ਪੰਜਾਬ ਸਰਕਾਰ ਦੇ ‘ਸਮਾਰਟ ਸਕੂਲ’ ਉਪਰਾਲੇ ਨੂੰ ਬੂਰ ਪੈਣ ਲੱਗਾ

Smart School, Initiative, Government Punjab, Started, Develop

ਲੁਧਿਆਣਾ ਦੇ ਨਾਮੀਂ ਪ੍ਰਾਈਵੇਟ ਸਕੂਲ ਦੇ ਵਿਦਿਆਰਥੀ ਨੇ ਸਮਾਰਟ ਸਕੂਲ ਵਿੱਚ ਲਿਆ ਦਾਖ਼ਲਾ

ਬੁਨਿਆਦੀ ਸਹੂਲਤਾਂ, ਚੰਗੀ ਪੜ੍ਹਾਈ, ਘੱਟ ਫੀਸ ਅਤੇ ਅੱਗੇ ਵਧਣ ਦੇ ਵਧੇਰੇ ਮੌਕਿਆਂ ਨੇ ਕੀਤਾ ਉਤਸ਼ਾਹਿਤ-ਵਿਦਿਆਰਥੀ ਅਲੀ ਰਾਣਾ

ਲੁਧਿਆਣਾ, ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ਼

ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਨੂੰ ਖਿੱਚਣ ਲਈ ਅਜਿਹੇ ਸਕੂਲਾਂ ਨੂੰ ‘ਸਮਾਰਟ ਸਕੂਲ’ ਵਜੋਂ ਵਿਕਸਤ ਕਰਨ ਲਈ ਉਪਰਾਲੇ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਨੂੰ ਬੂਰ ਪੈਣ ਲੱਗਾ ਹੈ। ‘ਸਮਾਰਟ ਸਕੂਲ’ ਪ੍ਰੋਜੈਕਟ ਤਹਿਤ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਚੱਲ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਮਾਡਲ ਸਕੂਲ ਨੂੰ ਜ਼ਿਲ੍ਹਾ ਲੁਧਿਆਣਾ ਦਾ ਪਹਿਲਾ ‘ਸਮਾਰਟ ਸਕੂਲ’ ਬਣਾਇਆ ਗਿਆ ਹੈ, ਜਿਸ ਵਿੱਚ ਸ਼ਹਿਰ ਲੁਧਿਆਣਾ ਦੇ ਨਾਮੀਂ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਵੀ ਦਾਖ਼ਲ ਹੋਣ ਲੱਗੇ ਹਨ। ਦੱਸਣਯੋਗ ਹੈ ਕਿ ਇਸ ਸਕੂਲ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਤੀ 14 ਅਗਸਤ ਨੂੰ ਕੀਤਾ ਸੀ।

ਪੰਜਾਬ ਸਰਕਾਰ ਵੱਲੋਂ ਇਸ ਸਕੂਲ ਨੂੰ ‘ਸਮਾਰਟ’ ਬਣਾਉਣ ਨਾਲ ਵਿਦਿਆਰਥੀਆਂ ਵਿੱਚ ਇਸ ਸਕੂਲ ਦਾ ਹਿੱਸਾ ਬਣਨ ਪ੍ਰਤੀ ਭਾਰੀ ਉਤਸ਼ਾਹ ਹੈ। ਸ਼ਹਿਰ ਦੇ ਨਾਮੀਂ ਸਕੂਲ ਵਿੱਚ ਪੜ੍ਹਦੇ ਇੱਕ ਵਿਦਿਆਰਥੀ ਅਲੀ ਰਾਣਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਚੱਲ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ 11ਵੀਂ ਜਮਾਤ ਵਿੱਚ ਦਾਖ਼ਲਾ ਲਿਆ ਹੈ। ਅਲੀ ਰਾਣਾ ਇੱਕ ਹੋਣਹਾਰ ਵਿਦਿਆਰਥੀ ਹੋਣ ਦੇ ਨਾਲ-ਨਾਲ ਰਾਜ ਪੱਧਰ ਦਾ ਖ਼ਿਡਾਰੀ ਵੀ ਹੈ। ਇਸ ਸਕੂਲ ਦਾ ਹਿੱਸਾ ਬਣਨ ‘ਤੇ ਖੁਸ਼ੀ ਪ੍ਰਗਟ ਕਰਦਿਆਂ ਅਲੀ ਰਾਣਾ ਨੇ ਦੱਸਿਆ ਕਿ ਇਸ ਸਕੂਲ ਨਾਲ ਜੁੜਨ ਪਿੱਛੇ ਕਈ ਕਾਰਨ ਹਨ, ਜਿਨ੍ਹਾਂ ਨੇ ਉਸ ਨੂੰ ਪ੍ਰਾਈਵੇਟ ਸਕੂਲ ਦਾ ਛੱਡ ਕੇ ਸਰਕਾਰੀ ਸਕੂਲ ਵਿੱਚ ਦਾਖ਼ਲਾ ਲੈਣ ਲਈ ਪ੍ਰੇਰਿਤ ਕੀਤਾ।

ਕਈ ਹੋਰ ਨਿੱਜੀ ਸਕੂਲਾਂ ਦੇ ਵਿਦਿਆਰਥੀ ਵੀ ਸਾਡੇ ਸੰਪਰਕ ਵਿੱਚ-ਪ੍ਰਿੰਸੀਪਲ ਸਮਾਰਟ ਸਕੂਲ

ਉਸਨੇ ਕਿਹਾ ਕਿ ਉਹ ਜਿਸ ਪ੍ਰਾਈਵੇਟ ਸਕੂਲ ਵਿੱਚ ਉਹ ਨਰਸਰੀ ਜਮਾਤ ਤੋਂ ਪੜ੍ਹਦਾ ਆ ਰਿਹਾ ਸੀ, ਉਸ ਦੀ ਸਾਲਾਨਾ ਫੀਸ 65000 ਰੁਪਏ ਹੈ, ਜਦਕਿ ਸਮਾਰਟ ਸਕੂਲ ਵਿੱਚ ਉਹ ਮਹਿਜ਼ 2500 ਰੁਪਏ ਫੀਸ ਦੇ ਕੇ ਪੂਰਾ ਸਾਲ ਪੜ੍ਹਾਈ ਕਰੇਗਾ।ਉਸਨੇ ਕਿਹਾ ਕਿ ਸਮਾਰਟ ਸਕੂਲ ਦਾ ਸਾਫ਼-ਸੁਥਰਾ ਤੇ ਆਵਾਜ਼ ਪ੍ਰਦੂਸ਼ਣ ਰਹਿਤ ਵਾਤਾਵਰਨ ਉਸਨੂੰ ਬਹੁਤ ਵਧੀਆ ਲੱਗਾ ਹੈ, ਜਿਸ ਨਾਲ ਉਸ ਨੂੰ ਪੜ੍ਹਾਈ ਕਰਨ ਵਿੱਚ ਬਹੁਤ ਸਹਿਯੋਗ ਮਿਲਦਾ ਹੈ। ਇਸ ਤੋਂ ਇਲਾਵਾ ਪੁਰਾਣੇ ਸਕੂਲ ਦੇ ਮੁਕਾਬਲੇ ਇਸ ਸਕੂਲ ਵਿੱਚ ਖੇਡ ਮੈਦਾਨ ਬਹੁਤ ਖੁੱਲ੍ਹੇ ਹਨ।

ਸਕੂਲ ਦੇ ਪਿੰ੍ਰਸੀਪਲ ਸ੍ਰੀ ਸੰਜੀਵ ਥਾਪਰ ਨੇ ਦੱਸਿਆ ਕਿ ‘ਸਮਾਰਟ ਸਕੂਲ ਪ੍ਰੋਜੈਕਟ’ ਤਹਿਤ ਇਸ ਸਕੂਲ ‘ਤੇ ਕਰੀਬ 50 ਲੱਖ ਰੁਪਏ ਦੀ ਰਾਸ਼ੀ ਖਰਚੀ ਗਈ ਹੈ, ਜਿਸ ਨਾਲ ਇਸ ਵਿੱਚ 8 ਵਿਸ਼ੇਸ਼ ਕਮਰੇ ਤਿਆਰ ਕੀਤੇ ਗਏ ਹਨ। ਹਰੇਕ ਕਮਰੇ ਵਿੱਚ ਪ੍ਰੋਜੈਕਟਰ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਵਿਦਿਆਰਥੀਆਂ ਨੂੰ ਪੜ੍ਹਾਈ ਲਈ ਮਨਭਾਉਂਦਾ ਆਲਾ-ਦੁਆਲਾ ਮੁਹੱਈਆ ਕਰਾਉਣ ਦੇ ਮਕਸਦ ਨਾਲ ਸਕੂਲ ਦੇ ਕੁਝ ਖੇਤਰ ਵਿੱਚ ਬਹੁਤ ਵਧੀਆ ਲੈਂਡਸਕੇਪਿੰਗ ਕਰਵਾਈ ਜਾ ਰਹੀ ਹੈ।

ਸਾਰੇ ਸਕੂਲ ਨੂੰ ਕਲਰ ਕੋਡਿੰਗ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਲੀ ਰਾਣਾ ਦੀ ਤਰ੍ਹਾਂ ਕਈ ਹੋਰ ਨਾਮੀਂ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਇਸ ਸਕੂਲ ਵਿੱਚ ਦਾਖ਼ਲਾ ਲੈਣ ਲਈ ਸੰਪਰਕ ਕਰਨਾ ਸ਼ੁਰੂ ਕੀਤਾ ਹੈ। ਉਮੀਦ ਹੈ ਕਿ ਅਗਲੇ ਸੈਸ਼ਨ ਤੋਂ ਹੋਰ ਕਈ ਸਕੂਲਾਂ ਦੇ ਵਿਦਿਆਰਥੀ ਇਸ ਸਕੂਲ ਦਾ ਹਿੱਸਾ ਬਣਨ ਨੂੰ ਤਰਜੀਹ ਦੇਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।