ਪੰਜਾਬ

ਨਵੇਂ ਸਾਲ ਦੇ ਪਹਿਲੇ ਦਿਨ ਮੁੱਖ ਮੰਤਰੀ ਦਫ਼ਤਰ ਲੱਗੀ ਮੀਡੀਆ ਐਮਰਜੈਂਸੀ

ChiefMinister, Office, NewYear

ਅਮਰਿੰਦਰ ਸਿੰਘ ਆਪਣੇ ਦਫ਼ਤਰ ‘ਚ ਮਿਲ ਰਹੇ ਸਨ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ

ਪੱਤਰਕਾਰਾਂ ਨੇ ਵੀ ਮੁੱਖ ਮੰਤਰੀ ਦਫ਼ਤਰ ਵੱਲ ਕੀਤਾ ਰੁਖ ਤਾਂ ਸੁਰੱਖਿਆ ਕਰਮਚਾਰੀਆਂ ਨੇ ਦਿੱਤੀ ਰੋਕ ਦੀ ਜਾਣਕਾਰੀ

ਚੰਡੀਗੜ੍ਹ, ਅਸ਼ਵਨੀ ਚਾਵਲਾ

ਨਵੇਂ ਸਾਲ ਦੇ ਪਹਿਲੇ ਦਿਨ ਮੁੱਖ ਮੰਤਰੀ ਅਮਰਿੰਦਰ ਸਿੰਘ ਜਿਥੇ ਅੱਜ ਆਪਣੇ ਦਫ਼ਤਰ ‘ਚ ਸਿਵਲ ਸਕੱਤਰੇਤ ‘ਚ ਤੈਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਖੁੱਲ੍ਹੇ ਦਿਲ ਨਾਲ ਮਿਲ ਰਹੇ ਸਨ ਤਾਂ ਠੀਕ ਉਸੇ ਸਮੇਂ ਮੁੱਖ ਮੰਤਰੀ ਦਫ਼ਤਰ ਵੱਲੋਂ ਮੀਡੀਆ ਐਮਰਜੈਂਸੀ ਲਗਾਉਂਦੇ ਹੋਏ ਮੁੱਖ ਮੰਤਰੀ ਦੇ ਦਫ਼ਤਰ ਤੋਂ 200 ਮੀਟਰ ਤੱਕ ਮੀਡੀਆ ਦੇ ਆਉਣ ‘ਤੇ ਪਾਬੰਦੀ ਲਗਾ ਦਿੱਤੀ ਗਈ। ਇਸ ਮੀਡੀਆ ਐਮਰਜੈਂਸੀ ਦਾ ਪੱਤਰਕਾਰਾਂ ਵੱਲੋਂ ਕਾਫ਼ੀ ਜਿਆਦਾ ਰੋਸ ਵੀ ਪ੍ਰਗਟ ਕੀਤਾ ਗਿਆ ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸੁਰੱਖਿਆ ਵਿੱਚ ਤੈਨਾਤ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਕੁਝ ਵੀ ਕਰਨ ਤੋਂ ਸਾਫ਼ ਇਨਕਾਰ ਕਰਦੇ ਹੋਏ ਮੀਡੀਆ ਨੂੰ ਵਾਪਸ ਪਰਤਣ ਨੂੰ ਮਜਬੂਰ ਤੱਕ ਕਰ ਦਿੱਤਾ।

ਜਾਣਕਾਰੀ ਅਨੁਸਾਰ ਸਾਲ ਭਰ ਵਿੱਚ ਕਦੇ ਕਦਾਰ ਆਪਣੇ ਦਫ਼ਤਰ ਵਿੱਚ ਆਉਣ ਵਾਲੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਵੇਂ ਸਾਲ ਮੌਕੇ ਅਚਾਨਕ ਸਵੇਰੇ ਹੀ ਆਪਣੇ ਦਫ਼ਤਰ ਵਿਖੇ ਪੁੱਜ ਗਏ ਤੇ ਅਮਰਿੰਦਰ ਸਿੰਘ ਦੇ ਦਫ਼ਤਰ ਆਉਣ ਬਾਰੇ ਜਾਣਕਾਰੀ 10 ਦੇ ਲਗਭਗ ਕੈਬਨਿਟ ਮੰਤਰੀਆਂ ਤੇ ਸਕੱਤਰੇਤ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਸੀ, ਜਿਸ ਕਾਰਨ ਸਵੇਰੇ ਹੀ 10 ਦੇ ਲਗਭਗ ਕੈਬਨਿਟ ਮੰਤਰੀ ਵੀ ਸਿਵਲ ਸਕੱਤਰੇਤ ਵਿਖੇ ਪੁੱਜ ਗਏ। ਅਮਰਿੰਦਰ ਸਿੰਘ ਨੇ ਕੁਝ ਕੈਬਨਿਟ ਮੰਤਰੀਆਂ ਦੇ ਦਫ਼ਤਰ ‘ਚ ਜਾਣ ਦੇ ਨਾਲ ਹੀ ਮੁੱਖ ਸਕੱਤਰ ਦੇ ਦਫ਼ਤਰ ‘ਚ ਵੀ ਗੇੜਾ ਮਾਰਿਆ, ਜਿਸ ਤੋਂ ਬਾਅਦ ਉਹ ਆਪਣੇ ਦਫ਼ਤਰ ਵਿਖੇ ਬੈਠ ਗਏ ਤੇ Àੁੱਥੇ ਸਿਵਲ ਸਕੱਤਰੇਤ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮੁਲਾਕਾਤ ਕਰਦੇ ਹੋਏ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਨਵੇਂ ਸਾਲ ਮੌਕੇ ਅਮਰਿੰਦਰ ਸਿੰਘ ਦੇ ਦਫ਼ਤਰ ਪੁੱਜਣ ਤੇ ਅਚਾਨਕ ਕਰਮਚਾਰੀਆਂ ਨਾਲ ਮੁਲਾਕਾਤ ਕਰਨ ਦੀ ਸੁਣ ਕੇ ਮੀਡੀਆ ਵੀ ਮੁੱਖ ਮੰਤਰੀ ਦਫ਼ਤਰ ਵਿਖੇ ਪੁੱਜ ਗਈ ਤੇ ਉਨ੍ਹਾਂ ਨੇ ਜਦੋਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਤੋਂ ਤੈਨਾਤ ਸੁਰੱਖਿਆ ਕਰਮਚਾਰੀਆਂ ਨੇ ਮੀਡੀਆ ਨੂੰ ਰੋਕਦੇ ਹੋਏ ਅੰਦਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿ ਮੀਡੀਆ ਲਈ ਪਾਬੰਦੀ ਪਹਿਲਾਂ ਵਾਂਗ ਹੀ ਜਾਰੀ ਹੈ ਤੇ ਮੀਡੀਆ ਕਰਮਚਾਰੀ ਮੁੱਖ ਮੰਤਰੀ ਦਫ਼ਤਰ ਵਿੱਚ ਉਸ ਸਮੇਂ ਤੱਕ ਨਹੀਂ ਜਾ ਸਕਣਗੇ, ਜਦੋਂ ਤੱਕ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ ਦਫ਼ਤਰ ਵਿੱਚ ਬੈਠੇ ਹਨ। ਇਹ ਗੱਲ ਸੁਣ ਕੇ ਮੀਡੀਆ ਕਰਮਚਾਰੀਆਂ ਨੇ ਰੋਸ ਵੀ ਪ੍ਰਗਟ ਕੀਤਾ ਪਰ ਸੁਰੱਖਿਆ ਕਰਮਚਾਰੀਆਂ ਨੇ ਕੁਝ ਵੀ ਸੁਣਨ ਤੋਂ ਸਾਫ਼ ਇਨਕਾਰ ਕਰ ਦਿੱਤਾ।

ਕੈਬਨਿਟ ਮੀਟਿੰਗ ਦੌਰਾਨ ਵੀ ਜਾਰੀ ਰਹਿੰਦੀ ਐ ਮੀਡੀਆ ਐਮਰਜੈਂਸੀ

ਮੁੱਖ ਮੰਤਰੀ ਦਫ਼ਤਰ ਵਿੱਚ ਜਦੋਂ ਵੀ ਕੈਬਨਿਟ ਦੀ ਮੀਟਿੰਗ ਹੁੰਦੀ ਹੈ ਤਾਂ ਮੀਡੀਆ ਐਮਰਜੈਂਸੀ ਦਾ ਐਲਾਨ ਕਰਦੇ ਹੋਏ ਪਾਬੰਦੀ ਲਗਾ ਦਿੱਤੀ ਜਾਂਦੀ ਹੈ ਹਾਲਾਂਕਿ ਇਸ ਸਬੰਧੀ ਲਿਖਤੀ ਆਦੇਸ਼ ਅੱਜ ਤੱਕ ਮੀਡੀਆ ਕਰਮਚਾਰੀਆਂ ਨੂੰ ਨਹੀਂ ਦਿੱਤੇ ਗਏ ਹਨ ਕਿ ਉਨ੍ਹਾਂ ਨੂੰ ਕੈਬਨਿਟ ਮੀਟਿੰਗ ਮੌਕੇ ਮੁੱਖ ਮੰਤਰੀ ਦਫ਼ਤਰ ਵੱਲ ਕਿਉਂ ਨਹੀਂ ਜਾਣ ਦਿੱਤਾ ਜਾਂਦਾ ਹੈ। ਇਸ ਤੋਂ ਪਹਿਲਾਂ ਪਿਛਲੀ ਅਮਰਿੰਦਰ ਸਿੰਘ ਦੀ ਸਰਕਾਰ ਤੇ ਉਸ ਤੋਂ ਬਾਅਦ 10 ਸਾਲ ਅਕਾਲੀ-ਭਾਜਪਾ ਦੀ ਸਰਕਾਰ ਦੌਰਾਨ ਕਦੇ ਵੀ ਮੁੱਖ ਮੰਤਰੀ ਦਫ਼ਤਰ ਵੱਲ ਜਾਣ ‘ਤੇ ਕੋਈ ਰੋਕ ਨਹੀਂ ਸੀ ਪਰ ਜਦੋਂ ਦੀ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਹੈ, ਉਸ ਸਮੇਂ ਤੋਂ ਕੈਬਨਿਟ ਮੀਟਿੰਗ ਦੌਰਾਨ ਮੀਡੀਆ ਐਮਰਜੈਂਸੀ ਲਗਾਉਂਦੇ ਹੋਏ ਮੀਡੀਆ ਕਰਮਚਾਰੀਆਂ ‘ਤੇ ਰੋਕ ਲਗਾ ਦਿੱਤੀ ਜਾਂਦੀ ਹੈ। ਜਿਹੜੀ ਕਿ ਹੁਣ ਅਮਰਿੰਦਰ ਸਿੰਘ ਦੇ ਦਫ਼ਤਰ ਆਉਣ ਮੌਕੇ ਵੀ ਮੀਡੀਆ ‘ਤੇ ਰੋਕ ਲੱਗਣੀ ਸ਼ੁਰੂ ਹੋ ਗਈ ਹੈ।

ਅਮਰਿੰਦਰ ਸਿੰਘ ਦੀ ਨਹੀਂ ਸੁਣਦਾ ਮੁੱਖ ਮੰਤਰੀ ਦਫ਼ਤਰ

ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਖ਼ੁਦ ਉਨ੍ਹਾਂ ਦਾ ਦਫ਼ਤਰ ਹੀ ਨਹੀਂ ਸੁਣਦਾ। ਮੀਡੀਆ ਐਮਰਜੈਂਸੀ ਬਾਰੇ ਪਿਛਲੇ ਦਿਨੀਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮੀਡੀਆ ਕਰਮਚਾਰੀਆਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ, ਜਿਸ ‘ਤੇ ਅਮਰਿੰਦਰ ਸਿੰਘ ਨੇ ਹੈਰਾਨਗੀ ਜਤਾਉਂਦੇ ਹੋਏ ਆਪਣੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਤੇ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਤੋਂ ਪੁੱਛਿਆ ਸੀ ਕਿ ਉਨ੍ਹਾਂ ਵੱਲੋਂ ਮੀਡੀਆ ‘ਤੇ ਪਾਬੰਦੀ ਨਾ ਲਗਾਉਣ ਦੇ ਬਾਵਜ਼ੂਦ ਵੀ ਕਿਹੜੇ ਹੁਕਮਾਂ ਤਹਿਤ ਪਾਬੰਦੀ ਲਗਾਈ ਗਈ ਹੈ। ਇੱਥੇ ਹੀ ਅਮਰਿੰਦਰ ਸਿੰਘ ਨੇ ਆਦੇਸ਼ ਦਿੱਤੇ ਸਨ ਕਿ ਅੱਜ ਤੋਂ ਬਾਅਦ ਮੀਡੀਆ ਕਰਮਚਾਰੀਆਂ ‘ਤੇ ਕੋਈ ਪਾਬੰਦੀ ਨਹੀਂ ਹੋਏਗੀ, ਇਨ੍ਹਾਂ ਆਦੇਸ਼ਾਂ ਨੂੰ ਕਈ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਪਰ ਅਮਰਿੰਦਰ ਸਿੰਘ ਦਾ ਦਫ਼ਤਰ ਹੀ ਇਨ੍ਹਾਂ ਆਦੇਸ਼ਾਂ ਨੂੰ ਲਾਗੂ ਨਹੀਂ ਕਰ ਰਿਹਾ ਹੈ ਤੇ ਮੀਡੀਆ ‘ਤੇ ਪਾਬੰਦੀ ਬਦਸਤੂਰ ਜਾਰੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top