ਮੌਜੂਦਾ ਸਮੇਂ ’ਚ ਚੰਗਿਆਂ ਦੀ ਸਮਾਜ ਨੂੰ ਲੋੜ

Good People Sachkahoon

ਮੌਜੂਦਾ ਸਮੇਂ ’ਚ ਚੰਗਿਆਂ ਦੀ ਸਮਾਜ ਨੂੰ ਲੋੜ

1988 ਵਿੱਚ ਮੈਂ ਕਿਸੇ ਪ੍ਰਾਈਵੇਟ ਫ਼ਰਮ ’ਤੇ ਕੰਮ ਕਰਦਾ ਸਾਂ ਵੱਡੇ ਬਾਬੂ ਜੀ ਨੇ ਹਫਤੇ ਦਸ ਦਿਨਾਂ ਬਾਅਦ ਸਾਡੇ ਵਿਚੋਂ ਕਿਸੇ ਇੱਕ ਮੁਲਾਜ਼ਮ ਨੂੰ ਕਹਿ ਦੇਣਾ, ‘‘ਸਵੇਰੇ ਪੰਜ ਵਜੇ ਆ ਜਾਈਂ, ਕਿਤੇ ਬਾਹਰ ਜਾਣਾ ਹੈ’’ ਤੇ ਜਾਣਾ ਉਹੀ ਸੱਤ-ਅੱਠ ਵਜੇ ਹੁੰਦਾ ਸੀ ਉਸ ਮੁਲਾਜ਼ਮ ਨੇ ਸਵੇਰੇ ਚਾਰ ਵਜੇ ਉੱਠ ਕੇ ਚਾਹ ਪੀ ਕੇ ਹੀ ਚਲੇ ਜਾਣਾ ਰੋਟੀ ਸਵੇਰੇ ਚਾਰ ਵਜੇ ਕਿੱਥੇ ਖਾਧੀ ਜਾਂਦੀ ਹੈ! ਬੀਬੀ ਜੀ ਨੇ ਦੇਖਣਾ ਕਿ ਜਵਾਕ ਸਵੇਰ ਦਾ ਬੈਠਾ ਆ ਤੇ ਬਾਬੂ ਜੀ, ਅਜੇ ਤੱਕ ਜਾਗੇ ਨਹੀਂ! ਸੋ, ਪਹਿਲਾਂ ਤਾਂ ਉਹਨਾਂ ਨੇ ਜਦੋਂ ਆਪਣੇ ਲਈ ਚਾਹ ਬਣਾਉਣੀ ਤਾਂ ਉਸ ਮੁਲਾਜ਼ਮ ਲਈ ਵੀ ਚਾਹ ਨਾਲ ਹੀ ਬਣਾ ਲੈਣੀ ਜੋ ਉੱਥੇ ਬੈਠਾ ਹੁੰਦਾ ਤੇ ਜਦੋਂ ਬਾਬੂ ਜੀ ਲਈ ਨਾਸ਼ਤਾ ਬਣਾਉਣਾ ਤਾਂ ਉਸ ਮੁਲਾਜ਼ਮ ਲਈ ਵੀ ਨਾਸ਼ਤਾ ਬਣਾਉਣਾ ਬੀਬੀ ਜੀ ਨੇ ਸੋਚਣਾ ਕਿ ਇਹ ਸਵੇਰੇ ਪੰਜ ਵਜੇ ਦਾ ਬੈਠਾ ਹੈ, ਕਿਹੜੇ ਪਰੌਂਠੇ ਖਾ ਕੇ ਆਇਆ ਹੋਵੇਗਾ? ਮਨ ਹੀ ਮਨ ਉਹਨਾਂ ਨੇ ਬਾਬੂ ਜੀ ਨੂੰ ਕੋਸਣਾ ਕਿ ਸਵੇਰੇ-ਸਵੇਰੇ ਮੁੰਡਿਆਂ ਨੂੰ ਬੁਲਾ ਕੇ ਆਪ ਸੁੱਤੇ ਪਏ ਨਹੀਂ ਉੱਠਦੇ ਇਹ ਗੱਲ ਪਿੰਡਾਂ ਵਿੱਚ ਆਮ ਹੈ ਕਿ ਆਏ-ਗਏ ਨੂੰ ਖਾਧੇ-ਪੀਤੇ ਬਿਨਾਂ ਮੁੜਨ ਨਹੀਂ ਦਿੱਤਾ ਜਾਂਦਾ ਹੈ, ਪਰ ਸ਼ਹਿਰਾਂ ਵਿੱਚ ਇਹ ਗੱਲਾਂ ਕਦੇ-ਕਦੇ ਵਾਪਰਦੀਆਂ ਹਨ ਇਸ ਲਈ ਚੇਤਨ ਮਨਾਂ ਅੰਦਰ ਅਜਿਹੀਆਂ ਚੰਗੀਆਂ ਯਾਦਾਂ ਜ਼ਿਆਦਾ ਦੇਰ ਲਈ ਟਿਕੀਆਂ ਰਹਿੰਦੀਆਂ ਹਨ।

ਨਾਨਾ ਪਾਟੇਕਰ ਦੀ ਇੱਕ ਫਿਲਮ ਆਈ ਸੀ: ਕ੍ਰਾਂਤੀਵੀਰ ਉਸ ਵਿੱਚ ਪਰੇਸ਼ ਰਾਵਲ ਇੱਕ ਝੋਪੜ ਪੱਟੀ ਦਾ ਮਾਲਕ ਹੁੰਦਾ ਹੈ ਏਨਾ ਕੰਜੂਸ ਕਿ ਕਿਸੇ ਵੱਲ ਇੱਕ ਰੁਪਈਆ ਵੀ ਨਹੀਂ ਛੱਡਦਾ ਕੁਦਰਤ ਦੀ ਕਰਨੀ ਕਿ ਉਸ ਝੋਪੜ ਪੱਟੀ ਨੂੰ ਅੱਗ ਲੱਗ ਗਈ ਤੇ ਬਹੁਤ ਜਾਨੀ-ਮਾਲੀ ਨੁਕਸਾਨ ਹੋਇਆ ਉਸ ਵੇਲੇ ਉਸ ਨੇ ਆਪਣੀ ਤਿਜੋਰੀ ਖੋਲ੍ਹ ਕੇ ਆਪਣੇ ਪੁੱਤਰ ਨੂੰ ਕਿਹਾ ਕਿ ਸਾਰੀ ਦੌਲਤ ਲੈ ਜਾ ਤੇ ਇਹਨਾਂ ਸਭ ਦਾ ਇਲਾਜ਼ ਕਰਵਾ ਜਿਸ ਦਾ ਘਰ ਸੜ ਗਿਆ ਹੈ, ਉਸਨੂੰ ਨਵਾਂ ਬਣਵਾ ਕੇ ਦੇ ਉਸ ਵੇਲੇ, ਝੋਪੜ ਪੱਟੀ ਵਾਲ਼ਿਆਂ ਦੀ ਹਾਲਤ ਦੇਖ ਕੇ ਉਸ ਦਾ ਦਿਲ ਪਸੀਜ ਗਿਆ ਸੀ ਤੇ ਉਸਨੇ ਉਹਨਾਂ ਨੂੰ ਬਚਾਉਣ ਲਈ ਆਪਣੀ ਜ਼ਿੰਦਗੀ ਭਰ ਦੀ ਕਮਾਈ ਪਾਣੀ ਵਾਂਗ ਰੋੜ੍ਹ ਦਿੱਤੀ।

ਵਾਕਿਆ ਹੀ, ਫਿਲਮਾਂ ਵਿਚਲੇ ਦਿ੍ਰਸ਼ਾਂ ਤੇ ਜ਼ਮੀਨੀ ਹਕੀਕਤ ਵਿੱਚ ਬੜਾ ਫ਼ਰਕ ਹੁੰਦਾ ਹੈ ਅੱਜ ਜਦੋਂ ਕੋਰੋਨਾ ਕਰਕੇ ਦੇਸ਼ ਵਿੱਚ ਤਰਾਹੀਮਾਮ-ਤਰਾਹੀਮਾਮ ਹੋਈ ਪਈ ਹੈ ਤੇ ਬਹੁਤੇ ਲੋਕਾਂ ਦੇ ਪੈਰਾਂ ਹੇਠ ਬਟੇਰ ਆਏ ਹੋਏ ਹਨ ਆਮ ਆਦਮੀ ਅੰਨ੍ਹੀ ਲੁੱਟ ਦਾ ਸ਼ਿਕਾਰ ਹੋ ਰਿਹਾ ਹੈ ਦੌਲਤ ਲਈ ਆਦਮੀਆਂ ਦੀ ਹਵਸ ਅਜਿਹੇ ਮੌਕੇ ਹੀ ਤਾਂ ਜ਼ਾਹਿਰ ਹੁੰਦੀ ਹੈ ਚਾਰ-ਚਾਰ ਗੁਣਾਂ ਵੱਧ ਕੀਮਤ ’ਤੇ ਚੀਜ਼ਾਂ ਹੱਥੋ-ਹੱਥ ਵਿਕ ਰਹੀਆਂ ਹਨ ਫਲ, ਸਬਜ਼ੀਆਂ, ਰਾਸ਼ਨ ਤੇ ਦਵਾਈਆਂ ਵਗੈਰਾ ਹਰ ਚੀਜ਼ ਦੀ ਕੀਮਤ ਵਧੀ ਹੋਈ ਹੈ, ਬੱਸ ਇੱਕ ਇਨਸਾਨ ਹੀ ਰੁਲ ਰਿਹਾ ਹੈ ਅੰਨ੍ਹੀ ਲੁੱਟ ਕਰਨ ਵਾਲੇ ਲੋਕਾਂ ਦੀ ਸੂਚੀ ਬੜੀ ਲੰਮੀ ਹੈ ਤੇ ਗ਼ਰੀਬਾਂ ਦੀ ਮੱਦਦ ਕਰਨ ਵਾਲੇ ਉਂਗਲਾਂ ’ਤੇ ਗਿਣੇ ਜਾ ਸਕਦੇ ਹਨ।

ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਸਥਿਰਤਾ ਨਹੀਂ ਆ ਰਹੀ ਨਤੀਜ਼ਨ, ਹਰ ਪ੍ਰਕਾਰ ਦੀਆਂ ਚੀਜ਼ਾਂ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ ਹੋਈਆਂ ਹਨ ਪ੍ਰਾਈਵੇਟ ਹਸਪਤਾਲਾਂ ਦੇ ਬਿੱਲ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਰਹੇ ਹਨ ਸੁਣਿਆ ਕਰਦੇ ਸਾਂ ਕਿ ਅਜਿਹਾ ਸਮਾਂ ਵੀ ਆਵੇਗਾ ਜਦ ਆਪਣੇ ਹੀ ਆਪਣਿਆਂ ਨੂੰ ਪਛਾਨਣ ਤੋਂ ਇਨਕਾਰ ਕਰਨਗੇ । ਉਹ ਸਮਾਂ ਅੱਜ ਹੈ ਬੱਚਿਆਂ ਦੇ ਸਿਰਾਂ ਤੋਂ ਮਾਪਿਆਂ ਦਾ ਸਾਇਆ ਉੱਠ ਰਿਹਾ ਹੈ ਬਹੁਤੇ ਬੱਚੇ ਅਨਾਥ ਹੋ ਰਹੇ ਹਨ ਪਰ ਅਫ਼ਸੋਸ! ਦੁਨੀਆਂ ਭਰ ਦੀ ਦੌਲਤ ਵੀ ਸਾਨੂੰ ਇੱਕ ਸਾਹ ਵੱਧ ਨਹੀਂ ਦਵਾ ਸਕਦੀ ਸਾਡੇ ਸਾਹਮਣੇ, ਸਾਡੇ ਨਗਰ-ਖੇੜਿਆਂ ਦੇ ਦੌਲਤਮੰਦ ਬਾਸ਼ਿੰਦੇ ਤੁਰੇ ਜਾ ਰਹੇ ਹਨ ਕਿਸ ਲਈ ਅਸੀਂ ਦੌਲਤਾਂ ਜੋੜ-ਜੋੜ ਕੇ ਰੱਖ ਰਹੇ ਹਾਂ? ਭਿ੍ਰਸ਼ਟਾਚਾਰ ਨਾਲ ਕਮਾਈ ਦੌਲਤ ਲੋਹੇ ਦੇ ਚਣਿਆਂ ਵਰਗੀ ਹੁੰਦੀ ਹੈ, ਨਾ ਹਜ਼ਮ ਹੋਵੇ ਤੇ ਨਾ ਬਾਹਰ ਨਿੱਕਲੇ।

ਸੋ ਅਜੇ ਵੀ ਵਕਤ ਹੈ, ਸੰਭਲਣ ਦਾ ਜੇ ਕਿਸੇ ਗਰੀਬ ਦੀ ਕੋਈ ਆਰਥਿਕ ਮਦੱਦ ਨਹੀਂ ਕਰਨੀ, ਤਾਂ ਨਾ ਸਹੀ ਪਰ ਉਸ ਦਾ ਸ਼ੋਸ਼ਣ ਨਾ ਕਰੋ ਅਜਿਹੇ ਮੰਦੀ ਦੇ ਦੌਰ ਵਿੱਚ ਪਤਾ ਨਹੀਂ ਕਿਵੇਂ, ਉਹ ਬੱਚਿਆਂ ਦੀ ਰੋਟੀ ਲਈ ਚਾਰ ਛਿੱਲੜਾਂ ਦਾ ਇੰਤਜ਼ਾਮ ਕਰ ਕੇ ਆਉਂਦਾ ਹੈ ਤੇ ਅਸੀਂ ਦਸਾਂ ਵਾਲੀ ਚੀਜ਼ ਪੰਦਰਾਂ ਵਿੱਚ ਤਾਂ ਕੀ ਵੀਹਾਂ ਵਿੱਚ ਵੀ ਵੇਚਣ ਤੋਂ ਗੁਰੇਜ਼ ਨਹੀਂ ਕਰਦੇ ਅਜਿਹੀ ਦੌਲਤ ਤੋਂ ਬਚੋ ਇਹ ਸਾਡੇ ਲਈ ਮਲਿਕ ਭਾਗੋ ਦੀ ਰੋਟੀ ਦੇ ਸਮਾਨ ਹੈ, ਜਿਸ ਵਿਚੋਂ ਰੱਤ ਨੁੱਚੜਦਾ ਹੈ ਕਿੱਕਰਾਂ ਦੀ ਕਦੇ ਵੀ ਨਿੰਮਾਂ ਵਰਗੀ ਛਾਂ ਨਹੀਂ ਹੁੰਦੀ ਇਤਿਹਾਸ ਗਵਾਹ ਹੈ ਕਿ ਭੀੜ ਪਈ ਤੋਂ ਅਸੀਂ ਇੱਕ-ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਰਹੇ ਹਾਂ।

ਅਜਿਹੇ ਬੁਰੇ ਵਕਤ ਵਿੱਚ ਬੰਦਾ ਬੰਦੇ ਦਾ ਦਾਰੂ ਬਣੇ ਹਰ ਕੋਈ ਭੇਦਭਾਵ, ਜਾਤ-ਪਾਤ ਭੁੱਲ ਕੇ ਇੱਕ ਦੂਸਰੇ ਦੀ ਮੱਦਦ ਕਰੇ ਚੰਗੇ ਇਮਾਨਦਾਰ ਬੰਦੇ ਗ਼ਰੀਬਾਂ ਦੁਖੀਆਂ ਦੀ ਮੱਦਦ ਲਈ ਅੱਗੇ ਆਉਣ ਆ ਵੀ ਰਹੇ ਹਨ, ਪਰ ਉਹਨਾਂ ਦੀ ਇਹ ਗਿਣਤੀ ਨਾਕਾਫੀ ਹੈ ਬਹੁਤੇ ਸਮਾਜ ਸੇਵੀਆਂ ਨੇ ਆਕਸੀਜ਼ਨ ਦੇ ਲੰਗਰ ਲਗਾਏ ਹੋਏ ਹਨ ਹਰ ਸਮਰੱਥ ਬੰਦਾ ਇਸ ਸਮੇਂ ਲੋੜਵੰਦਾਂ ਦੀ ਤਨ, ਮਨ ਤੇ ਧਨ ਨਾਲ ਮੱਦਦ ਲਈ ਅੱਗੇ ਆਵੇ ਉਹ ਵਪਾਰੀ ਵੀਰ ਵੀ ਗ਼ਰੀਬਾਂ ’ਤੇ ਰਹਿਮ ਕਰਨ ਜਿਹੜੇ ਇਨ੍ਹੀ ਦਿਨੀਂ ਤਰਖਾਣ ਦੇ ਤੇਸੇ ਨਾਲ ਗ਼ਰੀਬਾਂ ਦੀ ਚਮੜੀ ਲਾਹੁਣ ਲੱਗੇ ਹੋਏ ਹਨ ਅਤੇ ਫਹੁੜੀਆਂ ਨਾਲ ਨੋਟ ਇਕੱਠੇ ਕਰ ਰਹੇ ਹਨ ਅਸੀਂ ਸਾਰੀ ਜ਼ਿੰਦਗੀ ਦੌਲਤ ਤਾਂ ਹੀ ਕਮਾ ਸਕਾਂਗੇ ਜੇ ਲੋਕ ਸਲਾਮਤ ਰਹਿਣਗੇ।

ਜਗਸੀਰ ਸਿੰਘ ਤਾਜ਼ੀ
ਬਠਿੰਡਾ
ਮੋ. 99889-95533

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।