Breaking News

‘ਧੀਆਂ’ ਨੂੰ ਪੜ੍ਹਾਉਣ ਦਾ ਸੁਨੇਹਾ ਦੇਵੇਗਾ ‘ਸਵਿੱਤਰੀ ਬਾਈ ਫੂਲੇ’ ਦਾ ਬੁੱਤ

SwatiBaiPhule, Message, Daughters

ਪਿੰਡ ਸੱਦਾ ਸਿੰਘ ਵਾਲਾ ਦੇ ਸਕੂਲ ‘ਚ ਸਥਾਪਿਤ ਕੀਤਾ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਦਾ ਬੁੱਤ

ਉੱਤਰੀ ਭਾਰਤ ਦੇ ਕਿਸੇ ਸਕੂਲ ‘ਚ ਲੱਗਿਆ ਹੈ ਇਹ ਪਹਿਲਾ ਬੁੱਤ

ਮਾਨਸਾ, ਸੁਖਜੀਤ ਮਾਨ

ਜ਼ਿਲ੍ਹੇ ਦੇ ਪਿੰਡ ਸੱਦਾ ਸਿੰਘ ਵਾਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ‘ਚ ਲੱਗਿਆ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਸਵਿੱਤਰੀ ਬਾਈ ਫੂਲੇ ਦਾ ਬੁੱਤ ਧੀਆਂ ਨੂੰ ਪੜ੍ਹਾਉਣ ਦਾ ਸੰਦੇਸ਼ ਦੇਵੇਗਾ। ਪੂਰੇ ਪੰਜਾਬ ‘ਚ ਕਿਸੇ ਵੀ ਸਕੂਲ ‘ਚ ਇਸ ਮਹਾਨ ਮਹਿਲਾ ਦਾ ਬੁੱਤ ਨਹੀਂ ਲੱਗਿਆ ਇਹ ਤਾਂ ਸਪੱਸ਼ਟ ਹੈ ਪਰ ਇਸ ਕਾਰਜ਼ ਨਾਲ ਜੁੜੇ ਵਿਅਕਤੀਆਂ ਦਾ ਦਾਅਵਾ ਹੈ ਕਿ ਉੱਤਰੀ ਭਾਰਤ ‘ਚ ਵੀ ਕਿਸੇ ਸਕੂਲ ‘ਚ ਇਹ ਬੁੱਤ ਨਹੀਂ ਲੱਗਿਆ। ਦਿੱਲੀ ਦੀ ਇੱਕ ਫਰਮ ਤੋਂ ਤਿਆਰ ਕਰਵਾਇਆ ਇਹ ਬੁੱਤ 5 ਫੁੱਟ 7 ਇੰਚ ਦਾ ਹੈ ਜੋ ਫਾਈਬਰ ਦਾ ਬਣਿਆ ਹੋਇਆ ਹੈ । ਇਸ ਬੁੱਤ ਨੂੰ ਤਿਆਰ ਕਰਨ ‘ਤੇ 52 ਹਜ਼ਾਰ ਰੁਪਏ ਖਰਚ ਆਇਆ ਹੈ।

ਸਕੂਲ ਦੇ ਵਿਹੜੇ ‘ਚ ਲੱਗੇ ਇਸ ਬੁੱਤ ਕੋਲ ਸਵਿੱਤਰੀ ਬਾਈ ਫੂਲੇ ਦੇ ਜੀਵਨ ਬਾਰੇ ਝਾਤ ਪਾਉਂਦੇ ਬੋਰਡ ਦੀਆਂ ਪਹਿਲੀਆਂ ਤਿੰਨ ਸਤਰਾਂ ਬਿਲਕੁਲ ਸੱਚ ਦਰਸਾਉਂਦੀਆਂ ਨੇ ਕਿ ”ਸਮਾਜ ਸੇਵਿਕਾ, ਕਵੀ ਅਤੇ ਦਲਿਤਾਂ ਲਈ ਅਵਾਜ਼ ਉਠਾਉਣ ਵਾਲੀ ਸਵਿੱਤਰੀ ਬਾਈ ਫੂਲੇ ਦੇ ਜੀਵਨ ਬਾਰੇ ਅਜੇ ਵੀ ਦੇਸ਼ ਦੇ ਬਹੁਤੇ ਲੋਕ ਨਹੀਂ ਜਾਣਦੇ। ਇੱਥੋਂ ਤੱਕ ਕਿ ਬਹੁਤ ਸਾਰੀਆਂ ਔਰਤਾਂ ਵੀ ਇਸ ਗੱਲ ਤੋਂ ਅਣਜਾਣ ਹਨ ਕਿ ਅੱਜ ਜੇ ਉਹ ਸਿੱਖਿਅਤ ਹਨ, ਰੁਜ਼ਗਾਰ ਦੇ ਕਾਬਿਲ ਹਨ ਤਾਂ ਇਸ ‘ਚ ਸਵਿੱਤਰੀ ਬਾਈ ਫੂਲੇ ਦੀਆਂ ਅਣਥੱਕ ਕੋਸ਼ਿਸ਼ਾਂ ਦਾ ਬਹੁਤ ਯੋਗਦਾਨ ਹੈ।” ਸਰਕਾਰੀ ਐਲੀਮੈਂਟਰੀ ਸਕੂਲ ਸੱਦਾ ਸਿੰਘ ਵਾਲਾ ‘ਚ ਅਧਿਆਪਕ ਅਮੋਲਕ ਡੇਲੂਆਣਾ ਅਤੇ ਉਨ੍ਹਾਂ ਦੇ ਸਹਿਯੋਗੀ ਅਧਿਆਪਕ ਹਰਜੀਤ ਸਿੰਘ, ਸਿਕੰਦਰ ਕੁਮਾਰ, ਬਲਕਾਰ ਸਿੰਘ, ਗੁਰਪ੍ਰੀਤ ਕੌਰ, ਕੁਲਜੀਤ ਕੌਰ ਅਤੇ ਅੰਕਿਤਾ ਰਾਣੀ ਤੋਂ ਇਲਾਵਾ ਹੋਰਨਾਂ ਵੱਡੀ ਗਿਣਤੀ ਸਹਿਯੋਗੀਆਂ ਦੇ ਸਹਿਯੋਗ ਨਾਲ ਸਥਾਪਿਤ ਹੋਇਆ ਇਹ ਬੁੱਤ 52 ਹਜ਼ਾਰ ਰੁਪਏ ‘ਚ ਤਿਆਰ ਹੋਇਆ ਹੈ ਅਤੇ ਇਸ ਸਬੰਧੀ ਬਣਾਏ ਸਮਾਰਕ ‘ਚ ਸਥਾਪਿਤ ਕਰਨ ਸਮੇਤ ਕੁੱਲ ਪੌਣੇ 2 ਲੱਖ ਰੁਪਿਆ  ਖਰਚ ਹੋਇਆ ਹੈ।  ਬੁੱਤ ਸਥਾਪਤੀ ਸਬੰਧੀ ਰਾਸ਼ੀ ਇਕੱਤਰ ਕਰਨ ਦੀ ਗੱਲ ਵੀ ਰੌਚਕ ਹੈ। ਇਨ੍ਹਾਂ ਅਧਿਆਪਕਾਂ ਨੇ ਪੰਜਾਬ ਦੇ ਵਿਰਸੇ ‘ਚੋਂ ਅਲੋਪ ਹੋ ਚੁੱਕੀ ਵਿਆਹ ਵੇਲੇ ਲਏ ਜਾਂਦੇ ‘ਨਿਉਂਦੇ’ ਦੀ ਵਿਧੀ ਅਪਣਾਈ ਹੈ। ਉਨ੍ਹਾਂ ਦੱਸਿਆ ਕਿ ਕਈ ਸਕੂਲਾਂ ਦੇ ਅਧਿਆਪਕਾਂ ਨੇ ਇਸ ਸਬੰਧੀ ਸਹਾਇਤਾ ਕੀਤੀ ਹੈ ਉਨ੍ਹਾਂ ਨੂੰ ਸਕੂਲ ‘ਚ ਜ਼ਰੂਰਤ ਦੌਰਾਨ ਦੁੱਗਣੀ ਰਾਸ਼ੀ ਮੋੜੀ ਜਾਵੇਗੀ।  ਇਸ ਬੁੱਤ ਨੂੰ ਲਾਉਣ ਸਬੰਧੀ ਪੈਦਾ ਹੋਈ ਸੋਚ ਬਾਰੇ ਪੁੱਛਣ ‘ਤੇ ਅਮੋਲਕ ਡੇਲੂਆਣਾ ਨੇ ਦੱਸਿਆ ਕਿ ਬਹੁਤ ਸਾਰੇ ਸ਼ਹੀਦਾਂ ਆਦਿ ਦੇ ਬੁੱਤ ਦੇਸ਼ ‘ਚ ਲੱਗੇ ਹੋਏ ਹਨ ਜਿੰਨ੍ਹਾਂ ਤੋਂ ਲੋਕ ਜਾਣੂੰ ਵੀ ਹਨ ਪਰ ਦੇਸ਼ ਦੀ ਇਸ ਪਹਿਲੀ ਮਹਿਲਾ ਅਧਿਆਪਕਾ ਬਾਰੇ ਬਹੁਤ ਘੱਟ ਲੋਕ ਜਾਣੂੰ ਹਨ ਇਸ ਲਈ ਉਨ੍ਹਾਂ ਨੇ ਇਹ ਬੁੱਤ ਲਾਉਣ ਨੂੰ ਤਰਜੀਹ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਬੁੱਤ ਤਿਆਰ ਤਾਂ ਕਈ ਮਹੀਨੇ ਪਹਿਲਾਂ ਹੀ ਹੋ ਗਿਆ ਸੀ ਪਰ ਉਨ੍ਹਾਂ ਦੀ ਬਦਲੀ ਹੋਣ ਕਾਰਨ ਇਸਦੀ ਸਥਾਪਤੀ ‘ਚ ਵੀ ਦੇਰੀ ਹੋ ਗਈ ਕਿਉਂਕਿ ਸਕੂਲ ਦੇ ਬਾਕੀ ਅਧਿਆਪਕਾਂ ਦੀ ਇਹ ਸੋਚ ਸੀ ਕਿ ਉਨ੍ਹਾਂ ਦੇ ਮੁੜ ਤਬਾਦਲੇ ਮਗਰੋਂ ਹੀ ਇਸ ਨੂੰ ਸਥਾਪਿਤ ਕੀਤਾ ਜਾਵੇਗਾ। ਐਤਵਾਰ ਨੂੰ ਬੁੱਤ ਸਥਾਪਤੀ ਦੇ ਸਮਾਗਮ ‘ਚ ਉੱਤਰ ਪ੍ਰਦੇਸ਼ ਤੋਂ ਡਾ. ਰਮਾਇਣ ਰਾਮ, ਹਿਮਚਾਲ ਪ੍ਰਦੇਸ਼ ਤੋਂ ਡਾ. ਨਵਨੀਤ ਸ਼ਰਮਾ, ਬੀਆਰ ਅੰਬੇਦਕਰ ਯੂਨੀਵਰਸਿਟੀ ਦਿੱਲੀ ਤੋਂ ਨਵਕਿਰਨ ਨੱਤ, ਬਾਰਾਮੂਲਾ (ਕਸ਼ਮੀਰ) ਤੋਂ ਸ਼ੌਕਤ ਅਲੀ ਅਤੇ ਪਟਨਾ (ਬਿਹਾਰ) ਤੋਂ ਨੀਰਜ਼ ਪਟਨਾ, ਮਾਨਸਾ ਤੋਂ ਮਨਜੀਤ ਕੌਰ ਔਲਖ, ਸੁਖਦਰਸ਼ਨ ਨੱਤ, ਗੁਰੂ ਕਾਸ਼ੀ ਕਾਲਜ ਤਲਵੰਡੀ ਸਾਬੋ ਤੋਂ ਡਾ. ਕੁਮਾਰ ਸ਼ੁਸ਼ੀਲ ਅਤੇ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਤੋਂ ਡਾ. ਸੰਦੀਪ ਸਿੰਘ ਪਹੁੰਚੇ। ਇਨ੍ਹਾਂ ਸਖਸ਼ੀਅਤਾਂ ਨੇ ਸਵਿੱਤਰਾ ਬਾਈ ਫੂਲੇ ਨੂੰ ਸਲਾਮ ਕਰਦਿਆਂ ਉਨ੍ਹਾਂ ਦੇ ਜੀਵਨ ਸਬੰਧੀ ਵਿਚਾਰ ਚਰਚਾ ਕੀਤੀ।

ਸਿਲੇਬਸ ‘ਚ ਸ਼ਾਮਿਲ ਹੋਵੇ ਸਵਿੱਤਰੀ ਬਾਈ ਫੂਲੇ ਦੀ ਜੀਵਨੀ : ਅਧਿਆਪਕ

ਇਸ ਬੁੱਤ ਨੂੰ ਸਥਾਪਿਤ ਕਰਨ ਵਾਲੇ ਅਧਿਆਪਕਾਂ ਸਮੇਤ ਹੋਰਨਾਂ ਸਹਿਯੋਗੀਆਂ ਦੀ ਦਿਲੀ ਇੱਛਾ ਹੈ ਕਿ ਇਸ ਮਹਾਨ ਹਸਤੀ ਦੀ ਜੀਵਨ ਸ਼ੈਲੀ ਤੇ ਸਿੱਖਿਆਵਾਂ ਜਨ-ਜਨ ਤੱਕ ਪਹੁੰਚਾਉਣ ਲਈ ਸਕੂਲੀ ਸਿਲੇਬਸ ‘ਚ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਇਹ ਵੀ ਆਖਿਆ ਕਿ ਸਵਿੱਤਰੀ ਬਾਈ ਫੂਲੇ ਦਾ ਜਨਮ (3 ਜਨਵਰੀ 1831) ਅਤੇ ਸ਼ਹੀਦੀ ਦਿਵਸ (10 ਮਾਰਚ1897) ਨੂੰ ਹਰ ਸਾਲ ਮਨਾਇਆ ਜਾਵੇ ਤਾਂ ਜੋ ਇਨ੍ਹਾਂ ਦਿਵਸਾਂ ਤੋਂ ਮਹਿਲਾਵਾਂ ਨੂੰ ਸੇਧ ਮਿਲੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top