Breaking News

ਸੰਗਰੂਰ ਸ਼ਹਿਰ ‘ਚ ਸੁਖਬੀਰ ਬਾਦਲ ਦੀ ਗੱਡੀ ‘ਤੇ ਹਮਲਾ

Sukhbir Singh Badal, Attack, Vehicle

ਪਟਿਆਲਾ ਰੈਲੀ ਦੀਆਂ ਤਿਆਰੀਆਂ ਸਬੰਧੀ ਅਕਾਲੀ ਦਲ ਦੀ ਮੀਟਿੰਗ

ਗੱਡੀ ‘ਤੇ ਡਾਂਗਾਂ ਮਾਰੀਆਂ, ਸੁੱਟੀਆਂ ਜੁੱਤੀਆਂ

ਗੁਰਪੀਤ ਸਿੰਘ, ਸੰਗਰੂਰ

ਸੰਗਰੂਰ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਵਿੱਚ ਹਿੱਸਾ ਲੈਣ ਆ ਰਹੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਡੀ ‘ਤੇ ਗਰਮ ਖਿਆਲੀ ਜਥੇਬੰਦੀਆਂ ਨੇ ਡਾਂਗਾਂ ਨਾਲ ਹਮਲਾ ਕਰ ਦਿੱਤਾ। ਗੱਡੀ ਵਿੱਚ ਮੌਜ਼ੂਦ ਸੁਖਬੀਰ ਬਾਦਲ ਤਾਂ ਭਾਵੇਂ ਵਾਲ-ਵਾਲ ਬਚ ਗਏ ਪਰ ਉਨ੍ਹਾਂ ਦੀ ਗੱਡੀ ‘ਤੇ ਕਈ ਥਾਈਂ ਚਿੱਬ ਪੈ ਗਏ। ਪ੍ਰਦਰਸ਼ਨਕਾਰੀਆਂ ਵੱਲੋਂ ਉਨ੍ਹਾਂ ਦੀ ਗੱਡੀ ਵੱਲ ਨੂੰ ਜੁੱਤੀਆਂ ਵੀ ਸੁੱਟੀਆਂ ਗਈਆਂ। ਮੌਕੇ ‘ਤੇ ਮੌਜ਼ੂਦ ਪੁਲਿਸ ਦੀ ਟੁਕੜੀ ਸੁਰੱਖਿਆ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਅਸਫ਼ਲ ਹੁੰਦੀ ਨਜ਼ਰ ਆਈ।

ਮੌਕੇ ਤੋਂ ਹਾਸਲ ਜਾਣਕਾਰੀ ਮੁਤਾਬਕ ਅੱਜ ਸੁਖਬੀਰ ਸਿੰਘ ਬਾਦਲ ਵੱਲੋਂ ਸੰਗਰੂਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਰੱਖੀ ਗਈ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਆਉਣਾ ਸੀ। ਇਸ ਬਾਰੇ ਬੀਤੇ ਦਿਨ ਤੋਂ ਕੁਝ ਗਰਮ ਖਿਆਲੀ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਹੋਇਆ ਸੀ ਕਿ ਉਹ ਸੁਖਬੀਰ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨਗੇ ਅਤੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਨਹੀਂ ਹੋਣ ਦੇਣਗੇ। ਇਸ ਐਲਾਨ ਦੇ ਬਾਵਜ਼ੂਦ ਪੁਲਿਸ ਨੇ ਇਸ ਮਾਮਲੇ ‘ਤੇ ਪੂਰੀ ਤਰ੍ਹਾਂ ਢਿੱਲ ਵਰਤੀ ਰੱਖੀ।

ਪ੍ਰਦਰਸ਼ਨਕਾਰੀ ਵੱਡੀ ਗਿਣਤੀ ਵਿੱਚ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਇਕੱਠੇ ਹੋਣ ਲੱਗੇ ਅਤੇ ਹੌਲੀ-ਹੌਲੀ ਗੁਰਦੁਆਰਾ ਨਾਨਕਿਆਣਾ ਕੋਲ ਇਕੱਤਰ ਹੋ ਗਏ। ਪ੍ਰਦਰਸ਼ਨਕਾਰੀਆਂ ‘ਚ ਕੁਝ ਮਹਿਲਾਵਾਂ ਵੀ ਸ਼ਾਮਲ ਸਨ ਤੇ ਉਨ੍ਹਾਂ ਨੇ ਹੱਥਾਂ ‘ਚ ਕਾਲੀਆਂ ਝੰਡੀਆਂ ਫੜ ਕੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਨਾਅਰੇਬਾਜ਼ੀ ਆਰੰਭ ਕਰ ਦਿੱਤੀ। ਪ੍ਰਦਰਸ਼ਨਕਾਰੀਆਂ ਦੇ ਗਰਮ ਰੁਖ ਨੂੰ ਭਾਂਪਦਿਆਂ ਉਥੇ ਪੁਲਿਸ ਪਾਰਟੀ ਵੀ ਐਸਪੀ ਸੰਗਰੂਰ, ਡੀਐਸਪੀ ਦੀ ਅਗਵਾਈ ‘ਚ ਪਹੁੰਚ ਗਏ। ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕਰਦੀ ਰਹੀ ਕਿ ਉਹ ਸ਼ਾਂਤਮਈ ਢੰਗ ਨਾਲ ਆਪਣਾ ਵਿਰੋਧ ਕਰਨ ਪਰ ਟਕਰਾਅ ਹੋਣ ਦੀ ਸੰਭਾਵਨਾ ਦੇ ਬਾਵਜ਼ੂਦ ਉਨ੍ਹਾਂ ਨੂੰ ਉਥੋਂ ਪਾਸੇ ਕਰਨ ਦਾ ਯਤਨ ਨਹੀਂ ਕੀਤਾ।

ਪ੍ਰਦਰਸ਼ਨਕਾਰੀ ਅਕਾਲੀ ਦਲ ਦੀ ਮੀਟਿੰਗ ‘ਚ ਆਉਣ ਵਾਲੀ ਹਰ ਗੱਡੀ ਮੂਹਰੇ ਕਾਲੀਆਂ ਝੰਡੀਆਂ ਦਿਖਾ ਰਹੇ ਸਨ। ਪ੍ਰਦਰਸ਼ਨਕਾਰੀ ਦੁਪਹਿਰ 2 ਵਜੇ ਤੋਂ ਖੜ੍ਹੇ ਰਹੇ ਜਿਉਂ ਹੀ ਸੁਖਬੀਰ ਬਾਦਲ ਦੀਆਂ ਗੱਡੀਆਂ ਦਾ ਕਾਫ਼ਲਾ ਸਾਢੇ ਤਿੰਨ ਵਜੇ ਦੇ ਕਰੀਬ ਉਥੋਂ ਦੀ ਲੰਘਣ ਲੱਗਿਆ ਤਾਂ ਇਕਦਮ ਵੱਡੀ ਗਿਣਤੀ ਪ੍ਰਦਰਸ਼ਨਕਾਰੀ ਪੁਲਿਸ ਦੀਆਂ ਰੋਕਾਂ ਤੋੜ ਕੇ ਸੁਖਬੀਰ ਦੀ ਗੱਡੀ ਵੱਲ ਨੂੰ ਪੈ ਨਿੱਕਲੇ ਅਤੇ ਉਨ੍ਹਾਂ ਦੀ ਗੱਡੀ ‘ਤੇ ਡਾਂਗਾਂ ਮਾਰਨ ਲੱਗੇ। ਇੱਕ ਪ੍ਰਦਰਸ਼ਨਕਾਰੀ ਨੇ ਗੱਡੀ ਵੱਲ ਜੁੱਤੀ ਵੀ ਵਗਾਹ ਮਾਰੀ। ਕਾਫ਼ਲੇ ਦੀਆਂ ਗੱਡੀਆਂ ਨੂੰ ਤੇਜ਼ੀ ਨਾਲ ਉਥੋਂ ਦੀ ਕੱਢਿਆ ਗਿਆ। ਇਸ ਪਿੱਛੋਂ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਕੁਝ ਚਿਰ ਖਿੱਚ ਧੂਹ ਵੀ ਹੋਈ।

ਇਸ ਸਬੰਧੀ ਡਾ. ਸੰਦੀਪ ਗਰਗ ਐੱਸਐੱਸਪੀ ਨੇ ਦੱਸਿਆ ਕਿ ਅੱਜ ਸੁਖਬੀਰ ਬਾਦਲ ਦੇ ਕਾਫ਼ਲੇ ‘ਤੇ ਹਮਲਾ ਕਰਨ ਵਾਲੇ 30 ਤੋਂ 35 ਅਣਪਛਾਤੇ ਵਿਅਕਤੀਆਂ ‘ਤੇ ਪਰਚਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ

ਵਾਪਸੀ ਵੇਲੇ ਅਕਾਲੀ ਵਰਕਰਾਂ ਨੇ ਦਿਖਾਇਆ ਹਮਲਾਵਰ ਰੁਖ਼ :

ਮੀਟਿੰਗ ਦੀ ਸਮਾਪਤੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਜਿਨ੍ਹਾਂ ਵਿੱਚ ਵਿਨਰਜੀਤ ਗੋਲਡੀ, ਕਰਨ ਘੁਮਾਣ, ਮਹੀਂਪਾਲ ਸਿੰਘ ਭੂਲਣ ਦੀ ਅਗਵਾਈ ਵਿੱਚ ਵੱਡੀ ਗਿਣਤੀ ਆਗੂਆਂ ਨੇ ਸੁਖਬੀਰ ਦੀ ਗੱਡੀ ਦੇ ਅੱਗੇ ਪੈਦਲ ਚੱਲ ਕੇ ਲਗਭਗ ਇੱਕ ਕਿਲੋਮੀਟਰ ਦਾ ਫਾਸਲਾ ਤੈਅ ਕੀਤਾ। ਪੁਲਿਸ ਨੇ ਗਰਮ ਖਿਆਲੀ ਪ੍ਰਦਰਸ਼ਨਕਾਰੀਆਂ ਨੂੰ ਨੇੜਲੇ ਕਾਰ ਸੇਵਾ ਵਾਲਿਆਂ ਦੇ ਗੁਰਦੁਆਰਾ ਸਾਹਿਬ ਵਿਖੇ ਬੰਦ ਕੀਤਾ ਹੋਇਆ ਸੀ। ਅਕਾਲੀ ਵਰਕਰਾਂ ਨੇ ਸੜਕ ‘ਤੇ ਖੜ੍ਹ ਕੇ ਜ਼ੋਰ ਦੀ ਨਾਅਰੇਬਾਜ਼ੀ ਸ਼ੁਰੂ ਕੀਤੀ ਤੇ ਉਹ ਅੰਦਰੋਂ ਨਾਅਰੇਬਾਜ਼ੀ ਕਰ ਰਹੇ ਸਨ। ਪੁਲਿਸ ਨੇ ਉਨ੍ਹਾਂ ਨੂੰ ਬਾਹਰ ਨਿੱਕਲਣ ਨਹੀਂ ਦਿੱਤਾ। ਸੁਖਬੀਰ ਬਾਦਲ ਨੇ ਗੱਡੀ ਬਹੁਤ ਹੌਲੀ ਸਪੀਡ ਵਿੱਚ ਰਖਵਾ ਕੇ ਗਰਮ ਖਿਆਲੀਆਂ ਦੀ ਚੁਣੌਤੀ ਨੂੰ ਵੀ ਸਵੀਕਾਰਿਆ।

ਐਸ.ਐਸ.ਪੀ. ਨੇ ਉਨ੍ਹਾਂ ਦੀ ਗੱਡੀ ‘ਤੇ ਹਮਲਾ ਕਰਵਾਇਆ : ਸੁਖਬੀਰ ਬਾਦਲ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਸਾਨੂੰ ਦਬਾ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਸੰਗਰੂਰ ਵਿੱਚ ਕੁਝ ਵਿਅਕਤੀਆਂ ਵੱਲੋਂ ਕਾਫ਼ਲੇ ਦੀ ਗੱਡੀ ‘ਤੇ ਹਮਲਾ ਕੀਤਾ ਗਿਆ, ਉਹ ਜ਼ਿਲ੍ਹਾ ਪੁਲਿਸ ਮੁਖੀ ਦੀ ਸ਼ਹਿ ‘ਤੇ ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਚਾਹੇ ‘ਤੇ ਇੰਨੇ ਥੋੜ੍ਹੀ ਗਿਣਤੀ ਦੇ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰ ਸਕਦੀ ਸੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ ‘ਤੇ ਸਾਰਾ ਹਿਸਾਬ-ਕਿਤਾਬ ਕੀਤਾ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top