ਪੁਲਿਸ ਟਰੇਨਿੰਗ ਅਕੈਡਮੀ ਫਿਲੌਰ ਦੀਆਂ ਕੁਝ ਯਾਦਾਂ

ਪੁਲਿਸ ਟਰੇਨਿੰਗ ਅਕੈਡਮੀ ਫਿਲੌਰ ਦੀਆਂ ਕੁਝ ਯਾਦਾਂ

ਪੁਲਿਸ ਟਰੇਨਿੰਗ ਸੈਂਟਰਾਂ ਵਿੱਚ ਇੱਕ ਅਲੱਗ ਹੀ ਕਿਸਮ ਦੀ ਦੁਨੀਆਂ ਵੱਸਦੀ ਹੈ। ਉੱਥੇ ਰੰਗਰੂਟਾਂ ਵਾਸਤੇ ਉਸਤਾਦ ਹੀ ਰੱਬ ਹੁੰਦਾ ਹੈ ਤੇ ਉਸ ਦੇ ਮੂੰਹ ਵਿੱਚੋਂ ਨਿੱਕਲਣ ਵਾਲਾ ਹਰ ਸ਼ਬਦ ਇਲਾਹੀ ਹੁਕਮ ਹੁੰਦਾ ਹੈ। ਉਸ ਦੇ ਕਹਿਣ ’ਤੇ ਪੀ. ਟੀ.¿; ਪਰੇਡ ਕਰਨੀ ਤੇ ਸਜ਼ਾ ਮਿਲਣ ’ਤੇ ਮਿੱਟੀ ਵਿੱਚ ਲੇਟਣਾ, ਡੱਡੂ ਛੜੱਪੇ ਲਾਉਣੇ ਤੇ ਉਲਟ ਬਾਜ਼ੀਆਂ ਮਾਰਨੀਆਂ ਹੀ ਪੈਂਦੀਆਂ ਹਨ। ਨਵੇਂ ਭਰਤੀ ਹੋਏ ਰੰਗਰੂਟ ਵੱਖ-ਵੱਖ ਪਿੱਠਭੂਮੀਆਂ ਤੋਂ ਆਉਂਦੇ ਹਨ। ਕੋਈ ਅਮੀਰ ਘਰ ਦਾ ਹੁੰਦਾ ਹੈ ਤੇ ਕੋਈ ਗਰੀਬ ਘਰ ਦਾ, ਪਰ ਉੱਥੇ ਸਭ ਨੂੰ ਇੱਕ ਸਮਝਿਆ ਜਾਂਦਾ ਹੈ। ਬਰਾਬਰੀ ਦੀ ਭਾਵਨਾ ਭਰਨ ਲਈ ਸਭ ਤੋਂ ਪਹਿਲਾਂ ਰੰਗਰੂਟਾਂ ਦੀ ਆਕੜ ਭੰਨ੍ਹ ਕੇ ਸੀਨੀਅਰ ਅਫਸਰਾਂ ਦਾ ਹੁਕਮ ਬਗੈਰ ਕਿਸੇ ਹੀਲ-ਹੁੱਜ਼ਤ ਦੇ ਮੰਨਣਾ ਸਿਖਾਇਆ ਜਾਂਦਾ ਹੈ।

ਪੁਲਿਸ ਟਰੇਨਿੰਗ ਅਕੈਡਮੀ ਫਿਲੌਰ ਵਿਖੇ ਪਹੁੰਚਦੇ ਸਾਰ ਸਭ ਤੋਂ ਪਹਿਲਾ ਕੰਮ ਹੁੰਦਾ ਹੈ ਨਵੇਂ ਭਰਤੀ ਹੋਏ ਥਾਣੇਦਾਰਾਂ ਦੇ ਸ਼ਾਹਰੁਖ ਖਾਨ ਵਰਗੇ ਰੀਝਾਂ ਨਾਲ ਪਾਲੇ ਹੋਏ ਲੰਮੇ-ਲੰਮੇ ਵਾਲ ਖੁੰਢੀਆਂ ਕੈਂਚੀਆਂ ਨਾਲ ਵੱਢ ਕੇ ਅੱਡੀ ਵਰਗੀ ਟਿੰਡ ਬਣਾਉਣੀ। ਕਿਸੇ ਵੀ ਰੰਗਰੂਟ ਨੂੰ ਬਿਨਾਂ ਇਜ਼ਾਜ਼ਤ ਫਿਲੌਰ ਸ਼ਹਿਰ ਵਿੱਚ ਜਾਣ ਦੀ ਆਗਿਆ ਨਹੀਂ ਹੈ। ਬਜ਼ਾਰਾਂ ਵਿੱਚ ਘੁੰਮਦੇ ਫਿਰਦੇ ਰੰਗਰੂਟਾਂ ਨੂੰ ਪਕੜਨ ਲਈ ਉਸਤਾਦਾਂ ਦੀਆਂ ਵਿਸ਼ੇਸ਼ ਡਿਊਟੀਆਂ ਲਾਈਆਂ ਜਾਂਦੀਆਂ ਹਨ।

ਜਦੋਂ ਮੈਂ ਇੰਸਪੈਕਟਰ ਭਰਤੀ ਹੋਇਆ ਤਾਂ ਟਰੇਨਿੰਗ ਸ਼ੁਰੂ ਹੋਣ ਤੋਂ ਕੁਝ ਹੀ ਦਿਨ ਬਾਅਦ ਮੇਰੇ ਦੋ-ਤਿੰਨ ਬੈਚਮੈਟ ਕਹਿਣ ਲੱਗੇ ਕਿ ਚਲੋ ਤਾਜ਼ ਹੋਟਲ ਤੋਂ ਡਿਨਰ ਕਰ ਕੇ ਆਉਂਦੇ ਹਾਂ। ਪਹਿਲਾਂ ਏ. ਐਸ. ਆਈ. ਦੀ ਕੀਤੀ ਹੋਈ ਟਰੇਨਿੰਗ ਦੇ ਤਜ਼ਰਬੇ ਕਾਰਨ ਮੈਂ ਬਥੇਰਾ ਰੋਕਿਆ ਕਿ ਭਰਾ ਇੱਥੇ ਜੋ ਕੱਚਾ-ਪੱਕਾ ਮਿਲਦਾ ਹੈ ਅਰਾਮ ਨਾਲ ਖਾ ਲਉ, ਕਿਉਂ ਐਵੇਂ ਬੇਇੱਜ਼ਤੀ ਕਰਵਾਉਣ ’ਤੇ ਤੁਲੇ ਹੋਏ ਹੋ। ਉਨ੍ਹਾਂ ਨੇ ਉਲਟਾ ਡਰਪੋਕ ਕਹਿ ਕੇ ਮੇਰਾ ਮਖੌਲ ਉਡਾਉਣਾ ਸ਼ੁਰੂ ਕਰ ਦਿੱਤਾ ਤਾਂ ਮੈਨੂੰ ਵੀ ਸ਼ਰਮੋ-ਸ਼ਰਮੀ ਨਾਲ ਜਾਣਾ ਪਿਆ। ਵਾਪਸੀ ਸਮੇਂ ਜਦੋਂ ਅਸੀਂ ਗੁਰਦੁਆਰਾ ਸਾਹਿਬ ਵਾਲੇ ਪਾਸਿਉਂ ਕਿਲ੍ਹੇ ਅੰਦਰ ਘੁਸਪੈਠ ਕਰਨ ਲੱਗੇ ਤਾਂ ਘਾਤ ਲਾਈ ਬੈਠੇ ਇੱਕ ਛੋਟੇ ਉਸਤਾਦ ਦੇ ਅੜਿੱਕੇ ਆ ਗਏ ਜਿਸ ਨੇ ਸਾਨੂੰ ਪੰਜ-ਪੰਜ ਡੱਡੂ ਛੜੱਪੇ ਮਾਰਨ ਦਾ ਹੁਕਮ ਜਾਰੀ ਕਰ ਦਿੱਤਾ।

ਸਾਡੇ ਇੱਕ ਬੈਚਮੇਟ ਦੇ ਦਿਮਾਗ ’ਚੋਂ ਅਜੇ ਯੂਨੀਵਰਸਿਟੀ ਵਿਖੇ ਕੀਤੀ ਬਦਮਾਸ਼ੀ ਦਾ ਕੀੜਾ ਨਹੀਂ ਸੀ ਨਿੱਕਲਿਆ। ਉਸ ਨੇ ਜ਼ਰਾ ਆਕੜ ਜਿਹੀ ਨਾਲ ਕਿਹਾ, ਉਸਤਾਦ ਜੀ ਜ਼ਰਾ ਧਿਆਨ ਨਾਲ, ਅਸੀਂ ਇੰਸਪੈਕਟਰ ਹਾਂ। ਉਸਤਾਦ ਨੇ ਅੱਗੋਂ ਤਿਰਛੀ ਜਿਹੀ ਮੁਸਕਾਨ ਨਾਲ ਜਵਾਬ ਦਿੱਤਾ, ਅੱਛਾ ਜ਼ਨਾਬ, ਪਹਿਲਾਂ ਕਿਉਂ ਨਹੀਂ ਦੱਸਿਆ ਕਿ ਤੁਸੀਂ ਐਨੇ ਵੱਡੇ ਅਫਸਰ ਹੋ। ਰੈਂਕ ਮੁਤਾਬਕ ਤੁਹਾਡੇ ਤਾਂ ਦਸ-ਦਸ ਡੱਡੂ ਛੜੱਪੇ ਬਣਦੇ ਹਨ। ਨਾਲੇ ਅਸੀਂ ਉਸ ਮੂੰਹ ਫੱਟ ਬੈਚਮੇਟ ਨੂੰ ਗਾਲ੍ਹਾਂ ਕੱਢੀ ਜਾਈਏ ਤੇ ਨਾਲੇ ਡੱੁਡੂ ਛੜੱਪੇ ਲਾਈ ਜਾਈਏ।

ਉਸਤਾਦ ਕਿਲ੍ਹੇ ਦੀ ਸਪੈਸ਼ਲ ਭਾਸ਼ਾ ਬੋਲਦੇ ਹਨ ਜੋ ਹਿੰਦੀ, ਪੰਜਾਬੀ ਤੇ ਉਰਦੂ ਦਾ ਮਿਲਗੋਭਾ ਹੁੰਦੀ ਹੈ। ਉਹ ਢੀਠ ਰੰਗਰੂਟਾਂ ਨੂੰ ਜਲੀਲ ਤੇ ਘਾਂਬੜ ਆਦਿ ਵਰਗੇ ਵਿਸ਼ੇਸ਼ਣਾਂ ਨਾਲ ਸੰਬੋਧਿਤ ਕਰਦੇ ਹਨ ਤੇ ਰੰਗਰੂਟ ਉਸਤਾਦਾਂ ਦੇ ਪੁੱਠੇ-ਸਿੱਧੇ ਨਾਂਅ ਜਿਵੇਂ ਪੱਟਾਂ ਵਾਲਾ, ਮੁੱਛ, ਕਾਲਾ ਤੇ ਵੱਢ ਖਾਣਾ ਆਦਿ ਪਾ ਦਿੰਦੇ ਹਨ।

ਮੈਂ 1990 ਵਿੱਚ ਏ. ਐਸ. ਆਈ. ਦੀ ਤੇ 1991 ਵਿੱਚ ਇੰਸਪੈਕਟਰ ਦੀ ਟਰੇਨਿੰਗ ਕੀਤੀ ਸੀ ਕਿਉਂਕਿ ਮੈਂ ਟਰੇਨਿੰਗ ਦੌਰਾਨ ਹੀ ਦੁਬਾਰਾ ਇੰਸਪੈਕਟਰ ਭਰਤੀ ਹੋ ਗਿਆ ਸੀ। ਸਾਡਾ ਏ. ਐਸ. ਆਈ. ਦਾ ਬੈਚ ਬਹੁਤ ਵੱਡਾ (ਤਕਰੀਬਨ 250 ਰੰਗਰੂਟ) ਸੀ ਤੇ ਮੇਰੀ ਪਲਟੂਨ ਦਾ ਉਸਤਾਦ ਕਿਲੇ੍ਹ ਦਾ ਸਭ ਤੋਂ ਚੰਦਰਾ ਇਨਸਾਨ ਸੀ। ਐਤਵਾਰ ਨੂੰ ਬਾਕੀ ਪਲਟੂਨਾਂ ਵਾਲੇ ਅਰਾਮ ਕਰ ਰਹੇ ਹੁੰਦੇ ਤੇ ਉਹ ਸਾਡੀਆਂ ਸੋਮਵਾਰ ਦੀ ਪਰੇਡ ਵਿੱਚ ਪਾਉਣ ਵਾਲੀਆਂ ਵਰਦੀਆਂ ਚੈੱਕ ਕਰ ਰਿਹਾ ਹੁੰਦਾ ਸੀ। ਉਸ ਔਰੰਗਜ਼ੇਬ ਦੇ ਅਵਤਾਰ ਨੂੰ ਸਾਡਾ ਖੂਨ ਸਾੜ ਕੇ ਅਤਿਅੰਤ ਆਤਮਿਕ ਸ਼ਾਂਤੀ ਪ੍ਰਾਪਤ ਹੁੰਦੀ ਸੀ। ਅਸੀਂ ਸਾਰਾ ਜ਼ੋਰ ਲਾ ਕੇ ਵਰਦੀਆਂ ਤਿਆਰ ਕਰਨੀਆਂ, ਪਰ ਉਸ ਨੇ ਕਿਸੇ ਦੇ ਬਟਨ ਤੋੜ ਦੇਣੇ ਤੇ ਕਿਸੇ ਦੇ ਬੂਟ ਚਿੱਕੜ ਨਾਲ ਲਬੇੜ ਦੇਣੇ। ਹਾਰ ਕੇ ਪਲਟੂਨ ਨੇ ਵੀ ਇਸ ਮੁਸੀਬਤ ਤੋਂ ਬਚਣ ਦਾ ਇੱਕ ਤਰੀਕਾ ਲੱਭ ਲਿਆ।

ਸਾਰਿਆਂ ਨੇ ਇੱਕ-ਇੱਕ ਨਵੀਂ ਵਰਦੀ ਮਾਂਡੀ ਲਗਵਾ ਕੇ ਤਿਆਰ ਕਰ ਲਈ। ਉਦੋਂ ਜੀਨ ਦੀਆਂ ਵਰਦੀਆਂ ਹੁੰਦੀਆਂ ਸਨ ਤੇ ਕੜਕ ਕਰਨ ਲਈ ਚੌਲਾਂ ਦੀ ਪਿੱਛ, ਜਿਸ ਨੂੰ ਮਾਂਡੀ ਕਹਿੰਦੇ ਸਨ, ਲਾ ਕੇ ਪ੍ਰੈੱਸ ਕੀਤੀ ਜਾਂਦੀ ਸੀ। ਅਸੀਂ ਹਰ ਐਤਵਾਰ ਉਸ ਨੂੰ ਨਵੀਂ ਵਰਦੀ ਵਿਖਾ ਦੇਣੀ ਤੇ ਸੋਮਵਾਰ ਨੂੰ ਫਿਰ ਸਿਰ੍ਹਾਣੇ ਹੇਠ ਦੇ ਕੇ ਪ੍ਰੈੱਸ ਕੀਤੀ ਹੋਈ ਪੁਰਾਣੀ ਵਰਦੀ ਪਾ ਲੈਣੀ।

ਇਹ ਨਹੀਂ ਕਿ ਸਾਰੇ ਉਸਤਾਦ ਹੀ ਅਜਿਹੇ ਸਨ, ਜਗਤਾਰ ਸਿੰਘ, ਰਵੇਲ ਸਿੰਘ, ਪ੍ਰਭ ਸਿੰਘ, ਗੁਰਮੀਤ ਸਿੰਘ, ਜਗਦੀਸ਼ ਚੰਦਰ, ਸੰਤੋਖ ਸਿੰਘ ਤੇ ਅਵਤਾਰ ਸਿੰਘ ਆਦਿ ਵਰਗੇ ਵਧੀਆ ਉਸਤਾਦ ਵੀ ਸਨ ਜਿਨ੍ਹਾਂ ਨੂੰ ਅਸੀਂ ਹੁਣ ਵੀ ਇੱਜ਼ਤ ਨਾਲ ਯਾਦ ਕਰਦੇ ਹਾਂ। ਇੱਕ ਦਿਨ ਪਲਟੂਨਾਂ ਸਿਨੇਮਾ ਹਾਲ ਦੇ ਸਾਹਮਣੇ ਫਾਲਨ ਹੋ ਰਹੀਆਂ ਸਨ, ਸ਼ਾਇਦ ਕੋਈ ਲੈਕਚਰ ਵਗੈਰਾ ਹੋਣਾ ਸੀ। ਉਸਤਾਦ ਪ੍ਰਭ ਸਿੰਘ ਦੀ ਡਿਊਟੀ ਫਾਲਨ ਕਰਵਾਉਣ ’ਤੇ ਲੱਗੀ ਹੋਈ ਸੀ।

ਉਸਤਾਦ ਗੁਰਦਿਆਲ ਸਿੰਘ ਦੀ ਪਲਟੂਨ ਦੀ ਇੱਕ ਲੜਕੀ, ਜੋ ਚੰਡੀਗੜ੍ਹ ਤੋਂ ਟ੍ਰੇਨਿੰਗ ਕਰਨ ਲਈ ਆਈ ਸੀ, ਕੁਝ ਲੇਟ ਹੋ ਗਈ। ਪ੍ਰਭ ਸਿੰਘ ਨੇ ਉਸ ਨੂੰ ਦਬਕਾ ਮਾਰਿਆ ਤਾਂ ਉਸ ਨੇ ਅੱਗੋਂ ਦੱਸਿਆ ਕਿ ਸਰ ਮੈਨੂੰ ਵੌਮਟਿੰਗ (ਉਲਟੀਆਂ) ਹੋ ਰਹੀ ਸੀ। ਅੰਗਰੇਜ਼ੀ ਵਿੱਚ ਹੱਥ ਤੰਗ ਹੋਣ ਕਾਰਨ ਪ੍ਰਭ ਸਿੰਘ ਨੂੰ ਸਮਝ ਨਾ ਆਈ ਕਿ ਉਸ ਨੇ ਕੀ ਕਿਹਾ ਹੈ। ਲੜਕੀ ਦੇ ਜਾਣ ਤੋਂ ਬਾਅਦ ਉਸ ਨੇ ਹੌਲੀ ਆਪਣੀ ਪਲਟੂਨ ਨੂੰ ਪੁੱਛਿਆ, ਉਏ, ਇਹ ਵੌਂਟਿੰਗ-ਵੌਂਟਿੰਗ ਕੀ ਹੁੰਦੀ ਆ? ਸਾਰੇ ਉੱਚੀ ਉੱਚੀ ਹੱਸ ਪਏ।

ਪੁਲਿਸ ਅਕੈਡਮੀ ਦੇ ਨਾਈ, ਧੋਬੀ, ਮਾਲੀ ਤੇ ਕੁੱਕ ਆਦਿ ਵੀ ਆਪਣੇ-ਆਪ ਨੂੰ ਪਿ੍ਰੰਸੀਪਲ ਹੀ ਸਮਝਦੇ ਹਨ। ਹੁਣ ਦਾ ਤਾਂ ਪਤਾ ਨਹੀਂ, ਪਰ ਜਦੋਂ ਅਸੀਂ ਟਰੇਨਿੰਗ ਕਰਦੇ ਸੀ ਤਾਂ ਮੈੱਸ ਵਿੱਚ ਭੈੜੇ ਜਿਹੇ ਸਵਾਦ ਵਾਲੀ ਸਬਜ਼ੀ (ਜੋ ਮਹੀਨੇ ਵਿੱਚ 20 ਦਿਨ ਰਾਜਮਾਂਹ ਹੀ ਹੁੰਦੀ ਸੀ) ਤੇ ਟੋਕਰੀ ਵਿੱਚ ਪਾਈਆਂ ਹੋਈਆਂ ਰੋਟੀਆਂ ਵਰਤਾਈਆਂ ਜਾਂਦੀਆਂ ਸਨ। ਢੇਰ ਲੱਗਾ ਹੋਣ ਕਾਰਨ ਰੋਟੀਆਂ ਭੜ੍ਹਾਸ ਮਾਰ¿; ਜਾਂਦੀਆਂ ਸਨ ਤੇ ਰਬੜ ਵਰਗੀਆਂ ਬਣ ਜਾਂਦੀਆਂ ਸਨ। ਸਬਜ਼ੀ ਵਿੱਚ ਖੁਲ੍ਹਾ ਦੇਸੀ ਘਿਉ ਪਾ ਕੇ ਹੀ ਰੋਟੀ ਅੰਦਰ ਧੱਕੀ ਜਾ ਸਕਦੀ ਸੀ। ਸਾਡੀ ਪਲਟੂਨ ਵਿੱਚ ਇੱਕ ਡੀ. ਐਸ. ਪੀ. ਦਾ ਮੁੰਡਾ ਵੀ ਸੀ ਜੋ ਵਿਚਾਰਾ ਘਰੇ ਨੇਪਾਲੀ ਬਹਾਦਰ ਦੇ ਹੱਥਾਂ ਦੇ ਬਣੇ ਹੋਏ ਵੰਨ-ਸੁਵੰਨੇ ਪਦਾਰਥ ਅਤੇ ਛੋਟੇ-ਛੋਟੇ ਫੁਲਕੇ ਖਾਣ ਗਿੱਝਾ ਹੋਇਆ ਸੀ।

ਜਦੋਂ ਪਹਿਲੇ ਦਿਨ ਰਾਤ ਦੀ ਰੋਟੀ ਵੇਲੇ ਜਦੋਂ ਲਾਂਗਰੀ ਨੇ ਤਰੀ ਵਾਲੀ ਕੱਦੂਆਂ ਦੀ ਸਬਜ਼ੀ ਅਤੇ ਅਖਬਾਰ ਦੇ ਛੇ ਨੰਬਰ ਪੇਜ਼ ਵਰਗੀਆਂ ਦੋ ਰੋਟੀਆਂ ਉਸ ਦੀ ਥਾਲੀ ਵਿੱਚ ਸੁੱਟੀਆਂ ਤਾਂ ਉਸ ਦਾ ਤ੍ਰਾਹ ਨਿੱਕਲ ਗਿਆ। ਉਹ ਕਹਿਣ ਲੱਗਾ ਕਿ ਮੈਂ ਤਾਂ ਨਹੀਂ ਖਾਂਦਾ ਇਹੋ-ਜਿਹੀਆਂ ਰੋਟੀਆਂ। ਲਾਂਗਰੀ ਨੇ ਅਜਿਹੇ ਨਖਰੀਲੇ ਰੰਗਰੂਟ ਬਹੁਤ ਵੇਖ ਰੱਖੇ ਸਨ। ਉਹ ਅੱਗੋਂ ਕਹਿੰਦਾ ਕਿ ਭਾਈ ਨਾ ਖਾ ਤੇ ਥਾਲੀ ਚੁੱਕ ਕੇ ਲੈ ਗਿਆ। ਅਗਲੇ ਦਿਨ ਸਵੇਰੇ ਜਦੋਂ ਉਸਤਾਦ ਨੇ ਪੀ.ਟੀ.- ਪਰੇਡ ਵਿੱਚ ਭਜਾ-ਭਜਾ ਕੇ ਜਾਨ ਕੱਢੀ ਤਾਂ ਰਾਤ ਦਾ ਭੁੱਖਾ ਹੋਣ ਕਾਰਨ ਉਹ ਬਰੇਕਫਾਸਟ ਵਿੱਚ ਹੀ ਪੰਜ ਰੋਟੀਆਂ ਖਾ ਗਿਆ।

ਪਰੇਡ ਵਾਸਤੇ ਸਿੱਖ ਰੰਗਰੂਟਾਂ ਨੂੰ ਝਾਲਰ ਵਾਲੀ ਪੱਗ ਅਤੇ ਕਲੀਨ ਸ਼ੇਵ ਨੂੰ ਕੁੱਲਾ ਬੰਨ੍ਹਣਾ ਪੈਂਦਾ ਸੀ। ਪੱਗ ਤਾਂ ਫਿਰ ਵੀ ਔਖੇ-ਸੌਖੇ ਬੰਨ੍ਹ ਲਈ ਜਾਂਦੀ ਸੀ, ਪਰ ਕੁੱਲਾ ਬੰਨ੍ਹਣ ਵਾਸਤੇ ਕਿਸੇ ਐਕਸਪਰਟ ਬੰਦੇ ਦੀਆਂ ਸੇਵਾਵਾਂ ਦੀ ਜਰੂਰਤ ਪੈਂਦੀ ਸੀ। ਕਿਲੇ ਫਿਲੌਰ ਦਾ ਸਭ ਤੋਂ ਪ੍ਰਸਿੱਧ ਕੁੱਲਾ ਬੰਨ੍ਹਣ ਵਾਲਾ ਬਿਗਲਰ ਹੈੱਡ ਕਾਂਸਟੇਬਲ ਭਗਵਾਨ ਦਾਸ ਸੀ ਜੋ ਕਿਸੇ ਹਾਰਟ ਸਪੈਸ਼ਲਿਸਟ ਵਾਂਗ ਆਪਣੀ ਮਰਜ਼ੀ ਨਾਲ ਟਾਈਮ ਦਿੰਦਾ ਸੀ। ਉਸ ਦੀ ਫੀਸ ਸੌ ਰੁਪਏ ਸੀ। ਕੱੁਲਾ ਬੰਨਵਾਉਣ ਲਈ ਕਈ-ਕਈ ਦਿਨ ਉਸ ਦੇ ਤਰਲੇ ਕੱਢਣੇ ਪੈਂਦੇ ਸਨ। ਮੇਰੇ ਬੈਚ ਨੂੰ ਟਰੇਨਿੰਗ ਕੀਤੇ ਕਰੀਬ 32 ਸਾਲ ਹੋ ਗਏ ਹਨ। ਪਰ ਅੱਜ ਵੀ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੱਲ੍ਹ ਦੀ ਗੱਲ ਹੋਵੇ ਜਦੋਂ ਖਾਕੀ ਨਿੱਕਰਾਂ ਪਾ ਕੇ ਹੱਥਾਂ ਵਿੱਚ ਦਾਤਰੀਆਂ ਰੰਬੇ ਪਕੜ ਕੇ ਕਿਲ੍ਹੇ ਵਿੱਚ ਫਟੀਕ ਕਰਦੇ ਫਿਰਦੇ ਸੀ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ,
ਪੰਡੋਰੀ ਸਿੱਧਵਾਂ
ਮੋ. 95011-00062

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here