ਗੱਲ ਮੱੱਥੇ ਲੱਗਣ ਦੀ

0
91
Face To Face Sachkahoon

ਗੱਲ ਮੱੱਥੇ ਲੱਗਣ ਦੀ

ਪੰਜਾਬ ਦੇ ਸਮਾਜਿਕ-ਸੱਭਿਆਚਕ ਪ੍ਰਸੰਗ ਵਿਚ ਮੱਥੇ ਲੱਗਣ ਦਾ ਮੁਹਾਵਰਾ ਆਮ ਵਰਤਿਆ ਅਤੇ ਵਿਚਾਰਿਆ ਜਾਂਦਾ ਹੈ। ਇਸ ਦਾ ਭਾਵ ਕਿਸੇ ਵਿਅਕਤੀ ਜਾਂ ਵਸਤੂ ਦੇ ਰੂ-ਬ-ਰੂ ਹੋਣ ਤੋਂ ਲਿਆ ਜਾਂਦਾ ਹੈ। ਅੰਗਰੇਜ਼ੀ ਭਾਸ਼ਾ ਨਾਲ ਪ੍ਰੇਮ ਕਰਨ ਵਾਲੇ ਇਸ ਨੂੰ ‘ਫੇਸ-ਟੂ-ਫੇਸ’ ਹੋਣਾ ਵੀ ਆਖਦੇ ਹਨ। ਇਸ ਮੁਹਾਵਰੇ ਦੀ ਵਰਤੋਂ ਸਕਾਰਾਤਮਕ ਅਤੇ ਨਕਾਰਾਤਮਕ ਦੋਵਾਂ ਕਿਸਮਾਂ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਹੈ। ਇਹ ਭਾਵਨਾ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਕੀਤੇ ਗਏ ਕਿਸੇ ਕਾਰਜ ਦੇ ਤਸੱਲੀਬਖ਼ਸ਼ ਜਾਂ ਗ਼ੈਰ-ਤਸੱਲੀਬਖ਼ਸ਼ ਸਿੱਟੇ ਦੀ ਉਪਜ ਹੁੰਦੀ ਹੈ। ਬੇਸ਼ੱਕ ਕਿਸੇ ਕਾਰਜ ਦਾ ਸਿੱਟਾ ਉਸ ਕਾਰਜ ਨੂੰ ਕਰਨ ਵਾਲੇ ਕਰਤਾ ਦੀ ਮਿਹਨਤ, ਲਗਨ ਅਤੇ ਲਿਆਕਤ ਤੋਂ ਛੁੱਟ ਉਸ (ਕਰਤਾ) ਦੁਆਰਾ ਕਾਰਜ ਦੇ ਸੁਭਾਅ ਮੁਤਾਬਕ ਵਰਤੇ ਢੰਗ-ਤਰੀਕਿਆਂ ’ਤੇ ਨਿਰਭਰ ਕਰਦਾ ਹੈ ਪਰ ਪ੍ਰਭਾਵਿਤ ਮਨੁੱਖ ਅਕਸਰ ਆਪਣੀ ਇਸ ਜ਼ਿੰਮੇਵਾਰੀ (ਵਿਸ਼ੇਸ਼ ਕਰਕੇ ਨਾਂਹ-ਪੱਖੀ) ਨੂੰ ਕਿਸੇ ਹੋਰ ਦੇ ਮੱਥੇ ਮੜ੍ਹ ਕੇ ਆਪਣੇ-ਆਪ ਨੂੰ ਸੁਰਖ਼ਰੂ ਮਹਿਸੂਸ ਕਰਨ ਲੱਗ ਪੈਂਦਾ ਹੈ।

ਸਵੇਰੇ ਉੱਠ ਕੇ ਜਦੋਂ ਕੋਈ ਵਿਅਕਤੀ ਆਪਣੇ ਇਸ਼ਟ ਦੇ ਸਨਮੁੱਖ ਅਰਦਾਸ/ਬੇਨਤੀ ਕਰਦਾ ਹੈ ਤਾਂ ਉਸ ਸਮੇਂ ਇੱਕ ਗੱਲ ਇਹ ਵੀ ਆਖਦਾ ਹੈ ਕਿ, ‘‘ਹੇ! ਪਰਮਾਤਮਾ ਅੱਜ ਕਿਸੇ ਨੇਕ ਦੇ ਮੱਥੇ ਲਾਈਂ।’’ ਪਰ ਕਿਸੇ ਨੇਕ ਜਾਂ ਨਾ-ਨੇਕ ਬੰਦੇ ਦੀ ਕੋਈ ਸਿੱਕੇਬੰਦ ਪਰਿਭਾਸ਼ਾ ਨਹੀਂ ਹੁੰਦੀ। ਆਮ ਤੌਰ ’ਤੇ ਜਿਸ ਮਨੁੱਖ ਦੇ ਸਮਾਜਿਕ-ਸੱਭਿਆਚਾਰਕ ਵਿਹਾਰ ਉੱਪਰ ਸਮਾਜ ਦੇ ਵੱਡੇ ਹਿੱਸੇ ਦੀ ਪ੍ਰਵਾਨਗੀ ਦੀ (ਹਾਂ-ਪੱਖੀ) ਮੋਹਰ ਲੱਗ ਜਾਵੇ, ਉਸ ਨੂੰ ਨੇਕ ਜਾਂ ਸਾਊ ਕਿਹਾ ਜਾਂਦਾ ਹੈ ਅਤੇ ਜਿਸ ਵਿਅਕਤੀ ਨਾਲ ਵਰਤੋਂ-ਵਿਹਾਰ ਰੱਖਣ ਤੋਂ ਸਮਾਜ ਦਾ ਵਡੇਰਾ ਹਿੱਸਾ ਆਪਣਾ ਹੱਥ ਪਿਛਾਂਹ ਖਿੱਚ ਲਵੇ ਜਾਂ ਮੇਲ-ਮਿਲਾਪ ਵਿਚ ਕੰਜੂਸੀ ਕਰਨ ਲੱਗ ਜਾਵੇ ਤਾਂ ਅਜਿਹੇ ਪੁਰਖ ਨੂੰ ਨਾ-ਨੇਕਾਂ ਦੀ ਸ਼੍ਰੇਣੀ ਵਿਚ ਸ਼ਾਮਲ ਕਰ ਲਿਆ ਜਾਂਦਾ ਹੈ। ਘਰੋਂ ਕੰਮ ’ਤੇ ਜਾਣ ਲੱਗਿਆਂ ਜੇਕਰ ਕੋਈ ਇਸ ਸ਼੍ਰੇਣੀ ਦਾ ਪੁਰਖ ਅਚਾਨਕ ਮੱਥੇ ਲੱਗ ਜਾਵੇ ਤਾਂ ਉਸ ਨੂੰ ਅਸ਼ੁੱਭਤਾ ਦਾ ਸੰਕੇਤ ਸਵੀਕਾਰ ਲਿਆ ਜਾਂਦਾ ਹੈ। ਇੱਤਫ਼ਾਕਵੱਸ ਜੇਕਰ ਉਸ ਦਿਨ ਕੀਤੇ ਕਿਸੇ ਕੰਮ ਦਾ ਨਤੀਜਾ ਅਣਇੱਛਤ ਨਿੱਕਲ ਆਵੇ ਤਾਂ ਮੱਥੇ ਲੱਗਣ ਵਾਲੇ ਵਿਅਕਤੀ ਨੂੰ ਰੱਜ ਭਲਾ-ਬੁਰਾ ਕਿਹਾ ਜਾਂਦਾ ਹੈ।

ਕਈ ਲੋਕਾਂ ਨੂੰ ਤਾਂ ਇਹ ਵੀ ਕਹਿੰਦੇ ਸੁਣਿਆ ਜਾਂਦਾ ਹੈ ਕਿ ਅੱਜ ਤਾਂ ਫਲਾਣਾ/ਫਲਾਣੀ ਮੱਥੇ ਲੱਗਾ/ਲੱਗੀ ਹੈ, ਪਤਾ ਨਹੀਂ ਰੋਟੀ ਵੀ ਨਸੀਬ ਹੋਵੇਗੀ ਕਿ ਨਹੀਂ? ਜੇਕਰ ਕਿਸੇ ਦਿਨ ਕਿਸੇ ਦੁਕਾਨਦਾਰ ਦੀ ਦੁਕਾਨ ’ਤੇ ਗਾਹਕ ਘੱਟ ਆਉਣ ਜਾਂ ਬਿਲਕੁਲ ਹੀ ਨਾ ਆਉਣ ਤਾਂ ਉਹ ਵੀ ਕਹਿ ਦਿੰਦਾ ਹੈ ਕਿ, ‘‘ਪਤਾ ਨਹੀਂ ਅੱਜ ਕਿਸ ਦੇ ਮੱਥੇ ਲੱਗ ਕੇ ਆਇਆ ਹਾਂ ਅਜੇ ਤੀਕ ਬੋਹਣੀ (ਗਾਹਕ ਦੀ ਪਹਿਲੀ ਆਮਦ) ਵੀ ਨਹੀਂ ਹੋਈ, ਅੱਜ ਤਾਂ ਚਾਹ ਵੀ ਪੱਲਿਉਂ ਹੀ ਪੀਣੀ ਪਈ ਹੈ।’’

ਜੇਕਰ ਸਫ਼ਰ ਕਰਦੇ ਸਮੇਂ ਕਿਸੇ ਦੇ ਸਾਈਕਲ ਜਾਂ ਸਕੂਟਰ ਦਾ ਟਾਇਰ ਪੰਚਰ ਹੋ ਜਾਵੇ ਜਾਂ ਕੋਈ ਹੋਰ ਅੜਿਕਾ ਡਹਿ ਜਾਵੇ ਤਾਂ ਇਸ ਦਾ ਦੋਸ਼ ਵੀ ਕਿਸੇ ‘ਮੱਥੇ ਲੱਗਣ’ ਵਾਲੇ ਮਰਦ ਜਾਂ ਔਰਤ ਦੇ ਸਿਰ ਹੀ ਧਰ ਦਿੱਤਾ ਜਾਂਦਾ ਹੈ। ਗੱਲ ਸਿਰਫ ਦੋਸ਼ ਧਰਾਈ ’ਤੇ ਹੀ ਨਹੀਂ ਖੜ੍ਹਦੀ ਸਗੋਂ ਮੱਥੇ ਲੱਗਣ ਵਾਲੇ ਜਾਂ ਵਾਲੀ ਨੂੰ ਰੱਜਵਾਂ ਬੁਰਾ-ਭਲਾ ਵੀ ਕਿਹਾ ਜਾਂਦਾ ਹੈ।

ਮੱਥੇ ਲੱਗਣ ਦਾ ਇੱਕ ਪਹਿਲੂ ਆਰਥਿਕਤਾ ਨਾਲ ਵੀ ਜੁੜਿਆ ਹੋਇਆ ਹੈ। ਕਈ ਆਰਥਿਕ ਪੱਖੋਂ ਮਜਬੂਤ ਪਰਿਵਾਰ ਭਾਵ ਖਾਂਦੇ-ਪੀਂਦੇ ਘਰ-ਘਰਾਣਿਆਂ ਦੇ ਮਾਲਿਕ ਆਪਣੇ ਦਾਲ-ਫੁਲਕਾ ਛਕਣ ਵਾਲੇ ਅੰਗਾਂ-ਸਾਕਾਂ ਦੇ ਮੱਥੇ ਲੱਗਣ ਨੂੰ ਸੁਖਦਾਇਕ ਨਹੀਂ ਸਮਝਦੇ। ਜੇਕਰ ਕੋਈ ਭੁੱਲਿਆ-ਭਟਕਿਆ ਮੱਥੇ ਲੱਗ ਵੀ ਜਾਂਦਾ ਹੈ ਤਾਂ ਉਸ ਨੂੰ ਦੇਖਦਿਆਂ ਹੀ ਮੱਥੇ ਵੱਟ ਪਾ ਲੈਂਦੇ ਹਨ।

ਮੱਥੇ ਲੱਗਣ ਦਾ ਇੱਕ ਹੋਰ ਪਹਿਲੂ ਕਿਸੇ ਵਿਅਕਤੀ ਦੀ ਲੰਮੀ ਗ਼ੈਰ-ਹਾਜ਼ਰੀ ਨਾਲ ਵੀ ਸਬੰਧਿਤ ਹੈ। ਕਿਸੇ ਦਾ ਕੋਈ ਦੇਣਦਾਰ ਜੇਕਰ ਲੰਮਾ ਸਮਾਂ ਉਸ (ਲੈਣਦਾਰ) ਨਾਲ ਸੰਪਰਕ ਨਹੀਂ ਕਰਦਾ ਤਾਂ ਉਹ ਵੀ ਸਹਿਜ਼-ਸੁਭਾਅ ਹੀ ਆਖ ਦਿੰਦਾ ਹੈ, ‘‘ਕੀ ਗੱਲ ਹੋ ਗਈ ਬਈ! ਅੱਜ-ਕੱਲ੍ਹ ਤਾਂ ਮੱਥੇ ਲੱਗਣੋਂ ਵੀ ਗਿਆ।’’

ਵਾਰਤਾਲਾਪ ਦੌਰਾਨ ਕੁੱਝ ਮਨੁੱਖ ਆਪਣੇ ਕਥਨਾਂ ਵਿਚਲੀ ਸੱਚਾਈ ਨੂੰ ਸਾਬਤ ਕਰਨ ਲਈ ਵੀ ਕੁਝ ਵਸਤੂਆਂ ਨੂੰ (ਕਸਮ ਖਾਣ ਹਿੱਤ) ਮੱਥੇ ਲਾ ਲੈਂਦੇ ਹਨ ਅਤੇ ਕਹਿ ਦਿੰਦੇ ਹਨ ਕਿ, ‘‘ਮੇਰੇ ਸੂਰਜ/ਦੀਵਾ ਮੱਥੇ ਲੱਗਦਾ ਹੈ ਜੇਕਰ ਮੈਂ ਕੋਈ ਝੂਠ ਬੋਲਾਂ।’’

ਅੰਤ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਮੱਥੇ ਲੱਗਣ’ ਦਾ ਪ੍ਰਸੰਗ ਕਿਸੇ ਵਿਅਕਤੀ ਜਾਂ ਵਸਤੂ ਦਾ ਸਾਹਮਣਾ ਕਰਨਾ ਹੀ ਹੁੰਦਾ ਹੈ। ਵਿਗਿਆਨਕ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਕਿਸੇ ਚਾਹੇ ਜਾਂ ਅਣਚਾਹੇ ਮਨੁੱਖ ਦੇ ਸਾਹਮਣੇ ਹੋ ਜਾਣ ਨਾਲ ਭਾਵੇਂ ਕਿਸੇ ਵੀ ਕਿਸਮ ਦਾ ਕੋਈ ਫਰਕ ਨਹੀਂ ਪੈਂਦਾ ਪਰ ਇਸ (ਮੱਥੇ ਲੱਗਣ) ਦੀ ਓਟ ਨਾਲ ਕੁੱਝ ਬੰਦੇ ਆਪਣੀਆਂ ਅਣਗਹਿਲੀਆਂ/ਜ਼ਿੰਮੇਵਾਰੀਆਂ ਤੋਂ ਭੱਜਣ ਦਾ ਰਾਹ ਜ਼ਰੂਰ ਸੁਖਾਲਾ ਕਰ ਲੈਂਦੇ ਹਨ।

ਰਮੇਸ਼ ਬੱਗਾ ਚੋਹਲਾ
ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)
ਮੋ. 94631-32719

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ