ਪੰਜਾਬੀ ‘ਵਰਸਿਟੀ ‘ਚ ਮਾਹੌਲ ਬਣਿਆ ਤਣਾਅਪੂਰਨ

Atmosphere, Punjabi, University

ਯੂਨੀਵਰਸਿਟੀ ਪ੍ਰਸ਼ਾਸਨ ਨੇ ਦੋ ਦਿਨ ‘ਵਰਸਿਟੀ ਕੀਤੀ ਬੰਦ

ਕੈਂਪਸ ‘ਚ ਏਆਰਪੀ ਸਮੇਤ ਪੰਜਾਬ ਪੁਲਿਸ ਤਾਇਨਾਤ

ਪਟਿਆਲਾ, ਖੁਸ਼ਵੀਰ ਸਿੰਘ ਤੂਰ

ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸ਼ਹਿਰ ਅੰਦਰ ਬਣੀ ਪੰਜਾਬੀ ਯੂਨੀਵਰਸਿਟੀ ਦਾ ਮਾਹੌਲ ਪੂਰੀ ਤਰ੍ਹਾਂ ਤਣਾਅਪੂਰਨ ਬਣਿਆ ਹੋਇਆ ਹੈ। ਯੂਨੀਵਰਸਿਟੀ ਅੰਦਰ ਏਆਰੀਪੀ ਸਮੇਤ ਪੰਜਾਬ ਪੁਲਿਸ ਤੈਨਾਤ ਕਰ ਦਿੱਤੀ ਗਈ ਹੈ। ਆਲਮ ਇਹ ਹੈ ਯੂਨੀਵਰਸਿਟੀ ਪ੍ਰਸ਼ਾਸਨ ਨੇ ਹੱਥ ਖੜ੍ਹੇ ਕਰਦਿਆਂ ਯੂਨੀਵਰਸਿਟੀ ਕੈਂਪਸ ਅੰਦਰ 11 ਤੇ 12 ਅਕਤੂਬਰ ਨੂੰ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਸੁਲਝਾਉਣ ‘ਚ ਬੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ। ਇੱਧਰ ਦੇਰ ਰਾਤ ਧਰਨੇ ‘ਤੇ ਬੈਠੇ ਵਿਦਿਆਰਥੀਆਂ ‘ਤੇ ਦੂਜੀ ਧਿਰ ਵੱਲੋਂ ਕੀਤੇ ਹਮਲੇ ਨੇ ਵੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਧਰਨੇ ‘ਤੇ ਬੈਠੇ ਵਿਦਿਆਥਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਰਨੇ ਨੂੰ ਖਤਮ ਕਰਵਾਉਣ ਲਈ ‘ਵਰਸਿਟੀ ਪ੍ਰਸ਼ਾਸਨ ਵੱਲੋਂ ਇੱਥੋਂ ਦੇ ਹੀ ਦੂਜੇ ਵਿਦਿਆਰਥੀਆਂ ਨੂੰ ਥਾਪੜਾ ਦੇ ਕੇ ਇਹ ਹਮਲਾ ਕਰਵਾਇਆ ਗਿਆ ਹੈ। ਅੱਜ ਜਦੋਂ ਇਸ ਪੱਤਰਕਾਰ ਵੱਲੋਂ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ ਤਾਂ ਵੀਸੀ ਦਫ਼ਤਰ ਦਾ ਇਹ ਹਾਲ ਸੀ ਕਿ ਉਸਦੀਆਂ ਟੁੱਟੀਆਂ ਖਿੜਕੀਆਂ, ਭੰਨੇ ਸ਼ੀਸ਼ੇ, ਫੁੱਲਾਂ ਵਾਲੇ ਗਮਲੇ ਆਦਿ ਚੀਜ਼ਾਂ ਇਹ ਬਿਆਨ ਕਰ ਰਹੀਆਂ ਸਨ ਕਿ ਇੱਥੇ ਜਿਵੇਂ ਕਿਸੇ ਵੱਡੇ ਧਾੜਵੀਆਂ ਵੱਲੋਂ ਆਤੰਕ ਮਚਾਇਆ ਗਿਆ ਹੈ। ਇੱਕ ਵਿਦਿਆਰਥੀ ਆਗੂ ਅਨੁਸਾਰ ਇਸ ਖਿੱਚ ਧੂਹ ਮੌਕੇ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਵੀ ਕੀਤੀਆਂ ਗਈਆਂ ਹਨ। ਧਰਨਾਕਾਰੀਆਂ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਨ੍ਹਾਂ ਹਮਲਾਵਰਾਂ ਖਿਲਾਫ਼ ਕਾਰਵਾਈ ਕਰਵਾਉਣ ਦੀ ਥਾਂ 11 ਤੇ 12 ਅਕਤੂਬਰ ਨੂੰ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ। ਜਦਕਿ 13 ਤੇ 14 ਅਕਤੂਬਰ ਨੂੰ ਸ਼ਨੀਵਾਰ ਤੇ ਐਤਵਾਰ ਹੋਣ ਕਾਰਨ ਯੂਨੀਵਰਸਿਟੀ ਚਾਰ ਦਿਨਾਂ ਲਈ ਬੰਦ ਹੋ ਗਈ ਹੈ। ਇਸ ਤੋਂ ਪਹਿਲਾਂ 20 ਤੇ 21 ਸਤੰਬਰ ਨੂੰ ਵੀ ਝੜਪ ਕਾਰਨ ਯੂਨੀਵਰਸਿਟੀ ਬੰਦ ਕਰ ਦਿੱਤੀ ਗਈ ਸੀ। ਇੱਧਰ ਪੰਜਾਬੀ ਯੂਨੀਵਰਸਿਟੀ ਅੰਦਰ ਪੈਦਾ ਹੋਏ ਇਸ ਮਾਹੌਲ ਨੂੰ ਲੈ ਕੇ ਵਾਈਸ ਚਾਂਸਲਰ ਵੀ. ਐੱਸ. ਘੁੰਮਣ ਤੇ ਰਜਿਸਟਰਾਰ ਡਾ. ਮਨਜੀਤ ਸਿੰਘ ਦੇ ਅਸਤੀਫੇ ਦੀ ਮੰਗ ਉੱਠਣ ਲੱਗੀ ਹੈ।

ਵਿਦਿਆਰਥੀਆਂ ਨਾਲ ਧਰਨੇ ‘ਤੇ ਆਈਆਂ ਭਰਾਤਰੀ ਜਥੇਬੰਦੀਆਂ

ਹਮਲੇ ਤੋਂ ਬਾਅਦ ਧਰਨੇ ‘ਤੇ ਬੈਠੇ ਵਿਦਿਆਰਥੀਆਂ ਦੇ ਹੱਕ ‘ਚ ਭਾਰਤੀ ਕਿਸਾਨ ਯੂਨੀਅਨ ਢਕੌਂਦਾ, ਲੋਕ ਸੰਗਰਾਮ ਮੰਚ, ਇਸਤਰੀ ਜਾਗ੍ਰਿਤੀ ਮੰਚ, ਇਨਕਲਾਬੀ ਲੋਕ ਮੋਰਚਾ ਦੇ ਆਗੂ ਡਟ ਗਏ ਹਨ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਤਾ ਅੱਜ ਵਿਦਿਆਰਥੀਆਂ ਨਾਲ ਧਰਨਾ ਵੀ ਦਿੱਤਾ ਗਿਆ। ਕਿਸਾਨ ਅਵਤਾਰ ਸਿੰਘ ਕੋਰਜੀਵਾਲਾ, ਹਰਭਰਨ ਸਿੰਘ ਬੁੱਟਰ, ਸੁੱਚਾ ਸਿੰਘ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਦੇ ਵਿੱਦਿਅਕ ਮਾਹੌਲ ਨੂੰ ਖੁਦ ਮੈਨੇਜਮੈਂਟ ਹੀ ਭੰਗ ਕਰ ਰਹੀ ਹੈ ਕਿਉਂਕਿ ਇਹ ਹਮਲੇ ਇਨ੍ਹ੍ਹਾਂ ਦੀ ਸ਼ਹਿ ‘ਤੇ ਹੀ ਹੋ ਰਹੇ ਹਨ। ਇਸ ਮੌਕੇ ਲੋਕ ਸੰਗਰਾਮ ਮੰਚ ਦੇ ਸੂਬਾ ਕਮੇਟੀ ਮੈਂਬਰ ਲੋਕਰਾਜ ਮਹਿਰਾਜ, ਇਨਕਲਾਬੀ ਲੋਕ ਮੋਰਚਾ ਦੇ ਸਤਵੰਤ ਸਿੰਘ ਵਜੀਦਪੁਰ ਸਮੇਤ ਹੋਰ ਜੇਬੰਦੀਆਂ ਦੇ ਆਗੂ ਹਾਜ਼ਰ ਸਨ।

ਅਸਤੀਫਿਆਂ ਦਾ ਦੌਰ ਸ਼ੂਰੂ ਹੋਇਆ

ਪੰਜਾਬੀ ਯੂਨੀਵਰਸਿਟੀ ‘ਚ ਤਣਾਅਪੂਰਨ ਮਾਹੌਲ ਦਾ ਅਸਰ ਅਹੁਦੇਦਾਰਾਂ ‘ਤੇ ਵੀ ਦਿਸਣਾ ਸ਼ੁਰੂ ਹੋ ਗਿਆ ਹੈ ਬੁੱਧਵਾਰ ਦੇਰ ਸ਼ਾਮ ਐਡੀਸ਼ਨਲ ਡੀਨ ਵਿਦਿਆਰਥੀ ਭਲਾਈ ਲੜਕੀਆਂ ਡਾ. ਅੰਮ੍ਰਿਤਪਾਲ ਕੌਰ, ਐਡੀਸ਼ਨਲ ਪ੍ਰਬੋਸਟ ਲੜਕੀਆਂ ਡਾ. ਰਵਨੀਤ ਕੌਰ, ਸੀਨੀਅਰ ਵਾਰਡਨ ਲੜਕੀਆਂ ਡਾ. ਜਸਪਾਲ ਕੌਰ ਦਿਓਲ, ਵਾਰਡਨ ਸੀਸੀ ਸਪੋਰਟ ਡਾ. ਅਵਨੀਸ਼ ਕੌਰ, ਵਾਰਡਨ ਅਮ੍ਰਿਤਾ ਸ਼ੇਰਗਿੱਲ ਹੋਸਟਲ, ਡਾ ਰਿਚਾ ਸ਼ਰਮਾ ਨੇ ਉਨ੍ਹਾਂ ਨੂੰ ਮਿਲੀਆਂ ਇਨ੍ਹਾਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਤਿਆਗ ਪੱਤਰ ਪੀਯੁ ਦੇ ਵੀਸੀ ਨੂੰ ਭੇਜ ਦਿੱਤਾ ਹੈ ਇਸ ਦੀਆਂ ਕਾਪੀਆਂ ਰਜਿਸਟਰਾਰ ਤੇ ਡੀਨ ਅਕਾਦਮਿਕ ਨੂੰ ਵੀ ਭੇਜੀਆਂ ਹਨ ਤਿਆਗ ਪੱਤਰ ਦਾ ਕਾਰਨ ਸਾਰਿਆਂ ਨੇ 7 ਅਕਤੁਬਰ ਨੂੰ ਯੂਨੀਵਰਸਿਟੀ ਗੈਸਟ ਹਾਊਸ ‘ਚ ਹੋਈ ਘਟਨਾ ‘ਚ ਖੁਦ ਨੂੰ ਅਸੁਰੱਖਿਅਤ ਤੇ ਤ੍ਰਿਸਕਾਰਿਤ ਹੋਣਾ ਦੱਸਿਆ ਹੈ।

ਸੱਤ ਜਣਿਆਂ ਖਿਲਾਫ਼ ਮਾਮਲਾ ਦਰਜ਼

ਪੰਜਾਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬੀਤੀ ਰਾਤ ਧਰਨੇ ‘ਤੇ ਬੈਠੇ ਵਿਦਿਆਰਥੀਆਂ ਉਪਰ ਕੀਤੇ ਹਮਲੇ ਨੂੰ ਲੈ ਕੇ ਪੁਲਿਸ ਵੱਲੋਂ ਸੱਤ ਜਣਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਥਾਣਾ ਅਰਬਨ ਸਟੇਟ ਦੇ ਐਸਐਚਓ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਵਿਦਿਆਰਥੀ ਆਗੂ ਅਮਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ਼ ਕੀਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।