ਜ਼ਰੂਰੀ ਵਸਤਾਂ ਸੋਧ ਬਿੱਲ ਵੀ ਰਾਜ ਸਭਾ ‘ਚ ਹੋਇਆ ਪਾਸ

0
No Work, Rajya Sabha, Seventh Day

ਜ਼ਰੂਰੀ ਵਸਤਾਂ ਸੋਧ ਬਿੱਲ ਵੀ ਰਾਜ ਸਭਾ ‘ਚ ਹੋਇਆ ਪਾਸ

ਨਵੀਂ ਦਿੱਲੀ। ਰਾਜ ਸਭਾ ਵਿਚ ਅੱਜ ਯਾਨੀ ਕਿ ਮੰਗਲਵਾਰ ਨੂੰ ਜ਼ਰੂਰੀ ਵਸਤਾਂ ਸੋਧ ਬਿੱਲ, 2020 ਨੂੰ ਵਿਰੋਧੀ ਧਿਰ ਦੀ ਗੈਰ ਮੌਜੂਦਗੀ ਵਿਚ ਆਵਾਜ਼ ਮਤ ਨਾਲ ਪਾਸ ਕਰ ਦਿੱਤਾ ਗਿਆ ਹੈ। ਇਸ ਸੋਧ ਬਿੱਲ ਵਿਚ ਅਨਾਜ, ਦਾਲਾਂ, ਤੇਲ ਦੇ ਬੀਜ, ਖਾਣ ਵਾਲੇ ਤੇਲ, ਗੰਢੇ ਅਤੇ ਆਲੂ ਜਿਹੀਆਂ ਨੂੰ ਜ਼ਰੂਰੀ ਵਸਤਾਂ ਦੀ ਸੂਚੀ ਤੋਂ ਹਟਾਉਣ ਦੀ ਵਿਵਸਥਾ ਹੈ। ਲੋਕ ਸਭਾ ਵਿਚ ਇਸ ਬਿੱਲ ਨੂੰ ਪਿਛਲੇ ਹਫ਼ਤੇ ਹੀ ਪਾਸ ਕੀਤਾ ਸੀ। ਇਸ ਤਰ੍ਹਾਂ ਇਸ ਬਿੱਲ ‘ਤੇ ਅੱਜ ਰਾਜ ਸਭਾ ਦੀ ਮੋਹਰ ਲੱਗ ਗਈ ਹੈ। ਇਸ ਬਿੱਲ ਦਾ ਮਕਸਦ ਨਿੱਜੀ ਨਿਵੇਸ਼ਕਾਂ ਦੀਆਂ ਕੁਝ ਸ਼ੰਕਾਵਾਂ ਨੂੰ ਦੂਰ ਕਰਨਾ ਹੈ।

ਦੱਸ ਦੇਈਏ ਕਿ ਬੀਤੇ ਐਤਵਾਰ ਨੂੰ ਖੇਤੀ ਨਾਲ ਜੁੜੇ 2 ਅਹਿਮ ਬਿੱਲ— ਕਿਸਾਨੀ ਉਪਜ ਵਪਾਰ ਅਤੇ ਵਣਜ ਬਿੱਲ 2020 ਅਤੇ ਕੀਮਤ ਗਰਟੀ ਅਤੇ ਖੇਤੀ ਸੇਵਾਵਾਂ ਸੰਬੰਧੀ ਕਿਸਾਨ ਬਿੱਲ 2020 ਆਵਾਜ਼ ਮਤ ਨਾਲ ਪਾਸ ਕੀਤੇ ਸਨ। ਬਿੱਲ ਖ਼ਿਲਾਫ਼ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਰਾਜ ਸਭਾ ‘ਚ ਜੰਮ ਕੇ ਹੰਗਾਮਾ ਕੀਤਾ ਸੀ ਪਰ ਫਿਰ ਵੀ ਬਿੱਲ ਨੂੰ ਪਾਸ ਕਰ ਦਿੱਤਾ ਗਿਆ।

ਹੰਗਾਮਾ ਕਰਨ ਵਾਲੇ ਵਿਰੋਧੀ ਧਿਰ ਦੇ 8 ਸੰਸਦ ਮੈਂਬਰਾਂ ਨੂੰ ਰਾਜ ਸਭਾ ਦੇ ਚੇਅਰਮੈਨ ਐੱਮ. ਵੈਂਕਈਆ ਨਾਇਡੂ ਨੇ ਮੁਅੱਤਲ ਕਰ ਦਿੱਤਾ। ਜਿਸ ਤੋਂ ਬਾਅਦ ਸੰਸਦ ਮੈਂਬਰ ਸੰਸਦ ਕੰਪਲੈਕਸ ਅੰਦਰ ਹੀ ਧਰਨੇ ‘ਤੇ ਬੈਠ ਗਏ ਅਤੇ ਮੰਗਲਵਾਰ ਦੁਪਹਿਰ ਨੂੰ ਉਨ੍ਹਾਂ ਨੇ ਆਪਣਾ ਧਰਨਾ ਖਤਮ ਕੀਤਾ। ਉਨ੍ਹਾਂ ਨੇ ਅੱਜ ਕਿਹਾ ਕਿ ਅਸੀ ਮਾਨਸੂਨ ਸੈਸ਼ਨ ਦਾ ਬਾਈਕਾਟ ਕਰਾਂਗੇ। ਇਸ ਦਰਮਿਆਨ ਵਿਰੋਧੀ ਧਿਰ ਦੇ ਬਾਈਕਾਟ ਦਰਮਿਆਨ ਰਾਜ ਸਭਾ ‘ਚ ਜ਼ਰੂਰੀ ਵਸਤਾਂ ਸੋਧ ਬਿੱਲ ਜੋ ਕਿ ਤੀਜਾ ਬਿੱਲ ਹੈ, ਉਹ ਵੀ ਪਾਸ ਕਰ ਦਿੱਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.