ਪੰਜਾਬ

ਮੋਤੀ ਮਹਿਲਾਂ ਵੱਲ ਵਧਣ ਮੌਕੇ ਸਫਾਈ ਸੇਵਕਾਂ ਦੀ ਹੋਈ ਪੁਲਿਸ ਨਾਲ ਧੱਕਾ-ਮੁੱਕੀ

Striking Police, Cleaning, Workers, Moti Mahal

ਪੁਲਿਸ ਨੇ ਬੈਰੀਕੇਡ ਲਾ ਕੇ ਸਫ਼ਾਈ ਸੇਵਕਾਂ ਨੂੰ ਫੁਹਾਰਾ ਚੌਂਕ ਨੇੜੇ ਰੋਕਿਆ

ਸਫਾਈ ਸੇਵਕਾਂ ਵੱਲੋਂ ਕੈਪਟਨ ਸਰਕਾਰ ਮੁਰਦਾਬਾਦ ਦੇ ਲਗਾਏ ਨਾਅਰੇ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਸੂਬੇ ਭਰ ਦੇ ਸਫਾਈ ਸੇਵਕਾਂ ਵੱਲੋਂ ਅੱਜ ਇੱਥੇ ਮੁੱਖ ਮੰਤਰੀ ਦੇ ਸ਼ਹਿਰ ਅੰਦਰ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਪੁਲਿਸ ਨਾਲ ਉਨ੍ਹਾਂ ਦੀ ਉਸ ਸਮੇਂ ਧੱਕਾ ਮੁੱਕੀ ਹੋ ਗਈ, ਜਦੋਂ ਉਹ ਮੋਤੀ ਮਹਿਲ ਵੱਲ ਵਧਣ ਦਾ ਯਤਨ ਕਰ ਰਹੇ ਸਨ। ਇਸ ਦੌਰਾਨ ਭਾਰੀ ਗਿਣਤੀ ਪੁਲਿਸ ਫੋਰਸ ਵੱਲੋਂ ਬੈਰੀਕੇਡ ਲਾ ਕੇ ਇਨ੍ਹਾਂ ਸਫਾਈ ਸੇਵਕਾਂ ਨੂੰ ਫੁਹਾਰਾ ਚੌਂਕ ਨੇੜੇ ਹੀ ਰੋਕ ਲਿਆ। ਇਕੱਠੇ ਹੋਏ ਇਨ੍ਹਾਂ ਸਫਾਈ ਸੇਵਕਾਂ ਵੱਲੋਂ ਇੱਥੇ ਹੀ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਸ਼ੁਰੂ ਕਰਕੇ ਆਪਣਾ ਧਰਨਾ ਸ਼ੁਰੂ ਕਰ ਦਿੱਤਾ। ਉਂਜ ਕੁਝ ਸਮੇਂ ਬਾਅਦ ਪ੍ਰਸ਼ਾਸਨ ਵੱਲੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਾਲ 21 ਨਵੰਬਰ ਨੂੰ ਮੀਟਿੰਗ ਦਾ ਸਮਾਂ ਦਿਵਾ ਕੇ ਧਰਨਾ ਖਤਮ ਕਰਵਾਉਣ ਦਾ ਪੈਤੜਾਂ ਵਰਤਿਆ।

ਜਾਣਕਾਰੀ ਅਨੁਸਾਰ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ‘ਤੇ ਅੱਜ ਵੱਡੀ ਗਿਣਤੀ ‘ਚ ਠੇਕੇਦਾਰੀ ਸਿਸਟਮ ਤਹਿਤ ਨਗਰ ਨਿਗਮ, ਨਗਰ ਕੌਂਸਲਾਂ ‘ਚ ਕੰਮ ਕਰ ਰਹੇ ਸਫਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਮਹਿਲਾਂ ਵੱਲ ਰੋਸ ਪ੍ਰਦਰਸ਼ਨ ਕਰਨਾ ਸੀ। ਪੁਲਿਸ ਵੱਲੋਂ ਪਹਿਲਾਂ ਹੀ ਫੁਹਾਰਾ ਚੌਂਕ ਦੇ ਨੇੜੇ ਮਾਲ ਰੋਡ ‘ਤੇ ਬੈਰੀਕੇਡ ਲਗਾ ਕੇ ਆਪਣੇ ਪ੍ਰਬੰਧ ਕੀਤੇ ਹੋਏ ਸਨ। ਜਦੋਂ ਸਫਾਈ ਸੇਵਕ ਮਾਰਚ ਕਰਦੇ ਹੋਏ ਮੋਤੀ ਮਹਿਲਾਂ ਵੱਲ ਜਾਣ ਲਈ ਬਜਿੱਦ ਹੋਏ ਤਾਂ ਪੁਲਿਸ ਨਾਲ ਇਨ੍ਹਾਂ ਦੀ ਫੁਹਾਰਾ ਚੌਂਕ ਨੇੜੇ ਚੰਗੀ ਧੱਕਾ ਮੁੱਕੀ ਹੋਈ ਅਤੇ ਉਨ੍ਹਾਂ ਨੂੰ ਅੱਗੇ ਨਾ ਜਾਣ ਦਿੱਤਾ ਗਿਆ।

ਇਸ ਮੌਕੇ ਸਫਾਈ ਸੇਵਕ ਆਗੂਆਂ ਨੇ ਕੁਲਦੀਪ ਸਿੰਘ, ਪ੍ਰਕਾਸ਼ ਚੰਦ, ਧਰਮਪਾਲ ਤੇ ਸੁਨੀਲ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਨਿਗੂਣੀ ਤਨਖਾਹ ‘ਤੇ ਠੇਕੇਦਾਰੀ ਸਿਸਟਮ ਤਹਿਤ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਜਿਆਦਾਤਰ ਗਰੀਬ ਲੋਕ ਹੀ ਜੁੜੇ ਹੋਏ ਹਨ ਪਰ ਉਨ੍ਹਾਂ ਨੂੰ ਸਿਰਫ 5 ਹਜ਼ਾਰ ਰੁਪਏ ਦੇ ਕੇ ਠੇਕੇਦਾਰੀ ਸਿਸਟਮ ਤਹਿਤ ਸ਼ੋਸ਼ਣ ਕੀਤਾ ਜਾ ਰਿਹਾ ਹੈ।

ਆਗੂਆਂ ਨੇ ਕਿਹਾ ਕਿ ਉਹ ਪਹਿਲਾਂ ਵੀ ਸਰਕਾਰ ਦੇ ਮੰਤਰੀ ਨੂੰ ਮੰਗ ਪੱਤਰ ਦੇ ਕੇ ਆਪਣੀਆਂ ਮੰਗਾਂ ਪ੍ਰਤੀ ਜਾਣੂ ਕਰਵਾ ਚੁੱਕੇ ਹਨ ਪਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ। ਉਨ੍ਹਾਂ ਮੰਗ ਕੀਤੀ ਕਿ ਠੇਕੇਦਾਰੀ ਸਿਸਟਮ ਤਹਿਤ ਕੰਮ ਕਰਦੇ ਸਾਰੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, 2004 ਵਾਲੀ ਪੈਨਸ਼ਨ ਬਹਾਲ ਕੀਤੀ ਜਾਵੇ, ਛੇਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਤੇ ਸਫਾਈ ਸੇਵਕਾਂ ਦੀਆਂ ਖਾਲੀ ਪਈਆਂ ਪੋਸਟਾਂ ਭਰੀਆਂ ਜਾਣ।

ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਅੰਦਰ 15 ਹਜ਼ਾਰ ਦੇ ਕਰੀਬ ਸਫਾਈ ਸੇਵਕ ਨਿਗੂਣੀ ਤਨਖਾਹ ਲੈ ਕੇ ਗਲੀ ਮਹੁੱਲਿਆਂ ਦਾ ਗੰਦ ਸਾਫ ਕਰ ਰਹੇ ਹਨ। ਇਸ ਦੌਰਾਨ ਇਕੱਠੇ ਹੋਏ ਸਫਾਈ ਸੇਵਕਾਂ ਜਿਨ੍ਹਾਂ ‘ਚ ਔਰਤਾਂ ਵੀ ਸ਼ਾਮਲ ਸਨ ਵੱਲੋਂ ਸਰਕਾਰ ਦਾ ਰੱਜ ਕੇ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਐੱਸਪੀ ਸਿਟੀ ਕੇਸਰ ਸਿੰਘ, ਡੀਐੱਸਪੀ ਸਿਟੀ 1 ਯੋਗੇਸ ਸ਼ਰਮਾ, ਡੀਐੱਸਪੀ ਟਰੈਫਿਕ ਸੌਰਵ ਜਿੰਦਲ, ਥਾਣਾ ਮੁਖੀ ਗੁਰਨਾਮ ਸਿੰਘ, ਗੁਰਦੀਪ ਸਿੰਘ ਸਮੇਤ ਵੱਡੀ ਗਿਣਤੀ ‘ਚ ਪੁਲਿਸ ਫੋਰਸ ਮੌਜ਼ੂਦ ਸੀ।

21 ਨਵੰਬਰ ਨੂੰ ਮੀਟਿੰਗ ਦਾ ਸਮਾਂ ਦਿਵਾ ਕੇ ਧਰਨਾ ਚੁਕਾਇਆ

ਸਫਾਈ ਸੇਵਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਐੱਸਪੀ ਸਿਟੀ ਕੇਸਰ ਸਿੰਘ ਵੱਲੋਂ ਤਹਿਸੀਲਦਾਰ ਪ੍ਰਵੀਨ ਕੁਮਾਰ ਮੰਗ ਪੱਤਰ ਦਿਵਾਇਆ ਗਿਆ ਤੇ ਲਿਖਤੀ ਰੂਪ ‘ਚ ਇਨ੍ਹਾਂ ਸਫਾਈ ਸੇਵਕਾਂ ਦੀ ਮੀਟਿੰਗ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ 21 ਨਵੰਬਰ ਨੂੰ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ। ਇਸ ਦੌਰਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਮੀਟਿੰਗ ਸਿਰਫ ਲੋਲੀਪੋਪ ਸਾਬਤ ਹੋਈ ਤਾਂ ਇਸ ਤੋਂ ਬਾਅਦ ਉਹ ਮੁੜ ਸੰਘਰਸ਼ ਦੇ ਰਾਹ ਪੈਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top