ਪੈਰ ਪਸਾਰਦੀ ਚਮਚਾਗਿਰੀ ਦੀ ਕਲਾ

ਪੈਰ ਪਸਾਰਦੀ ਚਮਚਾਗਿਰੀ ਦੀ ਕਲਾ

ਕਿਸੇ ਸਵਾਰਥ, ਕਿਸੇ ਲਾਲਚ ਅਧੀਨ ਕਿਸੇ ਦੀ ਝੂਠੀ ਤਾਰੀਫ਼ ਕਰਨਾ, ਕਿਸੇ ਦੀ ਵਡਿਆਈ ਦੇ ਪੁਲ ਬੰਨ੍ਹਣਾ ਚਮਚਾਗਿਰੀ ਹੈ। ਕਮਾਲ ਇਹ ਹੁੰਦਾ ਹੈ ਕਿ ਇਸ ਹੁਨਰ ਵਿਚ ਉਸਤਾਦ ਵਿਅਕਤੀ ਝੂਠ ਨੂੰ ਸ਼ਬਦਾਂ ਦਾ ਅਜਿਹਾ ਜਾਮਾ ਪਹਿਨਾਉਂਦੇ ਹਨ, ਕਿ ਸੁਣਨ ਵਾਲਾ ਉਸ ’ਤੇ ਯਕੀਨ ਕਰਨ ਲਈ ਮਜ਼ਬੂਰ ਹੋ ਜਾਂਦਾ ਹੈ। ਚਮਚਾਗਿਰੀ ਦੀ ਕਲਾ ਵਾਲੇ ਜ਼ਿਆਦਾਤਰ ‘ਚਮਚੇ’ ਦੇ ਨਾਂਅ ਨਾਲ ਜਾਣੇ ਜਾਂਦੇ ਹਨ। ਅੱਜ-ਕੱਲ੍ਹ ਚਮਚਿਆਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਅੱਜ-ਕੱਲ੍ਹ ਤਾਂ ਚਮਚਿਆਂ ਦੀ ਬੱਲੇ ਬੱਲੇ ਹੈ, ਕਿਉਂਕਿ ਚੋਣਾਂ ਜੋ ਨੇੜੇ ਆ ਰਹੀਆਂ ਹਨ।

ਜਦੋਂ ਵੀ ਕਿਸੇ ਦਾ ਕੋਈ ਕੰਮ ਕਰਵਾਉਣਾ ਹੋਵੇ ਤਾਂ ਚਮਚੇ ਅੱਗੇ ਹੋ ਕੇ ਇਹ ਕੰਮ ਕਰਵਾ ਦਿੰਦੇ ਹਨ ਅਤੇ ਨਾਲ-ਨਾਲ ਕੰਮ ਕਰਵਾਉਣ ਵਾਲਿਆਂ ਤੋਂ ਨਾਵਾਂ ਵੀ ਘੱਟ ਲੈਂਦੇ ਹਨ। ਭਾਵੇਂ ਕਿ ਕਈ ਚਮਚਿਆਂ ਦੀ ਅਫਸਰਾਂ ਨਾਲ ਅਜਿਹੀ ਗੰਢ-ਤੁੱਪ ਹੋਈ ਹੁੰਦੀ ਹੈ, ਜਿੱਥੇ ਉਹ ਕਹਿੰਦੇ ਹਨ ਕਿ ਸ਼ਿਕਾਰ ਤੁਸੀਂ ਲਿਆਓ ਤੇ ਕਰ ਅਸੀਂ ਲਵਾਂਗੇ, ਤੇ ਬਾਅਦ ’ਚ ਅੱਧਾ-ਅੱਧਾ ਵੰਡ ਲਵਾਂਗੇ। ਅੱਜ ਹਰ ਖੇਤਰ ਵਿਚ ਚਮਚੇ ਹਨ, ਜਿਵੇਂ ਸਰਕਾਰੀ ਦਫ਼ਤਰਾਂ ਵਿੱਚ ਤਾਂ ਇਹ ਆਮ ਦੇਖੇ ਜਾ ਸਕਦੇ ਹਨ, ਕਿਉਂਕਿ ਇਹ ਆਪਣੀ ਕਲਾ ਰਾਹੀਂ ਅਫਸਰਾਂ ਦੀ ਚਮਚਾਗਿਰੀ ਕਰਕੇ ਵੱਡੇ-ਵੱਡੇ ਕੰਮ ਕਰਵਾ ਲੈਂਦੇ ਹਨ ਅਤੇ ਨਾਲ ਹੀ ਆਪਣੇ ਹੱਥ ਵੀ ਰੰਗ ਲੈਂਦੇ ਹਨ।

ਰਾਜਨੀਤੀ ਵਿੱਚ ਤਾਂ ਚਮਚਿਆਂ ਦੀ ਭਰਮਾਰ ਹੈ। ਇਨ੍ਹਾਂ ਚਮਚਿਆਂ ਵਿਚ ਇੱਕ ਵਿਸ਼ੇਸ਼ ਗੁਣ ਹੁੰਦਾ ਹੈ, ਕਿ ਇਹ ਗਿਰਗਿਟ ਵਾਂਗੂ ਛੇਤੀ ਰੰਗ ਬਦਲ ਲੈਂਦੇ ਹਨ, ਜਿਸ ਪਾਰਟੀ ਦੀ ਸਰਕਾਰ ਹੋਵੇ, ਇਹ ਉਸ ਪਾਰਟੀ ਦੇ ਵਫ਼ਾਦਾਰ ਅਖਵਾਉਣ ਲੱਗ ਪੈਂਦੇ ਹਨ ਅਤੇ ਫਿਰ ਕਿਸੇ ਲੀਡਰ ਕੋਲੋਂ ਆਪਣੀ ਇਸ ਚਮਚਾਗਿਰੀ ਦੀ ਕਲਾ ਨਾਲ ਆਪਣੇ ਕੰਮ ਕਰਵਾ ਲੈਂਦੇ ਹਨ।

ਆਪਣੇ-ਆਪਣੇ ਅਫਸਰਾਂ ਲੀਡਰਾਂ, ਪੁਲਿਸ ਦੇ ਉੱਚ ਅਧਿਕਾਰੀਆਂ ਦੇ ਪਰਿਵਾਰਾਂ ਬਾਰੇ ਤੇ ਹੋਰ ਨਿੱਜੀ ਜਾਣਕਾਰੀ ਇਨ੍ਹਾਂ ਕੋਲ ਹੁੰਦੀ ਹੈ। ਇਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਕਿਸੇ ਵੱਡੇ ਅਫ਼ਸਰ ਨੂੰ ਖਾਣ ਵਿੱਚ ਕੀ ਪਸੰਦ ਹੈ, ਉਸ ਨੂੰ ਕਿਹੜੇ ਰੰਗ ਦੇ ਕੱਪੜੇ ਪਸੰਦ ਹਨ। ਉਸ ਦੇ ਸਹੁਰੇ ਕਿੱਥੇ ਹਨ, ਇੱਥੋਂ ਤੱਕ ਕਿ ਉਸ ਦਾ ਅਤੇ ਉਸਦੇ ਬੱਚਿਆਂ ਦਾ ਜਨਮ ਕਿਹੜੀ ਤਰੀਕ ਨੂੰ ਹੈ। ਚਮਚਿਆਂ ਨੂੰ ਇਸ ਤਰ੍ਹਾਂ ਦੀ ਜਾਣਕਾਰੀ ਦੀ ਖਾਸ ਜਰੂਰਤ ਹੁੰਦੀ ਹੈ, ਕਿਉਂਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਖ਼ਾਸ ਦਿਨਾਂ ਵਿਚ ਚਮਚਾਗਿਰੀ ਕਰਨ ਦਾ ਚੰਗਾ ਮੌਕਾ ਮਿਲਦਾ ਹੈ, ਜਿਵੇਂ ਕਿਸੇ ਅਫਸਰ ਦੇ ਜਨਮ-ਦਿਨ ’ਤੇ ਚਮਚਾਗਿਰੀ ਕਰਕੇ ਵਧਾਈ ਦਿੰਦੇ ਹਨ।

ਚਮਚੇ ਵੀ ਕਈ ਤਰ੍ਹਾਂ ਦੇ ਹੁੰਦੇ ਹਨ। ਕਈ ਛੋਟੇ ਚਮਚੇ ਹੁੰਦੇ ਹਨ, ਜੋ ਮੱਧ ਵਰਗ ’ਚ ਹੀ ਆਉਂਦੇ ਹਨ ਤੇ ਕਈ ਵੱਡੇ ਚਮਚੇ ਹਨ, ਜੋ ਅਮੀਰਾਂ ਵਿਚ ਆਉਂਦੇ ਹਨ। ਇਨ੍ਹਾਂ ’ਚ ਕਈ ਤਰ੍ਹਾਂ ਦੇ ਚਮਚਿਆਂ ਵਿੱਚੋਂ ਕੁਝ ਚਮਚੇ ਤਾਂ ਕਿਸੇ ਖ਼ਾਸ ਵਿਅਕਤੀ ਨਾਲ ਪੱਕੇ ਤੌਰ ’ਤੇ ਜੁੜੇ ਹੁੰਦੇ ਹਨ, ਜਿਵੇਂ ਕਿਸੇ ਅਫਸਰ ਨਾਲ, ਕਿਸੇ ਲੀਡਰ ਜਾਂ ਪੁਲਿਸ ਦੇ ਕਿਸੇ ਉੱਚ ਅਧਿਕਾਰੀ ਨਾਲ। ਪਰ ਕੁੱਝ ਚਮਚੇ ਆਜ਼ਾਦ ਹੁੰਦੇ ਹਨ, ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਤਲਾਸ਼ ਵਿੱਚ ਹੁੰਦੇ ਹਨ ਕਿ ਕਦੋਂ ਕੋਈ ਮਿਲੇ, ਜਿਸ ਦੀ ਚਮਚਾਗਿਰੀ ਕਰਕੇ ਕੋਈ ਫ਼ਾਇਦਾ ਲਿਆ ਜਾਵੇ।

ਜਿਵੇਂ ਕਿਸੇ ਸਮਾਗਮ ਵਿੱਚ ਉੱਥੇ ਬੈਠੇ ਮੁੱਖ ਮਹਿਮਾਨ ਦੀ ਚਮਚਾਗਿਰੀ ਕਰਨਾ, ਚਮਚਿਆਂ ਨੂੰ ਇਹ ਗੁਣ ਵਿਰਾਸਤ ਵਿੱਚ ਨਹੀਂ ਮਿਲਿਆ ਹੁੰਦਾ ਸਗੋਂ ਸਮਾਜ ਵਿੱਚ ਵਿਚਰਦਿਆਂ ਕਿਸੇ ਵੱਡੇ ਚਮਚੇ ਤੋਂ ਪ੍ਰਭਾਵਿਤ ਹੋ ਕੇ ਇਸ ਪਾਸੇ ਆ ਜਾਂਦੇ ਹਨ। ਵੈਸੇ ਤਾਂ ਇਹ ਚਮਚੇ ਦੇ ਨਾਂਅ ਨਾਲ ਹੀ ਵਧੇਰੇ ਪ੍ਰਚੱਲਤ ਹਨ ਪਰ ਕਈ ਲੋਕ ਇਨ੍ਹਾਂ ਨੂੰ ‘ਤਲੇ-ਚੱਟ’ ਵੀ ਕਹਿ ਦਿੰਦੇ ਹਨ ਖੈਰ ਭਾਵੇਂ ਕੁਝ ਵੀ ਹੈ ਪਰ ਅੱਜ-ਕੱਲ੍ਹ ਹਰ ਪਾਸੇ ਚਮਚਿਆਂ ਦੀ ਬੱਲੇ ਬੱਲੇ ਹੈ।
ਸਿਵੀਆਂ (ਬਠਿੰਡਾ)
ਮੋ. 80547-57806
ਹਰਮੀਤ ਸਿਵੀਆਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ