ਗਲੀ ਦਾ ਝਗੜਾ: ਗੁਆਂਢੀ ਨੇ ਕੀਤਾ ਗੁਆਂਢੀ ਦਾ ਕਤਲ

0

ਭਰੀ ਪੰਚਾਇਤ ’ਚ ਪੇਟ ’ਚ ਛੁਰਾ ਮਾਰ ਕੇ ਕੀਤਾ ਆਰ-ਪਾਰ

ਸਨੌਰ, (ਰਾਮ ਸਰੂਪ ਪੰਜੋਲਾ)। ਪਟਿਆਲਾ ਤੋਂ ਪਹੇਵਾ ਰੋਡ ’ਤੇ ਸਥਿੱਤ ਜੌੜੀਆਂ ਸੜਕਾਂ ਨੇੜੇ ਸਿੰਘ ਪੁਰਾ ਵਿਖੇ ਗਲੀ ਦੇ ਝਗੜੇ ਕਰਕੇ ਭਰੀ ਪੰਚਾਇਤ ’ਚ ਛੁਰਾ ਮਾਰ ਕੇ ਗੁਆਂਢੀ ਨੇ ਗੁਆਂਢੀ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਜੌੜੀਆਂ ਸੜਕਾਂ ਨਜਦੀਕ ਪਿੰਡ ਸਿੰਘ ਪੁਰਾ ਵਿਖੇ ਗੁਰਜੀਤ ਸਿੰਘ (ਪਲਵਾਨ) ਹਰਿਆਣਾ ਰਾਜ ਦੇ ਪਿੰਡ ਨਿਮਨਾਬਾਦ ਜਿਲ੍ਹਾ ਜੀਂਦ ਤੋਂ ਤਕਰੀਬਨ ਪੰਜ ਕੁ ਸਾਲ ਪਹਿਲਾਂ ਇੱਥੇ ਆਇਆ ਸੀ। ਇਸੇ ਤਰ੍ਹਾਂ ਸਵਰਨ ਸਿੰਘ ਵੀ ਕੱੁਝ ਸਾਲ ਪਹਿਲਾਂ ਪਿੰਡ ਸਲੇਮਪੁਰ ਜੱਟਾਂ ਜਿਲ੍ਹਾ ਪਟਿਆਲਾ ਤੋਂ ਇੱਥੇ ਆਪਣਾ ਘਰ ਬਣਾ ਕੇ ਰਹਿ ਰਿਹਾ ਸੀ ਦੋਵੇਂ ਆਪਸ ’ਚ ਗੁਆਂਢੀ ਸਨ। ਗੁਰਜੀਤ ਸਿੰਘ ਆਪਣੀ ਕੋਠੀ ਦੇ ਗੇਟ ਅੱਗੇ ਰੈਪ ਬਣ ਰਿਹਾ ਸੀ। ਰੈਪ ਬਣਨ ’ਤੇ ਸਵਰਨ ਸਿੰਘ ਨੇ ਇਤਰਾਜ ਜਤਾਇਆ ਜਿਸ ਕਰਕੇ ਦੋਵਾਂ ’ਚ ਝਗੜਾ ਹੋ ਗਿਆ।

ਇਸ ਮੌਕੇ ਪਿੰਡ ਦੀ ਪੰਚਾਇਤ ਵੀ ਇਕੱਠੀ ਹੋ ਗਈ ਤੇ ਭਰੀ ਪੰਚਾਇਤ ਵਿੱਚ ਹੀ ਸਵਰਨ ਸਿੰਘ ਨੇ ਗੁਰਜੀਤ ਸਿੰਘ (ਪਲਵਾਨ) ਦੇ ਪੇਟ ’ਚ ਛੁਰਾ ਮਾਰ ਕੇ ਆਰ ਪਾਰ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਗੁਰਜੀਤ ਸਿੰਘ ਨੂੰ ਮੌਕੇ ’ਤੇ ਕੁਝ ਲੋਕ ਇਲਾਜ ਲਈ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਗੁਰਜੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਗੁਰਜੀਤ ਸਿੰਘ ਆਪਣੇ ਪਿੱਛੇ ਮਾਤਾ, ਪਤਨੀ ਤੇ ਦੋ ਛੋਟੇ ਬੱਚੇ ਛੱਡ ਗਿਆ ਹੈ। ਗੁਰਜੀਤ ਸਿੰਘ ਦੇ ਭਤੀਜੇ ਅਜਾਦ ਸਿੰਘ ਨੇ ਕਿਹਾ ਕਿ ਉਸਦੇ ਚਾਚੇ ਨੂੰ ਸਵਰਨ ਸਿੰਘ ਧੜੇ ਨੇ ਇੱਕ ਸਾਜਿਸ਼ ਤਹਿਤ ਕਤਲ ਕੀਤਾ ਹੈ।

ਉਸ ਕੋਲ ਚਾਚਾ ਜੀ ਦੇ ਫੋਨ ਆਉਂਦੇ ਰਹਿੰਦੇ ਸਨ ਕਿ ਇਹ ਲੋਕ ਉਸਨੂੰ ਅਕਸਰ ਹੀ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਹਨ। ਜਿਸ ਤੋਂ ਸਾਬਤ ਹੁੰਦਾ ਹੈ ਕਿ ਰੈਪ ਦਾ ਤਾਂ ਬਹਾਨਾ ਬਣਾਇਆ ਹੈ, ਇਨ੍ਹਾਂ ਨੇ ਇੱਕ ਸਾਜਿਸ਼ ਤਹਿਤ ਇਕੱਠੇ ਹੋ ਕੇ ਕਤਲ ਕੀਤਾ ਹੈ। ਖਬਰ ਲਿਖੇ ਜਾਣ ਤੱਕ ਸਨੌਰ ਪੁਲਿਸ ਮਾਮਲੇ ਦੀ ਜਾਂਚ ਕਰਨ ’ਚ ਜੁਟੀ ਹੋਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.