ਪੰਜਾਬ

ਬੋਹਾ ਫੇਰੀ ‘ਤੇ ਆਏ ਸਿੱਖਿਆ ਸਕੱਤਰ ਨੂੰ ਅਧਿਆਪਕਾਂ ਨੇ ਮੋੜਿਆ

Teachers, Education, Secretary, Boha

ਮਾਨਸਾ ਦੇ ਅਧਿਆਪਕਾਂ ਵੱਲੋਂ ਸਿੱਖਿਆ ਸਕੱਤਰ ਵਿਰੁੱਧ ਨਾਅਰੇਬਾਜ਼ੀ

ਮਾਨਸਾ (ਜਗਵਿੰਦਰ ਸਿੱਧੂ) | ਅਧਿਆਪਕਾਂ ਦੇ ਰੋਹ ਕਾਰਨ ਬੋਹਾ ਫੇਰੀ ‘ਤੇ ਆਏ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਦਰਜਨਾਂ ਸਕੂਲਾਂ ਦੇ ਪ੍ਰੋਗਰਾਮ ਛੱਡ ਕੇ ਵਾਪਸ ਚੰਡੀਗੜ੍ਹ ਜਾਣਾ ਪਿਆ ਇਸ ਦੌਰਾਨ ਭਾਵੇਂ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮ ਤਾਇਨਾਤ ਸਨ ਤੇ ਉਨ੍ਹਾਂ ਅਧਿਆਪਕਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਫਿਰ ਵੀ ਅਧਿਆਪਕ ਸਿੱਖਿਆ ਸਕੱਤਰ ਵਿਰੁੱਧ ਨਾਅਰੇਬਾਜ਼ੀ ਕਰਦੇ ਰਹੇ, ਜਿਸ ਕਰਕੇ ਪੁਲਿਸ ਨੇ ਕਾਫੀ ਅਧਿਆਪਕਾਂ ਨੂੰ ਹਿਰਾਸਤ ‘ਚ ਵੀ ਲਿਆ

ਜਾਣਕਾਰੀ ਅਨੁਸਾਰ ਸੰਘਰਸ਼ ਕਮੇਟੀ ਵੱਲੋਂ ਸਿੱਖਿਆ ਸਕੱਤਰ ਦੇ ਸਾਰੇ ਪ੍ਰੋਜੈਕਟਾਂ ਦਾ ਬਾਈਕਾਟ ਕਰਨ ਤੇ ਪੰਜਾਬ ਦੇ ਕਿਸੇ ਵੀ ਸਕੂਲ ‘ਚ ਉਨ੍ਹਾਂ ਨੂੰ ਨਾ ਵੜਨ ਦੇਣ ਦੇ ਸੱਦੇ ਤੋਂ ਬਾਅਦ ਸਿੱਖਿਆ ਸਕੱਤਰ ਦੀ ਫੇਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਹੋਇਆ ਸੀ ਅਧਿਆਪਕਾਂ ਦੇ ਰੋਹ ਨੂੰ ਦੇਖਦਿਆਂ ਜਿੱਥੇ ਪਹਿਲਾਂ ਉਲੀਕੀਆਂ ਗਈਆਂ ਸਾਰੀਆਂ ਅਧਿਆਪਕ ਮੀਟਿੰਗਾਂ ਰੱਦ ਕਰ ਦਿੱਤੀਆ ਗਈਆਂ ਉੱਥੇ ਕਿਸੇ ਵੀ ਆਮ ਅਧਿਆਪਕ ਨੂੰ ਸਕੂਲ ‘ਚ ਵੜਨ ਨਹੀਂ ਦਿਤਾ ਗਿਆ ਸਿੱਖਿਆ ਅਧਿਕਾਰੀਆਂ ਵੱਲੋਂ ਵਾਰ-ਵਾਰ ਪ੍ਰੋਗਰਾਮ ਰੱਦ ਹੋਣ ਤੇ ਕਦੇ ਸਿੱਖਿਆ ਸਕੱਤਰ ਦੇ ਨਾ ਆਉਣ ਦਾ ਪ੍ਰਚਾਰ ਕੀਤਾ ਗਿਆ, ਪਰ ਜਿਵੇਂ ਹੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਬੋਹਾ ਫੇਰੀ ਦੌਰਾਨ ਪੁੱਜੇ ਤਾਂ ਜ਼ਿਲ੍ਹਾ ਮਾਨਸਾ ਦੇ ਅਧਿਆਪਕਾਂ ਵੱਲੋਂ ਉਨ੍ਹਾਂ ਵਿਰੁੱਧ ਭਾਰੀ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਹੁਣ ਉਨ੍ਹਾਂ ਨੂੰ ਕਿਸੇ ਸਕੂਲ ‘ਚ ਵੜਨ ਨਹੀਂ ਦਿੱਤਾ ਜਾਵੇਗਾ

ਭਾਰੀ ਪੁਲਿਸ ਫੋਰਸ ਦੇ ਪਹਿਰੇ ਦੇ ਬਾਵਜ਼ੂਦ ਸਿੱਖਿਆ ਸਕੱਤਰ ਕਾਹਲੀ ‘ਚ ਇੱਕ ਦਰਜ਼ਨ ਦੇ ਕਰੀਬ ਸਕੂਲਾਂ ‘ਚ ਰੱਖੇ ਪ੍ਰੋਗਰਾਮਾਂ ਨੂੰ ਛੱਡਕੇ ਚੰਡੀਗੜ੍ਹ ਵਾਪਸ ਪਰਤ ਗਏ ਇਸ ਦੌਰਾਨ ਪੁਲਿਸ ਵੱਲੋਂ ਅਧਿਆਪਕਾਂ ਦੀ ਕਾਫੀ ਖਿੱਚ-ਧੂਹ ਵੀ ਕੀਤੀ ਗਈ ਤੇ 50 ਦੇ ਕਰੀਬ ਅਧਿਆਪਕਾਂ ਨੂੰ ਗ੍ਰਿਫਤਾਰ ਕਰਦਿਆਂ ਉਨ੍ਹਾਂ ਨੂੰ ਝੁਨੀਰ ਥਾਣੇ ਲੈ ਗਈ, ਜਿਨ੍ਹਾਂ ਨੂੰ ਬਾਅਦ ‘ਚ ਰਿਹਾਅ ਕਰ ਦਿੱਤਾ ਗਿਆ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਕਰਮਜੀਤ ਤਾਮਕੋਟ, ਰਾਜਵਿੰਦਰ ਮੀਰ, ਇੰਦਰਜੀਤ ਡੇਲੂਆਣਾ, ਗੁਰਦਾਸ ਸਿੰਘ, ਅਮੋਲਕ ਡੇਲੂਆਣਾ, ਹਰਦੀਪ ਸਿੱਧੂ, ਖੁਸ਼ਵਿੰਦਰ ਬਰਾੜ, ਰਾਜੇਸ਼ ਬੁਢਲਾਡਾ, ਸੁਖਚੈਨ ਗੁਰਨੇ , ਗੁਰਤੇਜ ਉਭਾ, ਨੀਤਿੰਨ ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ  ਹੱਕੀ ਮਸਲਿਆਂ ਨੂੰ ਹੱਲ ਕਰਨ ਦੀ ਬਜਾਇ ਲਾਠੀਚਾਰਜ਼ ਕਰਕੇ ਅਧਿਆਪਕਾਂ ‘ਤੇ ਭਾਰੀ ਤਸ਼ੱਦਦ ਢਾਹ ਰਹੀ ਹੈ

ਉਨ੍ਹਾਂ ਕਿਹਾ ਕਿ ਵੱਖ-ਵੱਖ ਕੈਟਾਗਰੀ ਅਧੀਨ ਅਧਿਆਪਕ 10-10 ਸਾਲ ਤੋਂ 2500, 5000 ‘ਤੇ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਰੈਗੂਲਰ ਕਰਨ ਦੀ ਥਾਂ ਉਨ੍ਹਾਂ ਤੋਂ ਪੱਕੇ ਅਧਿਆਪਕਾਂ ਤੋਂ ਵੱਧ ਕੰਮ ਲਿਆ ਜਾ ਰਿਹਾ ਇਸੇ ਤਰ੍ਹਾਂ ਸਿੱਖਿਆ ਪ੍ਰੋਵਾਈਡਰ ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰ ਰਹੇ, 5178 ਨੂੰ 5 ਸਾਲ ਹੋਣ ਦੇ ਬਾਵਜ਼ੂਦ ਰੈਗੂਲਰ ਨਹੀਂ ਕੀਤਾ ਗਿਆ, ਐੱਸਐੱਸਏ ਰਮਸਾ ਅਧਿਆਪਕਾਂ ਦੀਆਂ ਤਨਖਾਹਾਂ 42000 ਤੋਂ ਘਟਾਕੇ 15000 ਕਰ ਦਿੱਤੀਆਂ, ਜੋ ਕਿ ਅਧਿਆਪਕਾਂ ਨਾਲ ਅਨਿਆਂ ਹੈ ਤੇ ਸਿੱਖਿਆ ਤੰਤਰ ਦਾ ਘਾਣ ਹੈ ਉਨ੍ਹਾਂ ਕਿਹਾ ਕਿ ਉਹ ਆਪਣੇ ਹੱਕ ਲੈ ਕੇ ਹੀ ਸਾਹ ਲੈਣਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top