ਅਧਿਆਪਕਾਂ ਦਾ ‘ਪੱਕਾ ਮੋਰਚਾ ਤੇ ਮਰਨ ਵਰਤ’ 8ਵੇਂ ਦਿਨ ‘ਚ ਸ਼ਾਮਲ

0
Teacher, Fastening, Dying, Fast, Included, 8th Day

ਜਿਲ੍ਹਾ ਫਾਜ਼ਿਲਕਾ ਤੇ ਲੁਧਿਆਣਾ ਸਮੇਤ ਪਟਿਆਲਾ ਜਿਲ੍ਹੇ ਤੋਂ ਸੈਂਕੜੇ ਅਧਿਆਪਕ ਸਾਥੀ ਹੋਏ ਸ਼ਾਮਲ

21 ਅਕਤੂਬਰ ਨੂੰ ਸਮੁੱਚੀਆਂ ਮੁਲਾਜ਼ਮ ਅਤੇ ਜਨਤਕ ਜਥੇਬੰਦੀਆਂ ਨੂੰ ਨਾਲ ਲੈਂਦਿਆਂ ਮੁੱਖ ਮੰਤਰੀ ਦੇ ਮਹਿਲ ਹੋਵੇਗਾ ਘਿਰਾਓ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਆਪਣੀਆਂ ਮੰਗਾਂ ਸਬੰਧੀ 7 ਅਕਤੂਬਰ ਤੋਂ ਸ਼ੁਰੂ ਹੋਇਆ ਸਾਂਝਾ ਅਧਿਆਪਕ ਮੋਰਚੇ ਦਾ ‘ਪੱਕਾ ਮੋਰਚਾ ਅਤੇ ਮਰਨ ਵਰਤ’ ਪੂਰੇ ਜਲੋਅ ਨਾਲ ਅੱਠਵੇਂ ਦਿਨ ਵਿੱਚ ਸ਼ਾਮਲ ਹੋਇਆ। ਇਸ ਦੌਰਾਨ ਜਿੱਥੇ ਇੱਕ ਪਾਸੇ ਮਰਨ ਵਰਤ ‘ਤੇ ਬੈਠੇ 6 ਮਹਿਲਾ ਅਧਿਆਪਕਾਵਾਂ ਅਤੇ 11 ਪੁਰਸ਼ ਅਧਿਆਪਕ ਚੜ੍ਹਦੀ ਕਲਾ ਵਿੱਚ ਹਨ, ਉੱਥੇ ਫ਼ਾਜ਼ਿਲਕਾ ਅਤੇ ਲੁਧਿਆਣਾ ਜਿਲ੍ਹੇ ਦੇ ਅਧਿਆਪਕਾਂ ਵੱਲੋਂ ਵੀ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ ਗਈ।

ਅਧਿਆਪਕਾਂ ਨੂੰ ਸੰਬੋਧਨ ਕਰਦਿਆ ਸਾਂਝਾ ਅਧਿਆਪਕ ਮੋਰਚਾ ਦੇ ਕਨਵੀਨਰ ਦਵਿੰਦਰ ਸਿੰਘ ਪੂਨੀਆ, ਸੂਬਾ ਕੋ-ਕਨਵੀਨਰ ਹਰਦੀਪ ਟੋਡਰਪੁਰ, ਸੁਖਰਾਜ ਕਾਹਲੋਂ, ਗੁਰਜਿੰਦਰਪਾਲ ਸਿੰਘ, ਦੀਦਾਰ ਸਿੰਘ ਮੁਦਕੀ, ਡਾ. ਅੰਮ੍ਰਿਤਪਾਲ ਸਿੱਧੂ, ਸੁਖਜਿੰਦਰ ਹਰੀਕਾ, ਹਰਿੰਦਰ ਸਿੰਘ ਬਿਲਗਾ, ਬਿਕਰਮਜੀਤ ਮਲੇਰਕੋਟਲਾ ਅਤੇ ਸੂਬਾ ਕਮੇਟੀ ਮੈਂਬਰ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਪੰਜਾਬ ਦੇ ਸਮੂਹ ਅਧਿਆਪਕ ਸਾਂਝੇ ਮੋਰਚੇ ਦੀ ਸਟੇਜ ਤੋਂ ਕੀਤੇ ਗਏ

‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਦੇ ਬਾਈਕਾਟ ਦੇ ਫੈਸਲੇ ‘ਤੇ ਫੁੱਲ ਚੜ੍ਹਾਉਣਗੇ, 15 ਤੋਂ 21 ਅਕਤੂਬਰ ਤੱਕ ਕਾਲਾ ਹਫਤਾ ਮਨਾਉਣਗੇ ਅਤੇ ਇਸ ਦੌਰਾਨ ਸਾਰੇ ਅਧਿਆਪਕ ਕਾਲੇ ਬਿੱਲੇ ਲਗਾ ਕੇ ਸਕੂਲਾਂ ਵਿੱਚ ਜਾਣਗੇ ਅਤੇ ਸਕੂਲ ਸਮੇਂ ਤੋਂ ਬਾਅਦ ਸਕੂਲਾਂ ਅੱਗੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕਨਗੇ, 16 ਅਕਤੂਬਰ ਨੂੰ ਸਿੱਖਿਆ ਮੰਤਰੀ ਦੀ ਰਿਹਾਇਸ਼ ਅੱਗੇ ਮਾਝੇ ਦੇ ਜ਼ਿਲ੍ਹਿਆਂ ਦੇ ਅਧਿਆਪਕ ਸੰਘਰਸ਼ੀ ਜਗਰਾਤਾ ਕਰਨਗੇ, ਪੰਜਾਬ ਦੇ ਮੁੱਖ ਮੰਤਰੀ, ਸਿੱਖਿਆ ਮੰਤਰੀ, ਵਿੱਤ ਮੰਤਰੀ, ਸਿੱਖਿਆ ਸਕੱਤਰ ਦੇ ਰਾਵਣ ਰੂਪੀ ਪੁਤਲੇ ਦੁਸ਼ਿਹਰਾ ਵਾਲੇ ਦਿਨ 18 ਅਕਤੂਬਰ ਨੂੰ ਸਾਰੇ ਜਿਲ੍ਹਾ ਹੈੱਡ ਕੁਆਰਟਰਾਂ ‘ਤੇ ਫੂਕਣਗੇ ਅਤੇ 21 ਅਕਤੂਬਰ ਨੂੰ ਪੰਜਾਬ ਦੀਆਂ ਸਮੁੱਚੀਆਂ ਮੁਲਾਜ਼ਮ ਅਤੇ ਜਨਤਕ ਜਥੇਬੰਦੀਆਂ ਨੂੰ ਨਾਲ ਲੈਂਦਿਆਂ ਮੁੱਖ ਮੰਤਰੀ ਦੇ ਮਹਿਲ ਦਾ ਘਿਰਾਉ ਕਰਨ ਲਈ ਇਤਿਹਾਸਿਕ ਲਾਮਬੰਦੀ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਲਾਰਿਆਂ ਤੋਂ ਅੱਕ ਕੇ ਮਰਨ ਵਰਤ ਤੇ ਬੈਠੀ ਇੱਕ ਹੋਰ ਅਧਿਆਪਕਾ ਰਜਿੰਦਰ ਕੌਰ ਦੀ ਹਾਲਤ ਵਿਗੜ ਗਈ ਪਰ ਦੂਜੇ ਪਾਸੇ ਕੈਪਟਨ ਸਰਕਾਰ ਕੰਨਾਂ ਵਿੱਚ ਰੂੰ ਦੇ ਕੇ ਘੁੱਗੂ ਬਣ ਕੇ ਬੈਠੀ ਹੋਈ ਹੈ ।

ਮਰਨ ਵਰਤ ‘ਤੇ ਬੈਠੇ ਅਧਿਆਪਕਾਂ ਹਰਜੀਤ ਜੀਦਾ, ਰਮੇਸ਼ ਮੱਕੜ, ਰਤਨਜੋਤ ਸ਼ਰਮਾ, ਸਤਨਾਮ ਸਿੰਘ, ਸ਼ਮਿੰਦਰ ਸਿੰਘ, ਬਚਿੱਤਰ ਸਿੰਘ, ਦਲਜੀਤ ਸਿੰਘ ਖਾਲਸਾ, ਜਸਵਿੰਦਰ ਸਿੰਘ, ਜਸਵੰਤ ਸਿੰਘ ਡੋਹਕ, ਪਰਭਦੀਪ ਸਿੰਘ, ਬਲਵਿੰਦਰ ਸਿੰਘ ਅਤੇ ਮਹਿਲਾ ਅਧਿਆਪਕਾਵਾਂ ਰਜਿੰਦਰ ਕੌਰ, ਨਮਿਤਾ ਲੁਧਿਆਣਾ, ਜਸਪਰੀਤ ਕੌਰ, ਪਰਦੀਪ ਵਰਮਾ, ਰੀਤੂ ਬਾਲਾ, ਕੁਲਜੀਤ ਕੌਰ ਨੇ ਬੁਲੰਦ ਹੋਸਲਾ ਰੱਖਦਿਆਂ ਕਿਹਾ ਕਿ ਸਿੱਖਿਆ ਦਾ ਘਾਣ ਕਰਨ ਵਾਲੇ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਜੈਕਟ ਦੀ ਆੜ ਵਿੱਚ ਅਧਿਆਪਕਾਂ ਦੇ ਮਿਹਨਤਕਸ਼ ਕਿਰਦਾਰ ਨੂੰ ਢਾਹ ਲਾਉਣ ਵਾਲੇ ਅਤੇ ਬਦਸਲੂਕੀ ਭਰਿਆ ਵਿਵਹਾਰ ਕਰਨ ਵਾਲੇ ਸਿੱਖਿਆ ਸਕੱਤਰ ਨੂੰ ਸਿੱਖਿਆ ਵਿਭਾਗ ਤੋਂ ਤਰੁੰਤ ਲਾਂਭੇ ਕੀਤਾ ਜਾਵੇ।

ਸਿੱਖਿਆ ਵਿਭਾਗ ਅਤੇ ਸਮੂਹ ਕੱਚੇ ਅਧਿਆਪਕਾਂ ਦੀਆਂ ਪੂਰੀਆਂ ਤਨਖਾਹਾਂ ‘ਤੇ ਰੈਗੂਲਰਾਇਜੇਸ਼ਨ ਕਰਵਾਉਣ ਦੀ ਮੰਗ ਸਮੇਤ ਸਿੱਖਿਆ ਤੇ ਅਧਿਆਪਕ ਵਿਰੋਧੀ ਰੈਸ਼ਨਲਾਈਜੇਸ਼ਨ ਨੀਤੀ ਵਾਪਸ ਕਰਵਾਉਣ ਅਤੇ ਅੰਮ੍ਰਿਤਸਰ, ਸੰਗਰੂਰ ਸਮੇਤ ਪੰਜਾਬ ਭਰ ਦੇ ਅਧਿਆਪਕ ਆਗੂਆਂ ਦੀਆਂ ਵਿਕਟੇਮਾਈਜੇਸ਼ਨਾਂ ਅਤੇ ਆਦਰਸ਼ ਸਕੂਲ (ਪੀ.ਪੀ.ਪੀ) ਦੇ ਅਧਿਆਪਕਾਂ ਦੀਆਂ ਬਰਖਾਸਤੀਆਂ ਦੇ ਵਿਰੋਧ ਵਿੱਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਬੈਨਰ ਹੇਠ ਚੱਲ ਰਹੇ ਪੱਕੇ ਮੋਰਚੇ ਅਤੇ ਮਰਨ ਵਰਤ ਦੇ ਅੱਠਵੇਂ ਦਿਨ ਵੱਡੀ ਗਿਣਤੀ ਵਿੱਚ ਪਹੁੰਚੀਆਂ ਜਨਤਕ ਜਥੇਬੰਦੀਆਂ ਨੇ ਅਧਿਆਪਕਾਂ ਦੇ ਇਸ ਹੱਕੀ ਘੋਲ ਦਾ ਪੁਰਜ਼ੋਰ ਸਮਰਥਨ ਕਰਦਿਆਂ ਭਵਿੱਖ ਵਿੱਚ ਵੀ ਡਟਵਾਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।