ਸਿਆਲਕੋਟ ‘ਚ ਈਸ਼ਨਿੰਦਾ ਦੇ ਨਾਂਅ ‘ਤੇ ਸ੍ਰੀਲੰਕਾਈ ਨਾਗਰਿਕ ਦੀ ਕੁੱਟ ਕੁੱਟ ਕੇ ਕੀਤੀ ਹੱਤਿਆ

ਸਿਆਲਕੋਟ ‘ਚ ਈਸ਼ਨਿੰਦਾ ਦੇ ਨਾਂਅ ‘ਤੇ ਸ੍ਰੀਲੰਕਾਈ ਨਾਗਰਿਕ ਦੀ ਕੁੱਟ ਕੁੱਟ ਕੇ ਕੀਤੀ ਹੱਤਿਆ

ਇਸਲਾਮਾਬਾਦ। ਪਾਕਿਸਤਾਨ ਦੇ ਸਿਆਲਕੋਟ ਵਿੱਚ ਸ਼ੁੱਕਰਵਾਰ ਨੂੰ ਇੱਕ ਸ਼੍ਰੀਲੰਕਾਈ ਨਾਗਰਿਕ ਨੂੰ ਕੱਟੜਪੰਥੀਆਂ ਦੀ ਭੀੜ ਨੇ ਈਸ਼ਨਿੰਦਾ ਦੇ ਨਾਮ ਉੱਤੇ ਕੁੱਟਿਆ। ਇੰਨਾ ਹੀ ਨਹੀਂ ਉਨ੍ਹਾਂ ਨੇ ਉਸ ਦੀ ਲਾਸ਼ ਨੂੰ ਵੀ ਸਾੜ ਦਿੱਤਾ। ਸਿਆਲਕੋਟ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ ਉਮਰ ਸਈਦ ਮਲਿਕ ਨੇ ਦੱਸਿਆ ਕਿ ਸ਼੍ਰੀਲੰਕਾਈ ਵਿਅਕਤੀ ਦੀ ਪਛਾਣ ਪ੍ਰਿਅੰਤ ਕੁਮਾਰ ਵਜੋਂ ਹੋਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਫੈਕਟਰੀ ‘ਚ ਵਾਪਰੀ ਘਟਨਾ ਨੂੰ ਭਿਆਨਕ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਸ਼੍ਰੀਲੰਕਾਈ ਨਾਗਰਿਕ ਨੂੰ ਜ਼ਿੰਦਾ ਸਾੜਨਾ ‘ਪਾਕਿਸਤਾਨ ਲਈ ਸ਼ਰਮ ਦਾ ਦਿਨ’ ਹੈ। ਉਨ੍ਹਾਂ ਕਿਹਾ, “ਮੈਂ ਜਾਂਚ ਦੀ ਨਿਗਰਾਨੀ ਕਰ ਰਿਹਾ ਹਾਂ ਅਤੇ ਕੋਈ ਗਲਤੀ ਨਹੀਂ ਹੋਣ ਦਿੱਤੀ ਜਾਵੇਗੀ, ਸਾਰੇ ਜ਼ਿੰਮੇਵਾਰ ਲੋਕਾਂ ਨੂੰ ਕਾਨੂੰਨ ਦੇ ਤਹਿਤ ਸਜ਼ਾ ਦਿੱਤੀ ਜਾਵੇਗੀ। ਗ੍ਰਿਫਤਾਰੀਆਂ ਜਾਰੀ ਹਨ।

ਇਸ ਦੇ ਨਾਲ ਹੀ ਇੰਟਰ ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈਐੱਸਪੀਆਰ) ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਸਿਆਲਕੋਟ *ਚ ਭੀੜ ਵਲੋਂ ਕੀਤੀ ਗਈ ਬੇਰਹਿਮੀ ਨਾਲ ਹੱਤਿਆ ਨਿੰਦਣਯੋਗ ਅਤੇ ਸ਼ਰਮਨਾਕ ਹੈ। ਅਜਿਹੀ ਹਰਕਤ ਨੂੰ ਕਿਸੇ ਵੀ ਕੀਮਤ *ਤੇ ਮੁਆਫ਼ ਨਹੀਂ ਕੀਤਾ ਜਾ ਸਕਦਾ।

ਮੌਬ ਲਿੰਚਿੰਗ ਦੇ ਮਾਮਲੇ ‘ਚ ਪਾਕਿਸਤਾਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ: ਸ਼੍ਰੀਲੰਕਾ

ਸ਼੍ਰੀਲੰਕਾ ਨੇ ਈਸ਼ਨਿੰਦਾ ਦੇ ਨਾਂ ‘ਤੇ ਸ਼੍ਰੀਲੰਕਾਈ ਨਾਗਰਿਕ ਦੀ ਹੱਤਿਆ ਦੀ ਨਿੰਦਾ ਕੀਤੀ ਹੈ ਅਤੇ ਪਾਕਿਸਤਾਨ ਨੂੰ ਮੌਬ ਲਿੰਚਿੰਗ ਦੀ ਇਸ ਘਟਨਾ ‘ਤੇ ਕਾਰਵਾਈ ਕਰਨ ਲਈ ਕਿਹਾ ਹੈ। ਸ੍ਰੀਲੰਕਾ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਿਆਲਕੋਟ ਦੀ ਘਟਨਾ ਵਿੱਚ ਇਨਸਾਫ਼ ਮਿਲੇ। ਸ਼੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸੁਗੀਸ਼ਵਰਾ ਗੁਣਾਰਤਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਾਕਿਸਤਾਨ ਦੇ ਸਿਆਲਕੋਟ ‘ਚ ਸ਼੍ਰੀਲੰਕਾਈ ਨਾਗਰਿਕ ਨੂੰ ਕੁੱਟ ਕੁੱਟ ਕੇ ਮਾਰ ਦੇਣ ਅਤੇ ਉਸ ਦੀ ਲਾਸ਼ ਨੂੰ ਸਾੜਨ ਦੀਆਂ ਖਬਰਾਂ ਹਨ। ਉਨ੍ਹਾਂ ਨੇ ਕਿਹਾ, ਇਸਲਾਮਾਬਾਦ *ਚ ਸ਼੍ਰੀਲੰਕਾ ਦਾ ਦੂਤਾਵਾਸ ਪਾਕਿਸਤਾਨ ਅਧਿਕਾਰੀਆਂ ਤੋਂ ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਲੈ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ