿਆ।
‘ਸਰਪੰਚ ਸਾਬ੍ਹ, ਉਹਨੇ ਸਾਰੇ ਪਿੰਡ ਦੇ ਲੋਕ ‘ਕੱਠੇ ਕਰਲੇ। ਮੈਨੂੰ ਲੱਗਦੈ ਇਹ ਵਲੈਤੀਆ ਕਰੂ ਐਤਕੀਂ ਵੋਟਾਂ ‘ਚ ਆਪਣੀ ਖੇਡ ਖਰਾਬ।’ ਭਜਨ ਸਿੰਘ ਪੰਚ ਨੇ ਸਰਪੰਚ ਨਾਹਰ ਸਿੰਘ ਕੋਲ ਚਿੰਤਾ ਜ਼ਾਹਿਰ ਕਰਦਿਆਂ ਕਿਹਾ।
‘ਓ ਕਿਉਂ ਜੱਭਲੀਆਂ ਮਾਰੀ ਜਾਨੈਂ। ਜੇ ਸ਼ਕਲ ਨ੍ਹੀਂ ਚੱਜ ਦੀ ਤਾਂ ਘੱਟੋ–ਘੱਟ ਗੱਲ ਤਾਂ ਚੱਜ ਦੀ ਕਰ ਲਿਆ ਕਰ। ਉਹ ਕੱਲ੍ਹ ਦਾ ਜੁਆਕ ਅਜੇ ਕੱਲ੍ਹ ਤਾਂ ਬਾਹਰੋਂ ਆਇਐ ਤੇ ਅੱਜ ਪਿੰਡ ਦੇ ਮਸਲਿਆਂ ‘ਚ ਵੀ ਪੈ ਗਿਆ?’ ਨਾਹਰ ਸਿੰਘ ਉੱਚੀ ਹੱਸਦਿਆਂ ਬੋਲਿਆ।
‘ਮੈਂ ਮਜ਼ਾਕ ਨ੍ਹੀਂ ਕਰ ਰਿਹਾ ਸਰਪੰਚ ਸਾਬ੍ਹ, ਜੇ ਯਕੀਨ ਨ੍ਹੀਂ ਆਉਂਦਾ ਤਾਂ ਆਪ ਚੱਲ ਕੇ ਦੇਖ ਲਵੋ।’
‘ਓ ਕੋਈ ਗੱਲ ਨ੍ਹੀਂ, ਮਾਰ ਲੈਣ ਦੇ ਚਾਰ ਦਿਨ ਡੱਡੂ-ਛੜੱਪੇ। ਵੈਸੇ ਵੀ ਬਾਂਦਰਾਂ ਨੂੰ ਬਨਾਰਸ ਦੀਆਂ ਟੋਪੀਆਂ ਨ੍ਹੀਂ ਮੇਚ ਆਇਆ ਕਰਦੀਆਂ। ਪਿੰਡਾਂ ਦੀ ਜਨਤਾ ਹਾਲੇ ਐਨੇ ਜੋਗੀ ਨ੍ਹੀਂ ਹੋਈ ਕਿ ਲੀਡਰਾਂ ਨੂੰ ਸਮਝ ਸਕੇ।’ ਨਾਹਰ ਸਿੰਘ ਮੁੱਛਾਂ ਨੂੰ ਤਾਅ ਦਿੰਦਾ ਬੋਲਿਆ।
ਦੇਖਦਿਆਂ ਹੀ ਦੇਖਦਿਆਂ ਸੱਥ ‘ਚ ਸਾਰਾ ਪਿੰਡ ‘ਕੱਠਾ ਹੋ ਗਿਆ, ਲੋਕ ਉਤਸੁਕਤਾ ਨਾਲ ਇੱਕ-ਦੂਜੇ ਵੱਲ ਦੇਖ ਰਹੇ ਸਨ।
ਸ਼ੈਰੀ ਇੱਕ ਉੱਚੇ ਥੜ੍ਹੇ ‘ਤੇ ਖਲੋ ਗਿਆ, ‘ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਤੁਹਾਨੂੰ ਏਥੇ ਕਿਉਂ ਬੁਲਾਇਐ? ਮੈਂ ਤੁਹਾਡੇ ਸਭ ਤੋਂ ਇੱਕ ਸਵਾਲ ਪੁੱਛਣਾ ਚਾਹੁਨਾਂ। ਆਪਾਂ ਕਦੇ ਸੋਚਿਐ ਕਿ ਆਪਣੇ ਹੀ ਚੁਣੇ ਲੋਕ ਆਪਣੇ ਕੰਮ ਕਿਉਂ ਨ੍ਹੀਂ ਕਰਦੇ? ਕਦੇ ਸੋਚਿਐ ਪਿੰਡ ਦੀ ਮਾੜੀ ਹਾਲਤ ਬਾਰੇ?’
‘ਪਿੰਡ ਬਾਰੇ ਸਰਪੰਚ ਸੋਚੇ।’ ਭੀੜ ਵਿੱਚੋਂ ਇੱਕ ਆਦਮੀ ਬੋਲਿਆ।
‘ਪਿੰਡ ‘ਕੱਲੇ ਸਰਪੰਚ ਦਾ ਤਾਂ ਨ੍ਹੀਂ, ਆਪਣਾ ਸਾਰਿਆਂ ਦਾ ਐ। ਇਨ੍ਹਾਂ ਹਾਲਾਤਾਂ ਲਈ ਵੀ ਆਪਾਂ ਖੁਦ ਜਿੰਮੇਵਾਰ ਆਂ। ਸ਼ੌਕ ਲੱਗਿਆ ਨਾ ਸੁਣ ਕੇ? ਪਰ ਇਹ ਸੱਚ ਐ। ਕਦੇ ਪੁੱਛਿਐ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਕਿੱਥੇ ਜਾਂਦੀਆਂ ਨੇ?’
ਹਰ ਕੋਈ ਇੱਧਰ-ਉੱਧਰ ਦੇਖਣ ਲੱਗਾ।
‘ਪੁੱਛੋਗੇ ਕਿਵੇਂ? ਦਾਰੂ, ਭੁੱਕੀ ਬਦਲੇ ਜਾਂ ਫਿਰ ਚੰਦ ਰੁਪਇਆਂ ਬਦਲੇ ਅਸੀਂ ਆਪਣਾ ਜ਼ਮੀਰ ਜੋ ਵੇਚੀ ਬੈਠੇ ਹੁੰਦੇ ਹਾਂ।’
ਸੱਚ ਸੁਣ ਸਭ ਦੀਆਂ ਨੀਵੀਆਂ ਪੈ ਗਈਆਂ।
‘ਪਰ ਸਾਰੇ ਇੱਕੋ-ਜਿਹੇ ਨ੍ਹੀਂ ਹੁੰਦੇ, ਸਾਡੇ ਵਰਗੇ ਵੀ ਬਹੁਤ ਘਰ ਨੇ ਜੋ ਨਸ਼ੇ ਨਹੀਂ ਕਰਦੇ।’ ਇੱਕ ਹੋਰ ਬੋਲਿਆ।
‘ਥੋਡੀ ਹਾਲਤ ਤਾਂ ਨਸ਼ੇੜੀਆਂ ਤੋਂ ਵੀ ਭੈੜੀ ਐ। ਥੋਡੀ ਕੀਮਤ ਪਤਾ ਕੀ ਲਾਉਂਦੇ ਨੇ ਇਹ ਲੋਕ? ਸ਼ਰਮ ਆ ਜਾਣੀ ਐ ਸੁਣ ਕੇ… ਕੁੱਝ ਕੋਲਡ ਡਰਿੰਕ ਦੀਆਂ ਬੋਤਲਾਂ।’
ਸਭ ਦੀਆਂ ਨਜ਼ਰਾਂ ਜ਼ਮੀਨ ‘ਤੇ ਗੱਡੀਆਂ ਗਈਆਂ।
‘ਨੀਵੀਆਂ ਪਾਉਣ ਨਾਲ ਨ੍ਹੀਂ ਸਰਨਾ। ਵੱਟਾਂ ਲਈ ਤਾਂ ਇੱਕ-ਦੂਜੇ ‘ਤੇ ਬੰਦੂਕਾਂ ਤਾਣ ਲੈਨੇ ਓ, ਵੋਟਾਂ ਵੇਲੇ ਥੋਡੀ ਇਹ ਅਣਖ ਕਿੱਥੇ ਚਲੀ ਜਾਂਦੀ ਐ? ਉੱਤੋਂ ਟਰੈਜਡੀ ਇਹ ਐ ਕਿ ਐਨੀ ਕੁੱਤੇਖਾਣੀ ਹੋਣ ਦੇ ਬਾਵਜੂਦ ਵੀ ਅਸੀਂ ਸਬਕ ਨਹੀਂ ਲੈਂਦੇ। ਜੇ ਹਾਲੇ ਵੀ ਕਿਤੇ ਜ਼ਮੀਰ ਸੁਲਘ ਰਿਹੈ ਤਾਂ ਉੱਠ ਖੜ੍ਹੇ ਕਿਉਂ ਨ੍ਹੀਂ ਹੁੰਦੇ ਬੁਰਾਈਆਂ ਖਿਲਾਫ? ਮੈਂ ਖਾਸ ਕਰਕੇ ਪਿੰਡ ਦੇ ਨੌਜਵਾਨਾਂ ਨੂੰ ਪੁੱਛਦਾਂ, ਕਿਉਂ ਐਨੇ ਖਾਮੋਸ਼ ਹੋਗੇ ਤੁਸੀਂ?’
ਸਭ ਚੁੱਪ-ਚਾਪ ਸੁਣ ਰਹੇ ਸਨ। ਸ਼ੈਰੀ ਦੀਆਂ ਗੱਲਾਂ ਜ਼ਮੀਰ ‘ਤੇ ਚਪੇੜ ਵਾਂਗ ਵੱਜ ਰਹੀਆਂ ਸਨ।
‘ਬੱਸ, ਐਨਾ ਹੀ ਸੁਨੇਹਾ ਦੇਣਾ ਸੀ, ਅੱਗੇ ਤੁਹਾਡੀ ਮਰਜ਼ੀ।’ ਆਖ ਸ਼ੈਰੀ ਚਲਾ ਗਿਆ।
ਭੀੜ ਵਿੱਚ ਘੁਸਰ-ਮੁਸਰ ਸ਼ੁਰੂ ਹੋ ਗਈ।
‘ਇਸ ਵਾਰ ਅਸੀਂ ਘਰ-ਘਰ ਨਸ਼ੇ ਰੂਪੀ ਮੌਤ ਵੰਡਣ ਵਾਲੇ ਨੂੰ ਆਪਣਾ ਸਰਪੰਚ ਨ੍ਹੀਂ ਬਣਾਉਣਾ। ਬਹੁਤ ਭੁਗਤ ਲਿਆ, ਬੱਸ ਹੁਣ ਹੋਰ ਨ੍ਹੀਂ, ਇਸ ਵਾਰ ਕਿਸੇ ਨਸ਼ਾ-ਰਹਿਤ ਨੌਜਵਾਨ ਨੂੰ ਆਪਣਾ ਸਰਪੰਚ ਬਣਾਵਾਂਗੇ। ਕਿਉਂ ਬਈ ਪਿੰਡ ਵਾਲਿਓ, ਦਿਓਗੇ ਸਾਥ?’ ਇੱਕ ਨੌਜਵਾਨ ਮਨਵੀਰ ਬੋਲਿਆ।
‘ਹਾਂ-ਹਾਂ ਕਿਉਂ ਨ੍ਹੀਂ।’ ਪੂਰੇ ਇਕੱਠ ਦੀ ਆਵਾਜ਼ ਸੀ। ਰਾਜੂ ਕੇਲਾ ਖਾ ਕੇ ਫਿਰ ਛਿਲਕਾ ਸੁੱਟਣ ਹੀ ਲੱਗਾ ਸੀ ਕਿ ਇੱਕਦਮ ਰੁਕ ਗਿਆ ਤੇ ਛਿਲਕਾ ਹੱਥ ‘ਚ ਹੀ ਰੱਖ ਲਿਆ।
ਛੁੱਟੀਆਂ ਪੂਰੀਆਂ ਕਰਕੇ ਸ਼ੈਰੀ ਅੱਜ ਵਾਪਸ ਅਸਟਰੇਲੀਆ ਜਾ ਰਿਹਾ ਸੀ। ਜਦੋਂ ਮੇਨ ਗੇਟ ਤੋਂ ਗੱਡੀ ਬਾਹਰ ਆਈ ਤਾਂ ਸਾਹਮਣੇ ਵਾਲਾ ਦ੍ਰਿਸ਼ ਵੇਖ ਸ਼ੈਰੀ ਦੰਗ ਰਹਿ ਗਿਆ। ਘਰ ਦੇ ਬਾਹਰ ਸਾਰਾ ਪਿੰਡ ਉਮੜ ਆਇਆ ਸੀ। ਹਰ ਕੋਈ ਉਦਾਸ ਨਜ਼ਰ ਆ ਰਿਹਾ ਸੀ।
‘ਸਾਡੇ ਜ਼ਮੀਰ ਨੂੰ ਜਗਾ ਕੇ ਹੁਣ ਸਾਡੀਆਂ ਆਸਾਂ ਦੇ ਦੀਵੇ ਬੁਝਾ ਕੇ ਜਾ ਰਿਹੈਂ ਬਾਈ? ਤੂੰ ਤਾਂ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ, ਮਸਾਂ ਤਾਂ ਇਸ ਗੰਦਗੀ ਦੇ ਢੇਰ ‘ਚੋਂ ਇੱਕ ਹੀਰਾ ਲੱਭਿਆ ਸੀ, ਉਸ ਨੂੰ ਹੱਥੋਂ ਕਿਵੇਂ ਜਾਣ ਦੇ ਦੇਈਏ?’ ਮਨਵੀਰ ਰੋਣ-ਹਾਕਾ ਹੋਇਆ ਖੜ੍ਹਾ ਸੀ।
‘ਮੈਂ ਸਮਝਿਆ ਨ੍ਹੀਂ?’ ਸ਼ੈਰੀ ਹੱਕਾ-ਬੱਕਾ ਖੜ੍ਹਾ ਦੇਖੀ ਜਾ ਰਿਹਾ ਸੀ।
‘ਬੁਝਾਰਤਾਂ ਕੀ ਪਾਈ ਜਾਨੇ ਓ? ਤੁਸੀਂ ਸੱਚ ਕਿਉਂ ਨ੍ਹੀਂ ਬੋਲਦੇ?’
‘ਮੈਂ ਦੱਸਦੀ ਆਂ, ਸਾਰਾ ਪਿੰਡ ਤੁਹਾਨੂੰ ਸਰਪੰਚ ਬਣਾਉਣਾ ਚਾਹੁੰਦੈ।’ ਦੀਪੀ ਨੇ ਸਾਰਿਆਂ ਦੇ ਦਿਲ ਦੀ ਕਹਿ ਦਿੱਤੀ।
‘ਚਾਹੁੰਦਾ ਨਹੀਂ ਜੀ, ਆਪਾਂ ਤਾਂ ਬਣਾ’ਤਾ, ਮੈਂ ਤਾਂ ਕੁਇੰਟਲ ਲੱਡੂਆਂ ਦਾ ਆਰਡਰ ਵੀ ਦੇ ਆਇਆਂ।’ ਕੇਲਾ ਖਾਂਦਾ ਰਾਜੂ ਬੋਲਿਆ।
‘ਤੂੰ ਕਿਤੇ ਲੱਡੂਆਂ ਦੇ ਭੁਲੇਖੇ ਕੇਲਿਆਂ ਦਾ ਆਰਡਰ ਤਾਂ ਨ੍ਹੀਂ ਦੇ ਆਇਆ?’ ਦੀਪੀ ਨੇ ਮਜ਼ਾਕ ਕੀਤਾ।
‘ਓ ਨਹੀਂ ਜੀ, ਆਹ ਦੇਖੋ ਸੈਂਪਲ ਤੇ ਉਸ ਨੇ ਇੱਕ ਮਿਠਾਈ ਵਾਲਾ ਡੱਬਾ ਅੱਗੇ ਕਰ ਦਿੱਤਾ।’ ਜਦੋਂ ਡੱਬਾ ਖੋਲ੍ਹਿਆ ਤਾਂ ਉਸ ਵਿੱਚ ਕੇਲੇ ਪਏ ਸਨ, ਜਿਸ ਨੂੰ ਵੇਖ ਸਭਨਾਂ ਦਾ ਹਾਸਾ ਛੁੱਟ ਗਿਆ।
‘ਪਿੰਡ ਵਾਲਿਆਂ ਨੇ ਲਿਆਂਦੇ ਹਾਰ ਮੱਲੋ-ਜ਼ੋਰੀ ਸ਼ੈਰੀ ਦੇ ਗਲ਼ ਵਿੱਚ ਪਾ ਦਿੱਤੇ।’
‘ਓਹ…ਪਰ… ਐਂ… ਕਿਵੇਂ?’ ਸ਼ੈਰੀ ਹਾਰਾਂ ਨਾਲ਼ ਲੱਦਿਆ ਸੋਹਣੇ ਪਿੰਡ ਦੇ ਸੁਫ਼ਨੇ ਲੈ ਰਿਹਾ ਸੀ। ‘ਹੁਣ ਨ੍ਹੀਂ ਜਾਣ ਦਿੰਦੇ ਸਰਪੰਚ ਸਾਬ੍ਹ।’ ਦੀਪੀ ਦਾ ਨਿੱਕਾ ਭਰਾ ਗਿੱਪੀ, ਸ਼ੈਰੀ ਦੇ ਬੈਗ ਵਿੱਚੋਂ ਉਸ ਦਾ ਪਾਸਪੋਰਟ ਕੱਢ ਕੇ ਦੂਰ ਜਾ ਖਲੋਇਆ।
ਦੂਰੋਂ ਮੱਠੀ-ਮੱਠੀ ਆ ਰਹੀ ਢੋਲ ਦੀ ਆਵਾਜ਼ ਉੱਚੇ ਸੁਰ ‘ਚ ਗੂੰਜਣ ਲੱਗ ਪਈ।
ਜਗਸੀਰ ਬਾਵਾ,
ਘੱਗਾ (ਪਟਿਆਲਾ)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।