ਮੰਤਰੀ ਨੂੰ ਸੋਸ਼ਲ ਮੀਡੀਆ ’ਤੇ ਅਪਸ਼ਬਦ ਬੋੋਲਣਾ ਆਪ ਆਗੂ ਨੂੰ ਪਿਆ ਭਾਰੀ

0
106

ਆਪ ਦਾ ਜਿਲ੍ਹਾ ਆਗੂ ਨਾਭਾ ਪੁਲਿਸ ਵੱਲੋਂ ਗਿ੍ਰਫ਼ਤਾਰ

  • ਆਪ ਆਗੂ ਖਿਲਾਫ ਮਾੜੇ ਸ਼ਬਦ ਬੋਲਣ ਅਤੇ ਸਰਕਾਰੀ ਕੰਮ ਵਿੱਚ ਅੜਿੱਕਾ ਪਾਉਣ ਦਾ ਦੋਸ਼

ਤਰੁਣ ਕੁਮਾਰ ਸ਼ਰਮਾ, ਨਾਭਾ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਖ਼ਿਲਾਫ਼ ਸੋਸ਼ਲ ਮੀਡੀਆ ਉੱਤੇ ਅਪਸ਼ਬਦ ਬੋਲਣੇ ਉਸ ਸਮੇਂ ਭਾਰੀ ਪੈ ਗਏ ਜਦੋਂ ਨਾਭਾ ਪੁਲਿਸ ਵੱਲੋਂ ਉਸ ਨੂੰ ਗਿ੍ਰਫਤਾਰ ਕਰ ਲਿਆ ਗਿਆ। ਦੱਸਣਯੋਗ ਹੈ ਆਪ ਦੇ ਜ਼ਿਲ੍ਹਾ ਆਗੂ ਬੀਰੇਂਦਰ ਬਿੱਟੂ ਬੀਤੇ ਦਿਨੀਂ ਸਿਆਸੀ ਫਲੈਕਸ ਨੂੰ ਫੜੇ ਜਾਣ ’ਤੇ ਜੰਗਲਾਤ ਕਰਮਚਾਰੀਆਂ ਨਾਲ ਉਲਝਦੇ ਨਜ਼ਰ ਆਏ। ਮਾਮਲਾ ਉਨ੍ਹਾਂ ਨੇ ਆਪ ਜਾਂ ਉਨ੍ਹਾਂ ਦੇ ਸਮਰਥਕਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤਾ ਗਿਆ।

ਇਸ ਮੌਕੇ ਆਪ ਆਗੂ ਬਲਵਿੰਦਰ ਬਿੱਟੂ ਨੇ ਸਿੱਧੇ ਤੌਰ ’ਤੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਕਾਫੀ ਅਪਸ਼ਬਦ ਵੀ ਬੋਲੇ ਸਨ। ਆਪ ਆਗੂ ਦੇ ਅਜਿਹੇ ਵਰਤਾਰੇ ਤੋਂ ਬਾਅਦ ਜੰਗਲਾਤ ਵਿਭਾਗ ਵੱਲੋਂ ਪੁਲਿਸ ਕੋਲ ਆਪ ਆਗੂ ਖਿਲਾਫ ਮਾੜੇ ਸ਼ਬਦ ਬੋਲਣ ਅਤੇ ਸਰਕਾਰੀ ਕੰਮ ਵਿੱਚ ਅੜਿੱਕਾ ਪਾਉਣ ਦਾ ਦੋਸ਼ ਲਾ ਕੇ ਮਾਮਲਾ ਦਰਜ ਕਰਵਾਇਆ ਗਿਆ। ਇਸੇ ਕ੍ਰਮ ਅਧੀਨ ਨਾਭਾ ਪੁਲਿਸ ਵੱਲੋਂ ਉਕਤ ਆਗੂ ਨੂੰ ਗਿ੍ਰਫਤਾਰ ਕਰ ਲਿਆ ਗਿਆ।

ਨਾਭਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਆਪ ਵਿਧਾਇਕ ਮੀਤ ਹੇਅਰ ਨਾਲ ਗਿਆਨ ਸਿੰਘ ਮੂੰਗੋਂ, ਕਰਨਵੀਰ ਸਿੰਘ ਟਿਵਾਣਾ, ਜੱਸੀ ਸੋਹੀਆਂ ਵਾਲਾ ਤੇ ਜ਼ਿਲ੍ਹਾ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ ਆਦਿ।

ਆਪ ਆਗੂ ਦੀ ਗਿ੍ਰਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਹਰਕਤ ਵਿੱਚ ਆ ਗਈ। ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਅਤੇ ਹਲਕਾ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਨੇ ਅੱਜ ਨਾਭਾ ਦੇ ਰੈਸਟ ਹਾਊਸ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਅੱਜ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਨਜਾਇਜ਼ ਪੁਲਿਸ ਕੇਸ ਪਾ ਕੇ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਤਹਿਤ ਨਾਭਾ ਪੁਲਿਸ ਵੱਲੋਂ ਸਿਆਸੀ ਰੰਜ਼ਿਸ ਤਹਿਤ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਪੁਲਿਸ ’ਤੇ ਦਬਾਅ ਬਣਾ ਕੇ ਯੂਥ ਵਿੰਗ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਵਰਿੰਦਰ ਕੁਮਾਰ ਬਿੱਟੂ ਉਪਰ ਨਜਾਇਜ਼ ਪਰਚਾ ਦਰਜ ਕੀਤਾ ਗਿਆ ਹੈ ਜੋ ਲੋਕਤੰਤਰ ਦਾ ਘਾਣ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਚਾਹੀਦਾ ਹੈ ਕਿ ਉਹ ਸਿਆਸੀ ਕਿੜ ਕੱਢਣ ਦੀ ਬਜਾਏ ਆਪਣੀ ਸਰਕਾਰ ਦੀ ਤਾਕਤ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਹਸਪਤਾਲਾਂ ਵਿੱਚ ਚੰਗੀਆਂ ਸਿਹਤ ਸੇਵਾਵਾਂ, ਆਕਸੀਜਨ ਅਤੇ ਕੋਰੋਨਾ ਵੈਕਸੀਨ ਦਾ ਪ੍ਰਬੰਧ ਕਰਨ।

ਹਲਕੇ ਵਿੱਚ ਮੰਤਰੀ ਵੱਲੋਂ ਆਪ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਅਜਿਹੇ ਨਜਾਇਜ਼ ਪਰਚੇ ਦਰਜ ਕਰਵਾਏ ਜਾ ਰਹੇ ਹਨ : ਜੱਸੀ ਸੋਹੀਆਂ ਵਾਲਾ

ਵਿਧਾਇਕ ਮੀਤ ਹੇਅਰ ਨੇ ਅੱਗੇ ਕਿਹਾ ਕਿ ਜਦੋਂ ਕਿ ਨਾਭਾ ਸਮੇਤ ਪੂਰੇ ਪੰਜਾਬ ਵਿੱਚ ਕਾਂਗਰਸ ਦੇ ਮੰਤਰੀਆਂ, ਵਿਧਾਇਕਾਂ ਤੇ ਉਨ੍ਹਾਂ ਦੇ ਹਮਾਇਤੀਆਂ ਵਲੋਂ ਸਰਕਾਰੀ ਥਾਵਾਂ ’ਤੇ ਅਜਿਹੇ ਹੋਲਡਿੰਗ ਬੋਰਡ ਲਗਾਏ ਹੋਏ ਹਨ ਫੇਰ ਆਮ ਆਦਮੀ ਪਾਰਟੀ ਖਿਲਾਫ ਇਕਤਰਫਾ ਕਾਰਵਾਈ ਕਿਉਂ? ਗਿਆਨ ਸਿੰਘ ਮੂੰਗੋ ਅਤੇ ਹਲਕਾ ਆਗੂ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਹਲਕੇ ਵਿੱਚ ਮੰਤਰੀ ਵੱਲੋਂ ਆਪ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਅਜਿਹੇ ਨਜਾਇਜ਼ ਪਰਚੇ ਦਰਜ ਕਰਵਾਏ ਜਾ ਰਹੇ ਹਨ ਜਿਨ੍ਹਾਂ ਨੂੰ ਕਦੇ ਬਰਦਾਸਤ ਨਹੀਂ ਕੀਤਾ ਜਾਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ, ਸੀਨੀਅਰ ਆਗੂ ਕਰਨਵੀਰ ਸਿੰਘ ਟਿਵਾਣਾ, ਚੇਤਨ ਸਿੰਘ ਜੋੜੇਮਾਜਰਾ, ਜਿਲ੍ਹਾ ਸੈਕਟਰੀ ਗੁਰਮੁੱਖ ਸਿੰਘ ਪੰਡਤਾਂ, ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਝਾੜਵਾਂ, ਕੁੰਦਨ ਗੋਗੀਆ, ਯੂਥ ਆਗੂ ਅੰਮਿ੍ਰਤਪਾਲ ਸਿੰਘ ਸੇਖੋਂ ਆਦਿ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।