ਪੇਟ ਦਰੁਸਤ ਤਾਂ ਸਰੀਰ ਚੁਸਤ

0

ਪੇਟ ਦਰੁਸਤ ਤਾਂ ਸਰੀਰ ਚੁਸਤ

ਅੱਜ ਇਨਸਾਨ ਜਿੰਨੀਆਂ ਵੀ ਬਿਮਾਰੀਆਂ ਤੋਂ ਗ੍ਰਸਤ ਹੈ, ਉਨ੍ਹਾਂ ਵਿੱਚ ਸਭ ਤੋਂ ਵੱਡਾ ਕਾਰਨ ਅਕਸਰ ਪੇਟ ਖਰਾਬ ਹੋਣਾ ਹੈ। ਤੁਹਾਡੀ ਪਾਚਣ ਕਿਰਿਆ ਠੀਕ ਹੈ ਤਾਂ ਤੁਸੀਂ ਹਰ ਰੋਗ ਤੋਂ ਬਚੇ ਰਹੋਗੇ। ਹਰ ਰੋਗ ਪੇਟ ਤੋਂ ਹੀ ਸ਼ੁਰੂ ਹੁੰਦਾ ਹੈ। ਭਾਵੇਂ ਤੁਸੀਂ ਜਿੰਨੀਆਂ ਮਰਜ਼ੀ ਪੌਸ਼ਟਿਕ ਤੇ ਤਾਕਤਵਰ ਖੁਰਾਕਾਂ ਖਾ ਲਵੋ ਜਦੋਂ ਤੱਕ ਉਹ ਸਹੀ ਤਰ੍ਹਾਂ ਪਚੇਗੀ ਨਹੀਂ ਤੁਹਾਡੇ ਸਰੀਰ ਨੂੰ ਲੱਗੇਗੀ ਨਹੀਂ। ਸਹੀ ਤਰ੍ਹਾਂ ਖਾਣਾ ਨਾ ਪਚਣਾ ਤੁਹਾਡੇ ਸਰੀਰ ‘ਚ ਤਰ੍ਹਾਂ-ਤਰ੍ਹਾਂ ਦੇ ਰੋਗ ਪੈਦਾ ਕਰੇਗਾ।

ਜੇਕਰ ਤੁਹਾਡਾ ਪੇਟ ਬਿਲਕੁਲ ਸਹੀ ਰਹੇਗਾ ਤਾਂ ਤੁਸੀਂ ਕਦੇ ਬਿਮਾਰ ਨਹੀਂ ਹੋਵੋਗੇ ਤੇ ਲੰਮੀ ਉਮਰ ਭੋਗੋਗੇ। ਮੂੰਹ ਤੋਂ ਲੈ ਕੇ ਗੁਦਾ ਤੱਕ ਇੱਕੋ ਨਾੜੀ ਹੁੰਦੀ ਹੈ। ਪਹਿਲਾਂ ਭੋਜਨ ਨਾਲੀ, ਉਸ ਤੋਂ ਬਾਅਦ ਪੇਟ ਦਾ ਭਾਗ, ਛੋਟੀ ਅੰਤੜੀ ਫੇਰ ਵੱਡੀ ਆਂਤ, ਕੋਲਨ ਤੇ ਰੈਕਟਮ ਹੁੰਦਾ ਹੈ। ਜਿੱਥੇ ਪਖਾਨਾ ਰੁਕਦਾ ਹੈ। ਇਸ ਤੋਂ ਅੱਗੇ ਗੁਦਾ ਦੁਆਰਾ ਬਾਹਰ ਜਾਂਦਾ ਹੈ। ਇਸ ਸਾਰੀ ਪ੍ਰਕਿਰਿਆ ਵਿੱਚ ਕਿਤੇ ਵੀ ਜੇਕਰ ਕੋਈ ਰੁਕਾਵਟ ਆਵੇ ਤਾਂ ਕੋਈ ਬਿਮਾਰੀ ਪੈਦਾ ਹੋਵੇਗੀ ਕਿਉਂਕਿ ਆਪਣਾ ਭੋਜਨ ਪੇਟ ਅੰਦਰ ਟੁੱਟਦਾ ਹੈ ਤੇ ਰਸ ਵਾਂਗ ਪਤਲਾ ਹੋ ਕੇ ਛੋਟੀ ਆਂਤ ‘ਚ ਜਾਂਦਾ ਹੈ। ਭੋਜਨ ਸਹੀ ਖਾਧਾ ਹੋਵੇ ਤਾਂ ਰਸ ਵਧੀਆ ਤੇ ਸਿਹਤਮੰਦ ਬਣੇਗਾ।

ਗਲਤ ਖਾਧੇ ਖਾਣੇ ਨਾਲ, ਜਾਂ ਜਲਦੀ-ਜਲਦੀ ਖਾਧੇ ਖਾਣੇ ਨਾਲ, ਬਿੰਨਾ ਚਬਾ ਕੇ ਖਾਧੇ ਖਾਣੇ ਨਾਲ ਤੁਹਾਡੀ ਅਗਨੀ ਵਿਗੜ ਜਾਂਦੀ ਹੈ। ਅਗਨੀ ਦਾ ਮਤਲਬ ਭੋਜਨ ਨੂੰ ਪਚਾਉਣ ਵਾਲ਼ੇ ਅਨਜ਼ਾਇਮ ਤੋਂ ਹੈ ਜੋ ਇਸ ਸਥਿਤੀ ‘ਚ ਠੀਕ ਨਹੀਂ ਬਣਦੇ। ਸਰੀਰ ਦੀ ਚੰਗੀ ਸਿਹਤ, ਤੰਦਰੁਸਤੀ ਲਈ ਤੇ ਨਿਰੋਗ ਸਿਹਤ ਲਈ 7 ਧਾਤੂਆਂ ਦਾ ਨਿਰਮਾਣ ਹੋਣਾ ਲਾਜ਼ਮੀ ਹੈ, ਪਹਿਲਾਂ ਰਸ ਬਣਦਾ ਹੈ ਫੇਰ ਖੂਨ, ਮਾਸ, ਮੇਦ, ਅਸਥੀ, ਮਜਾ, ਵਿਰਜ਼ ਬਣਦਾ ਹੈ ਜੋ ਸਰੀਰ ਨੂੰ ਲੱਗਦਾ ਹੈ।

ਜਦੋਂ ਤੁਸੀਂ ਕੁਝ ਗਲਤ ਖਾਂਦੇ ਹੋ ਜਿਵੇਂ ਮੈਦੇ ਵਾਲੀਆਂ ਚੀਜ਼ਾਂ, ਤਲ਼ੀਆਂ ਚੀਜ਼ਾਂ,ਪੀਜ਼ਾ, ਬਰਗਰ ਆਦਿ ਉਹ ਅੰਤੜੀਆਂ ‘ਚ ਜਾ ਕੇ ਇੰਝ ਫਸਦਾ ਹੈ ਜਿਵੇਂ ਚਿੱਕੜ ‘ਚ ਪੱਥਰ, ਉਹ ਮਲ ਬਣ ਕੇ ਪੇਟ ‘ਚ ਹੀ ਸੁੱਕਣ ਲੱਗਦਾ ਹੈ, ਪੇਟ ‘ਚ ਮਲ ਸੁੱਕਣ ਦੀ ਵਜ੍ਹਾ ਨਾਲ਼ ਸਰੀਰ ‘ਚ ਪਾਣੀ ਦੀ ਘਾਟ ਹੋ ਜਾਂਦੀ ਜਿਸ ਕਰਕੇ ਗੰਢਾਂ ਬਣਨ ਲੱਗ ਜਾਂਦੀਆਂ ਹਨ। ਉਹ ਮਲ ਕਬਜ਼ ਦਾ ਰੂਪ ਲੈ ਕੇ ਬਾਹਰ ਨਹੀਂ ਨਿੱਕਲਦਾ। ਉਹ ਪੁਰਾਣਾ ਹੋ ਕੇ ਸਰੀਰ ‘ਚ ਜ਼ਹਿਰ ਫੈਲਾਉਂਦਾ ਹੈ।

ਇਸੇ ਜ਼ਹਿਰ ਨਾਲ਼ ਖੂਨ ‘ਚ ਖਰਾਬੀ ਆ ਕੇ ਅਨੇਕਾਂ ਬਿਮਾਰੀਆਂ ਪ੍ਰਗਟ ਹੁੰਦੀਆਂ ਹਨ। ਇਸ ਲਈ ਬੇਦੋਸ਼ੇ ਪੇਟ ਅੰਦਰ ਸਹੀ ਭੇਜੋ ਜੋ ਪੇਟ ਅੰਦਰ ਪਾਉਗੇ ਪੇਟ ਦੀ ਮਸ਼ੀਨ ਨੇ ਆਪਣਾ ਕੰਮ ਕਰਨਾ, ਜ਼ਹਿਰ ਪਾਉਗੇ ਤਾਂ ਜ਼ਹਿਰ ਨਿੱਕਲੇਗਾ ਜੇ ਅੰਮ੍ਰਿਤ ਪਾਉਗੇ ਤਾਂ ਅੰਮ੍ਰਿਤ ਇਸ ਲਈ ਆਪਣੇ ਖਾਣੇ ਪ੍ਰਤੀ ਜ਼ਿੰਮੇਵਾਰ ਹੋਵੋ। ਖਾਣਾ ਸਹੀ ਹੋਵੇ ਤਾਂ ਰੋਗਾਂ ਦੀ ਜੜ੍ਹ ਕਬਜ਼ ਨਹੀਂ ਹੋਵੇਗੀ ਇਸੇ ਕਬਜ਼ ਨੇ ਬਦਹਜ਼ਮੀ, ਗੈਸ, ਤੇਜ਼ਾਬ ਵਰਗੀਆਂ ਨਾਮੁਰਾਦ ਬਿਮਾਰੀਆਂ ਪੈਦਾ ਕਰ ਦੇਣੀਆਂ ਹਨ। ਇੰਨ੍ਹਾਂ ਬਿਮਾਰੀਆਂ ਨਾਲ਼ ਸਰੀਰ ਦੀ ਸਾਰੀ ਕਿਰਿਆ ਵਿਗੜਕੇ ਹੋਰ ਅਨੇਕਾਂ ਰੋਗ ਪੈਦਾ ਹੋਣਗੇ। ਅੱਗੇ ਦਿੱਤੇ ਨੁਸਖੇ ਪੇਟ ਨੂੰ ਸਹੀ ਰੱਖਣ ਲਈ ਸਹਾਈ ਹਨ।

-ਤੁਲਸੀ 10 ਗ੍ਰਾਮ , ਅਦਰਕ 15 ਗ੍ਰਾਮ, ਸੇਂਧਾ ਨਮਕ 1 ਗ੍ਰਾਮ, 11 ਕਾਲੀ ਮਿਰਚ ਦੀ ਚਟਣੀ ਬਣਾ ਕੇ ਖਾ ਲਵੋ ਜਾਂ ਪਾਣੀ ‘ਚ ਘੋਲ ਕੇ ਉੱਪਰੋਂ 1-2 ਗਲਾਸ ਪਾਣੀ ਪੀਉ। ਇਸ ਨਾਲ਼ ਪੇਟ ਦੀ ਗੈਸ,  ਹਾਜ਼ਮਾ, ਬਦਹਜ਼ਮੀ ਦੂਰ ਹੁੰਦੀ ਹੈ। ਕਬਜ਼ ਦਾ ਰੋਗੀ ਇਸ ਨਾਲ਼ ਨਿੰਬੂ ਸ਼ਹਿਦ ਮਿਲਾ ਕੇ ਪੀਵੇ।

-ਅਜਵਾਇਨ, ਸੌਂਫ, ਭੁੰਨਿਆ ਜ਼ੀਰਾ, ਸੁੱਕਾ ਪੁਦੀਨਾ, ਵੱਡੀ ਇਲਾਇਚੀ ਬੀਜ, ਲਹੌਰੀ ਨਮਕ ਸਭ ਨੂੰ ਬਰਾਬਰ-ਬਰਾਬਰ ਲੈ ਕੇ ਚੂਰਣ ਬਣਾਉ। ਚਮਚ ਦਾ ਚੌਥਾ ਹਿੱਸਾ ਸਵੇਰੇ-ਸ਼ਾਮ ਗਰਮ ਪਾਣੀ ਨਾਲ ਲਵੋ।

-2 ਕਾਲ਼ੀ ਮਿਰਚ, 5 ਪੱਤੇ ਪੁਦੀਨਾ, 1 ਚੂੰਢੀ ਅਜਵਾਇਨ, 1 ਚਮਚ ਜ਼ੀਰਾ ਇਨ੍ਹਾਂ ਸਭ ਨੂੰ ਮੋਟਾ-ਮੋਟਾ ਇੱਕ ਗਲਾਸ ਪਾਣੀ ‘ਚ ਉਬਾਲੋ ਅੱਧਾ ਰਹਿ ਜਾਣ ‘ਤੇ ਪੀ ਲਵੋ। ਇਸ ਨਾਲ਼ ਤੁਰੰਤ ਹੀ ਅਫਾਰਾ, ਪੇਟ ਦਰਦ, ਹਾਜ਼ਮਾ, ਖੱਟੇ ਡਕਾਰ ਤੇ ਕਬਜ਼ ਠੀਕ ਹੋ ਜਾਂਦੇ ਹਨ।
-ਨਿੰਬੂ ਦਾ ਰਸ 600 ਗ੍ਰਾਮ ਕੱਚ ਦੀ ਸ਼ੀਸ਼ੀ ‘ਚ ਪਾ ਕੇ, ਉਸ ਵਿੱਚ 250 ਗ੍ਰਾਮ ਅਜਵਾਇਨ ਪਾ ਕੇ ਰੱਖੋ। ਅਜਵਾਇਨ ਰਸ ਚੂਸ ਜਾਵੇਗੀ। ਫੇਰ ਅਜਵਾਇਨ ਨੂੰ ਸੁਕਾ ਲਵੋ। ਕਾਲੀ ਮਿਰਚ 50 ਗ੍ਰਾਮ, ਕਾਲ਼ਾ ਨਮਕ 30 ਗ੍ਰਾਮ ਮਿਲਾ ਕੇ ਰੱਖੋ। ਸਭ ਅਲੱਗ-ਅਲੱਗ ਪੀਸ ਕੇ ਕੱਚ ਦੀ ਸ਼ੀਸ਼ੀ ‘ਚ ਪਾ ਲਵੋ। 1 ਚਮਚ ਰੋਟੀ ਤੋਂ ਅੱਧਾ ਘੰਟਾ ਬਾਅਦ ਲਵੋ। ਪੇਟ ਦੀ ਹਰ ਸਮੱਸਿਆ ਲਈ ਬਹੁਤ ਹੀ ਲਾਜਵਾਬ ਦਵਾਈ ਹੈ। ਬਿਲਕੁਲ ਘਰੇਲੂ ਹੈ।

-ਅਮਲਤਾਸ ਜਿਹਨੂੰ ਪੰਜਾਬੀ ‘ਚ ਗਲਕੜ ਕਹਿੰਦੇ ਹਨ। ਉਸ ਦੀਆਂ ਜੜ੍ਹਾਂ, ਪੱਤੇ, ਫਲੀ, ਛਿੱਲੜ, ਫੁੱਲ ਸਭ ਬਰਾਬਰ-ਬਰਾਬਰ ਲੈ ਕੇ। ਥੋੜ੍ਹਾ ਜਿਹਾ ਨਮਕ ਮਿਲਾ ਕੇ। ਪਾਊਡਰ ਬਣਾ ਕੇ ਰੱਖੋ। 1 ਚਮਚ ਸਵੇਰੇ-ਸ਼ਾਮ ਖਾਉ, ਪੁਰਾਣੀ ਗੈਸ, ਕਬਜ਼ ‘ਚ ਬਹੁਤ ਅਸਰਦਾਰ ਦਵਾਈ ਹੈ।

-ਅਰਕ ਸੌਂਫ, ਅਰਕ ਪੁਦੀਨਾ 1-1 ਬੋਤਲ, ਨੌਸ਼ਾਦਰ ਤੇ ਹਿੰਗ 80-80 ਗ੍ਰਾਮ, ਨਮਕ ਕਾਲਾ, ਸੇਂਧਾ ਨਮਕ 50-50 ਗ੍ਰਾਮ, ਇਹ ਸਭ ਚੀਜ਼ਾਂ ਪੀਸ ਕੇ ਅਰਕ ‘ਚ ਮਿਲਾ ਲਵੋ। ਚੰਗੀ ਤਰ੍ਹਾਂ ਮਿਲਾ ਕੇ ਰੱਖ ਲਵੋ। 25 ਗ੍ਰਾਮ ਸਵੇਰੇ-ਸ਼ਾਮ ਹੌਲੀ -ਹੌਲੀ ਘੁੱਟ-ਘੁੱਟ ਕਰਕੇ ਪੀਵੋ। ਗੈਸ, ਅਫਾਰਾ, ਕਬਜ਼, ਪੇਟ ਭਾਰਾ ਰਹਿਣਾ ਠੀਕ ਹੋਵੇਗਾ।

-ਜੇਕਰ ਉੱਪਰ ਲਿਖੀ ਕੋਈ ਦਵਾਈ ਬਣਾ ਨਹੀਂ ਸਕਦੇ ਤਾਂ ਲਵਨ ਭਾਸਕਰ ਚੂਰਣ, ਹਿੰਗਵਾਸਟਕ ਚੂਰਣ, ਮਿੱਠਾ ਸੋਡਾ ਸਭ ਬਰਾਬਰ ਲੈ ਕੇ ਮਿਲਾ ਕੇ ਰੱਖ ਲਵੋ। ਇਹ ਸਭ ਹਰ ਮੈਡੀਕਲ਼ ਸਟੋਰ ਤੋਂ ਮਿਲ ਜਾਂਦਾ ਹੈ। 3-3 ਗ੍ਰਾਮ ਸਵੇਰੇ-ਸ਼ਾਮ ਲਵੋ। ਬਦਹਜ਼ਮੀ, ਅਫਾਰਾ, ਗੈਸ, ਕਬਜ਼ ਪੇਟ ਦਰਦ ਠੀਕ ਰਹੇਗਾ।

-ਇਹ ਸਭ ਦਵਾਈਆਂ ਪੇਟ ਦੀ ਹਰ ਸਮੱਸਿਆ ਦਾ ਹੱਲ ਹਨ।
   ਵੈਦ ਬੀ. ਕੇ. ਸਿੰਘ
ਮੋ. 98726-10005

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।