ਲੇਖ

ਸੰਸਕਾਰਾਂ ਦੀ ਦਹਿਲੀਜ਼ ‘ਚੋਂ ਲੰਘੇ ਸਿੱਖਿਆ

Education, Ward

ਹਰਪ੍ਰੀਤ ਸਿੰਘ ਬਰਾੜ

ਅੱਜ ਮਨੁੱਖ ਦੀ ਜਿੰਦਗੀ ‘ਚ ਰੁਝੇਵੇਂ ਕਾਰਨ ਉਸ ਦਾ ਪਦਾਰਥਵਾਦ ਵੱਲ ਰੁਝਾਨ ਵਧ ਰਿਹਾ ਹੈ। ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ‘ਚ ਲਗਾਤਾਰ ਬਦਲਾਅ ਆ ਰਿਹਾ ਹੈ ਅਤੇ ਆਪਣੀਆਂ ਸੁਖ-ਸਹੂਲਤਾਂ ਦੀ ਪੂਰਤੀ ਲਈ ਵਿਅਕਤੀ ਅਸਮਾਜਿਕ ਅਤੇ ਗੈਰ-ਕਾਨੂੰਨੀ ਕੰਮਾਂ ਨੂੰ ਵੀ ਅੰਜਾਮ ਦੇਣ ‘ਚ ਭੋਰਾ ਵੀ ਹਿਚਕਿਚਾਹਟ ਮਹਿਸੂਸ ਨਹੀਂ ਕਰਦਾ। ਅੱਜ  ਸਮਾਜਿਕ ਢਾਂਚਾ ਇਸ ਤਰੀਕੇ ਨਾਲ ਤਿਆਰ ਕੀਤਾ ਜਾ ਰਿਹਾ ਹੈ, ਜਿਸ ‘ਚ ਸੰਸਕਾਰਾਂ ਦੀ ਸਿੱਖਿਆ ਦੇਣ ਦਾ ਸਮਾਂ ਕਿਸੇ ਕੋਲ ਬਚਿਆ ਹੀ ਨਹੀਂ ਹੈ। ਇਸਦੇ ਕਾਰਨ ਨੌਜਵਾਨ ਨਿਰਾਸ਼ਾ ਅਤੇ  ਤਣਾਅ ‘ਚੋਂ ਲੰਘ ਰਿਹਾ ਹੈ। ਅਤੇ ਮਨੁੱਖ ਵੀ ਪੈਸੇ ਦੀ ਅੰਨ੍ਹੀ ਦੌੜ ‘ਚ ਐਨਾ ਉਲਝ ਗਿਆ ਹੈ ਕਿ ਉਹ ਆਪਣੀ ਸੰਤਾਨ ਦੇ ਲਈ ਵੀ ਸਮਾਂ ਨਹੀਂ ਕੱਢ ਪਾ ਰਿਹਾ ਹੈ ਅਤੇ ਨਾ ਹੀ ਬੱਚਿਆਂ ਨੂੰ ਸੰਸਕਾਰਾਂ ਦੀ ਸਿੱਖਿਆ ਦੇ ਪਾ ਰਿਹਾ ਹੈ।

ਅੱਜ ਸਮਾਜ ਵਿਚ ਸਾਂਝੀ ਪਰਿਵਾਰ ਪ੍ਰਣਾਲੀ ਵੀ ਟੁੱਟਦੀ ਹੋਈ ਲਗਭਗ ਖਤਮ ਹੋ ਰਹੀ ਹੈ। ਇਕੱਲੀ ਜਾਂ ਦੋ ਸੰਤਾਨਾਂ ਦੀ ਧਾਰਣਾ ਭਾਵੇਂ ਹੀ ਅੱਜ ਆਦਰਸ਼ ਹੋਵੇ ਪਰ ਉਨ੍ਹਾਂ ਲਈ ਮਾਪਿਆਂ ਦਾ ਬਹੁਤ ਜਿਆਦਾ ਲਾਡ-ਪਿਆਰ, ਉਨ੍ਹਾਂ ਨੂੰ ਹੱਦ ਤੋਂ ਜਿਆਦਾ ਜਿੱਦੀ ਅਤੇ ਮੇਰਾ-ਮੇਰਾ ਦੀ ਭਾਵਨਾ ਨਾਲ ਬਹੁਤ ਜਿਆਦਾ ਭਰ ਰਿਹਾ ਹੈ। ਇੱਕ ਉਹ ਜ਼ਮਾਨਾ ਸੀ, ਜਦੋਂ ਦਾਦਾ ਨਾਨਾ ਪਰਨੇ ਦੇ ਸਿਰੇ ਨਾਲ ਛੋਟੀ ਜਿਹੀ ਗੰਢ ‘ਚ ਮਿੱਠਾ ਜਾਂ ਕੋਈ ਖਾਣ ਵਾਲੀ ਚੀਜ ਲਿਆਉੁਂਦੇ ਸਨ ਤੇ ਅੱਠ-ਦਸ ਬੱਚਿਆਂ ‘ਚ ਵੰਡਦੇ  ਸਨ ਅਤੇ ਸਾਰੇ ਥੋੜ੍ਹੀ-ਥੋੜ੍ਹੀ ਲੈ ਕੇ ਵੀ ਸੰਤੁਸ਼ਟ ਹੋ ਜਾਂਦੇ ਸਨ।

ਅੱਜ ਬੱਚਾ ਪੂਰਾ ਪੈਕੇਟ ਲੈ ਕੇ ਅਤੇ ਮੇਰਾ ਕਹਿ ਕੇ ਹੱਕ ਜਮਾਉਂਦਾ ਹੈ । ਕੋਈ ਜ਼ਮਾਨਾ ਸੀ, ਜਦੋਂ ਪੂਰਾ ਪਿੰਡ ਹੀ ਵਿਹੜਾ ਪ੍ਰਤੀਤ ਹੁੰਦਾ ਸੀ, ਅੱਜ ਆਪਣਾ ਕਮਰਾ, ਟੀ. ਵੀ., ਕੰਪਿਊਟਰ, ਮੋਬਾਇਲ ਹੀ ਆਪਣਾ ਹੈ। ਅੱਜ ਮਿਲ ਵੰਡ ਕੇ ਖਾਣ ਅਤੇ ਨਾਲ ਰਹਿਣ ਦਾ ਸੱਭਿਆਚਾਰ ਖਤਮ ਹੋ ਰਿਹਾ ਹੈ। ਮੌਜੂਦਾ ਸਮੇਂ ‘ਚ ਮਾਪੇ ਆਪਣੇ ਪੁੱਤਰ-ਧੀਆਂ ਨੂੰ ਚੰਗੀ ਅਤੇ ਉਚੇਰੀ ਸਿੱਖਿਆ ਤਾਂ ਜਰੂਰ ਦਵਾ ਰਹੇ ਹਨ, ਪਰ ਘਰ ਦੇ ਕੰਮਾਂ ਦੇ ਨਾਲ-ਨਾਲ ਸੰਸਕਾਰ ਨਹੀਂ ਦੇ ਰਹੇ ਹਨ। ਅਜਿਹੀਆਂ ਸੰਤਾਨਾਂ ਸਮਾਜ ‘ਚ ਆਪਣਾ ਕੋਈ ਯੋਗਦਾਨ ਨਹੀਂ ਦੇ ਪਾਉਂਦੀਆਂ ਹਨ। ਜੇਕਰ ਪੁੱਤਰ ਸੰਸਕਾਰੀ ਨਹੀਂ ਤਾਂ ਉਹ ਅੱਗੇ ਜਾ ਕੇ ਆਪਣੇ ਪਰਿਵਾਰ ਨੂੰ ਸੁਚਾਰੂ ਤਰੀਕੇ ਨਾਲ ਨਹੀਂ ਚਲਾ ਸਕਦਾ। ਜੇਕਰ ਕੁੜੀ ‘ਚ ਸੰਸਕਾਰਾਂ ਦੀ ਕਮੀ ਹੈ, ਤਾਂ ਮਾਪਿਆਂ ਲਈ ਪਰੇਸ਼ਾਨੀ ਦਾ ਕਾਰਨ ਬਣਦੀ ਹੈ।

ਜੇਕਰ ਉਸ ਕੁੜੀ ਬਾਰੇ ਸੱਚ-ਝੂਠ ਕਹਿ ਕੇ, ਤਰੀਫਾਂ ਦੇ ਪੁੱਲ ਬੰਨ੍ਹ ਕੇ ਕਿਸੇ ਪਰਿਵਾਰ ‘ਚ ਵਿਆਹ ਦਿੱਤੀ ਜਾਂਦੀ ਹੈ, ਤਾਂ ਉਹ ਅੱਗੇ ਜਾ ਕੇ ਵੀ ਕਾਟੋ ਕਲੇਸ਼ ਦਾ ਕਾਰਨ ਬਣਦੀ ਹੋਈ ਮੁਸ਼ਕਲਾਂ ਹੀ ਪੈਦਾ ਕਰਦੀ ਹੈ। ਜੇਕਰ ਸਿੱਖਿਅਤ, ਘਰੇਲੂ ਕੰਮਾਂ ‘ਚ ਮਾਹਿਰ ਅਤੇ ਸੰਸਕਾਰਾਂ ਵਾਲੀ ਨੂੰਹ ਕਿਸੇ ਪਰਿਵਾਰ ਨੂੰ ਮਿਲਦੀ ਹੈ ਤਾਂ ਉਸ ਘਰ ਦੇ ਬਰਾਬਰ ਖੁਸ਼ਕਿਸਮਤ ਕੋਈ ਪਰਿਵਾਰ ਨਹੀਂ ਹੁੰਦਾ। ਪਹਿਲਾਂ ਜੀ ਨਾਲ ਸੰਬੋਧਨ ਕਰਨਾ, ਜਿੱਥੇ ਸੰਸਕਾਰਾਂ ਦੀ ਗੱਲ ਸੀ ਅਤੇ ਪੈਰੀਂ ਹੱਥ ਲਾ ਕੇ  ਅਸ਼ੀਰਵਾਦ  ਲੈਣ ਦੀ ਖੁਸ਼ੀ ਹੀ ਕੁਝ ਹੋਰ ਹੁਦੰੀ ਸੀ। ਅੱਜ ਸਭ ਕੁਝ ਮੰਨੋ ਸਿਰਫ ਫਾਰਮੈਲਟੀ ਬਣਦਾ ਜਾ ਰਿਹਾ ਹੈ। ਹੁਣ ਤਾਂ ਸਭ ਕੁਝ ਪੱਛਮੀ ਸੱਭਿਆਚਾਰ ਦੇ ਸਲੀਕੇ ਨਾਲ ਹੈਲੋ-ਹਾਏ ‘ਚ ਹੀ ਸਿਮਟਦਾ ਜਾ ਰਿਹਾ ਹੈ। ਕਿਸੇ ਨੂੰ ਨਾਂਅ ਲੈ ਕੇ ਬੁਲਾਉਣਾ ਫੈਸ਼ਨ ਬਣਦਾ ਜਾ ਰਿਹਾ ਹੈ।

ਅੱਜ ਪੈਸੇ ਦੀ ਭੁੱਖ ਇਨਸਾਨ ਅੰਦਰ ਇਸ ਹੱਦ ਤੱਕ ਵਧ ਗਈ ਹੈ ਕਿ ਸਭ ਕੁਝ ਹਾਸਲ ਕਰਨ ਦੀ ਦੌੜ ‘ਚ ਹੀ ਭੱਜ ਰਿਹਾ ਹੈ। ਅੱਜ ਇਨਸਾਨ ਐਨਾ ਉਲਝ ਗਿਆ ਹੈ ਕਿ ਉਸ ਨੂੰ ਪਰ ਹਿੱਤ, ਲੋਕ ਕਲਿਆਣ ਅਤੇ ਦੂਜਿਆਂ ਦੀਆਂ ਭਾਵਨਾਵਾਂ ਦੇ ਨਾਲ ਦੇਸ਼ ਹਿੱਤ ਦੀ ਗੱਲ ਸੋਚਣ ਦੀ ਜ਼ਰਾ ਵੀ ਫੁਰਸਤ ਨਹੀਂ ਹੈ। ਭਾਵੇਂ ਹੀ ਆਬੋ-ਹਵਾ ਬਦਲ ਰਹੀ ਹੈ, ਸੱਭਿਆਚਾਰ ਬੜੀ ਤੇਚ ਰਫਤਾਰ ਨਾਲ ਸਿਮਟ ਰਿਹਾ ਹੈ, ਪਰ ਫਿਰ ਵੀ ਸਾਨੂੰ ਭਵਿੱਖ ਨੂੰ ਸੰਵਾਰਨਾ ਪਵੇਗਾ। ਬੱਚਿਆਂ ਨੂੰ ਸੰਸਕਾਰ ਦੇਣੇ ਅਤੇ ਉਨ੍ਹਾਂ ‘ਚ ਮਨੁੱਖੀ ਗੁਣਾਂ ਦਾ ਵਿਕਾਸ ਕਰਨਾ ਮਾਪਿਆਂ ਅਤੇ ਅਧਿਆਪਕਾਂ ਦੀ ਨੈਤਿਕ ਜਿੰਮੇਵਾਰੀ  ਹੈ, ਕਿਉਂਕਿ ਉਹ ਬੱਚਿਆਂ ਦੇ ਸਭ ਤੋਂ ਵੱਡੇ ਰਖਵਾਲੇ ਅਤੇ ਮਾਰਗਦਰਸ਼ਕ ਹੁੰਦੇ ਹਨ। ਜਵਾਨੀ ‘ਚ ਹੀ ਸਹਿਣਸ਼ੀਲਤਾ, ਸੱਭਿਆਚਾਰ ਅਤੇ ਵਿਕਾਸ ਦੇ ਚਾਰ ਕਦਮ ਅੱਗੇ ਵਧਾਉਣੇ ਹਨ ਤਾਂ ਸੰਸਕਾਰਾਂ ਦੀਆਂ ਦੋ ਪੁਲਾਂਘਾਂ ਪਿੱਛੇ ਮੁੜ ਕੇ ਦੇਖਣੀਆਂ ਹੀ ਪੈਣਗੀਆਂ। ਮਨ ‘ਚ ਸੰਤੁਸ਼ਟੀ  ਦੀਆਂ ਭਾਵਨਾਵਾਂ ਨੂੰੂ ਵੀ ਥਾਂ ਦੇਣੀ ਹੋਵੇਗੀ ਅਤੇ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਸੰਸਕਾਰੀ ਬਣ ਕੇ ਸਮਾਜ ਅਤੇ ਦੇਸ਼ ਪ੍ਰਤੀ ਆਪਣੇ ਫਰਜਾਂ ਨੂੰ ਸਮਝ ਕੇ ਉਨ੍ਹਾਂ ਦੀ ਪਾਲਣਾ ਵੀ ਕਰਨੀ ਹੋਵੇਗੀ।

ਸਿੱਖਿਆ ਹਾਸਲ ਕਰਨ ਦੇ ਨਾਲ-ਨਾਲ ਸੰਸਕਾਰਾਂ ਦੀ ਗੁੜ੍ਹਤੀ ਲੈਣੀ ਵੀ ਬਹੁਤ ਜਰੂਰੀ ਹੈ। ਤਾਂ ਹੀ ਅਸੀਂ ਸਮਾਜ, ਸੂਬੇ ਅਤੇ ਦੇਸ਼ ਪ੍ਰਤੀ ਆਪਣੇ ਫਰਚ ਨਿਭਾਉਂਦੇ ਹੋਏ ਆਦਰਸ਼ ਅਤੇ ਸੰਸਕਾਰੀ ਨਾਗਰਿਕ ਸਿੱਧ ਹੋਵਾਂਗੇ।

ਸਾਬਕਾ ਡੀ ਓ ,174 ਮਿਲਟਰੀ ਹਸਪਤਾਲ,
ਮੇਨ ਏਅਰ ਫੋਰਸ ਰੋਡ, ਬਠਿੰਡਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top