ਅਨਾਜ ਦੀ ਘਾਟ ਦੀ ਚੁਣੌਤੀ

ਅਨਾਜ ਦੀ ਘਾਟ ਦੀ ਚੁਣੌਤੀ

ਅਨਾਜ ਦੀ ਕਿੱਲਤ ਕਾਰਨ ਕੇਂਦਰ ਸਰਕਾਰ ਨੇ ਟੋਟਾ ਚੌਲਾਂ ਦੀ ਬਰਾਮਦ ’ਤੇ ਪਾਬੰਦੀ ਲਾ ਦਿੱਤੀ ਹੈ ਇਸੇ ਤਰ੍ਹਾਂ ਮੋਟੇ ਚੌਲਾਂ ਦੀ ਬਰਾਮਦ ’ਤੇ 20 ਫੀਸਦੀ ਬਰਾਮਦ ਫੀਸ ਲਾ ਦਿੱਤੀ ਹੈ ਸਮਝਿਆ ਜਾਂਦਾ ਹੈ ਕਿ ਸਰਕਾਰ ਨੇ ਇਸ ਵਾਰ ਚੌਲਾਂ ਦਾ ਉਤਪਾਦਨ ਘਟਣ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ ਇਸ ਵਾਰ ਗਰਮੀ ਵੱਧ ਪੈਣ ਕਰਕੇ ਸਾਉਣੀ ਦੀ ਬਿਜਾਈ ’ਚ ਗਿਰਾਵਟ ਆਈ ਹੈ ਇਹ ਗਿਰਾਵਟ ਉਹਨਾਂ ਸੂਬਿਆਂ ’ਚ ਆਈ ਹੈ ਜਿੱਥੇ ਝੋਨਾ ਜ਼ਿਆਦਾ ਬੀਜਿਆ ਜਾਂਦਾ ਹੈ

ਦੂਜਾ ਇਸ ਵਾਰ ਨਰਮੇ ਦੇ ਰੇਟ ਉੱਚੇ ਰਹਿਣ ਕਰਕੇ ਵੀ ਕਿਸਾਨਾਂ ਦਾ ਰੁਝਾਨ ਝੋਨੇ ਨਾਲੋਂ ਜ਼ਿਆਦਾ ਨਰਮੇ ਵੱਲ ਰਿਹਾ ਹੈ ਭਾਵੇਂ ਸਰਕਾਰ ਨੇ ਚੌਲਾਂ ਦੀ ਬਰਾਮਦ ’ਤੇ ਪਾਬੰਦੀ ਲਾ ਕੇ ਵਕਤੀ ਤੌਰ ’ਤੇ ਮਸਲੇ ਦਾ ਹੱਲ ਕੱਢਣ ਦੀ ਤਿਆਰੀ ਕਰ ਲਈ ਹੈ, ਪਰ ਲੰਮੇ ਸਮੇਂ ਲਈ ਇਸ ਮਾਮਲੇ ’ਚ ਠੋਸ ਯੋਜਨਾਬੰਦੀ ਤੇ ਰਣਨੀਤੀ ਤਿਆਰ ਕਰਨ ਦੀ ਜ਼ਰੂਰਤ ਹੈ ਭਾਵੇਂ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਡੂੰਘੇ ਹੋਣ ਕਾਰਨ ਕੇਂਦਰ ਤੇ ਸੂਬਾ ਸਰਕਾਰਾਂ ਦੋ-ਤਿੰਨ ਦਹਾਕਿਆਂ ਤੋਂ ਝੋਨੇ ਦੀ ਬਿਜਾਈ ਘਟਾਉਣ ਲਈ ਯਤਨਸ਼ੀਲ ਹਨ ਪਰ ਇਸ ਵਾਰ ਚੌਲਾਂ ਦੇ ਉਤਪਾਦਨ ’ਚ ਕਮੀ ਨੇ ਸਰਕਾਰਾਂ ਦੀਆਂ ਖੇਤੀ ਯੋਜਨਾਵਾਂ ਨੂੰ ਝਟਕਾ ਦੇ ਦਿੱਤਾ ਹੈ

ਝੋਨੇ ਦੀ ਖੇਤੀ ਘਟਾਉਣ ਦੀ ਬਜਾਇ ਹੁਣ ਫ਼ਿਰ ਸਰਕਾਰ ਨੂੰ ਦੇਸ਼ ਨੂੰ ਲੋੜੀਂਦੇ ਚੌਲ ਉਤਪਾਦਨ ਲਈ ਝੋਨੇ ਦੀ ਬਿਜਾਈ ਘਟਾਉਣ ਦੀ ਮੁਹਿੰਮ ਨੂੰ ਵਿਰਾਮ ਦੇਣਾ ਪੈ ਸਕਦਾ ਹੈ ਅਸਲ ’ਚ ਜਲਵਾਯੂ ਤਬਦੀਲੀ ਦਾ ਖੇਤੀ ’ਤੇ ਵੱਡਾ ਅਸਰ ਵੇਖਣ ਨੂੰ ਮਿਲ ਰਿਹਾ ਹੈ ਤਾਪਮਾਨ ’ਚ ਜਿੰਨਾ ਵਾਧਾ ਕਦੇ ਮਈ-ਜੂਨ ’ਚ ਹੁੰਦਾ ਸੀ ਇਸ ਵਾਰ ਉਹ ਤਾਪਮਾਨ ਮਾਰਚ-ਅਪਰੈਲ ’ਚ ਸੀ ਫ਼ਰਵਰੀ ਤੇ ਮਾਰਚ ’ਚ ਤਾਪਮਾਨ ’ਚ ਵਾਧੇ ਕਾਰਨ ਕਣਕ ਦਾ ਉਤਪਾਦਨ ਵੀ ਪ੍ਰਭਾਵਿਤ ਹੋਇਆ ਸਮਾਂ ਆ ਗਿਆ ਸਰਕਾਰ ਖੇਤੀ ਵਿਗਿਆਨੀਆਂ ਨੂੰ ਜਲਵਾਯੂ ਤਬਦੀਲੀ ਦੇ ਮਾੜੇ ਅਸਰ ਦਾ ਸਾਹਮਣਾ ਕਰਨ ਲਈ ਖੇਤੀ ਖੋਜਾਂ ਲਈ ਵਿਸ਼ੇਸ਼ ਪ੍ਰੋਗਰਾਮ ਦੇਵੇ ਜਿਸ ਤਰ੍ਹਾਂ ਜਲਵਾਯੂ ਤਬਦੀਲੀ ਹੋ ਰਹੀ ਹੈ

ਉਸ ਦੇ ਮੱਦੇਨਜ਼ਰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਪਵੇਗਾ ਭਾਰਤੀ ਖੇਤੀ ਅਜੇ ਵੀ ਰਵਾਇਤੀ ਦੌਰ ’ਚੋਂ ਗੁਜ਼ਰ ਰਹੀ ਹੈ ਕਿਸਾਨ ਨਵੀਂ ਜਾਣਕਾਰੀ ਤੇ ਨਵੀਂ ਤਕਨੀਕ ਹਾਸਲ ਕਰਕੇ ਤਬਦੀਲੀ ਲਈ ਤਿਆਰ ਨਹੀਂ ਹੋਇਆ ਸਾਡੀ ਖੇਤੀ ਅਮਰੀਕਾ, ਇਜ਼ਰਾਈਲ ਤੇ ਹੋਰ ਵਿਕਸਿਤ ਦੇਸ਼ਾਂ ਤੋਂ ਕਾਫ਼ੀ ਪਿੱਛੇ ਹੈ ਹਾਲਾਤ ਤਾਂ ਇਹ ਹਨ ਕਿ ਸਰਕਾਰਾਂ ਤੇ ਕਿਸਾਨਾਂ ’ਚ ਇੱਕਸੁਰਤਾ ਪੈਦਾ ਨਹੀਂ ਹੋ ਸਕੀ

ਸਰਕਾਰਾਂ ਦੀਆਂ ਖੇਤੀ ਨੀਤੀਆਂ, ਖੇਤੀ ਵਿਗਿਆਨੀਆਂ ਅਤੇ ਕਿਸਾਨਾਂ ਵਿਚਾਲੇ ਸਾਂਝ ਪੈਦਾ ਨਹੀਂ ਹੋ ਸਕੀ ਨਾ ਤਾਂ ਖੇਤੀ ਵਿਗਿਆਨੀ ਜ਼ਮੀਨੀ ਹਕੀਕਤ ਨੂੰ ਸਮਝ ਸਕੇ ਹਨ ਤੇ ਨਾ ਹੀ ਕਿਸਾਨ ਸਮੇਂ ਦੀ ਜ਼ਰੂਰਤ ਪ੍ਰਤੀ ਜਾਗਰੂਕ ਹੋ ਸਕੇ ਕਿਸਾਨਾਂ ਦਾ ਵੱਡਾ ਹਿੱਸਾ ਅੱਜ ਵੀ ਰਵਾਇਤੀ ਖੇਤੀ ਨੂੰ ਹਕੀਕਤ ਤੇ ਲਾਭਕਾਰੀ ਮੰਨ ਕੇ ਚੱਲ ਰਿਹਾ ਹੈ ਜੇਕਰ ਇਹਨਾਂ ਦੋਵਾਂ ਧਿਰਾਂ ’ਚ ਪੁਲ ਨਾ ਬਣ ਸਕਿਆ ਤਾਂ ਇਸ ਨਾਲ ਕਈ ਵੱਡੀਆਂ ਸਮੱਸਿਆਵਾਂ ਆਉਣਗੀਆਂ ਭਾਰਤੀ ਕਿਸਾਨ ਅਜੇ ਅੰਦੋਲਨ ਯੁੱਗ ’ਚੋਂ ਹੀ ਗੁਜ਼ਰ ਰਿਹਾ ਹੈ ਲੋਕਤੰਤਰ ’ਚ ਸੰਘਰਸ਼ ਜ਼ਰੂਰੀ ਹੈ ਪਰ ਆਧੁਨਿਕ ਯੁੱਗ ਦੇ ਹਾਣੀ ਬਣਨ ਲਈ ਨਵੀਂ ਸੋਚ ਨੂੰ ਵੀ ਸਵੀਕਾਰ ਕਰਨਾ ਪਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here