ਮਨੁੱਖਤਾ ਲਈ ਖ਼ਤਰਨਾਕ ਹੈ ਅੱਤਵਾਦ

ਅੱਤਵਾਦ ਸ਼ਬਦ ਫਰੈਂਚ ਭਾਸ਼ਾ ਦੇ ਸ਼ਬਦ ‘ਟੈਰਿਜ਼ਮੇ’ ਤੋਂ ਬਣਿਆ ਹੈ, 1973-74 ‘ਚ ਫਰੈਂਚ ਸਰਕਾਰ ਨੇ ਅੱਤਵਾਦੀ ਲਫ਼ਜ਼ ਵਰਤਣਾ ਸ਼ੁਰੂ ਕੀਤਾ ਸੀ ਜਿਸਦਾ ਭਾਵ ਸੀ ‘ਬੇਦੋਸ਼ਿਆਂ ਦਾ ਖੂਨ ਕਰਨ ਵਾਲਾ’ ਇਸ ਤੋਂ ਬਾਅਦ ਸੰਸਾਰ ‘ਚ ਇਹ ਅਲਫ਼ਾਜ਼ ਸ਼ੁਰੂ ਹੋ ਗਿਆ ਤੇ ਦਿਨੋ -ਦਿਨ ਅੱਤਵਾਦੀ ਘਟਨਾਵਾਂ ‘ਚ ਬੇਤਹਾਸ਼ਾ ਵਾਧਾ ਹੋਣ ਲੱਗਾ ਸੰਸਾਰੀਕਰਨ ਦੀ ਦੌੜ ਤੇ ਵਿਕਸਿਤ ਦੇਸ਼ਾਂ ਨੇ ਪੂਰੇ ਸੰਸਾਰ ‘ਤੇ ਆਪਣੀ ਚੌਧਰ ਰੂਪੀ ਲੱਤ ਰੱਖਣ ਲਈ ਕੁਝ ਗਰੀਬ ਮੁਲਕਾਂ ‘ਚ ਇਸ ਅਜ਼ਗਰ ਨੂੰ ਪਾਲਣ ਲਈ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਉਨ੍ਹਾਂ ਵਿਕਾਸਸ਼ੀਲ ਦੇਸ਼ਾਂ ਨੇ ਇਸ ਨੂੰ ਆਪਣੇ ‘ਤੇ ਵਿਕਸਿਤ ਦੇਸ਼ਾਂ ਦਾ ਰਹਿਮੋ ਕਰਮ ਸਮਝਿਆ ਤੇ ਚੰਦ ਸਿੱਕਿਆਂ ਦੇ ਲਾਲਚ ਲਈ ਉੱਥੋਂ ਦੇ ਕੁਝ ਲੋਕਾਂ ਨੇ ਆਪਣਾ ਈਮਾਨ ਗਹਿਣੇ ਰੱਖਿਆ

ਸਮੇਂ ਦੇ ਗੇੜ ਨੇ ਉਨ੍ਹਾਂ ਨੂੰ ਵੀ ਉਸੇ ਥਾਂ ਲਿਆ ਖੜ੍ਹਾ ਕੀਤਾ ਜਿੱਥੇ ਉਹ ਪੂਰੀ ਦੁਨੀਆਂ ਨੂੰ ਰੱਖ ਕੇ ਬਾਦਸ਼ਾਹਤ ਦੇ ਰੰਗੀਨ ਖ਼ਾਬ ਦੇਖਦੇ ਸਨ ਵਿਕਸਿਤ ਦੇਸ਼ਾਂ ਦੀ ਇਸ ਗਹਿਰੀ ਚਾਲ ਦਾ ਸ਼ਿਕਾਰ ਸਾਰਾ ਸੰਸਾਰ ਹੈ ਬਾਰੂਦ ਦੇ ਢੇਰ ‘ਤੇ ਬੈਠੀ ਦੁਨੀਆਂ ਵੱਲ ਅੱਤਵਾਦ ਰੂਪੀ ਅਜ਼ਗਰ ਅੱਗ ਦੇ ਫੁੰਕਾਰੇ ਮਾਰ ਰਿਹੈ

ਬੀਤੇ ਵਰ੍ਹੇ ਪਾਕਿਸਤਾਨ ਦੀ ਬਾਚਾ ਖਾਨ ਯੂਨੀਵਰਸਿਟੀ ‘ਤੇ ਅੱਤਵਾਦੀਆਂ ਵੱਲੋਂ ਆਤਮਘਾਤੀ ਹਮਲਾ ਕੀਤਾ ਗਿਆ ਇਸ ‘ਚ 18 ਵਿਦਿਆਰਥੀਆਂ, ਇੱਕ ਪ੍ਰੋਫੈਸਰ ਤੇ ਇੱਕ ਹੋਰ ਸ਼ਖ਼ਸ ਦੀ ਮੌਤ ਹੋ ਗਈ ਤਿੰਨ ਦਰਜ਼ਨ ਵਿਦਿਆਰਥੀ ਜ਼ਖਮੀ ਹੋ ਗਏ ਸਨ ਇਸ ਤੋਂ ਪਹਿਲਾਂ 16 ਦਸੰਬਰ 2014 ‘ਚ ਪੇਸ਼ਾਵਰ ਦੇ ਆਰਮੀ ਸਕੂਲ ‘ਤੇ ਭਿਆਨਕ ਹਮਲਾ ਹੋਇਆ ਜਿਸ ਵਿੱਚ 134 ਬੱਚੇ ਮਾਰੇ ਗਏ ਤੇ ਵੱਡੀ ਗਿਣਤੀ ‘ਚ ਬੱਚੇ ਤੇ ਸਕੂਲ ਦੇ ਕਰਮਚਾਰੀ ਜ਼ਖ਼ਮੀ ਹੋ ਗਏ ਸਨ ਇਨ੍ਹਾਂ ਦੋਵਾਂ ਹਮਲਿਆਂ ਦੀ ਜ਼ਿੰਮੇਵਾਰੀ ਤਹਿਰੀਕੇ ਤਾਲਿਬਾਨ ਨੇ ਲਈ ਸੀ ਉਸ ਵਕਤ ਇਸ ਘਿਨੌਣੀ ਹਰਕਤ ਦਾ ਆਲਮੀ ਪੱਧਰ ‘ਤੇ ਸਖ਼ਤ ਵਿਰੋਧ ਹੋਇਆ ਸੀ

ਜੇਕਰ ਸਮਾਂ ਰਹਿੰਦੇ ਠੋਸ ਕਾਰਵਾਈ ਕੀਤੀ ਜਾਂਦੀ ਤਾਂ ਖੌਰੇ ਕਿੰਨੀਆਂ ਦਹਿਸ਼ਤੀ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਸੀ ਪਰ ਕਾਰਵਾਈ ਕਰਨ ਲਈ ਦ੍ਰਿੜ ਇੱਛਾ ਸ਼ਕਤੀ ਦੀ ਲੋੜ ਹੁੰਦੀ ਹੈ ਜੋ ਪਾਕਿ ਸਰਕਾਰ ਤੇ ਫੌਜ ਕੋਲ ਨਹੀਂ ਹੈ ਫੌਜ ਦੇ ਕਈ ਅਧਿਕਾਰੀ ਇਨ੍ਹਾਂ ਗੁੱਟਾਂ ਨਾਲ ਡੂੰਘੀ ਹਮਦਰਦੀ ਰੱਖਦੇ ਹਨ ਪਾਕਿ  ਸਰਜ਼ਮੀਨ ਅੱਤਵਾਦੀਆਂ ਦੀ ਪਨਾਹਗਾਹ ਹੈ ਜਿੱਥੇ ਖਤਰਨਾਕ ਅੱਤਵਾਦੀਆਂ ਗੁੱਟਾਂ ਦੇ ਆਕਾ ਬੇਖੌਫ਼ ਘੁੰਮਦੇ ਹਨ ਜਿਨ੍ਹਾਂ ਦੀ ਸਰਪ੍ਰਸਤੀ ਪਾਕਿ ਸਰਕਾਰ ਤੇ ਫੌਜ਼ ਕਰ ਰਹੀ ਹੈ ਇਹ ਅੱਤਵਾਦੀ ਸੰਗਠਨ ਉਸ ਦੇਸ਼ ਦੀ ਜ਼ਮੀਨ ਨੂੰ ਵੀ ਨਹੀਂ ਬਖ਼ਸ਼ਦੇ, ਜਿਸਨੇ ਇਹ ਸਾਬਤ ਕਰ ਦਿੱਤਾ ਕਿ ਅੱਤਵਾਦ ਦਾ ਕੋਈ ਧਰਮ, ਦੇਸ਼, ਜਾਤ ਨਹੀਂ ਹੁੰਦੀ

ਭਾਰਤ ਦੁਨੀਆਂ ਦਾ ਛੇਵਾਂ ਅੱਤਵਾਦ ਤੋਂ ਪੀੜਤ ਦੇਸ਼ ਹੈ ਸੰਸਾਰ ਦੇ 43 ਸਰਗਰਮ ਅੱਤਵਾਦੀ ਸੰਗਠਨਾਂ ‘ਚੋਂ ਜ਼ਿਆਦਾਤਰ ਭਾਰਤ ‘ਚ ਵੀ ਸਰਗਰਮ ਹਨ ਪਾਕਿ ਖੁਫ਼ੀਆ ਏਜੰਸੀ ਆਈਐਸਆਈ ਭਾਰਤ ‘ਚ ਗੜਬੜੀ ਫੈਲਾਉਣ ਦੀ ਤਾਕ ‘ਚ ਰਹਿੰਦੀ ਹੈ ਨੌਜਵਾਨਾਂ ਨੂੰ ਭਰਮਾ ਕੇ ਇਸ ਮੁਹਿੰਮ ‘ਚ ਸ਼ਾਮਲ ਕਰ ਲਿਆ ਜਾਂਦਾ ਹੈ

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਸ਼ਰੇਆਮ ਅੱਤਵਾਦੀ ਸਿਖਲਾਈ ਕੇਂਦਰ ਚੱਲ ਰਹੇ ਹਨ ਜਿੱਥੋਂ ਉਹ ਆਪਣੇ ਨਾਪਾਕ ਇਰਾਦਿਆਂ ਨੂੰ ਅੰਜ਼ਾਮ ਦਿੰਦੇ ਹਨ ਪੰਜਾਬ ਦੀ ਸਰਹੱਦ ਰਾਹੀਂ ਅੱਤਵਾਦੀ ਘੁਸਪੈਠ ਤੇ ਨਸ਼ਿਆਂ ਦੀ ਸਮੱਗਲਿੰਗ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ ਦੀਨਾਨਗਰ ਤੇ ਪਠਾਨਕੋਟ ਏਅਰਬੇਸ ‘ਤੇ ਹਮਲੇ ਸਮੇਂ ਅੱਤਵਾਦੀ ਇਸੇ ਰਸਤੇ ਹੀ ਪਹੁੰਚੇ ਸਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਖੁਫ਼ੀਆ ਤੰਤਰ ਦੀ ਸੂਚਨਾ ਨੂੰ ਸੰਜ਼ੀਦਗੀ ਨਾਲ ਨਹੀਂ ਲਿਆ ਗਿਆ ਸੀ ਵੱਡੀ ਗੱਲ ਸੁਰੱਖਿਆ ਅਧਿਕਾਰੀਆਂ ‘ਚ ਕੌਮੀ ਚਰਿੱਤਰ ਦੀ ਘਾਟ ਜਿਸਨੇ ਉਨ੍ਹਾਂ ਨੂੰ ਜ਼ਮੀਰ ਵੇਚਣ ਲਈ ਮਜ਼ਬੂਰ ਕੀਤਾ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਨੇ ਦੁਸ਼ਮਣਾਂ ਨੂੰ ਅਜਿਹਾ ਕਰਨ ‘ਚ ਮੱਦਦ ਕੀਤੀ ਸੀ

ਦੇਸ਼ ਦੀ ਸੰਸਦ ਤੇ ਤਾਜ ਹੋਟਲ ਹਮਲੇ ਸਮੇਂ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੱਲ੍ਹੀ ਸੀ ਕਿਉਂਕਿ ਘਟੀਆ ਗੁਣਵੱਤਾ ਵਾਲੇ ਸਾਜੋ-ਸਮਾਨ ਕਾਰਨ ਦੇਸ਼ ਦੇ ਜਾਂਬਾਜ਼ ਅਫ਼ਸਰ ਸ਼ਹੀਦ ਹੋ ਗਏ ਜੋ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਸੀ ਪੰਜਾਬ ਨੇ ਵੀ ਦੋ ਦਹਾਕਿਆਂ ਤੱਕ ਅੱਤਵਾਦ ਦਾ ਸੰਤਾਪ ਹੰਢਾਇਆ ਹੈ ਇਸ ਕਾਲ਼ੇ ਸਮੇਂ ਦੌਰਾਨ ਲੋਕਾਂ ਨੂੰ ਦੂਹਰੀ ਮਾਰ ਪਈ ਅੱਤਵਾਦੀਆਂ ਤੇ ਪੁਲਿਸ ਤੋਂ ਅੱਤਵਾਦੀਆਂ ਦੇ ਨਾਂਅ ‘ਤੇ ਪੁਲਿਸ ਨੇ ਨਿਰਦੋਸ਼ਾਂ ਦਾ ਬਹੁਤ ਖੂਨ ਵਹਾਇਆ ਦੋ ਦਹਾਕਿਆਂ ਦੌਰਾਨ ਢਾਈ ਲੱਖ ਲੋਕ ਸਿੱਧੇ-ਅਸਿੱਧੇ ਤੌਰ ‘ਤੇ ਅੱਤਵਾਦ ਨਾਲ ਪ੍ਰਭਾਵਿਤ ਹੋਏ ਇੱਕ ਰਿਪੋਰਟ ਮੁਤਾਬਕ ਦੇਸ਼ ‘ਚ 800 ਥਾਵਾਂ ਤੋਂ ਅੱਤਵਾਦੀ ਗਤੀਵਿਧੀਆਂ ਚੱਲ ਰਹੀਆਂ ਹਨ ਤੇ ਦੇਸ਼ ਦੇ 608 ਜ਼ਿਲ੍ਹੇ ਅੱਤਵਾਦ, ਨਸਲਵਾਦ ਤੋਂ ਬੁਰੀ ਤਰ੍ਹਾਂ ਪੀੜਤ ਹਨ

ਦੁਨੀਆਂ ਦੀ ਮਹਾਂਸ਼ਕਤੀ ਵਜੋਂ ਜਾਣੇ ਜਾਂਦੇ ਅਮਰੀਕਾ ਜੋ ਕਿ ਪਾਕਿਸਤਾਨ ਦਾ ਬਹੁਤ ਵੱਡਾ ਹਿਤੈਸ਼ੀ ਹੈ ਜਿਸਦੀ ਸਰਪ੍ਰਸਤੀ ਹੇਠ ਅੱਤਵਾਦ ਉੱਥੇ ਵਧਿਆ ਫੁੱਲਿਆ ਹੈ ਹੌਲ਼ੀ- ਹੌਲ਼ੀ ਅੱਤਵਾਦ ਨੇ ਉਨ੍ਹਾਂ ਖਿਲਾਫ਼ ਹੀ ਝੰਡਾ ਬੁਲੰਦ ਕਰ ਦਿੱਤਾ ਜਿਸਦਾ ਖਾਮਿਆਜ਼ਾ 11 ਸਤੰਬਰ 2001 ‘ਚ ਹਜ਼ਾਰਾਂ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਕੇ ਭੁਗਤਿਆ  ਅਮਰੀਕਾ ਦੇ ਵਰਲਡ ਟਰੇਡ ਸੈਂਟਰ ‘ਤੇ ਅੱਤਵਾਦੀ ਹਮਲੇ ਨੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਅੱਤਵਾਦੀਆਂ ਨੇ ਉੱਥੋਂ ਦੇ ਹੀ ਜਹਾਜ਼ ਵਰਤ ਕੇ ਵਰਲਡ ਟਰੇਡ ਸੈਂਟਰ ਦੀ ਇਮਾਰਤ ਪਲਾਂ ‘ਚ ਖਾਕ ਕਰ ਦਿੱਤੀ

ਗਲੋਬਲ ਅੱਤਵਾਦ ਇਨਡੈਕਸ ਮੁਤਾਬਕ ਵਿਸ਼ਵ ਪੱਧਰ ‘ਤੇ ਅੱਤਵਾਦ ਕਾਰਨ ਹੋਣ ਵਾਲੀਆਂ ਮੌਤਾਂ ‘ਚ 61 ਫੀਸਦੀ ਵਾਧਾ ਹੋਇਆ ਹੈ ਇਰਾਕ, ਅਫਗਾਨਿਸਤਾਨ, ਪਾਕਿਸਤਾਨ, ਨਾਈਜੀਰੀਆ ਤੇ ਸੀਰੀਆ ‘ਚ ਸੰਨ 2013 ‘ਚ 80 ਫੀਸਦੀ ਮੌਤਾਂ ਦਾ ਕਾਰਨ ਅੱਤਵਾਦ ਹੈ  2000-14 ਤੱਕ ਵਿਸ਼ਵ ‘ਚ 48000 ਅੱਤਵਾਦੀ ਘਟਨਾਵਾਂ ਵਾਪਰੀਆਂ ਜਿਨ੍ਹਾਂ ‘ਚ ਇੱਕ ਲੱਖ ਸੱਤ ਹਜ਼ਾਰ ਲੋਕ ਮਾਰੇ ਗਏ ਇਕੱਲੇ 2013 ‘ਚ ਸੰਸਾਰ ‘ਚ ਦਸ ਹਜ਼ਾਰ ਅੱਤਵਾਦੀ ਘਟਨਾਵਾਂ ‘ਚ ਅਠਾਰਾਂ ਹਜ਼ਾਰ ਲੋਕਾਂ ਦੀ ਮੌਤ ਹੋਈ ਇਨ੍ਹਾਂ ਘਟਨਾਵਾਂ ‘ਚੋਂ 60 ਫੀਸਦੀ ਭਾਵ ਛੇ ਹਜ਼ਾਰ ਘਟਨਾਵਾਂ ਇਰਾਕ ,ਅਫਗਾਨਿਸਤਾਨ , ਪਾਕਿਸਤਾਨ, ਸੀਰੀਆ ਅਤੇ ਨਾਈਜੀਰੀਆ’ਚ ਹੋਈਆਂ ਇਨ੍ਹਾਂ ਪੰਜ ਪ੍ਰਭਾਵਿਤ ਦੇਸ਼ਾਂ ‘ਚ ਪਿਛਲੇ 14 ਸਾਲਾਂ ਦੌਰਾਨ ਅੱਤਵਾਦੀ ਘਟਨਾਵਾਂ ‘ਚ 180 ਫੀਸਦੀ ਵਾਧਾ ਹੋਇਆ ਹੈ

ਸੱਚਮੁੱਚ ਅੱਤਵਾਦ ਅਜ਼ਗਰ ਵਾਂਗ ਮਨੁੱਖਤਾ ਨੂੰ ਨਿਗਲ਼ ਰਿਹੈ ਸੰਸਾਰ ‘ਚ  ਰਾਜਨੀਤਕ ਤੇ ਦੇਸ਼ਵਾਦ ਆਦਿ ਰੂਪ ‘ਚ ਅੱਤਵਾਦ ਦਿਨੋ-ਦਿਨ ਪੈਰ ਪਸਾਰ ਰਿਹਾ ਹੈ ਸੋਸ਼ਲ ਮੀਡੀਆ ਇਸ ‘ਚ ਅਹਿਮ ਭੂਮਿਕਾ ਨਿਭਾ ਰਿਹਾ ਹੈ

ਇਸਲਾਮਿਕ ਸਟੇਟ ਅੱਤਵਾਦੀ ਸੰਗਠਨ ‘ਚ ਪੜ੍ਹੇ-ਲਿਖੇ ਨੌਜਵਾਨ ਸੋਸ਼ਲ ਸਾਈਟਾਂ ਜਰੀਏ ਲਗਾਤਾਰ ਸ਼ਾਮਲ ਹੋ ਰਹੇ ਹਨ ਇਸ ਕਰਕੇ ਇਨ੍ਹਾਂ ਸੋਸ਼ਲ ਸਾਈਟਾਂ ‘ਤੇ ਨਜ਼ਰਸਾਨੀ ਜ਼ਰੂਰੀ ਹੈ  ਸੁਰੱਖਿਆ ਨਾਲ ਜੁੜੇ ਲੋਕ ਵੀ ਇਨ੍ਹਾਂ ਰਾਹੀਂ ਹੀ ਗੁੰਮਰਾਹ ਹੁੰਦੇ ਹਨ ਬੇਰੁਜ਼ਗਾਰੀ, ਗਰੀਬੀ ਤੇ ਰਾਤੋ-ਰਾਤ ਅਮੀਰ ਹੋਣ ਦੀ ਹੋੜ ਨੇ ਲੋਕਾਂ ਨੂੰ ਇਸ ਪਾਸੇ ਰੁਖ਼ ਕਰਨ ਲਈ ਮਜ਼ਬੂਰ ਕੀਤਾ ਹੈ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਤੇ ਚੌਧਰ ਕਾਇਮ ਕਰਨ ਲਈ ਵੀ ਅੱਤਵਾਦ ਦਾ ਸਹਾਰਾ ਲਿਆ ਜਾ ਰਿਹਾ ਹੈ ਸੁਰੱਖਿਆ ਏਜੰਸੀਆਂ ਦੇ ਨਾਲ ਲੋਕਾਂ ‘ਚ ਵੀ ਕੌਮੀ ਚਰਿੱਤਰ ਨਿਰਮਾਣ ਦੀ ਬਹੁਤ ਲੋੜ ਹੈ

ਗੁਰਤੇਜ ਸਿੰਘ, ਚੱਕ ਬਖਤੂ(ਬਠਿੰਡਾ)