ਚੰਨੀ ਦੇ ਦਰਬਾਰੇ ਪਹੁੰਚੀ ਬਾਦਸ਼ਾਹਪੁਰੀਆਂ ਦੀ ਫਰਿਆਦ ਨੂੰ ਬੂਰ ਪਿਆ

0
148

ਐੱਸਸੀ ਪਰਿਵਾਰਾਂ ਨੂੰ ਮਿਲੀ ਆਸ ਦੀ ਕਿਰਨ

  • ਪੈਰਾਂ ’ਤੇ ਪਏ ਛਾਲਿਆਂ ਦਾ ਵੀ ਹੁਣ ਕੋਈ ਦਰਦ ਨਹੀਂ : ਉੱਕਤ ਪਰਿਵਾਰ

(ਮਨੋਜ ਕੁਮਾਰ) ਬਾਦਸ਼ਾਹਪੁਰ। ਬਾਦਸ਼ਾਹਪੁਰ ਦੇ ਅੱੈਸਸੀ ਪਰਿਵਾਰਾਂ ਦੀਆਂ ਮੰਗਾਂ ਦੀ ਆਵਾਜ਼ ਨੰਗੇ ਪੈਰੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਰਬਾਰੇ ਪੁੱਜ ਗਈ ਹੈ। ਪਿੰਡ ਦੀ ਮਹਿਲਾ ਸਰਪੰਚ ਅਮਨਦੀਪ ਕੌਰ ਦੀ ਅਗਵਾਈ ਹੇਠ ਐੱਸਸੀ ਪਰਿਵਾਰਾਂ ਦਾ ਇਕ ਜੱਥਾ ਲੰਘੀ ਕੱਲ ਨੰਗੇ ਪੈਰੀਂ ਪੈਦਲ ਰਵਾਨਾ ਹੋਇਆ ਸੀ ਜੋ ਮੋਰਿੰਡਾ ਵਿਖੇ ਮੁੱਖ ਮੰਤਰੀ ਨਾਲ ਮੀਟਿੰਗ ਨਾ ਹੋਣ ਮਗਰੋਂ ਚੰਡੀਗੜ੍ਹ ਪੁੱਜ ਗਿਆ ਜਿੱਥੇ ਮਿਲੇ ਭਰੋਸੇ ਮਗਰੋਂ ਉਨ੍ਹਾਂ ਦੀਆਂ ਆਸਾਂ ਨੂੰ ਬੂਰ ਪੈ ਗਿਆ ਹੈ। ਅੱਜ ਇਥੇ ਬਾਦਸ਼ਾਹਪੁਰ ਪਿੰਡ ਦੀ ਸਰਪੰਚ ਅਮਨਦੀਪ ਕੌਰ ਨੇ ਮੁੱਖ ਮੰਤਰੀ ਦੇ ਆਲਾ ਅਫਸਰਾਂ ਨਾਲ ਪਿੰਡ ਦੇ ਦਲਿਤ ਪਰਿਵਾਰਾਂ ਦੀਆਂ ਮੰਗਾਂ ਸਬੰਧੀ ਹੋਈ ਗੱਲਬਾਤ ਉਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਕਿ ਪਿੰਡ ਦੇ ਐੱਸਸੀ ਪਰਿਵਾਰਾਂ ਦੇ ਆਟਾ ਦਾਲ ਸਕੀਮ ਦੇ ਰਾਸ਼ਨ ਕਾਰਡਾਂ ਸਬੰਧੀ ਮੌਕੇ ਉਤੇ ਫੋਨ ਰਾਹੀਂ ਹੁਕਮ ਹੋ ਗਏ ਹਨ।

ਉਨ੍ਹਾਂ ਕਿਹਾ ਕਿ ਪਿੰਡ ਦੇ ਦਲਿਤ ਪਰਿਵਾਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ ਲਈ ਪਿੰਡ ਦੀ ਪੰਚਾਇਤੀ ਜ਼ਮੀਨ ਉਤੇ ਨਾਜਾਇਜ਼ ਕਬਜੇ ਹਟਾਉਣ ਲਈ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਰਨ ਲਈ ਕਿਹਾ ਗਿਆ ਹੈ ਅਤੇ ਕੁਦਰਤੀ ਆਫਤਾਂ ਵਿਚ ਗਰੀਬ ਪਰਿਵਾਰਾਂ ਦੇ ਹੋਏ ਨੁਕਸਾਨ ਸਬੰਧੀ ਵੀ ਗੱਲ ਸੁਣ ਲਈ ਗਈ ਹੈ। ਉਨ੍ਹਾਂ ਕਿਹਾ ਕਿ 102 ਕਿਲੋਮੀਟਰ ਤੱਕ ਨੰਗੇ ਪੈਰ ਤੁਰਨ ਕਾਰਨ ਨਾਲ ਗਈਆਂ ਸਾਰੀਆਂ ਬੀਬੀਆਂ ਦੇ ਪੈਰੀਂ ਛਾਲੇ ਪੈ ਗਏ ਹਨ ਪਰ ਪਿੰਡ ਦੇ ਐੱਸਸੀ ਪਰਿਵਾਰਾਂ ਦੀ ਆਵਾਜ਼ ਸੁਣੇ ਜਾਣ ਕਾਰਨ ਕੋਈ ਦਰਦ ਨਹੀਂ ਹੈ ਤੇ ਇਸ ਪੈਦਲ ਯਾਤਰਾ ਦੇ ਨਤੀਜੇ ਚੰਗੇ ਹੋਣ ਦੀ ਆਸ ਬੱਝ ਗਈ ਹੈ।

ਜ਼ਿਕਰਯੋਗ ਹੈ ਕਿ ਪਿੰਡ ਦੇ 150 ਦੇ ਕਰੀਬ ਐੱਸਸੀ ਪਰਿਵਾਰਾਂ ਦੇ ਪੰਚਾਇਤ ਦੀ ਲਗਾਤਾਰ ਕੋਸ਼ਿਸ਼ ਦੇ ਬਾਵਜੂਦ ਕਾਰਡ ਨਹੀਂ ਬਣਾਏ ਗਏ ਜਿਸ ਤੋਂ ਦਲਿਤ ਪਰਿਵਾਰਾਂ ਵਿਚ ਰੋਹ ਹੋਣ ਕਾਰਨ ਉਨ੍ਹਾਂ ਵੱਲੋਂ ਪੰਚਾਇਤ ਦੀ ਅਗਵਾਈ ਵਿਚ ਸਿੱਧਾ ਮੁੱਖ ਮੰਤਰੀ ਦੇ ਦਰਬਾਰ ਪੁੱਜਣ ਦਾ ਫੈਸਲਾ ਲਿਆ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ