ਮਜ਼ਦੂਰ ਔਰਤਾਂ ਦੇ ਵਿਹੜੇ ‘ਘੁੰਢ’ ਕੱਢਦਾ ਮਹਿਲਾ ਦਿਵਸ

ਬਰਨਾਲਾ, ਜੀਵਨ ਰਾਮਗੜ੍ਹ
ਬੇਸ਼ੱਕ ਅੱਜ ਸਰਕਾਰਾਂ ਤੇ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ‘ਅੰਤਰ ਰਾਸ਼ਟਰੀ ਮਹਿਲਾ ਦਿਵਸ’ ਨੂੰ ਵੱਖ-ਵੱਖ ਸਮਾਗਮ ਤੇ ਸਭਾਵਾਂ ਕਰਕੇ ਮਨਾ ਰਹੀਆਂ ਹਨ ਪਰ ਹਕੀਕਤ ਇਹ ਹੈ ਕਿ ਇਸ ਦੇਸ਼ ਦੀ ਅੱਧ ਤੋਂ ਵੱਧ ਆਬਾਦੀ (ਔਰਤਾਂ) ਅਜੇ ਵੀ ਇਸ ਦਿਵਸ ਤੋਂ ਬੇਖ਼ਬਰ ਹਨ।
ਇਸ ਪੱਤਰਕਾਰ ਵੱਲੋਂ ਜਦ ਪਿੰਡਾਂ, ਖੇਤਾਂ ਦੇ ਬੰਨਿਆਂ, ਭੱਠਿਆਂ ਤੇ ਮਜ਼ਦੂਰ ਵਿਹੜਿਆਂ ‘ਚ ਜਾ ਕੇ ਔਰਤਾਂ ਨਾਲ ਗੱਲ ਕੀਤੀ ਤਾਂ ਮਹਿਲਾ ਦਿਵਸ ‘ਘੁੰਡ’ ਕੱਢਦਾ ਨਜ਼ਰ ਆਇਆ। ਬਹੁਤ ਸਾਰੀਆਂ ਮਜ਼ਦੂਰ ਔਰਤਾਂ ਨੂੰ ਜਦ ਇਹ ਪੁੱਛਿਆ ਗਿਆ ਕਿ ਬੁੱਧਵਾਰ ਕਿਹੜਾ ‘ਵਿਸ਼ੇਸ਼ ਦਿਨ’ ਹੈ ਤਾਂ ਕਿਸੇ ਨੇ ‘ਬੁੱਧਵਾਰ’ ਕਹਿ ਕੇ ਉੱਤਰ ਦਿੱਤਾ ਉਨ੍ਹਾਂ ਨੂੰ ਮਹਿਲਾ ਦਿਵਸ ਸਬੰਧੀ ਦੱਸਣ ‘ਤੇ ਵੀ ਉਨ੍ਹਾਂ ‘ਕਿਹੜਾ ਮਹਿਲਾ ਦਿਵਸ’ ਕਹਿ
ਕੇ ਜੁਆਬ ਦਿੱਤਾ। ਧਨੌਲਾ ਖੁਰਦ ਦੀ ਲਾਭੋ ਨੇ ਤਾਂ ਜਿੰਦਗੀ ਚ 62 ਮਹਿਲਾ ਦਿਵਸ ਬੇਖ਼ਬਰੀ ‘ਚ ਲੰਘਾ ਦਿੱਤੇ ਪਰ ਉਸਦੀ ਜਿੰਦਗੀ ਗ਼ਰੀਬੀ ਦੀ ਗੁਲਾਮ ਹੀ ਰਹੀ। ਅੱਜ ਹੰਢਿਆਇਆ ਵਿਖੇ ਇੱਕ ਜਿੰਮੀਦਾਰ ਦੇ ਖੇਤ ‘ਚ ਆਲੂ ਪੁੱਟਣ ਆਈ ਧਨੌਲਾ ਦੀ 62 ਸਾਲਾ ਲਾਭੋ ਨੇ ਇੱਕ ਸੁਆਲ ਦੇ ਜੁਆਬ ‘ਚ ਕਿਹਾ ਕਿ ‘ਮਹਿਲਾ ਦਿਵਸ ਬਾਰੇ ਮੈਂ ਤਾਂ ਕਦੇ ਸੁਣਿਆ ਨੀਂ ਭਾਈ। ਪਤਾ ਨੀ ਸਾਡਾ ਤਾਂ ਆਹੀ ਐ ਮਹਿਲਾ ਦਿਵਸ’। ਇਸ ਉਮਰ ‘ਚ ਵੀ ਮਜ਼ਦੂਰੀ ਕਰਨ ਦੇ ਸੁਆਲ ‘ਚ ਉਸਨੇ ਕਿਹਾ ਕਿ ‘ਢਿੱਡ ਭਰਨ ਲਈ ਕੁਸ਼ ਤਾਂ ਕਰਨਾ ਈ ਆਂ, ਕਿਸੇ ਨੇ ਕਿਹੜਾ ਘਰ ਆ ਕੇ ਦੇ ਜਾਣਾ ਪੁੱਤ। ਇਸੇ ਤਰਾਂ ਹੀ ਮਜ਼ਦੂਰ ਔਰਤ ਬੀਰੋ ਨੇ ਕਿਹਾ ਕਿ ‘ਮਹਿਲਾ ਦਿਵਸ ਦਾ ਸਾਨੂੰ ਕੀ ਪਤਾ ਜੇ ਗਰੀਬੀ ਸਿਰ ਚੱਕਣ ਦੇਵੇ ਤਾਂ ਹੀ ਦਿਵਸਾਂ ਬਾਰੇ ਸੋਚੀਏ। ਜੇ ਸਰਕਾਰਾਂ ਗਰੀਬਾਂ ਦੀ ਸੁੱਧ ਲੈਂਦੀਆ ਤਾਂ ਬਿਮਾਰ ‘ਘਰ ਵਾਲੇ’ ਦੇ ਇਲਾਜ਼ ਲਈ ਦੋਵੇਂ ਪੁੱਤਰ 12-12 ਪੜ੍ਹਾ ਕੇ ਦਿਹਾੜੀ ‘ਤੇ ਲਾਉਣ ਅਤੇ ਮੈਨੂੰ ਆਹ ਉਮਰੇ ਖੇਤਾਂ ਦੀ ਮਿੱਟੀ ਨਾਲ ਮਿੱਟੀ ਕਿਉਂ ਹੋਣਾਂ ਪੈਂਦਾ।’ ਇਹੀ ਤਰਾਸਦੀ ਭੱਠੇ ‘ਤੇ ਪਥੇਰ ਦਾ ਕੰਮ ਕਰਨ ਵਾਲੀਆਂ ਔਰਤਾਂ ਸਿੰਦਰ ਕੌਰ, ਸਰਭੀ, ਚਰਨੋਂ ਤੇ ਸੁਖੀ ਦਾ ਹੈ। ਜੋ ਗਰੀਬੀ ਦੀ ਗੁਲਾਮੀਂ ਤੋਂ ਨਿਜ਼ਾਤ ਤਾਂ ਚਾਹੁੰਦੀਆਂ ਹਨ ਪਰ ‘ਮਹਿਲਾ ਦਿਵਸ’ ਦੀ ਮਹੱਤਤਾ ਤੋਂ ਬਿਲਕੁਲ ਅਣਜਾਣ।  ਸਿੰਦਰ ਕੌਰ ਨੇ ਕਿਹਾ ਕਿ ਔਰਤਾਂ ਦੇ ਹੱਕਾਂ ਦੀ ਗੱਲ ਕਰਨ ਵਾਲੀਆਂ ਜਥੇਬੰਦੀਆਂ ਦਾ ਹੋਕਾ ਉਨ੍ਹਾਂ ਨੂੰ ਚੰਗਾ ਤਾਂ ਲੱਗਦਾ ਹੈ ਪਰ ਗਰੀਬੀ ਘਰੋਂ ਵੀ ਪੈਰ ਨਹੀਂ ਪੁੱਟਣ ਦਿੰਦੀ।