ਕਦੇ ਝੰਡੀਆਂ ਨਾਲ ਸਜਾਇਆ ਜਾਂਦਾ ਰਿਹੈ ਵਿਆਹ/ਮੰਗਣੇ ਵਾਲੇ ਵਿਹੜੇ ਨੂੰ

ਕਦੇ ਝੰਡੀਆਂ ਨਾਲ ਸਜਾਇਆ ਜਾਂਦਾ ਰਿਹੈ ਵਿਆਹ/ਮੰਗਣੇ ਵਾਲੇ ਵਿਹੜੇ ਨੂੰ

ਪੁਰਾਤਨ ਪੰਜਾਬ (Punjab) ਵਿੱਚ ਇਹ ਸਮੇਂ ਵੀ ਕਿਸੇ ਸਮੇਂ ਰਹੇ ਹਨ ਕਿ ਮੰਗਣੇ ਵਾਲੇ ਜਾਂ ਵਿਆਹ ਵਾਲੇ ਘਰ ਨੂੰ ਰੰਗ-ਬਿਰੰਗੇ ਪੇਪਰ ਲਿਆ ਕੇ ਉਸ ਵਿਚੋਂ ਤਿੰਨ ਕੋਨੀਆਂ ਝੰਡੀਆਂ ਕੱਟ ਕੇ ਆਟੇ ਦੀ ਲੇਵੀ ਬਣਾ ਕੇ ਸੂਤੜੀ ਲਿਆ ਕੇ ਉਸਦਾ ਪਿੰਨਾ ਬਣਾ ਲੈਣਾ ਤਾਂ ਕਿ ਓਹਦੇ ਵਿਚ ਕਿਤੇ ਗੰਢ ਨਾ ਪਵੇ। ਜੇਕਰ ਗੰਢ ਪੈ ਜਾਣੀ ਤਾਂ ਕਈ ਵਾਰ ਉਸ ਉੱਤੇ ਝੰਡੀ ਨੂੰ ਲੇਵੀ ਨਾਲ ਜੋੜਨਾ ਔਖਾ ਹੋ ਜਾਂਦਾ ਸੀ, ਤੇ ਫਿਰ ਸੂਤੜੀ ‘ਤੇ ਝੰਡੀਆਂ ਲੇਵੀ ਨਾ ਚਿਪਕਾ ਦੇਣੀਆਂ ਤੇ ਘਰ ਦੇ ਇੱਕ ਕੋਨੇ ਤੋਂ ਲੈ ਕੇ ਸਾਰੇ ਵਿਹੜੇ ਵਿੱਚ ਦੀ ਤੇ ਜੇਕਰ ਘਰ ਤੋਂ ਬਾਹਰ ਰੋਟੀ-ਚਾਹ ਲਈ ਕਨਾਤਾਂ ਲੱਗੀਆਂ ਹੋਣੀਆਂ ਤਾਂ ਉਨ੍ਹਾਂ ਦੇ ਵਿੱਚ ਵੀ ਰੰਗ-ਬਿਰੰਗੀਆਂ ਝੰਡੀਆਂ ਕੱਟ ਕੇ ਉਸ ਸੂਤੜੀ ਦੇ ਬਣਾਏ ਹੋਏ ਜਾਲ ਦੇ ਨਾਲ ਆਟੇ ਦੀ ਬਣਾਈ ਹੋਈ ਲੇਵੀ ਨਾਲ ਜੋੜ ਕੇ ਬਹੁਤ ਹੀ ਸੋਹਣਾ ਤੇ ਮਨਭਾਉਂਦਾ ਦ੍ਰਿਸ਼ ਬਣਾਇਆ ਜਾਂਦਾ ਰਿਹਾ ਹੈ।

Wedding Flags

ਰੰਗ-ਬਿਰੰਗੀਆਂ ਝੰਡੀਆਂ ਲਾ ਕੇ ਘਰ ਦੀ ਦਿੱਖ ਹੀ ਬਦਲ ਜਾਂਦੀ ਸੀ

ਕੋਠੇ ‘ਤੇ ਮੰਜੇ ਜੋੜ ਕੇ ਸਪੀਕਰ ਲਾ ਦੇਣਾ ਤੇ ਘਰ ‘ਚ ਤੇ ਕਨਾਤਾਂ ਵਿੱਚ ਰੰਗ-ਬਿਰੰਗੀਆਂ ਝੰਡੀਆਂ ਲਾ ਕੇ ਘਰ ਦੀ ਦਿੱਖ ਹੀ ਬਦਲ ਜਾਂਦੀ ਸੀ, ਤੇ ਵਿਆਹ/ਮੰਗਣੇ ਵਾਲੇ ਘਰ ਦੀ ਦੂਰੋਂ ਹੀ ਪਛਾਣ ਆ ਜਾਇਆ ਕਰਦੀ ਸੀ। ਪਿਆਰ ਮੁਹੱਬਤ ਅਪਣੱਤ ਭਰੇ ਸਮੇਂ ਸਨ ਤੇ ਸਾਰੇ ਪਿੰਡ ਵਾਲੇ ਹੀ ਵਿਆਹ ਜਾਂ ਮੰਗਣੇ ਵਾਲੇ ਘਰ ਆਪਣੇ-ਆਪ ਹੀ ਆਪਣਾ ਫਰਜ਼ ਸਮਝਕੇ ਦੁੱਧ ਪਾ ਜਾਇਆ ਕਰਦੇ ਸਨ। ਇਸ ਤਰ੍ਹਾਂ ਲੋੜ ਨਾਲੋਂ ਵੱਧ ਦੁੱਧ ਇਕੱਠਾ ਹੋ ਜਾਂਦਾ ਸੀ। ਚਾਹ-ਪਾਣੀ ਲਈ ਵਰਤ ਲੈਣ ਤੋਂ ਬਾਅਦ ਜੋ ਦੁੱਧ ਵਧ ਜਾਣਾ ਉਸਦਾ ਖੋਆ ਵੀ ਕੱਢ ਲਈਦਾ ਸੀ ਅਜੋਕੇ ਸਮਿਆਂ ਵਾਂਗ ਕਦੇ ਵੀ ਦੁੱਧ ਮੁੱਲ ਲੈਣ ਦੀ ਨੌਬਤ ਨਹੀਂ ਸੀ ਆਉਂਦੀ। ਝੰਡੀਆਂ ਨਾਲ ਸਜਾਇਆ ਹੋਇਆ ਘਰ ਬਹੁਤ ਹੀ ਸੋਹਣਾ ਲੱਗਦਾ ਸੀ ਕੱਚੇ ਘਰਾਂ ਨੂੰ ਗੋਹੇ-ਮਿੱਟੀ ਨਾਲ ਲਿੰਬ-ਪੋਚ ਕੇ ਸਵਾਣੀਆਂ ਇਉਂ ਰੱਖਦੀਆਂ ਸਨ ਕਿ ਭਾਵੇਂ ਭੁੰਜੇ ਰੱਖ-ਰੱਖ ਖਾਈ ਜਾਈਏ।

Sometimes the wedding / betrothal courtyard is decorated with flags |  ਪਤਾਸੇ ਸ਼ਗਨ ਵਜੋਂ ਦੇਣ ਦਾ ਰਿਵਾਜ਼

ਉਸੇ ਰੰਗ-ਬਿਰੰਗੇ ਤਾਅ/ਜਾਂ ਪੇਪਰ ਦੇ ਹੀ ਛੋਟੇ-ਛੋਟੇ ਲਿਫਾਫੇ ਵੀ ਹੁੰਦੇ ਸਨ ਜਿਨ੍ਹਾਂ ਵਿੱਚ ਰੋਪਣਾ/ਮੰਗਣੇ ਦੀ ਸਮਾਪਤੀ ਤੋਂ ਬਾਅਦ ਨਿਸ਼ਾਨੀ ਦੇ ਤੌਰ ‘ਤੇ ਪਤਾਸੇ ਸ਼ਗਨ ਵਜੋਂ ਦੇਣ ਦਾ ਰਿਵਾਜ਼ ਵੀ ਸਿਖਰਾਂ ‘ਤੇ ਰਿਹਾ ਹੈ ਪੁਰਾਤਨ ਪੰਜਾਬ (Punjab) ਵਿੱਚ ਹਰ ਸ਼ਗਨ ਪਾਉਣ ਵਾਲੇ ਨੂੰ ਚਾਹ-ਪਾਣੀ ਤੇ ਲੰਗਰ ਛਕਾਉਣ ਤੋਂ ਬਾਅਦ ਇੱਕ ਰੰਗ-ਬਿਰੰਗੇ ਕਾਗਜ਼ ਦੇ ਲਿਫਾਫੇ ਵਿਚ ਨਿਸ਼ਾਨੀ ਦੇ ਤੌਰ ‘ਤੇ ਪਤਾਸੇ ਪਾ ਕੇ ਦਿੱਤੇ ਜਾਂਦੇ ਰਹੇ ਹਨ। ਜਿਉਂ-ਜਿਉਂ ਅਸੀ ਇੱਕੀਵੀਂ ਸਦੀ ਵਿੱਚ ਪੈਰ ਪਾਇਆ ਹੈ ਤੇ ਬਹੁਤ ਜ਼ਿਆਦਾ ਪੈਸੇ ਵਾਲੇ/ਅਮੀਰ ਜਾਂ ਕਹਿ ਲਈਏ ਕਿ ਅਗਾਂਹਵਧੂ ਹੋ ਗਏ ਹਾਂ ਓਦੋਂ ਤੋਂ ਹੀ ਅਸੀਂ ਇਹ ਸਭ ਰਿਵਾਜ਼ਾਂ ਨੂੰ ਭੁੱਲਦੇ ਜਾਂ ਵਿਸਾਰਦੇ ਜਾ ਰਹੇ ਹਾਂ ਅਸੀਂ ਸਾਰਿਆਂ ਨੇ ਕੱਚੇ ਘਰਾਂ ‘ਚੋਂ ਪੱਕੀਆਂ ਤੇ ਪੱਥਰਾਂ ਵਾਲੀਆਂ ਕੋਠੀਆਂ ਵਿਚ ਰਿਹਾਇਸ਼ ਕਰ ਲਈ ਕਰਕੇ ਪਹਿਲੇ ਕੰਮ ਸਾਨੂੰ ਚੰਗੇ ਨਹੀਂ ਲੱਗਦੇ, ਜਿਨ੍ਹਾਂ ਨੂੰ ਕਰਨ ਨਾਲ ਸਾਡੀ ਸ਼ਾਨ ਵਿੱਚ ਫ਼ਰਕ ਜੋ ਪੈਣ ਲੱਗ ਪਿਆ ਹੈ।

ਅੱਜ-ਕੱਲ੍ਹ ਸਾਨੂੰ ਇਹ ਦੇਸੀ ਜਿਹੇ ਕੰਮ ਚੰਗੇ ਨਹੀਂ ਲੱਗਦੇ

ਪਰ ਸਾਡੇ ਪੁਰਖੇ ਤੇ ਸਾਡੇ ਵੱਡ-ਵਡੇਰੇ ਇਹ ਸਾਰੇ ਕਾਰਜ ਹੱਥੀਂ ਕਰਿਆ ਕਰਦੇ ਸਨ ਅਜੋਕੇ ਸਮਿਆਂ ਵਾਂਗ ਪਰੀਹੇ/ਵੇਟਰਾਂ ਦੀ ਵੀ ਕੋਈ ਲੋੜ ਨਹੀਂ ਸੀ ਹੁੰਦੀ ਕਿਉਂਕਿ ਸਾਰੇ ਹੀ ਕੰਮ ਘਰਾਂ ਦੇ ਮੁੰਡੇ /ਦੋਸਤ ਰਲ-ਮਿਲ ਕੇ ਕਰਿਆ ਕਰਦੇ ਸਨ ਤੇ ਕੋਈ ਸ਼ਰਮ ਮਹਿਸੂਸ ਹੀ ਨਹੀਂ ਸੀ ਕਰਦੇ ਜੇਕਰ ਉਨ੍ਹਾਂ ਸਮਿਆਂ ਦੀ ਤੁਲਨਾ ਅਜੋਕੇ ਸਮੇਂ ਨਾਲ ਕਰੀਏ ਤਾਂ ਜ਼ਮੀਨ-ਅਸਮਾਨ ਦਾ ਅੰਤਰ ਆ ਚੁੱਕਾ ਹੈ ਹੁਣ ਤਾਂ ਕੋਈ ਵੀ ਆਪਣੇ ਹੱਥੀਂ ਪਾਣੀ ਦਾ ਗਲਾਸ ਭਰਕੇ ਵੀ ਨਹੀਂ ਪੀਂਦਾ ਸਗੋਂ ਵੇਟਰ ‘ਤੇ ਹੁਕਮ ਚਾੜ੍ਹਿਆ ਜਾਂਦਾ ਹੈ।

ਇਹ ਝੰਡੀਆਂ ਵਾਲੇ ਤਾਅ ਜਾਂ ਪੇਪਰ ਤਾਂ ਹੁਣ ਸੁਫ਼ਨਾ ਹੀ ਜਾਪਦਾ ਹੈ। ਇਹ ਗੱਲ ਨਹੀਂ ਕਿ ਕਿਸੇ ਚੀਜ਼ ਦਾ ਬੀਜ ਨਾਸ ਹੋ ਗਿਆ ਹੈ ਪੇਪਰ ਹੁਣ ਵੀ ਮਿਲ ਜਾਂਦਾ ਹੈ ਪਰ ਅਸੀਂ ਮਾਡਰਨ ਹੋ ਗਏ ਹਾਂ, ਅਸੀਂ ਬਦਲ ਗਏ ਹਾਂ ਅੱਜ-ਕੱਲ੍ਹ ਸਾਨੂੰ ਇਹ ਦੇਸੀ ਜਿਹੇ ਕੰਮ ਚੰਗੇ ਨਹੀਂ ਲੱਗਦੇ ਅਸੀਂ ਲੱਖਾਂ-ਕਰੋੜਾਂ ਰੁਪਏ ਖਰਚਣੇ ਹੁੰਦੇ ਹਨ ਜੇਕਰ ਨਾ ਖਰਚੀਏ ਤਾਂ ਸਾਡਾ ਸਮਾਜ ਵਿੱਚ ਨੱਕ ਨਹੀਂ ਰਹਿਣਾ ਤੇ ਫਿਰ ਅੰਤਾਂ ਦੇ ਵਿਆਹ-ਸ਼ਾਦੀਆਂ ‘ਤੇ ਨੋਟ ਲਾ ਕੇ ਕਰਜਾਈ ਹੋਏ ਲੋਕ ਖੁਦਕੁਸ਼ੀਆਂ ਦੇ ਰਾਹ ਪੈ ਜਾਂਦੇ ਹਨ ਸਮਾਜ ਦੀ ਇਹ ਬਹੁਤ ਵੱਡੀ ਤ੍ਰਾਸਦੀ ਹੈ।

wedding | ਪੁਰਾਤਨ ਸਮਿਆਂ ਤੇ ਆਪਣੇ ਵਿਰਸੇ ਨੂੰ ਤੇ ਬਜ਼ੁਰਗਾਂ ਦੀਆਂ ਗੱਲਾਂ ਨੂੰ ਸਮਝਣ

ਪਰ ਪੰਜਾਬ (Punjab) ਵਾਸੀਓ ਯਾਦ ਰੱਖਿਓ ਇਸ ਗੱਲ ਨੂੰ ਕਿ ਜਿੰਨਾਂ ਚਿਰ ਆਪਾਂ ਆਪਣੇ ਪੁਰਾਤਨ ਸਮਿਆਂ ਤੇ ਆਪਣੇ ਵਿਰਸੇ ਨੂੰ ਤੇ ਬਜ਼ੁਰਗਾਂ ਦੀਆਂ ਗੱਲਾਂ ਨੂੰ ਸਮਝਣ ਤੇ ਜ਼ਿਹਨ ਵਿੱਚ ਬਿਠਾਉਣ ਦੀ ਖੇਚਲ ਨਹੀਂ ਕਰਨੀ ਓਨਾਂ ਚਿਰ ਪੰਜਾਬ (Punjab) ਨੂੰ ਤਬਾਹੀ ਵੱਲ ਜਾਣ ਤੋਂ ਕੋਈ ਨਹੀਂ ਬਚਾਅ ਸਕਦਾ ਤੇਲ ਵੇਖੋ ਤੇਲ ਦੀ ਧਾਰ ਵੇਖੋ! ਹਾਲੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ ਖਰਚੇ ਘਟਾਈਏ ਪੁਰਾਣੇ ਰੀਤੀ-ਰਿਵਾਜਾਂ ਨੂੰ ਅਪਣਾਈਏ ਆਪਸ ਵਿੱਚ ਪਿਆਰ ਅਪਣੱਤ ਵਧਾਈਏ! ਇਸੇ ਵਿੱਚ ਸਮੁੱਚੇ ਪੰਜਾਬ ਤੇ ਪੰਜਾਬੀਅਤ ਦੀ ਸ਼ਾਨ ਤੇ ਮਾਣ ਹੈ।

  • ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ ਖਰਚੇ ਘਟਾਈਏ ਪੁਰਾਣੇ ਰੀਤੀ-ਰਿਵਾਜਾਂ ਨੂੰ ਅਪਣਾਈਏ ਆਪਸ ਵਿੱਚ ਪਿਆਰ ਅਪਣੱਤ ਵਧਾਈਏ
  • ਵਿਆਹ-ਸ਼ਾਦੀਆਂ ‘ਤੇ ਨੋਟ ਲਾ ਕੇ ਕਰਜਾਈ ਹੋਏ ਲੋਕ ਖੁਦਕੁਸ਼ੀਆਂ ਦੇ ਰਾਹ ਪੈ ਜਾਂਦੇ ਹਨ ਸਮਾਜ ਦੀ ਇਹ ਬਹੁਤ ਵੱਡੀ ਤ੍ਰਾਸਦੀ ਹੈ।
  • ਕੱਚੇ ਘਰਾਂ ਨੂੰ ਗੋਹੇ-ਮਿੱਟੀ ਨਾਲ ਲਿੰਬ-ਪੋਚ ਕੇ ਸਵਾਣੀਆਂ ਇਉਂ ਰੱਖਦੀਆਂ ਸਨ ਕਿ ਭਾਵੇਂ ਭੁੰਜੇ ਰੱਖ-ਰੱਖ ਖਾਈ ਜਾਈਏ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.