ਤਿਣਕੇ ਦਾ ਸਹਾਰਾ

ਤਿਣਕੇ ਦਾ ਸਹਾਰਾ

ਸਕੂਲ ਵਿੱਚ ਬੱਚਿਆਂ ਲਈ ਆਇਆ ਅਨਾਜ ਅਤੇ ਪੈਸੇ ਘਰੋ-ਘਰੀ ਜਾ ਕੇ ਵੰਡ ਰਿਹਾ ਸੀ। ਪਰ ਨਾ ਤਾਂ ਵੰਡਿਆ ਜਾ ਰਿਹਾ ਅਨਾਜ ਬਹੁਤਾ ਜ਼ਿਆਦਾ ਸੀ ਤੇ ਨਾ ਹੀ ਰਕਮ। ਪਰ ਇਹ ਸ਼ਾਇਦ ਡੁੱਬਦੇ ਨੂੰ ਤਿਣਕੇ ਦੇ ਸਹਾਰੇ ਵਾਂਗ ਜਰੂਰ ਸੀ। ਘਰਾਂ ਵਿੱਚੋਂ ਤੰਗੀ ਅਤੇ ਗ਼ਰੀਬੀ ਸਾਫ਼ ਝਲਕ ਰਹੀ ਸੀ। ਉੱਤੋਂ ਕਰੋਨਾ ਦੇ ਇਸ ਮਾਰੂ ਦੌਰ ਨੇ ਇਹਨਾਂ ਗ਼ਰੀਬਾਂ ਦਾ ਲੱਕ ਹੀ ਤੋੜ ਛੱਡਿਆ ਸੀ।  ਗੁਰਦੁਆਰਾ ਸਾਹਿਬ ਵਿੱਚ ਪਹਿਲਾਂ ਹੀ ਅਨਾਊਂਸਮੈਂਟ ਕਰਵਾਈ ਹੋਣ ਕਰਕੇ ਹਰੇਕ ਘਰ ‘ਚੋਂ ਕੋਈ ਇੱਕ ਬੱਚਾ ਜਾਂ ਪਰਿਵਾਰ ਦਾ ਕੋਈ ਇੱਕ ਜੀਅ ਆਪਣੇ ਘਰ ਦੇ ਬੂਹੇ ਵਿੱਚ ਖੜ੍ਹਾ ਸਾਨੂੰ ਉਡੀਕ ਰਿਹਾ ਸੀ। ਅਚਾਨਕ ਮੈਂ ਮੋਹਨ ਦੇ ਘਰ ਮੂਹਰੇ ਜਾ ਖੜ੍ਹਾ ਹੋਇਆ।

ਮੋਹਨ ਥੋੜ੍ਹੇ ਦਿਨ ਪਹਿਲਾਂ ਹੀ ਸਕੂਲ ਆਉਣ ਲੱਗਾ ਸੀ। ਉਸ ਦੇ ਪਾਪਾ ਨੂੰ ਕਿਸੇ ਕੰਮ ਵਿੱਚ ਬਹੁਤ ਘਾਟਾ ਪੈ ਗਿਆ ਸੀ। ਉੱਪਰੋਂ ਕਰੋਨਾ ਦੇ ਕਹਿਰ ਕਾਰਨ ਉਹ ਕੋਈ ਦਿਹਾੜੀ-ਦੱਪਾ ਕਰਨ ਜੋਗਾ ਵੀ ਨਹੀਂ ਸੀ ਰਿਹਾ ਕਿਉਂਕਿ ਕਰਫਿਊ ਲੱਗਾ ਹੋਇਆ ਸੀ। ਮੈਂ ਬਹੁਤ ਹੀ ਸਾਊ ਅਤੇ ਮਲੂਕ ਜਿਹੇ ਮੋਹਨ ਨੂੰ ਪਿਆਰ ਨਾਲ਼ ਕਿਹਾ, ‘ਬੇਟਾ ਜੀ ਤੁਸੀਂ ਤਾਂ ਅਜੇ ਦਾਖ਼ਲ ਨਹੀਂ ਹੋਏ ਸਕੂਲ ‘ਚ। ਤੁਹਾਡਾ ਨਾ ਤਾਂ ਅਨਾਜ ਆਇਆ ਹੈ ਅਤੇ ਨਾ ਹੀ ਪੈਸੇ।’  ਇੰਨਾ ਕਹਿਣ ਦੀ ਦੇਰ ਸੀ ਕਿ ਉਸ ਵਿਚਾਰੇ ਦਾ ਚਿਹਰਾ ਉੱਤਰ ਗਿਆ। ਇੰਝ ਜਾਪਿਆ ਜਿਵੇਂ ਉਸ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ ਹੋਵੇ।

ਮੈਥੋਂ ਪੁੱਛੇ ਬਿਨਾਂ ਰਿਹਾ ਨਾ ਗਿਆ ਅਤੇ ਪੁੱਛ ਹੀ ਲਿਆ, ‘ਪੁੱਤ ਤੁਹਾਡੇ ਲਈ ਘਰੇ ਖਾਣ-ਪੀਣ ਨੂੰ ਹੈ ਕੁਝ?’ ਮੇਰੇ ਸਵਾਲ ਦਾ ਜਵਾਬ ਦੇਣ ਦੀ ਥਾਂ ਉਸ ਨੇ ਨੀਵੀਂ ਪਾ ਲਈ ਅਤੇ ਨਾਂਹ ਵਿੱਚ ਸਿਰ ਹਿਲਾਉਂਦਿਆਂ ਉਸ ਦੀਆਂ ਅੱਖਾਂ ਭਰ ਆਈਆਂ। ਮੈਂ ਆਪਣੇ ਪੱਲਿਓਂ ਉਸ ਨੂੰ ਪੈਸੇ ਦਿੰਦਿਆਂ ਕਿਹਾ, ‘ਪੁੱਤ ਤੂੰ ਰੋ ਨਾ, ਤੂੰ ਆਹ ਅਨਾਜ ਵੀ ਫੜ ਅਤੇ ਪੈਸੇ ਵੀ।’ ਮੇਰੀ ਗੱਲ ਸੁਣਦਿਆਂ ਹੀ ਉਸ ਦੇ ਉਦਾਸ ਚਿਹਰੇ ‘ਤੇ ਰੌਣਕ ਪਰਤ ਆਈ। ਸ਼ੁਕਰਗੁਜ਼ਾਰ ਹੁੰਦਿਆਂ ਹੋਇਆਂ, ਅਨਾਜ ਅਤੇ ਪੈਸੇ ਲੈ ਕੇ ਟਹਿਕਦੇ ਹੋਏ ਚਿਹਰੇ ਨਾਲ ਮੋਹਨ ਚਾਈਂ-ਚਾਈਂ ਆਪਣੇ ਘਰ ਦੇ ਅੰਦਰ ਚਲਾ ਗਿਆ।
ਕੁਲਵੰਤ ਖਨੌਰੀ, ਗਰੇਵਾਲ ਕਲੋਨੀ ਭਵਾਨੀਗੜ੍ਹ, ਸੰਗਰੂਰ
ਮੋ. 82890-53262

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।