ਜੰਞ ਚੜ੍ਹਨ ਤੋਂ ਪਹਿਲਾਂ ਦੇ ਕੁਝ ਕੁ ਰੀਤੀ ਰਿਵਾਜ਼/ਵਿਹਾਰ

ਜੰਞ ਚੜ੍ਹਨ ਤੋਂ ਪਹਿਲਾਂ ਦੇ ਕੁਝ ਕੁ ਰੀਤੀ ਰਿਵਾਜ਼/ਵਿਹਾਰ

behaviors

ਮਾਤਾ-ਪਿਤਾ ਨੂੰ ਆਪਣੇ ਲਾਡਲੇ ਪੁੱਤਰ ਦੇ ਵਿਆਹ ਦਾ ਗੋਡੇ-ਗੋਡੇ ਚਾਅ ਹੁੰਦਾ ਹੈ ਹਰ ਮਾ ਬਾਪ ਦੀ ਖਾਹਿਸ਼ ਹੁੰਦੀ ਹੈ ਕਿ ਅਸੀਂ ਪੂਰੇ ਸ਼ਗਨਾਂ ਦੇ ਨਾਲ ਆਪਣੇ ਪੁੱਤਰ ਨੂੰ ਗੱਜ-ਵੱਜ ਕੇ ਵਿਆਹੁਣਾ ਹੈ ਇੱਕੀ-ਬਾਈ ਸਾਲ ਦੀ ਉਮਰ ਓਹ ਦਿਨ ਗਿਣ-ਗਿਣ ਕੇ ਪੂਰੀ ਕਰਦੇ ਹਨ ਤੇ ਆਖਰ ਓਹ ਭਾਗਾਂ ਵਾਲਾ ਦਿਨ ਜਦ ਆਉਂਦਾ ਹੈ ਤਾਂ ਸਾਰੇ ਚਾਅ ਪੂਰੇ ਰੀਤੀ ਰਿਵਾਜਾਂ ਨਾਲ ਸੁੱਖਾਂ-ਸੁੱਖ ਕੇ ਪੂਰੇ ਕੀਤੇ ਜਾਂਦੇ ਹਨ।

ਘਰੋਂ ਕਿਤੇ ਵੀ ਬਾਹਰ ਨਹੀਂ ਜਾਣਾ

ਵਿਆਹ ਵਾਲੇ ਦਿਨ ਤੋਂ ਕੁਝ ਕੁ ਦਿਨ ਪਹਿਲਾਂ ਵਿਆਂਦੜ ਮੁੰਡੇ ਨੂੰ ਸ਼ਗਨਾਂ ਦਾ ਗਾਨਾ ਬੰਨ੍ਹ ਦਿੱਤਾ ਜਾਂਦਾ ਹੈ,ਉਸੇ ਦਿਨ ਤੋਂ ਹੀ ਉਸ ਦੇ ਘਰੋਂ ਨਿਕਲਣ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਜਾਂਦੀ ਹੈ, ਮਤਲਬ ਕਿ ਹੁਣ ਤੂੰ ਸਾਹੇ ਬੱਝ ਗਿਆਂ ਭਾਵ ਵਿਆਹ ਦਾ ਦਿਨ ਮੁਕਰਰ ਹੋ ਗਿਆ ਕਰਕੇ ਤੂੰ ਘਰੋਂ ਕਿਤੇ ਵੀ ਬਾਹਰ ਨਹੀਂ ਜਾਣਾ ਕਿ ਮਤੇ ਕੋਈ ਅਣਹੋਣੀ ਨਾ ਹੋ ਜਾਵੇ, ਇਸਨੂੰ ਸਾਹੇ ਬੰਨਣਾ ਕਿਹਾ ਜਾਂਦਾ ਹੈ।

behaviors | ਸ਼ਗਨ ਦੇਣ ਦਾ ਰਿਵਾਜ

ਵਿਆਹ ਤੋਂ ਇੱਕ ਰਾਤ ਪਹਿਲਾਂ ਹੀ ਮੁੰਡੇ ਦੇ ਸ਼ਗਨਾਂ ਦੀ ਮਹਿੰਦੀ ਲਗਾ ਦਿੱਤੀ ਜਾਂਦੀ ਹੈ ਜੰਝ ਚੜ੍ਹਨ ਤੋਂ ਕੁਝ ਕੁ ਘੰਟੇ ਪਹਿਲਾਂ ਨਹਾਈ-ਧੋਈ ਕੀਤੀ ਜਾਂਦੀ ਹੈ, ਵਟਣਾ ਮਲਣਾ ਤੇਲ ਚੜ੍ਹਾਉਣਾ ਰਿਸ਼ਤੇਦਾਰਾਂ ਨੇ ਸ਼ਗਨ ਦੇਣ ਦਾ ਰਿਵਾਜ ਕੀਤਾ ਜਾਂਦਾ ਹੈ, ਨਹਾਈ-ਧੋਈ ਤੋਂ ਬਾਅਦ ਖਾਰਿਓਂ ਮਾਮਾ ਉਤਾਰਦਾ ਹੈ ਤੇ ਵਿਆਂਦੜ ਇਕੋ ਛੜੱਪੇ ਦੇ ਨਾਲ ਚੱਪਣੀਆਂ ਭੰਨਦਾ ਹੈ, ਗੀਤ ਵੀ ਗਾਏ ਜਾਂਦੇ ਹਨ (ਆਂਗਣ ਚੀਕੜ ਕੀਹਨੇ ਕੀਤਾ, ਨੀ ਕੀਹਨੇ ਡੋਲਿਆ ਪਾਣੀ-ਮਾਮੇ ਦਾ ਭਾਣਜਾ ਨਾਤੜਾ ਨੀ ਓਹਨੇ ਡੋਲਿਆ ਪਾਣੀ) ਇਸੇ ਤਰ੍ਹਾਂ ਖਾਰਿਓਂ ਉਤਾਰਨ ਵੇਲੇ ਦਾ ਗੀਤ ਗਾਇਆ ਜਾਂਦਾ ਹੈ (ਫੁੱਲਾਂ ਲਾਈ ਬਹਾਰ ਇੱਕ ਫੁੱਲ ਤੋਰੀ ਦਾ-ਸਾਨੂੰ ਐਸ ਵੇਲੇ ਦੇ ਨਾਲ ਮਾਮਾ ਲੋੜੀਂਦਾ)ਇਹ ਸਾਰੇ ਸਮੇਂ ਮੁਤਾਬਿਕ ਸ਼ਗਨਾਂ ਦੇ ਗੀਤ ਗਾਏ ਜਾਂਦੇ ਹਨ।

behaviors | ਸਿਹਰਾ ਬੰਦੀ ਦੀ ਰਸਮ

ਫਿਰ ਸਿਹਰਾ ਬੰਦੀ ਦੀ ਰਸਮ ਅਦਾ ਕੀਤੀ ਜਾਂਦੀ ਹੈ, ਜਿਸ ਨੂੰ ਕਿ ਭੈਣਾਂ ਵੱਲੋਂ ਨਿਭਾਇਆ ਜਾਣਾ ਹੁੰਦਾ ਹੈ, ਪਰ ਘਰ ਦੇ ਜਵਾਈ ਦਾ ਮਾਨ-ਸਨਮਾਨ ਲਈ ਜੀਜੇ ਨੂੰ ਵੀ ਨਾਲ ਹੀ ਕੋਲ ਬੁਲਾ ਲਿਆ ਜਾਂਦਾ ਹੈ ਕਿ ਮਤੇ ਜੀਜਾ ਗੁੱਸੇ ਹੋ ਕੇ ਰੰਗ ‘ਚ ਭੰਗ ਹੀ ਨਾ ਪਾ ਦੇਵੇ ਇਸ ਸਮੇਂ ਭਾਬੀਆਂ ਵੱਲੋਂ ਸੁਰਮਾ ਪਾਉਣ ਦੀ ਇੱਕ ਰੀਤ ਵੀ ਨਿਭਾਈ ਜਾਂਦੀ ਹੈ ਇਹ ਵਿਹਾਰ ਵੀ ਸ਼ਗਨਾਂ ਦਾ ਵਿਹਾਰ ਹੈ ਤੇ ਇਸੇ ਮੁਤਾਬਕ ਹੀ ਗੀਤ ਵੀ ਗਾਏ ਜਾਂਦੇ ਹਨ, ਉਂਜ ਬਹੁਤ ਸਾਰੇ ਪਰਿਵਾਰਾਂ ਵਿੱਚ ਇਸ ਸ਼ਗਨਾਂ ਦੇ ਵੇਲੇ ਜੀਜਿਆਂ ਵੱਲੋਂ ਖਲਲ ਪਾ ਵੀ ਦਿੱਤਾ ਜਾਂਦਾ ਹੈ ਜੋ ਕਿ ਬਹੁਤ ਮਾੜੀ ਆਦਤ ਹੈ, ਪਰ ਸਿਆਣੇ ਤੇ ਘਰਾਂ ਦੇ ਬਜ਼ੁਰਗਾਂ ਦੀ ਅਜਿਹੇ ਸਮਿਆਂ ‘ਤੇ ਅਤਿਅੰਤ ਲੋੜ ਭਾਸਦੀ ਹੈ, ਜੋ ਕਿ ਆਪਣੀ ਸਮਝਦਾਰੀ ਨਾਲ ਲੜਾਈ ਝਗੜੇ ਨਹੀਂ ਹੋਣ ਦਿੰਦੇ ਤੇ ਸਾਰੇ ਕਾਰਜ ਵਧੀਆ ਸੰਪਨ ਹੋ ਜਾਂਦੇ ਹਨ।

ਭੈਣਾਂ ਦਾ ਮਾਨ-ਸਨਮਾਨ

ਸਿਹਰਾ ਬੰਦੀ ਸਮੇਂ ਵੀ ਭੈਣਾਂ ਵੱਲੋਂ ਸਮੇਂ ਦੀ ਨਜ਼ਾਕਤ ਨੂੰ ਮੁੱਖ ਰੱਖਦਿਆਂ ਸ਼ਗਨਾਂ ਦੇ ਗੀਤ ਗਾਏ ਜਾਂਦੇ ਹਨ ਤੇ ਵਿਆਂਦੜ ਮੁੰਡਾ ਭੈਣਾਂ ਨੂੰ ਸ਼ਗਨ ਦੇ ਕੇ ਭੈਣਾਂ ਦਾ ਮਾਨ-ਸਨਮਾਨ ਕਰਦਾ ਹੈ ਤੇ ਭੈਣਾਂ ਅਸ਼ੀਰਵਾਦ ਦਿੰਦੀਆਂ ਹਨ ਉਸ ਤੋਂ ਬਾਅਦ ਘਰੋਂ ਵਿਦਾ ਕਰਨ ਵੇਲੇ ਵੀ ਵਿਆਂਦੜ ਮੁੰਡੇ ਉੱਪਰ ਫੁਲਕਾਰੀ ਚਾਰਾਂ ਕੰਨੀਆਂ ਤੋਂ ਫੜਕੇ ਉੱਤੇ ਤਾਣੀ ਜਾਂਦੀ ਹੈ ਤੇ ਵਿਚਕਾਰ ਵਿਆਂਦੜ ਦੇ ਹੱਥ ਵਿੱਚ ਫੜੀ ਕਿਰਪਾਨ ਫੁਲਕਾਰੀ ਦੇ ਬਿਲਕੁਲ ਵਿਚਕਾਰੋਂ ਉੱਪਰ ਚੱਕ ਕੇ ਰੱਖੀ ਜਾਂਦੀ ਹੈ।

behaviors

ਸ਼ਗਨਾਂ ਦੇ ਗੀਤ ਗਾਏ ਜਾਂਦੇ ਹਨ ਤੇ ਹੌਲੀ-ਹੌਲੀ ਘਰ ਤੋਂ ਬਾਹਰ ਤੱਕ ਸਾਰਾ ਮੇਲ ਗੇਲ ਜੰਝ ਨੂੰ ਤੋਰਨ ਆਉਂਦੇ ਹਨ ਥੋੜ੍ਹੀ ਦੂਰ ਪਿੰਡੋਂ ਬਾਹਰ ਵਾਰ ਆ ਕੇ ਜੰਡੀ ਉੱਤੇ ਟੱਕ ਲਾਉਣ ਦਾ ਰਿਵਾਜ ਵੀ ਸਿਖਰਾਂ ‘ਤੇ ਰਿਹਾ ਹੈ। ਇਹ ਸਾਰੇ ਕਾਰ ਵਿਹਾਰ ਤੇ ਰੀਤੀ ਰਿਵਾਜਾਂ ਦਾ ਵਿਆਹ (ਮੁੰਡੇ ਵਾਲੇ ਪਾਸਿਉਂ) ਨਿਭਾਉਣ ਦਾ ਬਹੁਤ ਹੀ ਮਹੱਤਵਪੂਰਨ ਕਾਰਜ ਕੀਤਾ ਜਾਂਦਾ ਰਿਹਾ ਹੈ ਅਜੋਕੇ ਬਦਲੇ ਸਮੇਂ ਮੁਤਾਬਿਕ ਅਸੀਂ ਕੁਝ ਕੁ ਵਿਹਾਰ ਜ਼ਰੂਰ ਕਰਦੇ ਹਾਂ, ਪਰ ਕੁਝ ਕੁ ਵਿਹਾਰ ਅਸੀਂ ਬਿਲਕੁਲ ਭੁੱਲਦੇ ਜਾ ਰਹੇ ਹਾਂ, ਜਿਸ ਕਰਕੇ ਇਹ ਸਾਡੇ ਪੁਰਾਤਨ ਪੁਰਖਿਆਂ ਦੇ ਰੀਤੀ ਰਿਵਾਜਾਂ ਦੇ ਘਾਣ ਕਰਨ ਦੇ ਹੀ ਤੁੱਲ ਕਹਿ ਸਕਦੇ ਹਾਂ।

ਲਾਗੀ ਲਿਜਾਣ ਦਾ ਰਿਵਾਜ

ਪਹਿਲੇ ਸਮਿਆਂ ਵਿੱਚ ਤਾਂ ਬਰਾਤ ਦੇ ਨਾਲ ਹੀ ਲਾਗੀ ਵੀ ਲਿਜਾਇਆ ਜਾਂਦਾ ਰਿਹਾ ਹੈ ਤੇ ਭੰਡ ਵੀ ਜੋ ਹਸਾ ਹਸਾ ਕੇ ਢਿੱਡੀਂ ਪੀੜਾਂ ਪਵਾ ਦਿਆ ਕਰਦੇ ਸਨ ਪਰ ਹੌਲੀ-ਹੌਲੀ ਬਦਲੇ ਹਾਲਾਤਾਂ ਮੁਤਾਬਕ ਅਜੋਕੇ ਸਮਿਆਂ ਵਿੱਚ ਲਾਗੀ ਲਿਜਾਣ ਦਾ ਰਿਵਾਜ ਤਾਂ ਬੇਸ਼ੱਕ ਹੈ ਪਰ ਭੰਡਾਂ ਦੀ ਥਾਂ ਤਾਂ ਹੁਣ ਅਖਾੜਿਆਂ ਜਾਂ ਗਾਇਕਾਂ ਨੇ ਲਈ ਹੈ, ਤੇ ਹੌਲੀ-ਹੌਲੀ ਉਸ ਤੋਂ ਵੀ ਕਿਨਾਰਾ ਹੀ ਕੀਤਾ ਜਾਂਦਾ ਹੈ।

ਇਨ੍ਹਾਂ ਉਪਰੋਕਤ ਸਾਰੇ ਹੀ ਰੀਤੀ ਰਿਵਾਜਾਂ ਦਾ ਕਿਸੇ ਸਮੇਂ ਆਪੋ ਆਪਣਾ ਬਹੁਤ ਹੀ ਮਹੱਤਵ ਹੁੰਦਾ ਸੀ ਤੇ ਦਿਲੋਂ ਪਿਆਰ ਸਤਿਕਾਰ ਨਾਲ ਨਿਭਾਏ ਵੀ ਜਾਂਦੇ ਸਨ, ਬੇਸ਼ੱਕ ਥੋੜੇ ਬਹੁਤੇ ਅੱਜ-ਕੱਲ੍ਹ ਵੀ ਨਿਭਾਏ ਜਾਂਦੇ ਹਨ ਪਰ ਉਹ ਪਿਆਰ ਅਪਣੱਤ ਤੇ ਆਪਣਾਪਨ ਕਿਧਰੇ ਘੱਟ ਹੀ ਨਜ਼ਰੀਂ ਪੈਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.