ਅਧਿਆਪਕ ਦਿਵਸ ‘ਤੇ ਵਿਸ਼ੇਸ਼ : ਅਧਿਆਪਕ ਨੇ ਬਦਲੀ ਸਕੂਲ ਦੀ ਨੁਹਾਰ, ਅੱਜ ਰਾਸ਼ਟਰਪਤੀ ਸੌਂਪਣਗੇ ‘ਕੌਮੀ ਪੁਰਸਕਾਰ’

0

ਪਿੰਡ ਵਾੜਾ ਭਾਈਕਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਰਾਜਿੰਦਰ ਕੁਮਾਰ ਨੂੰ ਮਿਲੇਗਾ ਇਹ ਪੁਰਸਕਾਰ

ਵਾੜਾ ਭਾਈਕਾ (ਫਰੀਦਕੋਟ), (ਸੁਖਜੀਤ ਮਾਨ) ਉਨ੍ਹਾਂ ਲਈ ਸਕੂਲ ਹੀ ਘਰ ਹੈ ਸਕੂਲ ਨੂੰ ਕਿਵੇਂ ਸਜਾਉਣਾ ਸੰਵਾਰਨਾ ਹੈ ਇਸ ਦਾ ਫਿਕਰ ਘਰ ਨਾਲੋਂ ਜ਼ਿਆਦਾ ਰਹਿੰਦਾ ਹੈ ਜਦੋਂ ਵੱਡੀ ਗਿਣਤੀ ਅਧਿਆਪਕ ਸ਼ਹਿਰਾਂ ‘ਚ ਨੌਕਰੀ ਕਰਨ ਨੂੰ ਤਰਜੀਹ ਦਿੰਦੇ ਨੇ ਪਰ ਇਸ ਅਧਿਆਪਕ ਜੋੜੇ ਨੂੰ ਪਿੰਡ ਦਾ ਸਕੂਲ ਹੀ ਬਿਹਤਰ ਲੱਗਿਆ ਹਰ ਕੋਈ ਆਪਣੀ ਤਰੱਕੀ ਨੂੰ ਅੱਡੀਆਂ ਚੁੱਕ ਕੇ ਉਡੀਕਦਾ ਹੈ ਪਰ ਇਨ੍ਹਾਂ ਦਾ ਪਿੰਡ ਦੇ ਪ੍ਰਾਇਮਰੀ ਸਕੂਲ ਨਾਲ ਹੀ ਐਨਾ ਮੋਹ ਪੈ ਗਿਆ ਕਿ ਸਾਇੰਸ ਅਧਿਆਪਕ ਵਜੋਂ ਦੋ ਵਾਰ ਮਿਲੀ ਤਰੱਕੀ ਨੂੰ ਵੀ ਠੋਕਰ ਮਾਰ ਦਿੱਤੀ ਪ੍ਰਾਇਮਰੀ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣਾ ਹੀ ਉਨ੍ਹਾਂ ਦਾ ਟੀਚਾ ਹੈ

ਐਮਐਸਸੀ ਫਿਜੀਕਸ ਬੀਐੱਡ ਯੋਗਤਾ ਵਾਲਾ ਇਹ ਅਧਿਆਪਕ ਜੋੜਾ ਰਜਿੰਦਰ ਕੁਮਾਰ ਤੇ ਉਨ੍ਹਾਂ ਦੀ ਪਤਨੀ ਹਰਿੰਦਰ ਕੌਰ ਇਸ ਵੇਲੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਵਾੜਾ ਭਾਈਕਾ ਦੇ ਸਰਕਾਰੀ ਪ੍ਰਾਇਮਰੀ ਸਕੂਲ ‘ਚ ਸੇਵਾਵਾਂ ਨਿਭਾਅ ਰਿਹਾ ਹੈ ਇਸ ਅਧਿਆਪਕ ਜੋੜੇ ਦੀ ਸਕੂਲ ਪ੍ਰਤੀ ਲਗਨ ਦਾ ਹੀ ਨਤੀਜ਼ਾ ਹੈ ਕਿ ਇਨ੍ਹਾਂ ਦੋਵਾਂ ‘ਚੋਂ ਰਜਿੰਦਰ ਕੁਮਾਰ ਦੀ ਕੌਮੀ ਪੁਰਸਕਾਰ ਲਈ ਚੋਣ ਹੋਈ ਹੈ ਇਹ ਪੁਰਸਕਾਰ ਹਰ ਵਰ੍ਹੇ 5 ਸਤੰਬਰ ਨੂੰ ਅਧਿਆਪਕ ਦਿਵਸ ਵਾਲੇ ਦਿਨ ਰਾਸ਼ਟਰਪਤੀ ਵੱਲੋਂ ਪ੍ਰਦਾਨ ਕੀਤਾ ਜਾਂਦਾ ਹੈ ਇਸ ਵਾਰ ਦੇ ਕੌਮੀ ਪੁਰਸਕਾਰਾਂ ਲਈ ਪੰਜਾਬ ‘ਚੋਂ ਇੱਕੋ ਅਧਿਆਪਕ ਰਾਜਿੰਦਰ ਕੁਮਾਰ ਦੀ ਚੋਣ ਹੋਈ ਹੈ

ਤੁਸੀਂ ਇਸ ਸਰਕਾਰੀ ਸਕੂਲ ‘ਚ ਜਾਓਂਗੇ ਤਾਂ ਉੱਚੀਆਂ ਫੀਸਾਂ ਵਾਲੇ ਕਾਨਵੈਂਟ ਸਕੂਲਾਂ ਨੂੰ ਵੀ ਪਿਛਾਂਹ ਛੱਡਦਾ ਹੈ ਸਕੂਲ ਦੀ ਸ਼ਾਨਦਾਰ ਇਮਾਰਤ, ਪਾਰਕ ਅਤੇ ਡਿਜੀਟਲ ਕਲਾਸ ਰੂਮ ਡਿਜੀਟਲ ਇੰਡੀਆ ਦੀ ਹਾਮੀ ਭਰਦੇ ਵਿਖਾਈ ਦਿੰਦੇ ਹਨ ਪਿੰਡ ਦੇ ਧਨਾਢ ਕਿਸਾਨ ਦਾ ਬੱਚਾ ਅਤੇ ਪਿੰਡ ਦੇ ਮਜ਼ਦੂਰ ਦਾ ਬੱਚਾ ਦੋਵੇਂ ਟਾਈ ਲਾ ਕੇ ਇਸ ਸਕੂਲ ‘ਚ ਆਉਂਦੇ ਨੇ  ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਮਾ. ਰਾਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀਆਂ ਸੇਵਾਵਾਂ ਦੀ ਸ਼ੁਰੂਆਤ 2008 ‘ਚ ਇਸੇ ਸਕੂਲ ਤੋਂ ਹੀ ਕੀਤੀ ਸੀ

ਉਸ ਵੇਲੇ ਸਕੂਲ ‘ਚ ਕਰੀਬ 130 ਵਿਦਿਆਰਥੀ ਸਨ ਡਿਊਟੀ ਸੰਭਾਲਦਿਆਂ ਹੀ ਉਹ ਉਨ੍ਹਾਂ ਵਿਦਿਆਰਥੀਆਂ ਦੇ ਘਰਾਂ ‘ਚ ਜਾਣ ਲੱਗ ਪਏ ਜੋ ਲੰਬੇ ਸਮੇਂ ਤੋਂ ਸਕੂਲ ਹੀ ਨਹੀਂ ਆ ਰਹੇ ਸੀ ਵਿਦਿਆਰਥੀਆਂ ਨੂੰ ਪਿਆਰ ਕੀਤਾ ਤੇ ਮਾਪਿਆਂ ਨੂੰ ਪ੍ਰੇਰਿਆ ਤਾਂ ਉਹ ਸਕੂਲ ਆਉਣ ਲਈ ਰਾਜੀ ਹੋ ਗਏ ਤੇ ਹੁਣ 227 ਵਿਦਿਆਰਥੀ ਸਕੂਲ ‘ਚ ਆਉਂਦੇ ਨੇ ਸਾਰੀਆਂ ਜਮਾਤਾਂ ਦੇ ਕਮਰਿਆਂ ਨੂੰ ਆਧੁਨਿਕ ਢੰਗ ਨਾਲ ਸਮਾਰਟ ਬਣਾਉਣ ‘ਤੇ ਆਏ ਖਰਚ ਬਾਰੇ ਰਾਜਿੰਦਰ ਕੁਮਾਰ ਦੱਸਦੇ ਹਨ ਕਿ ਉਨ੍ਹਾਂ ਇਸ ‘ਤੇ ਕੋਈ ਖਾਸ ਖਰਚ ਨਹੀਂ ਕੀਤਾ

ਕਿਉਂਕਿ ਪੁਰਾਣੀਆਂ ਅਤੇ ਖਰਾਬ ਹੋਈਆਂ ਚੀਜ਼ਾਂ ਨੂੰ ਹੀ ਵਰਤੋਂ ‘ਚ ਲਿਆਉਣ ਦੀ ਕੋਸ਼ਿਸ ਕੀਤੀ ਪਿੰਡ ਦੇ ਸਹਿਯੋਗੀ ਸੱਜਣਾਂ ਨੇ ਦਿਲ ਖੋਲ੍ਹ ਕੇ ਸਹਿਯੋਗ ਕੀਤਾ ਤਾਂ ਸਭ ਕੁਝ ਬਦਲਦਿਆਂ ਦੇਰ ਨਹੀਂ ਲੱਗੀ ਇਸ ਸਕੂਲ ਦੇ ਸੁਧਾਰ ਹਿੱਤ ਜਿਹੜੀ ਉਨ੍ਹਾਂ ਵੱਡੀ ਗੱਲ ਦੱਸੀ ਉਹ ਇਹ ਹੈ ਕਿ ਉਨ੍ਹਾਂ ਨੇ ਲੋਕਾਂ ਤੋਂ ਸਿੱਧਾ ਰੁਪਿਆਂ ਦੇ ਰੂਪ ‘ਚ ਸਹਿਯੋਗ ਲੈਣ ਦੀ ਥਾਂ ਮਿਸਤਰੀਆਂ ਤੇ ਪਲੰਬਰਾਂ ਆਦਿ ਨੂੰ ਸਕੂਲ ‘ਚ ਸੇਵਾ ਕਰਨ ਲਈ ਪ੍ਰੇਰਿਤ ਕੀਤਾ

ਜੋ ਕਾਫੀ ਅਸਰਦਾਰ ਸਹਿਯੋਗ ਰਿਹਾ ‘ਸੱਚ ਕਹੂੰ’ ਦੀ ਟੀਮ ਨੇ ਵੀ ਜਦੋਂ ਇਸ ਸਕੂਲ ‘ਚ ਜਾ ਕੇ ਵੇਖਿਆ ਤਾਂ ਪਿੰਡ ਦੇ ਕੁੱਝ ਨੌਜਵਾਨਾਂ ਸਮੇਤ ਮਿਸਤਰੀ ਉੱਥੇ ਕੰਮ ‘ਚ ਲੱਗੇ ਹੋਏ ਸੀ ਤਾਂ ਮਾ. ਰਾਜਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ ਦੇ ਨੌਜਵਾਨ ਹੁਣ ਖੁਦ ਸਕੂਲ ਦੇ ਕੰਮਾਂ ‘ਚ ਦਿਲਚਸਪੀ ਰੱਖਦੇ ਹਨ ਤੇ ਸਕੂਲ ਦੇ ਕੰਮਾਂ ‘ਚ ਹੱਥ ਵਟਾਉਣ ਨੂੰ ਆਪਣਾ ਫਰਜ਼ ਸਮਝਣ ਲੱਗੇ ਹਨ ਰਾਜਿੰਦਰ ਕੁਮਾਰ ਨੂੰ ਸਾਲ 2019 ‘ਚ ਰਾਜ ਪੁਰਸਕਾਰ ਮਿਲਿਆ ਸੀ ਤੇ ਹੁਣ ਭਲਕੇ ਕੌਮੀ ਪੁਰਸਕਾਰ ਮਿਲੇਗਾ ਉਨ੍ਹਾਂ ਆਖਿਆ ਕਿ ਆਪਣੇ ਸੈਂਟਰ ਹੈੱਡ ਟੀਚਰ ਗੁਰਚਰਨ ਸਿੰਘ ਤੋਂ ਇਲਾਵਾ ਸਕੂਲ ਦੇ 5 ਅਧਿਆਪਕਾਂ, 2 ਵਲੰਟੀਅਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਭਵਿੱਖ ‘ਚ ਸਕੂਲ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਯਤਨਸ਼ੀਲ ਰਹਾਂਗਾ

ਸਾਡੇ ਲਈ ਮਾਣ ਦੀ ਗੱਲ : ਸਰਪੰਚ

ਪਿੰਡ ਦੇ ਨੌਜਵਾਨ ਸਰਪੰਚ ਹਰਵਿੰਦਰ ਸਿੰਘ ਨੇ ਮਾ. ਰਾਜਿੰਦਰ ਕੁਮਾਰ ਬਾਰੇ ਦੱਸਿਆ ਕਿ ਉਨ੍ਹਾਂ ਦੇ ਪੜ੍ਹਾਉਣ ਦਾ ਤਰੀਕਾ ਹੀ ਅਜਿਹਾ ਹੈ ਕਿ ਬੱਚੇ ਪੂਰੀ ਦਿਲਚਸਪੀ ਨਾਲ ਪੜ੍ਹਦੇ ਹਨ ਹਰ ਛੋਟੀ-ਛੋਟੀ ਚੀਜ਼ ਬਾਰੇ ਬੱਚਿਆਂ ਨੂੰ ਪ੍ਰੈਕਟੀਲ ਤੌਰ ‘ਤੇ ਸਿਖਾਇਆ ਜਾਂਦਾ ਹੈ ਉਨ੍ਹਾਂ ਆਖਿਆ ਕਿ ਸਾਨੂੰ ਮਾਣ ਹੈ ਕਿ ਉਨ੍ਹਾਂ ਦੇ ਪਿੰਡ ਦੇ ਅਧਿਆਪਕ ਦੀ ਕੌਮੀ ਪੁਰਸਕਾਰ ਲਈ ਚੋਣ ਹੋਈ ਹੈ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਗਿੰਦਰ ਸਿੰਘ ਨੇ ਆਖਿਆ ਕਿ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਮਾ. ਰਾਜਿੰਦਰ ਕੁਮਾਰ ਇੱਕ ਮਿਹਨਤੀ ਅਧਿਆਪਕ ਹਨ ਸਾਰਾ ਪਿੰਡ ਇਨ੍ਹਾਂ ਨਾਲ ਸਹਿਯੋਗ ਕਰਦਾ ਹੈ ਤੇ ਹੋਰ ਵੀ ਉੱਚੀਆਂ ਪ੍ਰਾਪਤੀਆਂ ਕਰਾਂਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.