ਜਦ ਖੂਨ ਦੀ ਕਮੀ ਆਈ ਤਾਂ ਪ੍ਰਸ਼ਾਸਨ ਨੇ True Blood ਪੰਪਾਂ ਨੂੰ ਕੀਤਾ ਯਾਦ

0
100

ਜਦ ਖੂਨ ਦੀ ਕਮੀ ਆਈ ਤਾਂ ਪ੍ਰਸ਼ਾਸਨ ਨੇ True Blood ਪੰਪਾਂ ਨੂੰ ਕੀਤਾ ਯਾਦ

ਪਟਿਆਲਾ (ਖੁਸ਼ਵੀਰ ਸਿੰਘ ਤੂਰ) ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਅਤੇ ਜਾਮ-ਏ-ਇੰਸਾਂ ਦਿਵਸ ਮੌਕੇ ਅੱਜ ਬਲਾਕ ਪਟਿਆਲਾ ਦੀ ਸਾਧ-ਸੰਗਤ ਵੱਲੋਂ ਰਾਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਵਿੱਚ ਇੱਕ ਖੂਨਦਾਨ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ 72 ਯੂਨਿਟ ਖੂਨਦਾਨ ਦਾਨ ਦਿੱਤਾ ਗਿਆ। ਦਰਅਸਲ ਰਜਿੰਦਰਾ ਹਸਪਤਾਲ ਦੇ ਪ੍ਰਸ਼ਾਸਨ ਵੱਲੋਂ ਡੇਰਾ ਸੱਚਾ ਸੌਦਾ ਨੂੰ ਇੱਕ ਬੇਨਤੀ ਪੱਤਰ ਲਿਖਿਆ ਗਿਆ ਸੀ ਜਿਸ ਵਿੱਚ ਉਨ੍ਹਾਂ ਕਰੋਨਾ ਸੰਕਟ ਅਤੇ ਲਾਕਡਾਊਨ ਨੂੰ ਦੇਖਦਿਆਂ ਐਮਰਜੈਂਸੀ ਖੂਨਦਾਨ ਦੀ ਮੰਗ ਕੀਤੀ ਗਈ ਸੀ।

ਇਸ ਤੋਂ ਬਾਅਦ ਅੱਜ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਸਮਾਜਿਕ ਦੂਰੀਆਂ ਧਿਆਨ ਵਿੱਚ ਰੱਖਦਿਆਂ ਇੱਥੇ ਕੈਂਪ ਲਾਇਆ ਗਿਆ ਅਤੇ ਸਾਰੇ ਸੇਵਾਦਾਰਾਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਨੁਸ਼ਾਸਨ ਦਾ ਪਾਲਣ ਕਰਦਿਆਂ ਕੈਂਪ ਲਾਇਆ ਗਿਆ। ਇਸ ਮੌਕੇ ਸਮਾਜ ਸੇਵੀ ਮੈਡਮ ਸਤਿੰਦਰ ਵਾਲੀਆ ਅਤੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਵੱਲੋਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਭਰਵੀਂ ਸ਼ਲਾਘਾ ਕੀਤੀ ਗਈ।

ਉਨ੍ਹਾਂ ਕਿਹਾ ਕਿ ਕੋਰੋਨਾ ਸੰਕਟ ਵਿੱਚ ਡੇਰਾ ਸ਼ਰਧਾਲੂਆਂ ਵੱਲੋਂ ਇੱਥੇ ਖੂਨਦਾਨ ਲਈ ਪੁੱਜਣਾ ਬਹੁਤ ਵੱਡਾ ਪੁੰਨ ਵਾਲਾ ਕੰਮ ਹੈ। ਉਨ੍ਹਾਂ ਕਿਹਾ ਕਿ ਰਜਿੰਦਰਾ ਹਸਪਤਾਲ ਵਿੱਚ ਥੈਲਾ ਸਿਮੀਆ, ਐਕਸੀਡੈਂਟ ਕੇਸ, ਡਿਲਿਵਰੀ ਕੇਸ ਸਮੇਤ ਅਨੇਕਾਂ ਐਮਰਜੈਂਸੀ ਦੇ ਕੇਸਾਂ ਵਿੱਚ ਖ਼ੂਨ ਦੀ ਸਖ਼ਤ ਜ਼ਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸੰਕਟ ਦੇ ਦੌਰ ‘ਚ ਖੂਨਦਾਨ ਦੀ ਕਮੀ ਪਾਈ ਜਾ ਰਹੀ ਸੀ। ਉਨ੍ਹਾਂ ਸ਼ਾਹ ਸਤਿਨਾਮ ਸਿੰਘ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਦੇ ਸੇਵਾਦਾਰਾਂ ਦੀ ਇਸ ਗੱਲੋਂ ਭਰਮ ਸ਼ਲਾਘਾ ਕੀਤੀ ਕਿ ਉਹ ਲਗਾਤਾਰ ਇੱਕ ਮਹੀਨਾ ਇੱਥੇ ਖੂਨਦਾਨ ਦਿੰਦੇ ਰਹਿਣਗੇ, ਜਿਸ ਵਿੱਚ ਰੋਜ਼ਾਨਾ 40 ਤੋਂ 50 ਯੂਨਿਟ ਖੂਨਦਾਨ ਦਿੱਤਾ ਜਾਂਦਾ ਰਹੇਗਾ।

ਇਸ ਮੌਕੇ ਡੇਰਾ ਸੱਚਾ ਸੌਦਾ ਦੇ ਪੰਤਾਲੀ ਮੈਂਬਰ ਹਰਮਿੰਦਰ ਸਿੰਘ ਨੋਨਾ ਨੇ ਕਿਹਾ ਕਿ ਰਜਿੰਦਰਾ ਹਸਪਤਾਲ ਪ੍ਰਸ਼ਾਸਨ ਦੀ ਮੰਗ ਤੋਂ ਬਾਅਦ ਹੀ ਕੈਂਪ ਲਾਇਆ ਗਿਆ ਅਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਇੱਥੇ ਖ਼ੂਨਦਾਨ ਦੀ ਕਮੀ ਨਹੀਂ ਆਉਣ ਦੇਣਗੇ। ਉਨ੍ਹਾਂ ਕਿਹਾ ਕਿ ਜਿੰਨ੍ਹਾ ਸਮਾਂ ਰਾਜਿੰਦਰਾ ਪ੍ਰਸ਼ਾਸਨ ਖ਼ੂਨਦਾਨ ਦੇਣ ਲਈ ਕਹੇਗਾ ਉਹਨਾਂ ਸਮਾਂ ਇੱਥੇ ਨਿਰੰਤਰ ਖ਼ੂਨਦਾਨ ਕੈਂਪ ਜਾਰੀ ਰਹੇਗਾ। ਇਸ ਮੌਕੇ ਖੂਨਦਾਨੀਆਂ ਵਿੱਚ ਵੱਖਰਾ ਜਜ਼ਬਾ ਦਿੱਤਾ ਗਿਆ ਅਤੇ ਖੂਨਦਾਨੀਆਂ ਦਾ ਕਹਿਣਾ ਸੀ ਕਿ ਅੱਜ ਸਥਾਪਨਾ ਦਿਵਸ ਅਤੇ ਜਾਮ-ਏ-ਇੰਸਾਂ ਦਿਵਸ ਮੌਕੇ ਖ਼ੂਨਦਾਨ ਕਰਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ। ਇਸ ਦੇ ਨਾਲ ਹੀ ਨਾਭਾ ਵਿਖੇ ਵੀ ਖ਼ੂਨਦਾਨ ਕੈਂਪ ਲਾਇਆ ਗਿਆ ਜਿੱਥੇ ਕਿ ਸੇਵਾਦਾਰਾਂ ਵੱਲੋਂ ਖਬਰ ਲਿਖੇ ਜਾਣ ਤੱਕ 40 ਯੂਨਿਟ ਤੋਂ ਵੱਧ ਖੂਨਦਾਨ ਦੇ ਦਿੱਤਾ ਗਿਆ ਸੀ। ਅੱਜ ਪਟਿਆਲਾ ਅਤੇ ਨਾਭਾ ਵਿਖੇ 100 ਯੂਨਿਟ ਤੋਂ ਵੱਧ ਖੂਨ ਦਾਨ ਦਿੱਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।