ਸੰਪਾਦਕੀ

ਕੇਂਦਰ ਸਰਕਾਰ ਦੀ ਨਾਕਾਮੀ

Central, Government, Failure

ਸੁਪਰੀਮ ਕੋਰਟ ਨੇ ਸਮਲਿੰਗੀ ਸਬੰਧਾਂ ਨੂੰ ਅਪਰਾਧਾਂ ਦੇ ਦਾਇਰੇ ‘ਚੋਂ ਕੱਢਣ ਦਾ ਫੈਸਲਾ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਦੇਸ਼ ਦੀ ਪੁਰਾਤਨ ਸੰਸਕ੍ਰਿਤੀ ਸਬੰਧੀ ਆਪਣੀ ਕੋਈ ਠੋਸ ਦਲੀਲ ਨਾ ਦੇਣ ਕਾਰਨ ਸੁਪਰੀਮ ਕੋਰਟ ਦੇ ਜੱਜਾਂ ਨੇ ਆਪਣੀ ਰਾਏ ‘ਤੇ ਫੈਸਲਾ ਕੀਤਾ ਹੈ। ਮਾਣਯੋਗ ਸੁਪਰੀਮ ਕੋਰਟ ਨੇ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਸੀ ਪਰ ਸਰਕਾਰ ਨੇ ਕੋਈ ਵੀ ਇਤਰਾਜ ਜ਼ਾਹਿਰ ਕਰਨ ਦੀ ਬਜਾਇ ਸਾਰੀ ਗੱਲ ਸੁਪਰੀਮ ਕੋਰਟ ‘ਤੇ ਛੱਡ ਦਿੱਤੀ ਸੀ। ਅਦਾਲਤ ਨੇ ਵਿਅਕਤੀਗਤ ਅਜ਼ਾਦੀ ਦੀ ਦਲੀਲ ਦੇ ਕੇ ਫੈਸਲਾ ਸੁਣਾਇਆ ਹੈ।

ਅਦਾਲਤ ਨੇ ਫੈਸਲਾ ਆਧੁਨਿਕਤਾ ਤੇ ਬਦਲੇ ਹੋਏ ਜ਼ਮਾਨੇ ਦੀ ਦਲੀਲ ‘ਤੇ ਦਿੱਤਾ ਹੈ ਜਿੱਥੋਂ ਤੱਕ ਭਾਰਤੀ ਸੰਸਕ੍ਰਿਤੀ ਦਾ ਸਬੰਧ ਹੈ। ਇਸ ‘ਚ ਨਰ-ਮਾਦਾ ਸਬੰਧਾਂ ਨੂੰ ਹੀ ਪ੍ਰਵਾਨ ਕੀਤਾ ਗਿਆ ਜੋ ਸੰਸਾਰ ਦੀ ਉਤਪਤੀ ਲਈ ਕੁਦਰਤੀ ਪ੍ਰਕਿਰਿਆ ਹੈ। ਸਮਲਿੰਗੀ ਸਬੰਧਾਂ ਤੋਂ ਉਹ ਲੋਕ ਖੁਦ ਹੀ ਪੈਦਾ ਨਹੀਂ ਹੋਏ ਜਿਹੜੇ ਇਸ ਦੀ ਹਮਾਇਤ ਕਰਦੇ ਹਨ। ਜਿੱਥੋਂ ਤੱਕ ਨਿੱਜੀ ਅਜ਼ਾਦੀ ਦਾ ਸਬੰਧ ਹੈ ਦੇਸ਼ ਦੇ ਬਹੁਤ ਸਾਰੇ ਕਾਨੂੰਨਾਂ ‘ਤੇ ਵੀ ਉਂਗਲ ਉੱਠਣੀ ਸੁਭਾਵਿਕ ਹੈ।

ਸਮਲਿੰਗੀ ਸਬੰਧਾਂ ਪਿੱਛੇ ਦਲੀਲ ਨਿੱਜੀ ਅਜ਼ਾਦੀ ਹੈ ਤਾਂ ਹਿੰਦੂ ਵਿਆਹ ਐਕਟ ‘ਤੇ ਵੀ ਨਵੀਂ ਬਹਿਸ ਛਿੜ ਸਕਦੀ ਹੈ। ਨਿੱਜੀ ਅਜ਼ਾਦੀ ‘ਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਹਿੰਦੂ ਲਈ ਇੱਕ ਤੋਂ ਵੱਧ ਵਿਆਹ ਕਰਵਾਉਣੇ ਵੀ ਨਿੱਜੀ ਅਜ਼ਾਦੀ ਕਰਕੇ ਜਾਇਜ਼ ਹੈ ਜੇਕਰ ਪਤੀ ਕਿਸੇ ਹੋਰ ਔਰਤ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਤਾਂ ਇਹ ਉਸ ਦੀ ਨਿੱਜੀ ਅਜ਼ਾਦੀ ਬਣ ਜਾਵੇਗੀ।

ਇਸੇ ਤਰ੍ਹਾਂ ਕੇਂਦਰ ਸਰਕਾਰ ਤਿੰਨ ਤਲਾਕ ਪ੍ਰਥਾ ਖਤਮ ਕਰਨ ਲਈ ਕਾਨੂੰਨ ਬਣਾਉਣ ‘ਤੇ ਜ਼ੋਰ ਦੇ ਰਹੀ ਹੈ ਪਰ ਨਿੱਜੀ ਅਜ਼ਾਦੀ ਦੀ ਗੱਲ ਆਉਂਦਿਆਂ ਹੀ ਇੱਕ ਮੁਸਲਮਾਨ ਲਈ ਵੀ ਇੱਕ ਤੋਂ ਵੱਧ ਸ਼ਾਦੀਆਂ ਕਰਵਾਉਣੀਆਂ ਕੋਈ ਗੈਰ-ਕਾਨੂੰਨੀ ਨਹੀਂ ਮੰਨਿਆ ਜਾ ਸਕੇਗਾ। ਨਿੱਜੀ ਅਜ਼ਾਦੀ ਨੂੰ ਮਾਨਤਾ ਦੇਣ ਨਾਲ ਡਰੱਗ ਲੈਣਾ ਵੀ ਕੋਈ ਅਪਰਾਧ ਨਹੀਂ ਹੋਵੇਗਾ ਬੱਚੇ ਸਕੂਲ ਨਹੀਂ ਜਾਣਾ ਚਾਹੁੰਦੇ, ਸਵੇਰੇ ਵੇਲੇ ਨਾਲ ਨਹੀਂ ਉੱਠਣਾ ਚਾਹੁੰਦੇ, ਬਜ਼ੁਰਗਾਂ ਦੀ ਸੰਭਾਲ ਨਹੀਂ ਕਰਨਾ ਚਾਹੁੰਦੇ ਹਨ।

ਨਿੱਜੀ ਅਜ਼ਾਦੀ ਬੱਚਿਆਂ ਨੂੰ ਮਨਮਰਜ਼ੀ ਕਰਨ ਦੀ ਖੁੱਲ੍ਹ ਦੇਵੇਗੀ ਅਸਲੀਅਤ ਇਹ ਹੈ ਕਿ ਬਿਨਾ ਮਰਿਆਦਾ ਤੋਂ ਕੁਝ ਵੀ ਸੰਭਵ ਨਹੀਂ, ਮਾਤਾ-ਪਿਤਾ ਬੱਚਿਆਂ ਦਾ ਪਾਲਣ-ਪੋਸ਼ਣ ਇੱਕ ਮਰਿਆਦਾ ਦੇ ਤਹਿਤ ਕਰਕੇ ਉਨ੍ਹਾਂ ਨੂੰ ਵਧੀਆ ਇਨਸਾਨ ਬਣਾਉਂਦੇ ਹਨ। ਸੂਰਜ, ਚੰਨ, ਧਰਤੀ, ਤਾਰੇ, ਦਿਨ-ਰਾਤ, ਰੁੱਤ ਸਭ ਮਰਿਆਦਾ ‘ਚ ਚਲਦੇ ਹਨ ਜੇਕਰ ਇਨ੍ਹਾਂ ਦੀ ਮਰਿਆਦਾ ਵਿਗੜ ਜਾਵੇ ਤਾਂ ਤਬਾਹੀ ਹੋ ਸਕਦੀ ਹੈ।

ਸ੍ਰਿਸ਼ਟੀ ਦਾ ਦਾਰੋਮਦਾਰ ਇੱਕ ਮਰਿਆਦਾ ‘ਚ ਬੱਝਾ ਹੋਇਆ ਹੈ ਭਾਰਤੀ ਸੰਸਕ੍ਰਿਤੀ ਨੇ ਰਿਸ਼ਤਿਆਂ ਦੀ ਪਵਿੱਤਰ ਪ੍ਰਣਾਲੀ ਬਣਾ ਕੇ ਪੂਰੇ ਵਿਸ਼ਵ ਦੀ ਅਗਵਾਈ ਕੀਤੀ ਹੈ। ਪੱਛਮੀ ਲੋਕ ਪੂਰਬੀ ਸੱਭਿਅਤਾ ਦੀ ਅਹਿਮੀਅਤ ਨੂੰ ਸਵੀਕਾਰ ਕਰ ਰਹੇ ਹਨ। ਅਦਾਲਤ ਦੇ ਫੈਸਲੇ ‘ਤੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ ਪਰ ਭਾਰਤੀ ਸੰਸਕ੍ਰਿਤੀ ਤੇ ਸਮਾਜਿਕ-ਢਾਂਚੇ ਦਾ ਪ੍ਰਕਾਸ਼ ਕਦੇ ਫਿੱਕਾ ਨਹੀਂ ਪਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top