ਬੱਸ ਰੂਟਾਂ ‘ਤੇ ਵੱਡੇ ਟਰਾਂਸਪੋਰਟਰਾਂ ਦਾ ਦਬਦਬਾ, ਟਾਈਮਟੇਬਲ ਬਣਨ ਦੇ ਬਾਵਜ਼ੂਦ ਨਹੀਂ ਕੀਤਾ ਜਾ ਰਿਹਾ ਲਾਗੂ

Transport policy

ਸਕੱਤਰ ਆਰਟੀਏ ਵੱਲੋਂ 14 ਵਾਰ ਮੀਟਿੰਗ ਰੱਦ, ਪੀਆਰਟੀਸੀ ਸਮੇਤ ਛੋਟੇ ਟਰਾਂਸਪੋਰਟਰਾਂ ਦੀ ਸੁਣੀ ਨਹੀਂ ਜਾ ਰਹੀ

ਪਟਿਆਲਾ। ਕਾਂਗਰਸ ਸਰਕਾਰ ਆਉਣ ਤੋਂ ਬਾਅਦ ਵੀ ਬੱਸ ਰੂਟਾਂ ਤੇ ਵੱਡੇ ਟਰਾਂਸਪੋਰਟਰਾਂ ਦਾ ਦਬਦਬਾ ਖਤਮ ਨਹੀਂ ਹੋ ਰਿਹਾ। ਇੱਥੋਂ ਤੱਕ ਕਿ ਨਵੇਂ ਟਾਈਮ ਟੇਬਲਾਂ ਨੂੰ ਲਾਗੂ ਕਰਨ ਵਿੱਚ ਵੀ ਹੱਥ ਘੁੱਟਿਆ ਜਾ ਰਿਹਾ ਹੈ। ਉਂਜ ਇਨ੍ਹਾਂ ਨਵੇਂ ਟਾਈਮ ਟੇਬਲਾਂ ਨੂੰ ਲਾਗੂ ਕਰਵਾਉਣ ਲਈ ਪੀਆਰਟੀਸੀ ਸਮੇਤ ਛੋਟੇ ਟਰਾਸਪੋਰਟਰ ਇਕੱਠੇ ਹੋ ਗਏ ਹਨ, ਪਰ ਫੇਰ ਵੀ ਸਥਾਨਕ ਸਕੱਤਰ ਆਰ.ਟੀ.ਏ. ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਾਣਕਾਰੀ ਅਨੁਸਾਰ ਬਠਿੰਡਾ-ਲੁਧਿਆਣਾ, ਪਟਿਆਲਾ-ਚੰਡੀਗੜ੍ਹ ਸਮੇਤ ਹੋਰ ਰੂਟਾਂ ਉੱਪਰ ਨਵੇਂ ਟਾਇਮ ਟੇਬਲ ਲਾਗੂ ਕਰਵਾਉਣ ਲਈ ਪੀਆਰਟੀਸੀ ਵਰਕਰਜ਼ ਯੂਨੀਅਨ ਸਮੇਤ ਛੋਟੇ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਕਈ ਮਹੀਨਿਆਂ ਤੋਂ ਜੱਦੋਂ ਜਹਿਦ ਕੀਤੀ ਜਾ ਰਹੀ ਹੈ ਪਰ ਸਕੱਤਰ ਟਰਾਂਸਪੋਰਟ ਅਥਾਰਟੀ ਪਟਿਆਲਾ ਵੱਲੋਂ ਤਾਰੀਖਾਂ ਤੇ ਤਾਰੀਖਾਂ ਦਿੱਤੀਆਂ ਜਾ ਰਹੀਆਂ ਹਨ। ਪਤਾ ਲੱਗਾ ਹੈ ਕਿ ਅੱਜ ਵੀ ਪੀਆਰਟੀਸੀ ਯੂਨੀਅਨ ਸਮੇਤ ਛੋਟੇ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਆਰਟੀਏ ਦਫ਼ਤਰ ਵਿਖੇ ਪੁੱਜੇ ਸਨ, ਪਰ ਆਰਟੀਏ ਨਾ ਹੋਣ ਕਾਰਨ ਅੱਜ 14ਵੀਂ ਵਾਰ ਟਾਈਮ ਟੇਬਲਾਂ ਸਬੰਧੀ ਤਾਰੀਖ ਅੱਗੇ ਪਾ ਦਿੱਤੀ ਗਈ। ਪੀਆਰਟੀਸੀ ਆਗੂਆਂ ਦਾ ਦੋਸ਼ ਹੈ ਕਿ ਉਕਤ ਆਰਟੀਏ ਵੱਲੋਂ ਦਬਾਅ ਕਾਰਨ ਅਜਿਹਾ ਕੀਤਾ ਜਾ ਰਿਹਾ ਹੈ, ਕਿਉਂਕਿ ਇਸ ਰੂਟ ਉੱਪਰ ਸਭ ਤੋਂ ਜਿਆਦਾ ਬੱਸਾਂ ਬਾਦਲ ਪਰਿਵਾਰ ਦੀਆਂ ਦੌੜ ਰਹੀਆਂ ਹਨ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਆਰਟੀਸੀ ਵਰਕਰਜ਼ ਯੂਨੀਅਨ ਏਟਕ ਦੇ ਆਗੂਆਂ ਗੁਰਵਿੰਦਰ ਸਿੰਘ ਗੋਲਡੀ, ਉੱਤਮ ਸਿੰਘ ਬਾਗੜੀ ਨੇ ਦੱਸਿਆ ਕਿ ਬਠਿੰਡਾ-ਲੁਧਿਆਣਾ ਦਾ ਟਾਇਮ ਟੇਬਲ ਕਾਫੀ ਸਮੇਂ ਤੋਂ ਬਣ ਚੁੱਕਿਆ ਹੈ। ਪਰ ਉਸ ਨੂੰ ਲਾਗੂ ਨਹੀਂ ਕੀਤਾ ਜਾ ਰਿਹੈ। ਉਨ੍ਹਾਂ ਦੱਸਿਆ ਕਿ ਇਸ ਰੂਟ ਤੇ 28 ਟਾਇਮ ਬਿਨਾ ਰੂਟ ਤੋਂ ਚੱਲ ਰਹੇ ਹਨ ਅਤੇ ਪੀਆਰਟੀਸੀ ਨੂੰ ਰੋਜਾਨਾ 2 ਲੱਖ ਰੁਪਏ ਤੋਂ ਜਿਆਦਾ ਦਾ ਘਾਟਾ ਪੈ ਰਿਹਾ ਹੈ। ਉੁਨ੍ਹਾਂ ਦੱਸਿਆ ਕਿ ਆਰਟੀਏ 14 ਵਾਰ ਮੀਟਿੰਗਾਂ ਦੇ ਕੇ ਰੱਦ ਕਰ ਚੁੱਕੇ ਹਨ ਅਤੇ ਇਹ ਸਾਰਾ ਕੁੱਝ ਵੱਡੇ ਟਰਾਂਸਪੋਰਟਰਾਂ ਨੂੰ ਫਾਇਦਾ ਦੇਣ ਵਾਸਤੇ ਕੀਤਾ ਜਾ ਰਿਹਾ ਹੈ। ਵੱਡੇ ਟਰਾਂਸਪੋਰਟਰਾਂ ਨੂੰ ਟਾਈਮ ਟੇਬਲ ਵਿੱਚ 10-10 ਮਿੰਟ ਮਿਲ ਰਹੇ ਹਨ ਜਦਕਿ ਸਰਕਾਰੀ ਟਰਾਂਸਪੋਰਟ ਤੇ ਛੋਟੇ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਦੋ-ਤਿੰਨ ਮਿੰਟ ਹੀ ਦਿੱਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਅੱਜ ਵੀ ਆਰਟੀਏ ਨਾਲ ਮੀਟਿੰਗ ਸੀ, ਪਰ ਅੱਜ ਫਿਰ ਅੱਗੇ 2 ਤਾਰੀਖ ਪਾ ਦਿੱਤੀ ਗਈ। ਜਾਣ ਬੁੱਝ ਕੇ ਟਾਈਮ ਟੇਬਲ ਲਾਗੂ ਕਰਨ ਤੋਂ ਟਾਲਿਆ ਜਾ ਰਿਹਾ ਹੈ। ਅੱਜ ਇਨ੍ਹਾਂ ਰੂਟਾ ਤੇ ਚਲਣ ਵਾਲੇ ਟਰਾਂਸਪੋਰਟਰਾਂ ਮਾਲਵਾ ਬੱਸ, ਹਿੰਦ ਮੋਟਰਜ਼, ਮੋਟਰ ਬੱਸ, ਐਲ.ਟੀ.ਸੀ. ਬੱਸ, ਝਨੀਰ ਬੱਸ, ਟਲੇਵਾਲ ਬੱਸ, ਢਿੱਲੋਂ ਬੱਸ, ਬਠਿੰਡਾ ਬੱਸ, ਥਨੇਸਰ ਬੱਸ ਅਤੇ ਲਿਬੜਾ ਬੱਸ ਦੇ ਅਪਰੇਟਰਾਂ ਨੇ ਸਕੱਤਰ ਆਰ.ਟੀ.ਏ. ਪਟਿਆਲਾ ਦੀ ਇਸ ਕਥਿਤ ਧੱਕੇਸ਼ਾਹੀ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹੋਏ ਕਿਹਾ ਕਿ ਜੇਕਰ ਆਰ.ਟੀ.ਏ. ਪਟਿਆਲਾ ਨੇ ਟਾਈਮ ਟੇਬਲ ਬਨਾਉਣ ਵਿੱਚ ਨਾਂਹ-ਨੁੱਕਰ ਕੀਤੀ ਤਾਂ ਉਹ ਸਾਰੇ ਟਰਾਂਸਪੋਰਟਰ ਇਕੱਠੇ ਹੋ ਕੇ ਆਰ.ਟੀ.ਏ. ਪਟਿਆਲਾ ਦੇ ਦਫਤਰ ਅੱਗੇ ਧਰਨਾ ਦੇਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।