ਰਜਬਾਹੇ ’ਚ ਪਿਆ ਦਸ ਫੁੱਟ ਪਾੜ, ਰੋਹ ’ਚ ਆਏ ਕਿਸਾਨਾਂ ਪ੍ਰਸਾਸ਼ਨ ਵਿਰੁੱਧ ਕੀਤੀ ਨਾਅਰੇਬਾਜ਼ੀ

0
132
Crack in Rajbaha Sachkahoon

ਕਿਸਾਨਾਂ ਦੀ 50 ਏਕੜ ਨਰਮੇ ਦੀ ਫਸਲ ’ਚ ਭਰਿਆ ਪਾਣੀ

ਨਵਾਂ ਬਣਨ ਤੋਂ ਬਾਅਦ ਤਿੰਨ ਵਾਰ ਟੁੱਟ ਚੁੱਕਿਆ ਰਜਬਾਹਾ

(ਮਨਜੀਤ ਨਰੂਆਣਾ) ਸੰਗਤ ਮੰਡੀ। ਪਿੰਡ ਸੰਗਤ ਕਲਾਂ ਨਜਦੀਕ ਨਵੇ ਬਣੇ ਰਜਬਾਹੇ ’ਚ ਪਾੜ ਪੈਣ ਕਾਰਨ ਕਿਸਾਨਾਂ ਦੀ 50 ਏਕੜ ਨਰਮੇ ਦੀ ਫਸਲ ’ਚ ਪਾਣੀ ਭਰ ਗਿਆ। ਰੋਹ ’ਚ ਆਏ ਕਿਸਾਨਾਂ ਵੱਲੋਂ ਸਬੰਧਤ ਪ੍ਰਸਾਸ਼ਨ ਅਤੇ ਨਹਿਰੀ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ। ਕਿਸਾਨ ਹਰਪ੍ਰੀਤ ਸਿੰਘ ਚਹਿਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੰਗਤ ਕਲਾਂ ਅਤੇ ਜੱਸੀ ਬਾਗਵਾਲੀ ਦੀਆਂ ਟੇਲਾਂ ਪੈਦੀਆਂ ਹਨ, ਜਿਥੇ ਟੇਲਾਂ ’ਚ ਘਾਹ ਫੂਸ ਫਸਣ ਕਾਰਨ ਰਜਬਾਹੇ ਦਾ ਪਾਣੀ ਓਵਰਫਲੋਂ ਹੋਣ ਲੱਗ ਪੈਦਾ ਹੈ ਤੇ ਟੁੱਟ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਤੋਂ ਰਜਬਾਹਾ ਨਵਾਂ ਬਣਿਆ ਹੈ ਉਸ ਸਮੇਂ ਤੋਂ ਹੁਣ ਤੱਕ ਤਿੰਨ ਵਾਰ ਟੁੱਟ ਕੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕਰ ਚੁੱਕਿਆ ਹੈ।

Crack in Rajbaha Sachkahoon

ਉਨ੍ਹਾਂ ਦੱਸਿਆ ਕਿ ਰਜਬਾਹਾ ਟੁੱਟਣ ਕਾਰਨ ਕਿਸਾਨ ਰੇਸਮ ਸਿੰਘ ਦਾ ਢਾਈ ਏਕੜ ਨਰਮਾ, ਲਛਮਣ ਸਿੰਘ ਦਾ ਢਾਈ ਏਕੜ ਨਰਮਾ, ਖੁਸ਼ਕਰਨ ਸਿੰਘ ਦਾ 4 ਏਕੜ ਨਰਮਾ ਤੇ ਹਰਪ੍ਰੀਤ ਸਿੰਘ ਦੇ ਢਾਈ ਏਕੜ ਨਰਮੇ ’ਚ ਪਾਣੀ ਭਰਨ ਤੋਂ ਇਲਾਵਾ ਦੂਸਰੇ ਹੋਰ ਕਿਸਾਨਾਂ ਦੇ ਨਰਮੇ ’ਚ ਵੀ ਪਾਣੀ ਭਰ ਗਿਆ। ਉਨ੍ਹਾਂ ਦੱਸਿਆ ਕਿ ਕਿਸਾਨ ਲਛਮਣ ਸਿੰਘ ਵੱਲੋਂ ਮਹਿੰਗੇ ਭਾਅ ਤੇ ਜ਼ਮੀਨ ਠੇਕੇ ਤੇ ਲੈ ਕੇ ਨਰਮੇ ਦੀ ਬਿਜਾਈ ਕੀਤੀ ਸੀ। ਉਨ੍ਹਾਂ ਦੱਸਿਆ ਕਿ ਨਰਮੇ ’ਚ ਹੁਣ ਦੋ-ਦੋ ਫੁੱਟ ਪਾਣੀ ਭਰਿਆ ਫਿਰਦਾ ਹੈ, ਉਪਰੋ ਮੌਸਮ ਵੀ ਖ਼ਰਾਬ ਹੈ, ਜੇਕਰ ਨਰਮੇ ’ਚੋਂ ਤੁਰੰਤ ਪਾਣੀ ਬਾਹਰ ਨਾ ਕੱਢਿਆ ਤਾਂ ਨਰਮਾ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ।

ਉਨ੍ਹਾਂ ਦੱਸਿਆ ਕਿ ਨਰਮੇ ’ਚੋਂ ਪਾਣੀ ਬਾਹਰ ਕੱਢਣ ਲਈ ਵੀ ਮਹਿੰਗੇ ਭਾਅ ਦਾ ਡੀਜ਼ਲ ਫੂਕਣਾ ਪਵੇਗਾ। ਕਿਸਾਨਾਂ ਦਾ ਕਹਿਣਾ ਸੀ ਕਿ ਰਜਬਾਹੇ ’ਚ ਪਿਆ ਪਾੜ ਵੀ ਉਨ੍ਹਾਂ ਆਪਣੇ ਪੱਧਰ ਤੇ ਹੀ ਪੂਰਿਆ ਹੈ, ਵਿਭਾਗ ਵੱਲੋਂ ਪਾੜ ਪੂਰਨ ਲਈ ਕੋਈ ਪਹਿਲ ਕਦਮੀ ਨਹੀਂ ਕੀਤੀ ਗਈ। ਕਿਸਾਨਾਂ ਵੱਲੋਂ ਕੈਪਟਨ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਸਪੈਸ਼ਲ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।।

ਘਾਹ ਫੂਸ ਫਸ ਜਾਣ ਕਾਰਨ ਟੁੱਟ ਗਿਆ ਰਜਵਾਹਾ: ਜੇ.ਈ.ਇੰਜੀ. ਸੰਦੀਪ ਸਿੰਘ

ਜਦ ਇਸ ਸਬੰਧੀ ਨਹਿਰੀ ਵਿਭਾਗ ਦੇ ਜੇ.ਈ ਇੰਜੀ. ਸੰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਿਸ ਥਾਂ ਤੋਂ ਰਜਬਾਹਾ ਟੁੱਟਿਆ ਹੈ ਉਥੇ ਟੇਲ ਬਣਦੀ ਹੈ। ਉਨ੍ਹਾਂ ਦੱਸਿਆ ਕਿ ਟੇਲ ’ਚ ਘਾਹ ਫੂਸ ਫਸ ਜਾਣ ਕਾਰਨ ਰਜਬਾਹੇ ’ਚ ਪਾਣੀ ਓਵਰਫਲੋਂ ਹੋ ਜਾਂਦਾ ਹੈ ਜਿਸ ਕਾਰਨ ਰਜਬਾਹਾ ਟੁੱਟ ਜਾਂਦਾ ਹੈ। ਜਦ ਉਨ੍ਹਾਂ ਤੋਂ ਨਵੇ ਬਣੇ ਰਜਬਾਹੇ ਦੇ ਤਿੰਨ ਵਾਰ ਟੁੱਟਣ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਹਾਲੇ ਦਸ ਦਿਨ ਪਹਿਲਾਂ ਹੀ ਆਏ ਹਨ, ਇਸ ਬਾਰੇ ਉਨ੍ਹਾਂ ਨੂੰ ਅਜੇ ਜਾਣਕਾਰੀ ਨਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ