ਕਰੋਨਾ ਮਹਾਂਮਾਰੀ ਨੇ ਦੁਨੀਆਂ ਦੀ ਅਰਥਵਿਵਸਥਾ ਦੇ ਚੱਕੇ ਕੀਤੇ ਜਾਮ

0

ਕਰੋਨਾ ਮਹਾਂਮਾਰੀ ਨੇ ਦੁਨੀਆਂ ਦੀ ਅਰਥਵਿਵਸਥਾ ਦੇ ਚੱਕੇ ਕੀਤੇ ਜਾਮ

ਦੁਨੀਆਂ ਭਰ ਵਿੱਚ ਹੁਣ ਤੱਕ ਲਗਭਗ 36,45,539 ਲੋਕ ਇਸ ਵਾਇਰਸ ਤੋਂ ਪੀੜਤ ਹਨ ਤੇ 252396 ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਹਨ ਅਜਿਹਾ ਬਾ-ਦਸਤੂਰ ਅਜੇ ਵੀ ਜਾਰੀ ਹੈ। ਕਰੋਨਾ ਤੋਂ ਬਚਣ ਲਈ ਸੰਸਾਰ ਭਰ ਦੇ ਵਿਗਿਆਨੀ ਤੇ ਮਾਹਿਰ ਡਾਕਟਰ ਦਿਨ-ਰਾਤ ਤਜ਼ਰਬੇ ਕਰਕੇ ਤੋੜ ਲੱਭਣ ਵਿੱਚ ਅੱਜ ਤੱਕ ਨਾਕਾਮ ਹਨ। ਭਾਰਤ ਦੇਸ਼ ਦੀ ਜੇਕਰ ਗੱਲ ਕਰੀਏ ਤਾਂ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਲਗਾਤਾਰ ਲਾਕ ਡਾਊਨ ਕਰਕੇ ਇਸ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਣ ਲਈ ਜੋ ਤਰੀਕਾ ਅਪਣਾਇਆ ਗਿਆ ਹੈ ਉਹ ਸ਼ਲਾਘਾਯੋਗ ਹੈ।
ਇਸ ਮਹਾਂਮਾਰੀ ਨੇ ਪੂਰੇ ਵਿਸ਼ਵ ਪੱਧਰ ਦੀ ਅਰਥਵਿਵਸਥਾ ਦੀ ਤੇਜ਼ ਰਫਤਾਰ ਚੱਲਦੀ ਚੱਕੀ ਦੇ ਘੁੰਮਦੇ ਪਹੀਏ ਨੂੰ ਇੱਕਦਮ ਜਾਮ ਕਰਕੇ ਪੁੱਠਾ ਗੇੜਾ ਦੇਣ ਦੀ ਕੋਸ਼ਿਸ਼ ਕੀਤੀ ਹੈ।

ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਅਮਰੀਕਾ ਦੀ ਜਨਵਰੀ ਤੋਂ ਮਾਰਚ ਦੀ ਤਿਮਾਹੀ ਦੌਰਾਨ ਅਰਥਵਿਵਸਥਾ ਵਿੱਚ 4.8 ਫੀਸਦੀ ਦੀ ਗਿਰਾਵਟ ਆਈ ਹੈ ਜੋ ਕਿ ਪਿਛਲੇ ਇੱਕ ਦਹਾਕੇ ਦੀ ਸਭ ਤੋਂ ਖਰਾਬ ਵਿਕਾਸ ਦਰ ਹੈ। ਜੇਕਰ ਇਸ ਮਹਾਂਮਾਰੀ ਦਾ ਪ੍ਰਕੋਪ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਵਿਸ਼ਵ ਪੱਧਰੀ ਵਿਕਾਸ ਦਰ ਦੀ ਗਿਰਾਵਟ ਕਿੱਥੇ ਜਾ ਕੇ ਖੜ੍ਹੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਜੇਕਰ ਭਾਰਤ ਦੀ ਗੱਲ ਕਰੀਏ ਤਾਂ ਇਲੈਕਟ੍ਰੋਨਿਕਸ ਦਾ ਸਪੇਅਰ ਪਾਰਟ 55 ਫੀਸਦੀ ਚੀਨ ਤੋਂ ਆਉਂਦਾ ਸੀ ਜੋ ਕਿ ਅੱਜ ਬਹੁਤ ਘਟ ਗਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਸ ਦੀ ਆਮਦ ਵਿੱਚ ਹੋਰ ਗਿਰਾਵਟ ਆਉਣ ਦੀ ਉਮੀਦ ਹੈ। ਭਾਰਤ ਦੀ ਮਾਰਕੀਟ ਦਾ ਜ਼ਿਆਦਾ ਲੈਣ-ਦੇਣ ਚੀਨ ਨਾਲ ਹੀ ਸੀ ਜਿਸ ਵਿੱਚ ਵੱਡੀ ਖੜੋਤ ਆ ਰਹੀ ਹੈ।

ਚੀਨ, ਭਾਰਤ ਦਾ ਤੀਜਾ ਵੱਡਾ ਐਕਸਪੋਰਟ ਪਾਟਨਰ ਹੈ ਜਿਸ ਵਿੱਚ ਰਾਅ ਮਟੀਰੀਅਲ, ਮਿਨਰਲ, ਆਰਗੈਨਿਕ ਕੈਮੀਕਲ, ਫਿਊਲ, ਕਪਾਹ ਆਦਿ ਉਹਨਾਂ ਨੂੰ ਅਸੀਂ ਦਿੰਦੇ ਸੀ ਤੇ ਅਸੀਂ ਚੀਨ ਤੋਂ ਜੈਵਿਕ ਰਸਾਇਣ 37 ਫੀਸਦੀ, ਅਜੀਵ ਰਸਾਇਣਕ 13 ਫੀਸਦੀ, ਜੜ੍ਹੀ-ਬੂਟੀਆਂ 36 ਫੀਸਦੀ, ਰੰਗ ਆਦਿ 28 ਫੀਸਦੀ ਲੈਂਦੇ ਸੀ ਜੋ ਇਸ ਲਾਕਡਾਊਨ ਦੌਰਾਨ ਲੈਣ-ਦੇਣ ਦਾ ਇਹ ਸਿਲਸਿਲਾ ਰੁਕ ਗਿਆ ਹੈ।

ਭਾਰਤ ਦਵਾਈਆਂ ਬਣਾਉਣ ਲਈ 70 ਫੀਸਦੀ ਸਮੱਗਰੀ ਚੀਨ ਤੋਂ ਲੈਂਦਾ ਸੀ ਜੋ ਕਰੋਨਾ ਮਹਾਂਮਾਰੀ ਕਾਰਨ ਚੀਨ ਤੋਂ ਆਉਣ ਵਾਲੀ ਸਪਲਾਈ ਲਾਈਨ ਪ੍ਰਭਾਵਿਤ ਹੋਣ ਕਾਰਨ ਹੁਣ ਚੀਨ ਸਾਨੂੰ ਉਹ ਸਮੱਗਰੀ ਰੇਟ ਵਧਾ ਕੇ ਦੇਵੇਗਾ ਕਿਉਂਕਿ ਸਾਨੂੰ ਉਹ ਲੈਣੀਆਂ ਤਾਂ ਪੈਣੀਆਂ ਹੀ ਹਨ, ਦੋਨੋ ਮੁਲਕਾਂ ਵਿੱਚ ਕਰੋਨਾ ਵਾਇਰਸ ਫੈਲਿਆ ਹੋਣ ਕਾਰਨ ਉਹ ਬਣ ਨਹੀਂ ਰਹੀਆਂ, ਜਿੰਨੀਆਂ ਬਣਨਗੀਆਂ ਉਹ ਵਧੇ ਹੋਏ ਰੇਟਾਂ ‘ਤੇ ਮਿਲਣਗੀਆਂ। ਚੀਨ ਪੈਨਸਲੀਨ ਤੇ ਵਿਟਾਮਿਨ ਜਿੰਨੇ ਵੀ ਬਣਾਉਂਦਾ ਸੀ ਉਸਦਾ 50 ਫੀਸਦੀ ਇਕੱਲੇ ਭਾਰਤ ਵਿੱਚ ਹੀ ਖਪਤ ਹੁੰਦਾ ਸੀ ਜਿਨ੍ਹਾਂ ਦੇ ਰੇਟ ਵੀ ਹੁਣ ਵਧਣਗੇ।

ਇਸ ਲਈ ਆਪਣੇ ਦੇਸ਼ ਹਿੰਦੁਸਤਾਨ ਨੂੰ ਆਤਮ-ਨਿਰਭਰ ਹੋਣ ਲਈ ਮੇਕ ਇਨ ਇੰਡੀਆ ਦੀ ਪਾਲਿਸੀ ਦੇ ਤਹਿਤ ਆਪਣੇ ਸਾਧਨ ਪੈਦਾ ਕਰਨੇ ਪੈਣਗੇ ਨਹੀਂ ਤਾਂ ਅਜਿਹੀਆਂ ਘਾਟਾਂ-ਵਾਧਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਪਵੇਗਾ। ਭਾਰਤ ਪੈਦਾਵਾਰ ਦੇ ਮਾਮਲੇ ਵਿੱਚ ਜਿੰਨਾ ਆਤਮ-ਨਿਰਭਰ ਹੁੰਦਾ ਜਾਵੇਗਾ ਉਨੀ ਵੱਧ ਤਰੱਕੀ ਕਰੇਗਾ ਤੇ ਪੈਦਾ ਕੀਤਾ ਸਾਮਾਨ ਵੀ ਬਾਹਰਲੇ ਮੁਲਕਾਂ ਨੂੰ ਸਪਲਾਈ ਕਰਕੇ ਹੋਰ ਬੁਲੰਦੀਆਂ ਛੂਹ ਸਕਦਾ ਹੈ।

ਭਾਰਤ ਨੂੰ ਚਾਹੀਦਾ ਹੈ ਕਿ ਬਹੁਰਾਸ਼ਟਰੀ ਕੰਪਨੀਆਂ ਤੋਂ ਆਤਮ-ਨਿਰਭਰਤਾ ਖਤਮ ਕਰਕੇ ਪਬਲਿਕ ਸੈਕਟਰ ਦੇ ਸਰਕਾਰੀ ਅਦਾਰਿਆਂ ਨੂੰ ਪਹਿਲ ਦੇ ਆਧਾਰ ‘ਤੇ ਪ੍ਰਫੁੱਲਤ ਕਰਨ ਦੇ ਉਪਰਾਲੇ ਕਰਕੇ ਆਪਣੇ ਬਾਸ਼ਿੰਦਿਆਂ ਨੂੰ ਉਤਸ਼ਾਹਿਤ ਕਰੇ ਛੋਟੀਆਂ ਸਨਅਤਾਂ ਨੂੰ ਪਿੰਡ-ਪਿੰਡ, ਸ਼ਹਿਰ-ਸ਼ਹਿਰ ਲਾਇਆ ਜਾਵੇ ਜਿਸ ਨਾਲ ਰੁਜ਼ਗਾਰ ਦੇ ਮੌਕੇ ਵੱਧ ਪੈਦਾ ਹੋਣਗੇ। ਕਿਉਂਕਿ ਭਾਰਤ ਦੇਸ਼ ਅੰਦਰ ਕੱਚਾ ਮਾਲ ਵੱਡੀ ਤਾਦਾਦ ਵਿੱਚ ਪੈਦਾ ਹੁੰਦਾ ਹੈ।

ਜਿਸ ਨਾਲ ਅਰਥਵਿਵਸਥਾ ਵੱਧ ਮਜਬੂਤ ਹੋਵੇਗੀ ਤੇ ਹਮੇਸ਼ਾ ਸਥਿਰ ਰਹੇਗੀ।  ਭਾਰਤ ਇੱਕ ਇਤਿਹਾਸਕ ਦੇਸ਼ ਹੈ ਇਸ ਅੰਦਰ ਪੁਰਾਤਨ ਇਮਾਰਤਾਂ ਦੀ ਭਰਮਾਰ ਹੈ ਜਿਨ੍ਹਾਂ ਨੂੰ ਦੇਖਣ ਲਈ ਯਾਤਰੀ ਸੰਸਾਰ ਭਰ ਤੋਂ ਆਉਂਦੇ ਸਨ। ਕਰੋਨਾ ਮਹਾਂਮਾਰੀ ਕਾਰਨ ਉਹ ਆ ਨਹੀਂ ਸਕਦੇ ਜਿਸ ਕਾਰਨ ਸਾਡੇ ਦੇਸ਼ ਨੂੰ ਆਰਥਿਕ ਤੌਰ ‘ਤੇ ਬਾਕੀਆਂ ਨਾਲੋਂ ਵੱਧ ਨੁਕਸਾਨ ਹੋਵੇਗਾ।

ਭਾਰਤ ਸਰਕਾਰ ਲਈ ਇਹ ਚਿੰਤਾਜਨਕ ਵਿਸ਼ਾ ਹੈ। ਹੁਣ ਤੱਕ ਵੱਖ-ਵੱਖ ਸਮਿਆਂ ‘ਤੇ ਹਜ਼ਾਰਾਂ ਇੰਟਰਨੈਸ਼ਨਲ ਤੇ ਘਰੇਲੂ ਜਹਾਜ਼ਾਂ ਦੀਆਂ ਉਡਾਣਾਂ ਰੱਦ ਹੋ ਚੁੱਕੀਆਂ ਜਿਸ ਕਾਰਨ ਉਹਨਾਂ ਦੇ ਪਾਇਲਟ ਤੇ ਬਾਕੀ ਸਾਰਾ ਅਮਲਾ ਜਿੱਥੇ ਇਸ ਮਹਾਂਮਾਰੀ ਕਾਰਨ ਆਰਥਿਕ ਤੌਰ ‘ਤੇ ਕਮਜ਼ੋਰ ਹੋ ਰਿਹਾ ਹੈ, ਉੱਥੇ ਏਅਰ ਲਾਈਨ ਦੇ ਖਰੀਦਦਾਰਾਂ ਦੇ ਸਿਰ ਵੀ ਕਰਜ਼ਿਆ ਦੀਆਂ ਪੰਡਾਂ ਭਾਰੀ ਹੋ ਰਹੀਆਂ ਹਨ।

ਜੇਕਰ ਲਾਕ ਡਾਊਨ ਹੋਰ ਵਧਾਉਣਾ ਪਿਆ ਤਾਂ ਸਾਨੂੰ ਬਹੁਤ ਮਾੜਾ ਸਮਾਂ ਦੇਖਣਾ ਪਵੇਗਾ। ਜੀ.ਐਸ.ਟੀ. ਦੀ ਉਗਰਾਹੀ ਲਈ ਵਾਧਾ 30 ਜੂਨ 2020 ਤੱਕ ਕੀਤਾ ਗਿਆ ਸੀ ਹੁਣ ਵਧਾ ਕੇ ਉਸਨੂੰ ਅਕਤੂਬਰ 2020 ਤੱਕ ਕੀਤਾ ਗਿਆ ਹੈ, ਜਿਸ ਕਾਰਨ ਖਜਾਨੇ ਦਾ ਭਾਰੀ ਨੁਕਸਾਨ ਹੋਣ ਦਾ ਡਰ ਪੈਦਾ ਹੋ ਗਿਆ ਹੈ।

ਬਿਜਨਸ ਵਿੱਚ ਸੇਲ ਦੀ ਤਕਰੀਬਨ 70 ਫੀਸਦੀ ਦੇ ਕਰੀਬ ਖੜੋਤ ਆ ਗਈ ਹੈ। ਬਿਜਨਸ ਦੇ ਵਾਧੇ ਵਾਲੀਆਂ 60 ਫੀਸਦੀ ਸਕੀਮਾਂ ਨੂੰ ਅਗਾਂਹ ਪਾ ਦਿੱਤਾ ਹੈ, 43 ਫੀਸਦੀ ਅਜੇ ਤੱਕ ਨਿਰਯਾਤ ਸਬੰਧੀ ਕੁਝ ਵੀ ਸੋਚਣ ਤੋਂ ਅਸਮਰੱਥ ਹਨ ਜਿਨ੍ਹਾਂ ਵਿੱਚੋਂ 34 ਫੀਸਦੀ ਦਾ ਇਹ ਮੰਨਣਾ ਹੈ ਕਿ ਇੰਡਸਟ੍ਰੀ ਅਗਾਂਹ ਦੀ ਬਜਾਏ 10 ਫੀਸਦੀ ਪਿੱਛੇ ਗਈ ਹੈ ਤੇ ਲਗਾਤਾਰ ਲਾਕ ਡਾਊਨ ਕਾਰਨ ਪਿੱਛੇ ਜਾ ਰਹੀ ਹੈ ਦ ਕਨਫੈਡਰੇਸ਼ਨ ਆਫ ਇੰਡੀਆ ਇੰਡਸਟ੍ਰੀ ਭਾਵ (ਸੀ.ਆਈ.ਆਈ.) ਦੇ ਅਨੁਮਾਨ ਮੁਤਾਬਿਕ ਕਰੋਨਾ ਵਾਇਰਸ ਦੀ ਚੱਲ ਰਹੀ ਮਹਾਂਮਾਰੀ ਕਾਰਨ 2020-21 ਵਿੱਚ ਭਾਰਤ ਦੀ ਜੀ.ਡੀ.ਪੀ. ਦਰ 0.9 ਫੀਸਦੀ ਦੇ ਨਿਰਾਸ਼ਾਜਨਕ ਪੱਧਰ ਤੱਕ ਪਹੁੰਚ ਸਕਦੀ ਹੈ।

ਕਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਕਾਰਨ ਤਕਰੀਬਨ 100 ਤੋਂ ਵੱਧ ਦੇਸ਼ਾਂ ਨੇ ਪਿਛਲੇ ਮਹੀਨੇ ਆਪਣੀਆਂ ਰਾਸ਼ਟਰੀ ਸਰਹੱਦਾਂ ਨੂੰ ਬੰਦ ਕਰ ਦਿੱਤਾ ਹੈ ਜਿਸ ਨਾਲ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਜਿਸ ਕਰਕੇ ਚੀਨ ਦੀ ਅਰਥ ਵਿਵਸਥਾ ਵੀ ਬੁਰੀ ਤਰ੍ਹਾਂ ਡੋਲ ਗਈ ਹੈ, ਰਿਕਵਰੀ ਦੀ ਉਮੀਦ ਅਜੇ ਨਹੀਂ ਦਿਸ ਰਹੀ ਹੈ ਲੱਖਾਂ ਨੌਕਰੀਆਂ ‘ਤੇ ਖਤਰਾ ਮੰਡਰਾ ਰਿਹਾ ਹੈ

ਇਸ ਮਹਾਂਮਾਰੀ ਦੇ ਚੱਲਦਿਆਂ ਦੇਸ਼ ਅੰਦਰ ਕਰੋੜਾਂ ਮਜ਼ਦੂਰਾਂ ਦੇ ਚੁੱਲ੍ਹੇ ਠੰਢੇ ਹੋ ਚੁੱਕੇ ਹਨ ਰੋਟੀ ਦੇ ਲਾਲੇ ਪਏ ਹੋਏ ਹਨ, ਕਿਰਤੀ ਵਰਗ ਵੀ ਹਜ਼ਾਰਾਂ ਫੈਕਟਰੀਆਂ ਬੰਦ ਹੋ ਜਾਣ ਕਾਰਨ ਅੱਜ ਸੜਕਾਂ ‘ਤੇ ਰੁਲਣ ਲਈ ਮਜ਼ਬੂਰ ਹੋ ਚੁੱਕਾ ਹੈ ਦੇਖਣ ਵਿੱਚ ਆਇਆ ਕਿ ਜੋ ਮੀਡੀਅਮ ਵਰਗ ਦੇ ਜੋ ਲੋਕ ਛੋਟੀ ਦੁਕਾਨਦਾਰੀ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲਦੇ ਸੀ ਇਸ ਪ੍ਰਕੋਪ ਨੇ ਉਹਨਾਂ ਨੂੰ ਸਬਜੀ ਦੀਆਂ ਰੇਹੜੀਆਂ ਲਾ ਕੇ ਘਰ-ਘਰ ਜਾ ਕੇ ਸਬਜੀ ਵੇਚਣ ਲਈ ਮਜਬੂਰ ਕਰ ਦਿੱਤਾ ਹੈ।

ਸਾਡੇ ਦੇਸ਼ ਜਾਂ ਕਿਸੇ ਵੀ ਦੇਸ਼ ਦੀ ਤਰੱਕੀ ਦਾ ਭਾਰ ਕਿਰਤੀ ਜਾਂ ਮਜ਼ਦੂਰ ਵਰਗ ਦੇ ਮੋਢਿਆਂ ‘ਤੇ ਹੁੰਦਾ ਹੈ। ਮਹਾਂਮਾਰੀ ਕਾਰਨ ਅੱਜ ਤਰੱਕੀ ਦੀ ਰਫਤਾਰ ਬਿਲਕੁਲ ਜ਼ੀਰੋ ‘ਤੇ ਆ ਗਈ ਹੈ, ਨਾਲ-ਨਾਲ ਸਾਡੇ ਕਾਰਪੋਰੇਟ ਘਰਾਣਿਆਂ ਦੇ ਕੰਮਾਂ ‘ਤੇ ਵੀ ਇਸ ਮਹਾਂਮਾਰੀ ਨੇ ਡੂੰਘੀ ਸੱਟ ਮਾਰੀ ਹੈ, ਕਾਰਖਾਨਿਆਂ ਦੀ ਠੱਕ-ਠੱਕ ਬੰਦ ਹੋਣ ਕਾਰਨ ਪੈਦਾਵਾਰ ਹੋ ਨਹੀਂ ਰਹੀ, ਦੇਣਦਾਰੀਆਂ ਤੇ ਕਰਜ਼ਿਆਂ ਦਾ ਬੋਝ ਸਮੇਤ ਵਿਆਜ ਲਗਾਤਾਰ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ

ਆਪਣੀ ਲੇਬਰ ਨੂੰ ਵੀ ਕੁੱਝ-ਨਾ-ਕੁੱਝ ਖਰਚ ਜਾ ਪੇਟ ਪਾਲਣ ਲਈ ਦੇਣਾ ਪੈ ਰਿਹਾ ਹੈ, ਕੁੱਝ ਉਦਯੋਗ ਜਿਨ੍ਹਾਂ ਦੀ ਪੈਦਾਵਾਰ ਬਿਨਾਂ ਗੁਜ਼ਾਰਾ ਨਹੀਂ ਹੈ ਚੱਲ ਵੀ ਰਹੇ ਹਨ, ਪੈਦਾਵਾਰ ਸੀਮਤ ਹੈ ਉਲਟਾ ਸੈਨੇਟਾਈਜ਼ਰ ਆਦਿ ਤੇ ਢੋਆ-ਢੋਆਈ ਦੇ ਖਰਚੇ ਲੋੜ ਨਾਲੋਂ ਵਧੇ ਹੋਏ ਹਨ, ਪ੍ਰਾਫਟ ਘੱਟ ਗਿਆ ਹੈ ਜਿਸ ਕਰਕੇ ਕਾਰਪੋਰੇਟ ਘਰਾਣੇ ਵੀ ਵੱਡੇ ਘਾਟੇ ਵਿੱਚ ਜਾ ਰਹੇ ਹਨ ਜੋ ਕਿ ਡੂੰਘੀ ਚਿੰਤਾ ਦਾ ਵਿਸ਼ਾ ਹੈ ਕਾਰਪੋਰੇਟ ਘਰਾਣੇ ਤੇ ਕਿਰਤੀ ਵਰਗ ਦਾ ਆਪਸੀ ਗੂੜ੍ਹਾ ਰਿਸ਼ਤਾ ਹੈ ਦੋਨੋ ਇੱਕ-ਦੂਜੇ ਤੋਂ ਬਿਨਾਂ ਅਧੂਰੇ ਹਨ

ਦੇਸ਼ ਦੇ ਸਭ ਤੋਂ ਵੱਡੇ ਡਿਫਾਲਟਰ ਜਿਨ੍ਹਾਂ ਨੇ ਬੈਂਕਾਂ ਤੋਂ ਕਰਜਾ ਲਿਆ ਸੀ ਹੁਣ ਉਹ ਪੈਸੇ ਵਾਪਸ ਆਉਣ ਦੀ ਉਮੀਦ ਛੱਡ ਦਿੱਤੀ ਹੈ ਕਿਉਂਕਿ ਉਹ ਸਾਰੇ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਗਏ ਹਨ, ਬੈਂਕਾਂ ਨੇ ਇਹ 68,607 ਕਰੋੜ ਰੁਪਏ ਨੂੰ ਤਕਨੀਕੀ ਤੌਰ ‘ਤੇ ਰਾਈਟ ਆਫ ਭਾਵ ਵੱਟੇ ਖਾਤੇ ਪਾ ਦਿੱਤਾ ਹੈ

ਜਿਸ ਨਾਲ ਵੀ ਦੇਸ਼ ਦੀ ਅਰਥਵਿਵਸਥਾ ਨੂੰ ਠਿੱਬੀ ਲੱਗੀ ਹੈ। ਮੱਧ ਵਰਗੀ ਪਰਿਵਾਰ ਇਸ ਸਮੇਂ ਆਪਣੀ ਆਰਥਿਕ ਸਥਿਤੀ ਨੂੰ ਤੋੜ-ਮਰੋੜ ਕੇ ਸੰਭਾਲਣ ਦੀ ਕੋਸ਼ਿਸ਼ ਵਿੱਚ ਲੱਗਾ ਹੈ ਜੋ ਸੰਭਲ ਨਹੀਂ ਰਹੀ ਤੇ ਮਹਾਂਮਾਰੀ ਦੇ ਪ੍ਰਕੋਪ ਨਾਲ ਆਉਣ ਵਾਲੇ ਦਿਨਾਂ ਵਿੱਚ ਮੱਧ ਵਰਗੀ ਪਰਿਵਾਰਾਂ ਨੂੰ ਇਸ ਦੇ ਹੋਰ ਵੀ ਡਰਾਵਣੇ ਰੂਪ ਦਾ ਆਰਥਿਕ ਤੌਰ ‘ਤੇ ਸਾਹਮਣਾ ਕਰਨਾ ਪਵੇਗਾ।

ਇਸ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਪਵੇਗਾ ਅੱਜ ਆਪੋ-ਆਪਣੀਆਂ ਪਾਰਟੀਆਂ ਦੀਆਂ ਸਿਆਸਤਾਂ ਨੂੰ ਚਮਕਾਉਣ ਦਾ ਸਮਾਂ ਨਹੀਂ ਹੈ ਕਰੋਨਾ ਨੇ ਨਾ ਰਾਜ ਕਰਤਾ ਤੇ ਨਾ ਹੀ ਵਿਰੋਧੀ ਨੂੰ ਬਖਸ਼ਣਾ ਹੈ, ਅੱਜ ਸਮੁੱਚੀ ਮਨੁੱਖਤਾ ਨੂੰ ਬਚਾਉਣ ਲਈ ਲੋੜ ਹੈ ਸਰਕਾਰਾਂ ਜੋ ਗਾਈਡ ਲਾਈਨਾਂ ਦੇ ਰਹੀਆਂ ਹਨ

ਉਹਨਾਂ ਦਾ ਸਾਨੂੰ ਸਾਰਿਆਂ ਨੂੰ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ। ਨਾਲ-ਨਾਲ ਸਾਨੂੰ ਸਾਰਿਆਂ ਨੂੰ ਕਰੋਨਾ ਵਾਇਰਸ ਤੋਂ ਬਚਣ ਲਈ ਹਦਾਇਤਾਂ ਨੂੰ ਲਾਗੂ ਕਰਕੇ ਕਰੋਨਾ ਵਾਇਰਸ ਨਾਲ ਹੀ ਜਿਉਣਾ ਸਿੱਖਣਾ ਪਵੇਗਾ। ਸੋ ਇਸ ਸਾਰੇ ਲਈ ਅੱਜ ਸਾਨੂੰ ਚਿੰਤਤ ਹੋਣ ਦੀ ਲੋੜ ਨਹੀਂ ਹੈ ਲੋੜ ਹੈ ਇਸ ਮਹਾਂਮਾਰੀ ਵਿੱਚੋਂ ਜ਼ਿੰਦਾਂ ਕਿਸ ਤਰ੍ਹਾਂ ਬਚਿਆ ਜਾਵੇ। ਸੋ ਆਓ ਸਾਰੇ ਰਲ-ਮਿਲ ਜਿੰਨਾ ਹੋ ਸਕੇ ਯੋਗਦਾਨ ਪਾ ਕੇ ਭਾਰਤ ਦੇਸ਼ ਨੂੰ ਬਚਾਉਣ ਲਈ ਸਰਕਾਰਾਂ ਦਾ ਸਾਥ ਦੇਈਏ।
ਕੋਟਕਪੂਰਾ
ਮੋ. 96462-00468

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।