ਕਹਾਣੀ : ਸੇਵਾ ਤੋਂ ਧੰਦੇ ਤੱਕ

doctor, Story

ਕਹਾਣੀ (Story) : ਸੇਵਾ ਤੋਂ ਧੰਦੇ ਤੱਕ

ਖੰਘ ਤੇ ਬੁਖਾਰ ਘਰੇਲੂ ਉਹੜ-ਪੋਹੜ ਨਾਲ ਠੀਕ ਨਾ ਹੋਣ ਕਰਕੇ ਮੈਂ ਸ਼ਹਿਰ ਦੇ ਸ਼ੀਸ਼ਿਆਂ ਵਾਲੇ ਵੱਡੇ ਹਸਪਤਾਲ ਨਾਮੀ-ਗਰਾਮੀ ਡਾਕਟਰ ਕੋਲ ਚੈਕਅੱਪ ਲਈ ਗਿਆ। ਕਦੇ ਕੋਈ ਮਰਜ਼ ਨਾ ਹੋਣ ਕਰਕੇ ਕਈ ਸਾਲਾਂ ਬਾਅਦ ਦਵਾਈ ਲੈਣ ਗਿਆ ਸੀ। ਅੱਤ ਸਰਦੀ ਦਾ ਮੌਸਮ ਕਰਕੇ ਖੰਘ ਤੇ ਵਾਇਰਲ ਬੁਖਾਰ ਵਾਲੇ ਮਰੀਜ਼ਾਂ ਦੀਆਂ ਲੰਮੀਆਂ ਕਤਾਰਾਂ ਸਨ। ਹਰ ਕੋਈ ਤੀਬਰਤਾ ਨਾਲ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸੀ। ਉਮੀਕਰੋਨ ਦੀ ਆਮਦ ਕਰਕੇ ਸਭ ਦੇ ਮਾਸਕ ਲੱਗੇ ਸਨ। ਉਜ ਵੀ ਕਰੋਨਾ ਦੀ ਨਵੀਂ ਲਹਿਰ ਕਰਕੇ ਸਾਰੇ ਖੌਫਜ਼ਦਾ ਸਨ। (Story)

ਮੇਰੀ ਵਾਰੀ ਆਈ ਤਾਂ ਡਾਕਟਰ ਸਾਬ੍ਹ ਨੇ ਕਾਹਲੀ ਨਾਲ ਇੱਕ-ਦੋ ਗੱਲਾਂ ਪੁੱਛ ਕੇ ਕਈ ਟੈਸਟ ਕਰਵਾਉਣ ਲਈ ਲਿਖ ਦਿੱਤਾ। ਡਾਕਟਰ ਸਾਬ੍ਹ ਦੇ ਸ਼ਹਿਰ ਦੀ ਉੱਘੀ ਸਮਾਜਸੇਵੀ ਸੰਸਥਾ ਦੇ ਕਰਤਾ-ਧਰਤਾ ਹੋਣ ਕਰਕੇ ਮੇਰੀ ਉਨ੍ਹਾਂ ਨਾਲ ਨਾਲ ਹਾਏ-ਹੈਲੋ ਵੀ ਸੀ। ਲੈਬਾਟਰੀ ਤੱਕ ਜਾਂਦਿਆਂ ਡਾਕਟਰ ਸਾਬ੍ਹ ਦੇ ਨਰਮ ਤੋਂ ਗਰਮ ਹੋਏ ਮਿਜਾਜ ਤੇ ਕਾਹਲੇਪਣ ਬਾਰੇ ਸੋਚ ਰਿਹਾ ਸੀ ਕਿ ਉਨ੍ਹਾਂ ਦੇ ਸੁਭਾਅ ’ਚ ਇਹ ਤਬਦੀਲੀ ਕਿਉਂ ਆਈ? ਖੈਰ, ਮੈਂ ਲੈਬ ਵਾਲੇ ਤਕਨੀਸ਼ੀਅਨ ਨੂੰ ਬਲੱਡ ਸੈਂਪਲ ਦਿੱਤਾ ਉਸ ਨੇ ਅੱਠ ਸੌ ਰੁਪਏ ਲੈ ਕੇ ਦੋ ਘੰਟੇ ਬਾਅਦ ਆਉਣ ਨੂੰ ਕਹਿ ਦਿੱਤਾ।

ਸੇਵਾ ਤੋਂ ਧੰਦੇ ਤੱਕ (Story)

ਮਨ ’ਚ ਸੋਚਣ ਲੱਗਾ, ਮਨਾ ਨਿੱਕੀ ਜਿਹੀ ਮਰਜ਼ ਦਾ ਇਲਾਜ ਕਰਵਾਉਣਾ ਇੰਨਾ ਮਹਿੰਗਾ ਹੋ ਗਿਐ, ਆਮ ਬੰਦੇ ਦਾ ਕੀ ਬਣੂ? ਹਾਲਾਂਕਿ ਮੈਂ ਵੀ ਕੋਈ ਟਾਟਾ-ਬਿਰਲਾ ਨਹੀਂ ਸੀ, ਹਾਂ ਸਰਕਾਰੀ ਅਧਿਆਪਕ ਹੋਣ ਕਰਕੇ ਮਹੀਨੇ ਦੀ ਪੱਕੀ ਤਨਖਾਹ ਮਿਲਣ ਕਾਰਨ ਗੁਜ਼ਾਰਾ ਸੌਖਾ ਹੋ ਰਿਹਾ ਸੀ। ਟੈਸਟਾਂ ਵਾਲੀ ਡਿਲਿਵਰੀ ਸਲਿਪ ਫੜ੍ਹ ਵਿਹਲੇ ਸਮੇਂ ਦੀ ਵਰਤੋਂ ਕਰਨ ਹਿੱਤ ਘਰ ਦਾ ਨਿੱਕ-ਸੁੱਕ ਖਰੀਦਣ ਕਰਿਆਨੇ ਦੀ ਦੁਕਾਨ ਵੱਲ ਹੋ ਤੁਰਿਆ।

ਕਰਿਆਨੇ ਵਾਲੇ ਦਾ ਪੱਕਾ ਗ੍ਰਾਹਕ ਹੋਣ ਕਰਕੇ ਉਸ ਨੇ ਸਾਮਾਨ ਦੀ ਪਰਚੀ ਫੜ੍ਹ ਕੇ ਦੁਆ ਸਲਾਮ ਪੁੱਛਣ ਦੇ ਨਾਲ-ਨਾਲ ਵੋਟਾਂ ਦੇ ਮਾਹੌਲ ਬਾਰੇ ਪੁੱਛਿਆ ਪਰ ਮੇਰੀ ਗਰਾਰੀ ਉੱਥੇ ਹੀ ਫਸੀ ਹੋਣ ਕਰਕੇ ਮੈਂ ਪੁੱਛਿਆ, ‘‘ਯਾਰ ਸੁਭਾਸ਼ ਆਹ ਚੌਂਕ ਵਾਲੇ ਡਾਕਟਰ ਸਾਬ੍ਹ ਪਹਿਲਾਂ ਲਾਲਚੀ ਨਹੀਂ ਹੁੰਦੇ ਸੀ ਤੇ ਮਰੀਜ਼ ਨਾਲ ਗੱਲਬਾਤ ਵੀ ਬੜੇ ਮੋਹ-ਪਿਆਰ ਤੇ ਸਹਿਜ ਨਾਲ ਕਰਦੇ ਸਨ। ਪਰ ਅੱਜ ਤਾਂ ਸਾਰਾ ਕੁਝ ਹੀ ਉਲਟ ਸੀ। ਹਰ ਮਰੀਜ ਨਾਲ ਹੀ ਵੱਢੂ-ਖਾਊਂ ਕਰ ਰਹੇ ਸਨ।’’

‘‘ਮਾਸਟਰ ਜੀ ਪੈਸਾ ਸਾਰੇ ਪੁਆੜੇ ਦੀ ਜੜ੍ਹ ਹੈ’’ ਉਸ ਨੇ ਇੱਕ ਵਾਕ ’ਚ ਉੱਤਰ ਦਿੱਤਾ। ਮੈਨੂੰ ਗੱਲ ਦੀ ਸਮਝ ਨਾ ਆਈ ਹੋਣ ਕਰਕੇ ਮੈਂ ਦੁਹਰਾ ਕੇ ਪੁੱਛਿਆ, ‘‘ਪੈਸੇ ਦਾ ਕੀ ਮਾਮਲਾ ਆ ਗਿਆ ਇਸ ’ਚ?’’ ਉਹ ਬੋਲਿਆ, ‘‘ਸਰ ਜੀ ਜਦੋਂ ਪਿਛਲੇ ਸਾਲ ਕੋਰੋਨਾ ਸ਼ੁਰੂ ਹੋਇਆ ਸੀ ਤਾਂ ਰੋਗੀਆਂ ਦੀ ਗਿਣਤੀ ਵਧਣ ਕਰਕੇ ਹਸਪਤਾਲ ਭਰ ਗਿਆ ਤਾਂ ਡਾਕਟਰ ਸਾਬ੍ਹ ਨੇ ਟੈਂਟ ਲਾ ਕੇ ਮਰੀਜ਼ ਦਾਖ਼ਲ ਕੀਤੇ।

ਕੰਪਾਊਡਰ ਬੋਤਲਾਂ ’ਚ ਟੀਕੇ ਪਾ ਕੇ ਗੁਲੂਕੋਜ਼ ਲਾਈ ਜਾਂਦੇ ਸਨ ਤੇ ਹਰ ਮਰੀਜ਼ ਦਾ ਪੰਜ/ਸੱਤ ਦਿਨਾਂ ਦਾ ਬਿੱਲ ਪੰਜਾਹ ਹਜ਼ਾਰ ਤੋਂ ਘੱਟ ਨਹੀਂ ਬਣਦਾ ਸੀ ਤੇ ਇਨ੍ਹਾਂ ਨੇ ਅੱਗਰੀ ਦੇ ਨੋਟ ਵੱਢੇ ਤੇ ਰੁਪਈਏ ਕਮਾਉਣ ਆਲੇ ਲੱਲ੍ਹੇ ਲਾਹ ਦਿੱਤੇ। ਇਨ੍ਹਾਂ ਨੇ ਆਹ ਸਾਹਮਣੇ ਵਾਲਾ ਪੈਟਰੋਲ ਪੰਪ ਤੇ ਨਾਲ ਲੱਗਦੇ ਦੋ ਸ਼ੋਅਰੂਮ ਛੇ ਕਰੋੜ ਦੇ ਖਰੀਦ ਲਏ ਸਨ। ਲੋਕਾਂ ਦੀ ਸੇਵਾ ਲਈ ਆਪਣੇ ਬੇਟੇ ਨੂੰ ਦਿੱਲੀ ਬੋਰਡ ਤੋਂ ਮੈਡੀਕਲ ’ਚ ਪਲੱਸ ਟੂ ਮੈਡੀਕਲ ਕਰਵਾ ਕੇ ਪੰਜਾਹ ਲੱਖ ’ਚ ਹਰਿਆਣੇ ਦੇ ਪ੍ਰਾਈਵੇਟ ਮੈਡੀਕਲ ਕਾਲਜ ’ਚ ਡਾਕਟਰੀ ਦੇ ਕੋਰਸ ’ਚ ਵੀ ਦਾਖਲਾ ਦਿਵਾ ਦਿੱਤਾ।’’

ਸੇਵਾ ਤੋਂ ਧੰਦੇ ਤੱਕ (Story)

ਮੈਂ ਸੁਣ ਕੇ ਡੌਰ-ਭੌਰ ਹੋ ਗਿਆ, ਸੇਵਾ ਵਾਲਾ ਕਾਰਜ ਕਿਵੇਂ ਧੰਦੇ ’ਚ ਬਦਲ ਗਿਆ। ਸੁਭਾਸ਼ ਨੇ ਸਾਮਾਨ ਪੈਕ ਕਰਦਿਆਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, ‘‘ਸਰ ਜੀ, ਹੁਣ ਡਾਕਟਰ ਸਾਬ੍ਹ ਦਿਨ ਭਰ ’ਚ ਸੱਤਰ/ਅੱਸੀ ਮਰੀਜ਼ ਵੇਖਦੇ ਹਨ ਤੇ ਦੋ ਸੌ ਦੀ ਪਰਚੀ ਦੇ ਸ੍ਹਾਬ ਨਾਲ ਪੰਦਰਾਂ ਹਜ਼ਾਰ ਰੁਪਏ ਬਣਦੇ ਹਨ ਜਿਸ ਕਰਕੇ ਘਟੀ ਕਮਾਈ ਕਰਕੇ ਖਿਝੇ ਰਹਿੰਦੇ ਹਨ ਤੇ ਘਾਟਾ ਪੂਰਾ ਕਰਨ ਲਈ ਬੇਲੋੜੇ ਟੈਸਟ ਤੇ ਥੱਬਾ ਦਵਾਈਆਂ ਦਾ ਲਿਖ ਦਿੰਦੇ ਹਨ, ਸਾਰੇ ਕੰਮਾਂ ’ਚ ਅੱਧੋ-ਅੱਧ ਕਮਿਸ਼ਨ ਹੈ, ਮੰਡੀ ਦੇ ਮਰੀਜ਼ ਤਾਂ ਘੱਟ ਈ ਜਾਂਦੇ ਹਨ ਪਰ ਤੁਸੀਂ ਕਿੱਧਰ ਫਸ ਗਏ ਇਸ ਕੋਲ?’’

ਮੈਂ ਸ਼ੰਕਾ ਨਵਿਰਤ ਹੋ ਗਿਆ ਸੀ ਪਰ ਨਾਲ ਹੀ ਮਨ ’ਚ ਰੀਲ੍ਹ ਚੱਲ ਰਹੀ ਸੀ ਕਿ ਖਾਣੀਆਂ ਤਾਂ ਦੋ ਰੋਟੀਆਂ ਹਨ ਜੋ ਕਿ ਸਾਰੇ ਹੀ ਆਟੇ ਦੀਆਂ ਖਾਂਦੇ ਹਨ। ਫਿਰ ਐਨੇ ਜਫਰ ਜਾਲਣ ਦੀ ਕੀ ਲੋੜ ਹੈ? ਇਹ ਲਾਲਚ ਗਰੀਬਾਂ ਦੇ ਚੁੱਲ੍ਹੇ ਠੰਢੇ ਕਰ ਰਿਹਾ ਹੈ। ਸਰਮਾਇਆ ’ਕੱਠਾ ਕਰਨ ਦੀ ਭੁੱਖ ਨੇ ਆਮ ਲੋਕਾਂ ਨੂੰ ਨਿਗਲ ਜਾਣਾ ਹੈ। ਸੁਭਾਸ਼ ਦੀਆਂ ਗੱਲਾਂ ਸੁਣ ਮੈਂ ਸਾਮਾਨ ਵਾਲਾ ਝੋਲਾ ਚੁੱਕ ਲੈਬ ਵੱਲ ਨੂੰ ਜਾਂਦਾ ਸੋਚ ਰਿਹਾ ਸੀ, ਟੈਸਟਾਂ ਦੀ ਰਿਪੋਰਟ ਫੜ੍ਹ ਡਾਕਟਰ ਕੋਲ ਜਾਣ ਦੀ ਥਾਂ ਸਿੱਧਾ ਬੱਸ ਅੱਡੇ ਜਾ ਲਾਰੀ ਫੜ੍ਹ ਪਿੰਡ ਵਾਲੇ ਮਨਜੀਤ ਡਾਕਟਰ ਤੋਂ ਚਾਰ ਖੁਰਾਕਾਂ ਦਵਾਈ ਲੈ ਘਰ ਚਲਾ ਜਾਵਾਂ। ਪਰ ਅਧਿਆਪਕ ਹੋਣ ਕਰਕੇ ਸਿੱਖਿਆ ਪ੍ਰਣਾਲੀ ਦਾ ਹਿੱਸਾ ਹੋਣ ਕਰਕੇ ਆਪਣੇ-ਆਪ ਨੂੰ ਕੋਸ ਵੀ ਰਿਹਾ ਸੀ ਕਿ ਸਾਡੇ ਸਿੱਖਿਆ ਢਾਂਚੇ ਨੇ ਡਾਕਟਰ ਤਾਂ ਤਿਆਰ ਕਰ ਦਿੱਤੇ ਹਨ ਪਰ ਵਿਦਿਆਰਥੀਆਂ ਨੂੰ ਮਨੁੱਖ ਬਣਾਉਣ ’ਚ ਅਸੀਂ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਾਂ।
ਬਲਜਿੰਦਰ ਜੌੜਕੀਆਂ, ਤਲਵੰਡੀ ਸਾਬੋ, ਬਠਿੰਡਾ
ਮੋ. 94630-24575

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ