ਸਿਹਤਮੰਦ ਤੇ ਚੁਸਤ ਜੀਵਨਸ਼ੈਲੀ ਲਈ ਖੇਡਾਂ ਜ਼ਰੂਰੀ

ਸਿਹਤਮੰਦ ਤੇ ਚੁਸਤ ਜੀਵਨਸ਼ੈਲੀ ਲਈ ਖੇਡਾਂ ਜ਼ਰੂਰੀ

ਖੇਡਾਂ ਆਪਸੀ ਪਿਆਰ ਤੇ ਭਾਈਚਾਰੇ ਨੂੰ ਵਧਾਉਣ ਦੇ ਨਾਲ-ਨਾਲ ਸਮਾਜ ਤੇ ਦੇਸ਼ ਹਿੱਤ ਨੂੰ ਤਰਜ਼ੀਹ ਵਾਲੀ ਸ਼ਖਸੀਅਤ ਘੜਨ ਵਿੱਚ ਮੋਹਰੀ ਭੂਮਿਕਾ ਨਿਭਾਉਂਦੀਆਂ ਹਨ। ਖੇਡਾਂ ਖੇਡਣ ਦੌਰਾਨ ਸਿੱਖੇ ਹੋਏ ਪਿਆਰ, ਸਹਿਯੋਗ, ਭਰਾਤਰੀ ਭਾਵ, ਤਾਲਮੇਲ, ਸਹਿਣਸ਼ੀਲਤਾ ਅਤੇ ਲੀਡਰਸ਼ਿਪ ਵਗਗੇ ਗੁਣ ਵਿਅਕਤੀ ਨੂੰ ਇੱਕ ਬਿਹਤਰ ਸਮਾਜ ਸਿਰਜਣ ਵੱਲ ਸੇਧਿਤ ਕਰਦੇ ਹਨ। 1896 ਈ. ਵਿੱਚ ਓਲੰਪਿਕ ਲਹਿਰ ਦੀ ਸ਼ੁਰੂਆਤ ਵੀ ਇਸੇ ਭਾਵਨਾ ਨੂੰ ਮੁੱਖ ਰੱਖ ਕੇ ਕੀਤੀ ਗਈ ਸੀ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਵੱਲੋਂ ਮਿਥੇ ਗਏ ਨਿਸ਼ਾਨਿਆਂ ਦੀ ਪੂਰਤੀ ਲਈ ਅੰਤਰਰਾਸ਼ਟਰੀ ਓਲੰਪਿਕ ਦਿਵਸ ਇੱਕ ਜਸ਼ਨ ਦੇ ਰੂਪ ਵਿੱਚ ਮਨਾਉਣ ਲਈ ਰਾਸ਼ਟਰੀ ਓਲੰਪਿਕ ਕਮੇਟੀਆਂ ਵੱਲੋਂ ਕਾਫੀ ਤਿਆਰੀਆਂ ਕੀਤੀਆਂ ਜਾਂਦੀਆਂ ਹਨ।

ਓਲੰਪਿਕ ਲਹਿਰ ਨੂੰ ਮਜ਼ਬੂਤ ਕਰਨ, ਜਨ ਸਮੂਹ ਦੀ ਖੇਡਾਂ ਵਿੱਚ ਭਾਗੀਦਾਰ ਵਧਾਉਣ, ਸਿਹਤਮੰਦ ਰਹਿਣ, ਆਪਸੀ ਪਿਆਰ, ਸਹਿਯੋਗ ਤੇ ਮਿਲਵਰਤਣ ਨੂੰ ਵਧਾਉਣ ਦੇ ਉਦੇਸ਼ਾਂ ਨੂੰ ਮੁੱਖ ਰੱਖ ਕੇ ਹੀ ਹਰ ਸਾਲ 23 ਜੂਨ ਨੂੰ ਅੰਤਰਰਾਸ਼ਟਰੀ ਓਲੰਪਿਕ ਦਿਵਸ ਮਨਾਇਆ ਜਾਂਦਾ ਹੈ।

ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਚੈਕੋਸਲਵਾਕੀਆ ਤੋਂ ਮੈਂਬਰ ਡਾ. ਜੋਸਫ ਗ੍ਰਾਸ ਨੇ 1947 ਦੇ 41ਵੇਂ ਸੈਸ਼ਨ ਵਿੱਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਅੱਗੇ ਇੱਕ ਤਜ਼ਵੀਜ ਰੱਖੀ ਸੀ ਕਿ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਤੋਂ ਮਾਨਤਾ ਪ੍ਰਾਪਤ ਵੱਖ-ਵੱਖ ਦੇਸ਼ਾਂ ਦੀਆਂ ਰਾਸ਼ਟਰੀ ਓਲੰਪਿਕ ਕਮੇਟੀਆਂ ਆਪਣੇ-ਆਪਣੇ ਦੇਸ਼ਾਂ ਵਿੱਚ 17 ਤੋਂ 24 ਜੂਨ ਤੱਕ ਪੂਰਾ ਹਫਤਾ ਆਧੁਨਿਕ ਓਲੰਪਿਕ ਲਹਿਰ ਦੀ ਸਥਾਪਨਾ ਦੀ ਯਾਦ ਵਿੱਚ ਓਲੰਪਿਕ ਆਦਰਸ਼ਾਂ ਨੂੰ ਉਤਸ਼ਾਹਿਤ ਕਰਨ ਲਈ ਸਮਾਗਮ ਕਰਨ। ਜਨਵਰੀ 1948 ਈ. ਦੇ 42ਵੇਂ ਸੈਸ਼ਨ ਵਿੱਚ ਓਲੰਪਿਕ ਕਮੇਟੀ ਦੇ ਮੈਂਬਰਾਂ ਨੇ ਓਲੰਪਿਕ ਦਿਵਸ ਮਨਾਉਣ ਦਾ ਇਹ ਪ੍ਰਸਤਾਵ ਅਪਣਾ ਲਿਆ।

ਇਸੇ ਤਹਿਤ ਹੀ 23 ਜੂਨ 1948 ਈ. ਨੂੰ ਪਹਿਲਾ ਅੰਤਰਰਾਸ਼ਟਰੀ ਓਲੰਪਿਕ ਦਿਵਸ ਮਨਾਇਆ ਗਿਆ। 9 ਦੇਸ਼ਾਂ ਆਸਟਰੀਆ, ਬੈਲਜ਼ੀਅਮ, ਕੈਨੇਡਾ, ਗ੍ਰੇਟ ਬਿ੍ਰਟੇਨ, ਗ੍ਰੀਸ, ਪੁਰਤਗਾਲ, ਸਵਿਟਜ਼ਰਲੈਂਡ, ਉਰੂਗਵੇ ਅਤੇ ਵੈਨੇਜ਼ੂਏਲਾ ਦੀਆਂ ਰਾਸ਼ਟਰੀ ਓਲੰਪਿਕ ਕਮੇਟੀਆਂ ਨੇ ਆਪੋ-ਆਪਣੇ ਦੇਸ਼ਾਂ ਵਿੱਚ ਵੱਖ-ਵੱਖ ਸਮਾਗਮਾਂ ਦਾ ਆਯੋਜਨ ਕਰਕੇ ਪਹਿਲੇ ਓਲੰਪਿਕ ਦਿਵਸ ਦੇ ਜਸ਼ਨ ਮਨਾਏ ਸਨ।

ਆਧੁਨਿਕ ਓਲੰਪਿਕ ਖੇਡਾਂ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਪਿਅਰੇ ਡੀ ਕੁਬਰਟਿਨ ਦੀ ਅਗਵਾਈ ਵਿੱਚ 12 ਦੇਸ਼ਾਂ ਦੇ ਡੈਲੀਗੇਟ ਪੈਰਿਸ ਦੇ ਸੋਰਬੋਨ ਵਿਖੇ ਇਕੱਠੇ ਹੋਏ ਸਨ ਅਤੇ ਓਲੰਪਿਕ ਖੇਡਾਂ ਨੂੰ ਮੁੜ ਸੁਰਜੀਤ ਕਰਨ ਲਈ ਕੁਬਰਟਿਨ ਵੱਲੋਂ ਰੱਖੇ ਗਏ ਮਤੇ ਦਾ ਸਰਬਸੰਮਤੀ ਨਾਲ ਸਮੱਰਥਨ ਕੀਤਾ ਸੀ। ਇਸ ਤਰ੍ਹਾਂ 23 ਜੂਨ 1894 ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦਾ ਗਠਨ ਕੀਤਾ ਗਿਆ ਸੀ।

ਅੰਤਰਰਾਸ਼ਟਰੀ ਓਲੰਪਿਕ ਦਿਵਸ ਮਨਾਉਣ ਲਈ 23 ਜੂਨ ਦੀ ਚੋਣ ਕਰਨ ਪਿੱਛੇ ਮੁੱਖ ਕਾਰਨ ਇਹੋ ਹੀ ਸੀ। ਇਸ ਲਈ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਜਨਮ ਦਿਨ ਵਾਲਾ 23 ਜੂਨ ਦਾ ਦਿਨ ਹੀ ਚੁਣਿਆ।

ਪੂਰੇ ਵਿਸ਼ਵ ਵਿੱਚ ਪਿਛਲੇ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਓਲੰਪਿਕ ਦਿਵਸ ਓਲੰਪਿਕ ਡੇ ਰਨ ਦਾ ਰੂਪ ਲੈ ਚੁੱਕਿਆ ਹੈ। 1987 ਵਿੱਚ ਓਲੰਪਿਕ ਡੇ ਰਨ ਦਾ ਵਿਚਾਰ ਇਸ ਕਰਕੇ ਲਿਆਂਦਾ ਗਿਆ ਸੀ ਕਿ ਸਾਰੇ ਲੋਕਾਂ ਨੂੰ ਓਲੰਪਿਕ ਲਹਿਰ ਨਾਲ ਜੋੜ ਕੇ ਖੇਡਾਂ ਨੂੰ ਪ੍ਰਮੋਟ ਕੀਤਾ ਜਾਵੇ। ਅੱਜ ਓਲੰਪਿਕ ਦਿਵਸ ਦਾ ਅਰਥ ਸਿਰਫ ਦੌੜ ਜਾਂ ਖੇਡਾਂ ਤੱਕ ਹੀ ਸੀਮਤ ਨਹੀਂ ਰਿਹਾ ਹੈ। ਓਲੰਪਿਕ ਦਿਵਸ ਦੇ ਪੂਰੀ ਦੁਨੀਆਂ ਵਿੱਚ ਮਨਾਏ ਜਾਂਦੇ ਜਸ਼ਨਾਂ ਦਾ ਮਤਲਬ ਸਿਹਤਮੰਦ ਤੇ ਚੁਸਤ-ਦਰੁਸਤ ਜੀਵਨਸ਼ੈਲੀ ਨੂੰ ਅਪਣਾਉਣਾ ਹੈ।

ਅੰਤਰਰਾਸ਼ਟਰੀ ਓਲੰਪਿਕ ਕਮੇਟੀ ਵੱਲੋਂ ਇਸ ਸਾਲ ਦਾ ਥੀਮ ‘ਵਿਸ਼ਵ ਸ਼ਾਂਤੀ ਲਈ ਇੱਕਜੁਟਤਾ’ ਰੱਖਿਆ ਗਿਆ ਹੈ। ਇਹ ਥੀਮ ਪ੍ਰਾਚੀਨ ਓਲੰਪਿਕ ਖੇਡਾਂ ਦੀ ਅਸਲ ਭਾਵਨਾ ਦੀ ਤਰਜ਼ਮਾਨੀ ਕਰਦਾ ਹੈ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਵੱਲੋਂ ਹਰ 4 ਸਾਲ ਬਾਅਦ ਆਯੋਜਿਤ ਕੀਤੀਆਂ ਜਾਂਦੀਆਂ ਗਰਮ ਰੁੱਤ ਓਲੰਪਿਕ ਖੇਡਾਂ ਦੁਨੀਆ ਦਾ ਸਭ ਤੋਂ ਵੱਡਾ ਖੇਡ ਮਹਾਂਕੁੰਭ ਹੈ। ਜਿਸ ਵਿੱਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਦੋ ਸੌ ਤੋਂ ਜਿਆਦਾ ਮੈਂਬਰ ਦੇਸ਼ਾਂ ਦੇ ਖਿਡਾਰੀ ਅਤੇ ਅਧਿਕਾਰੀ ਹਿੱਸਾ ਲੈਂਦੇ ਹਨ।

ਅੰਤਰਰਾਸ਼ਟਰੀ ਓਲੰਪਿਕ ਕਮੇਟੀ ਹਰ 4 ਸਾਲ ਬਾਅਦ ਸਰਦ ਰੁੱਤ ਓਲੰਪਿਕ ਖੇਡਾਂ ਅਤੇ ਯੂਥ ਓਲੰਪਿਕ ਖੇਡਾਂ ਦਾ ਆਯੋਜਨ ਕਰਦੀ ਹੈ। ਪਹਿਲਾ ਗਰਮ ਰੁੱਤ ਓਲੰਪਿਕ ਖੇਡ ਮਹਾਂਕੁੰਭ 1896 ਈ. ਵਿੱਚ ਯੂਨਾਨ ਦੇ ਸ਼ਹਿਰ ਏਥਨਜ਼ ਵਿੱਚ ਅਤੇ ਪਹਿਲਾ ਸਰਦ ਰੁੱਤ ਓਲੰਪਿਕ ਖੇਡ ਮੁਕਾਬਲਾ 1924 ਈ. ਵਿੱਚ ਫਰਾਂਸ ਦੇ ਸ਼ਹਿਰ ਚਮੋਨਿਕਸ ਵਿੱਚ ਹੋਇਆ ਸੀ।

ਅੱਜ-ਕੱਲ੍ਹ ਜਿਹੜੀਆਂ ਓਲੰਪਿਕ ਖੇਡਾਂ ਕਰਵਾਈਆਂ ਜਾਂਦੀਆਂ ਹਨ ਉਹ ਅਸਲ ਵਿੱਚ ਆਧੁਨਿਕ ਓਲੰਪਿਕ ਖੇਡਾਂ ਹਨ। ਇਸ ਤੋਂ ਪਹਿਲਾਂ ਪ੍ਰਾਚੀਨ ਓਲੰਪਿਕ ਖੇਡਾਂ ਦੀ ਸ਼ੁਰੂਆਤ 776 ਈਸਵੀ ਪੂਰਵ ਵਿੱਚ ਗ੍ਰੀਕ ਦੇਸ਼ ਦੇ ਓਲੰਪਿਆ ਪਿੰਡ ਵਿੱਚ ਹੋਈ ਸੀ ਅਤੇ 394 ਈਸਵੀ ਤੱਕ ਇਹ ਖੇਡਾਂ ਚੱਲਦੀਆਂ ਰਹੀਆਂ ਸਨ। ਇਸ ਤੋਂ ਬਾਅਦ ਰੋਮਨ ਬਾਦਸ਼ਾਹ ਥਿਊਡੀਅਸ ਨੇ ਇਹਨਾਂ ਖੇਡਾਂ ਨੂੰ ਬੰਦ ਕਰਵਾ ਦਿੱਤਾ ਸੀ।

15 ਸਦੀਆਂ ਬਾਅਦ ਬੈਰਨ ਪਿਅਰੀ ਡੀ. ਕੁਬਰਟਿਨ ਦੇ ਯਤਨਾਂ ਸਦਕਾ ਇਹ ਖੇਡਾਂ ਆਧੁਨਿਕ ਓਲੰਪਿਕ ਖੇਡਾਂ ਵਜੋਂ 1896 ਈ. ਵਿੱਚ ਯੂਨਾਨ ਦੇ ਸ਼ਹਿਰ ਏਥਨਜ਼ ਤੋਂ ਸ਼ੁਰੂ ਹੋਈਆਂ।

ਆਧੁਨਿਕ ਓਲੰਪਿਕ ਖੇਡਾਂ ਦਾ ਇਹ ਸਫਰ (1916 ਵਿੱਚ ਪਹਿਲੇ, 1940 ਤੇ 1944 ਵਿੱਚ ਦੂਸਰੇ ਵਿਸ਼ਵ ਯੁੱਧ ਕਾਰਨ ਇਹ ਖੇਡਾਂ ਨਹੀਂ ਹੋਈਆਂ ਸਨ, ਨੂੰ ਛੱਡ ਕੇ) ਲਗਾਤਾਰ ਚੱਲਦਾ ਹੋਇਆ ਸਾਲ 2020 ਵਿੱਚ ਜਾਪਾਨ ਦੀ ਰਾਜਧਾਨੀ ਟੋਕੀਓ (ਕੋਰੋਨਾ ਮਹਾਂਮਾਰੀ ਕਾਰਨ 2020 ਦੀਆਂ ਟੋਕੀਓ ਓਲੰਪਿਕ ਖੇਡਾਂ ਇੱਕ ਸਾਲ ਦੇਰੀ ਨਾਲ 2021 ਵਿੱਚ ਸੰਪੂਰਨ ਕਰਵਾਈਆਂ ਗਈਆਂ ਸਨ) ਤੱਕ ਅੱਪੜ ਚੁੱਕਾ ਹੈ ਅਤੇ ਅਗਲੀਆਂ ਓਲੰਪਿਕ ਖੇਡਾਂ 2024 ਈ. ਵਿੱਚ ਫਰਾਂਸ ਦੇ ਸ਼ਹਿਰ ਪੈਰਿਸ ਵਿਖੇ ਕਰਵਾਈਆਂ ਜਾਣਗੀਆਂ।

776 ਈਸਵੀ ਪੂਰਬ ਵਿੱਚ ਸ਼ੁਰੂ ਹੋਈਆਂ ਪ੍ਰਾਚੀਨ ਓਲੰਪਿਕ ਖੇਡਾਂ ਦੀ ਖਾਸ ਵਿਸ਼ੇਸ਼ਤਾ ਇਹ ਸੀ ਕਿ ਓਲੰਪਿਕ ਖੇਡਾਂ ਮੌਕੇ ਗ੍ਰੀਸ ਵਿੱਚ ਸਾਰੀਆਂ ਲੜਾਈਆਂ ਖੇਡਾਂ ਖਤਮ ਹੋਣ ਤੱਕ ਬੰਦ ਹੋ ਜਾਂਦੀਆਂ ਸਨ। ਪਰ ਅੱਜ-ਕੱਲ੍ਹ ਖੇਡਾਂ ਦੀ ਉਹ ਭਾਵਨਾ ਕਾਇਮ ਨਹੀਂ ਰਹਿ ਸਕੀ ਹੈ। ਅੰਤਰਰਾਸ਼ਟਰੀ ਪੱਧਰ ’ਤੇ ਰਾਜਨੀਤਕ ਗੁੱਟਬੰਦੀ ਨੇ ਖੇਡਾਂ ਨੂੰ ਵੱਡੀ ਸੱਟ ਮਾਰੀ ਹੈ।

ਵੱਖ-ਵੱਖ ਸਮੇਂ ’ਤੇ ਓਲੰਪਿਕ ਖੇਡਾਂ ’ਤੇ ਹਿੰਸਕ ਪਰਛਾਵਾਂ ਵੀ ਪਿਆ ਹੈ। ਖੇਡਾਂ ਵਿੱਚ ਵਧ ਰਹੀ ਪੇਸ਼ੇਵਰ ਪਹੁੰਚ ਕਾਰਨ ਖੇਡਾਂ ਵਿੱਚ ਡਰੱਗ ਦੀ ਘੁਸਪੈਠ ਵੀ ਹੋਈ ਹੈ। ਜਿਸ ਨਾਲ ਖੇਡਾਂ ਦੀ ਮੂਲ ਭਾਵਨਾ ਨੂੰ ਸੱਟ ਵੱਜੀ ਹੈ। ਅੱਜ ਲੋੜ ਹੈ ਖਿਡਾਰੀਪੁਣੇ ਦੀ ਭਾਵਨਾ ਨਾਲ ਖੇਡਾਂ ਵਿੱਚ ਭਾਗ ਲੈ ਕੇ ਓਲੰਪਿਕ ਖੇਡਾਂ ਦੇ ਆਦਰਸ਼ਾਂ ਨੂੰ ਹੋਰ ਮਜ਼ਬੂਤ ਕਰਨ ਦੀ।
ਸਰਕਾਰੀ ਹਾਈ ਸਕੂਲ, ਬਦਰਾ
ਮੋ. 94178-30981

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here