ਮਨੁੱਖਤਾ ਲਈ ਵੱਡਾ ਖਤਰਾ ਹੈ ਪ੍ਰਦੂਸ਼ਣ

Pollution Sachkahoon

ਮਨੁੱਖਤਾ ਲਈ ਵੱਡਾ ਖਤਰਾ ਹੈ ਪ੍ਰਦੂਸ਼ਣ

ਅੱਜ ਸਾਡੇ ਵਾਤਾਵਰਣ ਨੂੰ ਪ੍ਰਦੂਸ਼ਣ ਦੇ ਨਾਗ ਨੇ ਆਪਣੇ ਚੁੰਗਲ ’ਚ ਲਪੇਟ ਲਿਆ ਹੈ ਕੋਈ ਵੀ ਵਿਅਕਤੀ ਇਹ ਨਹੀਂ ਕਹਿ ਸਕਦਾ ਕਿ ਮੈਂ ਤੇ ਮੇਰੇ ਪਰਿਵਾਰ ਦੇ ਸਾਰੇ ਮੈਂਬਰ ਤੰਦਰੁਸਤ ਹਨ ਹਰ ਘਰ ’ਚ ਇੱਕ ਦੋ ਮਰੀਜ਼ ਜਰੂਰ ਹਨ ਜਿਵੇਂ ਕਾਲਾ ਪੀਲੀਆ ,ਕੈਂਸਰ, ਦਮਾ, ਟੀਬੀ, ਬਵਾਸੀਰ , ਜੋੜਾਂ ਦਾ ਦਰਦ , ਚਮੜੀ ਰੋਗ , ਛੋਟੀ ਉਮਰੇ ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਤੇ ਬ੍ਰੇਨ ਹੈਮਰੇਜ ਵਰਗੇ ਕਈ ਤਰ੍ਹਾਂ ਦੇ ਰੋਗਾਂ ਨੇੇ ਲੋਕਾਂ ਨੂੰ ਘੇਰ ਲਿਆ ਹੈ।

ਅਸੀਂ ਇਹ ਨਹੀਂ ਸੋਚਦੇ ਕਿ ਇਹ ਸਭ ਕੁਝ ਕਿਉਂ ਹੋ ਰਿਹਾ ਹੈ ਤੇ ਸਭ ਦੀਆਂ ਅੱਖਾਂ ਸਾਹਮਣੇ ਸਭ ਕੁਝ ਵਾਪਰ ਰਿਹਾ ਹੈ ਇਸ ਦਾ ਕਾਰਨ ਇਨਸਾਨ ਆਪ ਹੀ ਹੈ ਕਿਉਂਕਿ ਪੰਜਾਬ ਵਾਸੀਆਂ ਦੀ ਇਸ ਯੁੱਗ ਵਿਚ ਪੈਸੇ, ਐਸ਼ਪ੍ਰਸਤੀ ਤੇ ਪੱਛਮੀ ਸੱਭਿਆਚਾਰ ਨੂੰ ਅਪਨਾਉਣ ਦੀ ਹੋੜ ਲੱਗੀ ਹੋਈ ਹੈ ਇਸ ਹੋੜ ਵਿਚ ਵਾਤਾਵਰਣ ਦੀ ਕੋਈ ਵੀ ਪ੍ਰਵਾਹ ਨਹੀਂ ਕਰ ਰਿਹਾ ਸਾਰੇ ਲੋਕ ਵਾਤਾਵਰਣ ਨੰੂ ਗੰਧਲਾ ਕਰਨ ਵਿਚ ਰੱਝੇ ਹੋਏ ਹਨ ਇਸ ਵਿਚ ਪੇਂਡੂ ਸ਼ਹਿਰੀ ਸਭ ਬਰਾਬਰ ਦੇ ਹਿੱਸੇਦਾਰ ਹਨ।

ਪਿੰਡਾਂ ਵਿਚ ਕਿਸਾਨ ਦੇ ਖੇਤਾਂ ਵਿੱਚ ਕਣਕ ਅਤੇ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਵਿਚ ਸਾੜਿਆ ਜਾਂਦਾ ਹੈ ਜਿਸ ਨਾਲ ਕਿ ਵਾਤਾਵਰਣ ਤਾਂ ਖਰਾਬ ਹੁੰਦਾ ਹੀ ਇਸ ਨਾਲ ਧਰਤੀ ਦੀ ਉਪਜਾਊੁ ਸ਼ਕਤੀ ਵੀ ਘਟਦੀ ਹੈ ਖੇਤਾਂ ਵਿਚ ਅੱਗ ਲਾਉਣ ਨਾਲ ਕਈ ਤਰ੍ਹਾਂ ਦੇ ਧਰਤੀ ਨੂੰ ਉਪਜਾਊੁ ਬਣਾਉਣ ਵਾਲੇ ਅਨੇਕਾਂ ਹੀ ਜੀਵ-ਜੰਤੂ ਮਰ ਜਾਂਦੇ ਹਨ ਅਤੇ ਸਾਡੇ ਖੇਤ ਵਿਚ ਦਰਖਤ ਜੋ ਕਿ ਸਾਨੂੰ ਸ਼ੁੱਧ ਹਵਾ ਆਕਸੀਜਨ ਦਿੰਦੇ ਹਨ ਅਤੇ ਕੁਦਰਤ ਦਾ ਸਮਤੋਲ ਬਣਾ ਕੇ ਰੱਖਦੇ ਹਨ ਇਹ ਸਭ ਸੜ ਜਾਂਦੇ ਹਨ।

ਦਰਖੱਤਾਂ ਦੀ ਗਿਣਤੀ ’ਚ ਕਮੀ ਆ ਰਹੀ ਹੈ ਜੇ ਅੱਜ ਪੰਜਾਬ ਦੀ ਗੱਲ ਕਰੀਏ ਤਾਂ ਦਰੱਖਤਾਂ ਦੀ ਗਿਣਤੀ ਕਾਫੀ ਹੱਦ ਤੱਕ ਘਟ ਗਈ ਹੈ ਕਣਕ ਤੇ ਝੋਨੇ ਦੇ ਨਾੜ ਨੂੰ ਅੱਗ ਲਾੳਣੁ ਨਾਲ ਵੀ ਐਕਸੀਡੈਂਟਾਂ ’ਚ ਬਹੁਤ ਜਿਆਦਾ ਵਾਧਾ ਹੋ ਗਿਆ ਇਸ ਦੇ ਨਾਲ ਸਾਡੇ ਪੰਛੀ ਵੀ ਖਤਮ ਹੋ ਗਏ ਹਨ ਜਿਵੇਂ ਕਿ ਕਾਂ, ਚਿੜੀਆਂ ਮੋਰ, ਗਿਰਝਾਂ ਆਦਿ ਕੁਝ ਪੰਛੀਆਂ ਦੀੇ ਹੋਂਦ ਤਾਂ ਖਤਮ ਹੋਣ ਵਾਲੀ ਕੁਝ ਪੰਛੀ ਸਾਡੇ ਇਸ ਦੇਸ਼ ਨੂੰ ਅਲਵਿਦਾ ਕਹਿ ਕੇ ਇਥੋਂ ਚਲੇ ਹੀ ਗਏ ਹਨ ਜੇਕਰ ਸਮਝਿਆ ਜਾਵੇ ਤਾਂ ਇਨਸਾਨ ਨਾਲੋਂ ਪੰਛੀ ਜਿਆਦਾ ਸੂਝਵਾਨ ਹਨ ਕਿਉਕਿ ਇਹ ਜਾਨਵਰ ਇਹ ਸਮਝ ਜਾਂਦੇ ਹਨ ਕਿ ਇਥੋਂ ਕਿਨਾਰਾ ਕਰਨਾ ਹੀ ਬਿਹਤਰ ਹੈ ਜੇਕਰ ਵਾਤਾਵਰਣ ਨਾਲ ਅਸੀਂ ਇਸੇ ਤਰ੍ਹਾਂ ਹੀ ਖਿਲਵਾੜ ਕਰਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਕਿ ਜੋ ਕੁਝ ਪੰਛਿਆਂ ਜਾਂ ਵਾਤਾਵਰਣ ਨਾਲ ਵਾਪਰ ਰਿਹਾ ਹੈ ਸਾਡੇ ਨਾਲ ਵੀ ਵਾਪਰੇਗਾ।

ਅੱਜ ਜਿੱਧਰ ਵੇਖੀਏ ਗੰਦਗੀ ਦੇ ਵੱਡੇ-ਵੱਡੇ ਢੇਰ ਨਜਰੀਂ ਪੈਂਦੇ ਹਨ ਇਹ ਵੇਖ ਕੇ ਤਰਸ ਜਿਹਾ ਆਉਂਦਾ ਹੈ ਕਿ ਲੋਕ ਇਸ ਥਾਂ ’ਤੇ ਕਿਵੇਂ ਰਹਿੰਦੇ ਹਨ ਸ਼ਹਿਰਾਂ ਦੀਆਂ ਬਸਤੀਆਂ ’ਚ ਜੇਕਰ ਸੜਕਾਂ ਦੇ ਆਲੇ-ਦੁਆਲੇ ਜਿੱਥੇ ਵੀ ਨਿਗ੍ਹਾ ਮਾਰੋਗੇ ਪੌਲੀਥੀਨ ਅਤੇ ਡਿਸਪੋਜਲ ਦੇ ਬਰਤਨ ਹੀ ਨਜਰ ਆਉਣਗੇ ਇਹ ਵੀ ਇੱਕ ਵੱਡੀ ਸਮੱਸਿਆ ਦਾ ਰੂਪ ਧਾਰਦੀ ਜਾ ਰਹੀ ਹੈ।

ਘਰਾਂ ’ਚ ਵਰਤੀਆਂ ਜਾਂਦੀਆਂ ਸਬਜ਼ੀਆਂ ਫਲਾਂ ਦੇ ਛਿਲਕੇ ਤੇ ਹੋਰ ਕੂੜਾ ਕਚਰਾ ਸਭ ਕੁਝ ਲਿਫਾਫੇ ’ਚ ਪਾ ਕੇ ਹੀ ਲੋਕ ਗੰਦਗੀ ਢੇਰਾਂ ’ਤੇ ਸੁੱਟ ਰਹੇ ਹਨ ਜੋ ਕਿ ਬਹੁਤ ਗਲਤ ਹੈ ਸ਼ਹਿਰਾਂ ’ਚ ਸਰਕਾਰ ਵੱਲੋਂ ਨਗਰ ਨਿਗਮਾਂ ਤੇ ਨਗਰ ਪਾਲਿਕਾਂਵਾਂ ਵੱਲੋਂ ਇਨ੍ਹਾਂ ਕੰਮਾਂ ਲਈ ਕਾਫੀ ਵੱਡੇ ਉਪਰਾਲੇ ਕੀਤੇ ਗਏ ਹਨ ਹਰ ਗਲੀ ਮਹੁੱਲੇ ’ਚ ਘਰਾਂ ਦਾ ਕੂੜਾ ਸੁੱਟਣ ਲਈ ਡਸਟਬਿੰਨ ਰੱਖੇ ਹੋਏ ਹਨ ਪਰ ਲੋਕ ਪਤਾ ਨਹੀਂ ਕਿਉਂ ਇਹਨਾਂ ਦੀ ਵਰਤੋਂ ਹੀ ਨਹੀਂ ਕਰਦੇ ਅਜਿਹੀਆਂ ਚੀਜਾਂ ਪੌਲੀਥੀਨ ਵਿਚ ਨਾ ਪਾਈਆਂ ਜਾਣ ਕਿਉਂਕਿ ਪੌਲੀਥੀਨ ਵਿਚ ਪਾਇਆ ਕਚਰਾ ਬਹੁਤ ਲੰਮੇਂ ਸਮੇਂ ਤੱਕ ਨਹੀਂ ਗਲਦਾ ਅਤੇ ਬਦਬੂ ਫੈਲਾਉਂਦਾ ਹੈ ਇਸ ਲਈ ਸ਼ਹਿਰ ਵਾਸੀਆਂ ਨੂੰ ਇਸ ਗੱਲ ਵੱਲ ਖਾਸ ਧਿਆਨ ਦੇਣ ਦੀ ਜਰੂਰਤ ਹੈ।

ਘਰ ਵਿਚ ਰੋਜਾਨਾਂ ਦੇ ਖਾਧ ਪਦਾਰਥ ਲਿਉਣ ਲਈ ਸਾਨੂੰ ਘਰੋਂ ਹੀ ਪੁਰਾਣੇ ਰੀਤੀ-ਰਿਵਾਜ ਅਨੁਸਾਰ ਕੱਪੜੇ ਦੇ ਬਣੇ ਝੋਲੇ (ਥੈਲੇ) ਬਜਾਰ ਜਾਣ ਸਮੇਂ ਲਿਜਾਣ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਪੌਲੀਥੀਨ ਦੇ ਲਿਫਾਫੇ ਘਰ ਵਿਚ ਲਿਆਉਣ ਤੋਂ ਗਰੇਜ ਕਰਨਾ ਚਾਹੀਦਾ ਹੈ ਜੇਕਰ ਅਸੀਂ ਲਿਫਾਫੇ ਘਰ ਲੈ ਕੇ ਆਉਂਦੇ ਵੀ ਹਾਂ ਇਹਨਾਂ ਨੂੰ ਇਕੱਠੇ ਕਰਕੇ ਜਾਂ ਤਾਂ ਵੇਚ ਦਿਓ ਜਾਂ ਫਿਰ ਇਹਨਾਂ ਨੂੰ ਅੱਗ ਲਾ ਕੇ ਸਾੜ ਦਿਉ ਜੇਕਰ ਅਸੀਂ ਇਹ ਸੋਚ ਅਪਣਾਉਂਦੇ ਹਾਂ ਤਾਂ ਸ਼ਹਿਰਾਂ ਅਤੇ ਪਿੰਡਾਂ ਵਿਚ ਵਾਤਾਵਰਣ ਵੀ ਠੀਕ ਰਹੇਗਾ ਅਤੇ ਸਾਡੇ ਸੀਵਰੇਜ ਅਤੇ ਨਾਲੀਆਂ ਵੀ ਬੰਦ ਨਹੀਂ ਹੋਣਗੀਆਂ ਜੇਕਰ ਅਸੀਂ ਉਪਰੋਕਤ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੀ ਜਿੰਦਗੀ ਬਾਰੇ ਸੋਚੀਏ ਅਤੇ ਇਹਨਾਂ ਤੱਥਾਂ ’ਤੇ ਅਮਲ ਕਰੀਏ ਤਾਂ ਹੀ ਵਾਤਾਵਰਣ ਸ਼ੁੱਧ ਰਹਿ ਸਕਦਾ ਹੈ।

ਨਛੱਤਰ ਸਿੰਘ ਵਿਰਕ, ਬਰਕੰਦੀ (ਬਠਿੰਡਾ)