ਸੁਖਬੀਰ ਬਾਦਲ ਨਹੀਂ ਹੋਏ ਪੇਸ਼, 14 ਮਾਰਚ ਆਖ਼ਰੀ ਮੌਕਾ ਨਹੀਂ ਤਾਂ ਹੋਏਗੀ ਸਖ਼ਤ ਕਾਰਵਾਈ

0
Sukhbir Badal, Appeared, March, Action, Taken

ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਕੀਤਾ ਹੋਇਆ ਸੀ ਤਲਬ

ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਅੱਗੇ ਇੱਕ ਵਾਰ ਫਿਰ ਤੋਂ ਸੁਖਬੀਰ ਬਾਦਲ ਪੇਸ਼ ਨਹੀਂ ਹੋਏ ਹਨ। ਸੁਖਬੀਰ ਬਾਦਲ ਦੀ ਵਾਰ-ਵਾਰ ਗੈਰਹਾਜ਼ਰੀ ਨੂੰ ਦੇਖ ਕੇ ਵਿਸ਼ੇਸ਼ ਅਧਿਕਾਰੀ ਕਮੇਟੀ ਦੇ ਮੈਂਬਰ ਕਾਫ਼ੀ ਜ਼ਿਆਦਾ ਗਰਮ ਵੀ ਹੋਏ ਪਰ ਫਿਰ ਇੱਕ ਆਖਰੀ ਮੌਕਾ ਦਿੰਦੇ ਹੋਏ ਸੁਖਬੀਰ ਬਾਦਲ ਨੂੰ 14 ਮਾਰਚ ਲਈ ਸਮਾਂ ਦੇ ਦਿੱਤਾ ਗਿਆ ਹੈ। ਹੁਣ ਸੁਖਬੀਰ ਬਾਦਲ ਨੂੰ ਹਰ ਹਾਲਤ ਵਿੱਚ 14 ਮਾਰਚ ਨੂੰ ਪੇਸ਼ ਹੋਣਾ ਪਏਗਾ, ਨਹੀਂ ਤਾਂ ਕਮੇਟੀ ਉਨ੍ਹਾਂ ਖ਼ਿਲਾਫ਼ ਕੋਈ ਵੀ ਸਖ਼ਤ ਕਾਰਵਾਈ ਦੇ ਆਦੇਸ਼ ਤੱਕ ਜਾਰੀ ਕਰ ਸਕਦੀ ਹੈ। ਇਸ ਸਬੰਧੀ ਕਮੇਟੀ ਵੱਲੋਂ ਸੁਖਬੀਰ ਬਾਦਲ ਨੂੰ ਅਗਾਹ ਵੀ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਸੁਖਬੀਰ ਬਾਦਲ ਵੱਲੋਂ ਸਾਲ 2017 ‘ਚ ਵਿਧਾਨ ਸਭਾ ਦੇ ਸਦਨ ਦੇ ਅੰਦਰ ਸਪੀਕਰ ਰਾਣਾ ਕੇ. ਪੀ. ਸਿੰਘ ਦੀ ਸ਼ਾਨ ‘ਚ ਕਾਫ਼ੀ ਜ਼ਿਆਦਾ ਗਲਤ ਸ਼ਬਦਾਂ ਦੀ ਵਰਤੋਂ ਕਰਨ ਦੇ ਨਾਲ ਹੀ ਉਨ੍ਹਾਂ ਵੱਲ ਕੁਝ ਕਾਗ਼ਜ਼ ਵੀ ਸੁੱਟੇ ਸਨ। ਇਸ ਤੋਂ ਬਾਅਦ ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਸੁਖਬੀਰ ਬਾਦਲ ਖ਼ਿਲਾਫ਼ ਵਿਸ਼ੇਸ਼ ਅਧਿਕਾਰੀ ਉਲੰਘਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਪਾਸ ਕਰਦੇ ਹੋਏ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜ ਦਿੱਤਾ ਗਿਆ ਸੀ।

ਇਸ ਮਾਮਲੇ ‘ਚ ਕਾਫ਼ੀ ਲੰਮੀ ਪ੍ਰਕਿਰਿਆ ਤੋਂ ਬਾਅਦ ਸੁਖਬੀਰ ਬਾਦਲ ਨੂੰ 6 ਫਰਵਰੀ ਲਈ ਨੋਟਿਸ ਜਾਰੀ ਕਰਕੇ ਤਲਬ ਕੀਤਾ ਗਿਆ ਸੀ। ਬਾਦਲ ਕਮੇਟੀ ਅੱਗੇ ਪੇਸ਼ ਨਹੀਂ ਹੋਏ ਸਨ ਤੇ ਵਿਸ਼ੇਸ਼ ਅਧਿਕਾਰ ਕਮੇਟੀ ਨੇ ਮੁੜ ਤੋਂ 11 ਫਰਵਰੀ ਨੂੰ ਤਲਬ ਕੀਤਾ ਸੀ ਪਰ ਉਸ ਦਿਨ ਵੀ ਸੁਖਬੀਰ ਬਾਦਲ ਪੇਸ਼ ਨਹੀਂ ਹੋਏ ਸਨ ਤੇ ਉਨ੍ਹਾਂ ਨੇ 15 ਦਿਨ ਦਾ ਸਮਾਂ ਮੰਗਿਆ ਸੀ।

ਉਨ੍ਹਾਂ ਦੀ ਇਸ ਮੰਗ ਨੂੰ ਸਵੀਕਾਰ ਕਰਦੇ ਹੋਏ ਮੁੜ ਤੋਂ ਤਲਬ ਕੀਤਾ ਗਿਆ ਸੀ। ਉਨ੍ਹਾਂ ਨੂੰ 5 ਮਾਰਚ ਮੰਗਲਵਾਰ ਨੂੰ ਕਮੇਟੀ ਅੱਗੇ ਪੇਸ਼ ਹੋਣਾ ਸੀ ਪਰ ਮੰਗਲਵਾਰ ਨੂੰ ਸੁਖਬੀਰ ਬਾਦਲ ਕਮੇਟੀ ਅੱਗੇ ਪੇਸ਼ ਨਹੀਂ ਹੋਏ, ਜਿਸ ਤੋਂ ਬਾਅਦ ਹੁਣ ਸੁਖਬੀਰ ਬਾਦਲ ਨੂੰ ਆਖ਼ਰੀ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਨੂੰ ਹਰ ਹਾਲਤ ‘ਚ 14 ਮਾਰਚ ਨੂੰ ਪੇਸ਼ ਹੋਣਾ ਪਏਗਾ ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਕੋਈ ਵੀ ਸਖ਼ਤ ਆਦੇਸ਼ ਜਾਰੀ ਹੋ ਸਕਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।