ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਫੀਸਾਂ ਦੇ ਵਾਧੇ ਖਿਲਾਫ਼ ਲਾਇਆ ਪੱਕਾ ਮੋਰਚਾ ਤੀਜੇ ਦਿਨ ’ਚ ਸ਼ਾਮਲ ਹੋਇਆ

0
98
Punjabi University Patiala Sachkahoon

ਯੁੂਨੀਵਰਸਿਟੀ ’ਚ ਹੋਏ ਘਪਲਿਆਂ ਦੀ ਉੱਚ ਪੱਧਰੀ ਜਾਂਚ ਕਰਕੇ ਦੋਸ਼ੀਆਂ ਨੂੰ ਸਜਾ ਦੇ ਕੇ ਉਨ੍ਹਾਂ ਤੋਂ ਘਪਲਿਆਂ ਦੀ ਰਾਸ਼ੀ ਤੁਰੰਤ ਵਸੂਲਣੀ ਚਾਹੀਦੀ ਹੈ : ਆਗੂ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਛੇ ਵਿਦਿਆਰਥੀ ਜਥੇਬੰਦੀਆਂ (ਏ.ਆਈ.ਐੱਸ.ਐੱਫ, ਪੀ.ਐੱਸ.ਯੂ. (ਲਲਕਾਰ), ਐੱਸ.ਐੱਫ.ਆਈ., ਪੀ.ਐੱਸ.ਯੂ., ਡੀ.ਐੱਸ.ਓ. ਅਤੇ ਪੀ.ਆਰ.ਐੱਸ.ਯੂ.) ਦੇ ਸਾਂਝੇ ਵਿਦਿਆਰਥੀ ਮੋਰਚੇ ਵੱਲੋਂ ਫੀਸਾਂ ਵਿੱਚ ਭਾਰੀ ਵਾਧੇ ਅਤੇ ਹੋਰ ਮੰਗਾਂ ਨੂੰ ਲੈ ਕੇ ਯੂਨੀਵਰਸਿਟੀ ਪ੍ਰਸਾਸ਼ਨ ਖਿਲਾਫ ਪੱਕਾ ਮੋਰਚਾ ਤੀਜੇ ਦਿਨ ’ਚ ਸ਼ਾਮਲ ਹੋ ਗਿਆ ਹੈ। ਯੁੂਨੀਵਰਸਿਟੀ ਪ੍ਰਸ਼ਾਸਨ ਇੰਨ੍ਹਾਂ ਮੰਗਾਂ ਨੂੰ ਲੈਕੇ ਲੰਮੇ ਸਮੇਂ ਤੋਂ ਟਾਲ-ਮਟੋਲ ਕਰ ਰਿਹਾ ਸੀ। ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਫੀਸਾਂ ਦੇ ਵਾਧੇ, ਹੋਸਟਲਾਂ ਦੀ ਕਮੀ, ਬੁਨਿਆਦੀ ਸਹੂਲਤਾਂ ਦੀ ਘਾਟ,ਲਾਇਬਰੇਰੀ ਦਾ ਸਮਾਂ ਘਟਾ ਦੇਣ ਅਤੇ ਆਦਿ ਖਿਲਾਫ਼ ਰੋਹ ਫੁੱਟ ਰਿਹਾ ਹੈ। ਅੱਜ ਯੂਨੀਵਰਸਿਟੀ ਅਰਥ-ਸ਼ਾਸਤਰ, ਅੰਗਰੇਜ਼ੀ, ਇਤਿਹਾਸ ਤੇ ਫੀਜਿਓਥਰੈਪੀ ਵਿਭਾਗਾਂ ਦੇ ਵਿਦਿਆਰਥੀ ਆਪਣੀਆਂ ਕਲਾਸਾਂ ਛੱਡ ਧਰਨੇ ’ਚ ਸ਼ਾਮਲ ਹੋਏ ਅਤੇ ਯੂਨੀਵਰਸਿਟੀ ’ਚ ਮਾਰਚ ਕੀਤਾ ਗਿਆ।

ਇਸ ਪੱਕੇ ਮੋਰਚੇ ਦੀ ਅਗਵਾਈ ਕਰ ਰਹੇ ਸਾਂਝੇ ਵਿਦਿਆਰਥੀ ਮੋਰਚੇ ਦੇ ਆਗੂਆਂ ਏ.ਆਈ.ਐੱਸ.ਐੱਫ. ਵੱਲੋਂ ਗੁਰਪ੍ਰੀਤ, ਐੱਸ.ਐੱਫ.ਆਈ. ਵੱਲੋਂ ਰਾਜਵਿੰਦਰ, ਪੀ.ਐੱਸ.ਯੂ. ਵੱਲੋਂ ਗੁਰਦਾਸ, ਪੀ.ਐੱਸ.ਯੂ. (ਲਲਕਾਰ) ਵੱਲੋਂ ਪੁਸ਼ਪਿੰਦਰ, ਡੀ.ਐੱਸ.ਓ. ਵੱਲੋਂ ਵਿਕਰਮ ਬਾਗੀ ਅਤੇ ਪੀ.ਆਰ.ਐੱਸ.ਯੂ. ਵੱਲੋਂ ਸੰਦੀਪ ਨੇ ਦੱਸਿਆ ਕਿ ਯੁੂਨੀਵਰਸਿਟੀ ਪ੍ਰਸ਼ਾਸਨ ਸਿਰਫ਼ ਕੁਝ ਕੁ ਮੰਗਾਂ ਉਪਰ ਹੀ ਸਹਿਮਤੀ ਬਣਾ ਰਿਹਾ ਹੈ ਪਰ ਵਿਦਿਆਰਥੀ ਆਪਣੀਆਂ ਪੂਰੀਆਂ ਮੰਗਾਂ ਮਨਵਾ ਕੇ ਹੀ ਉੱਠਣਗੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਯੂਨੀਵਰਸਿਟੀ ਦੀਆਂ ਕੋਰਸ ਫੀਸਾਂ ’ਚ ਵਾਧਾ ਕੀਤਾ ਹੈ ਇਹ ਵਾਧਾ 3.4 ਫੀਸਦੀ ਤੋਂ ਲੈ ਕੇ (ਨਵੇਂ ਸ਼ੁਰੂ ਕੀਤੇ ਕੋਰਸਾਂ ਲਈ) 109 ਫੀਸਦੀ ਤੱਕ ਦਾ ਹੈ। ਇਹ ਦੇ ਨਾਲ ਹੀ ਹੋਸਟਲ ਦੀਆਂ ਫੀਸਾਂ ’ਚ ਵਾਧਾ ਹੋਇਆ, ਜਿਸ ਵਿੱਚ ਮੈੱਸ ਸਿਕਿਊਰਿਟੀ ਤੱਕ ਸ਼ਾਮਲ ਹੈ ਜੋ 7000 ਰੁਪਏ ਕਰ ਦਿੱਤੀ ਗਈ ਹੈ, ਨਾਲ ਦੀ ਨਾਲ ਹਰੇਕ ਤਰ੍ਹਾਂ ਦੇ ਫਾਰਮਾਂ ਦੀ ਫੀਸ ਵਧਾਈ ਗਈ ਹੈ। ਕਈ ਤਰ੍ਹਾਂ ਦੀਆਂ ਫੀਸਾਂ ਉੱਪਰ ਥੋਪ ਦਿੱਤਾ ਗਿਆ ਹੈ ਅਤੇ ਪ੍ਰੀਖਿਆ ਫੀਸ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਹੈ।

ਯੂਨੀਵਰਸਿਟੀ ਕੈਂਪਸ ਦੀਆਂ ਫੀਸਾਂ ਸਮੇਤ ਇਸ ਦੇ ਕੰਸਟੀਚਿਊਐਂਟ ਕਾਲਜਾਂ, ਨੇਬਰਹੁੱਡ ਕੈਂਪਸਾਂ ਤੇ ਰਿਜਨਲ ਸੈਂਟਰਾਂ ਦੇ ਕੋਰਸਾਂ ਦੀਆਂ ਫੀਸਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਇੰਨ੍ਹਾਂ ਫੀਸਾਂ ਦੇ ਵਾਧੇ ਕਾਰਨ ਪੰਜਾਬ ਦੇ ਬਹੁਤ ਸਾਰੇ ਵਿਦਿਆਰਥੀ ਯੁੂਨੀਵਰਸਿਟੀ ’ਚ ਪੜਨ ਤੋਂ ਵਾਂਝੇ ਹੋ ਰਹੇ ਹਨ। ਕਿੰਨ੍ਹੇ ਹੀ ਵਿਦਿਆਰਥੀਆਂ ਨੂੰ ਫੀਸਾਂ ਦੇ ਵਾਧੇ ਕਰਕੇ ਯੁੂਨੀਵਰਸਿਟੀ ਛੱਡ ਕੇ ਜਾਣ ਲਈ ਮਜਬੂਰ ਹੋ ਰਹੇ ਹਨ। ਵਿਦਿਆਰਥੀ ਜਥੇਬੰਦੀਆਂ ਵਿਦਿਅਰਥੀਆਂ ਨਾਲ ਹੋ ਰਹੀ ਇਸ ਧੱਕੇਸ਼ਾਹੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀੰ ਕਰਨਗੀਆਂ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਚੰਗੀ ਸਿੱਖਿਆ ਮੁਹੱਈਆ ਕਰਵਾਉਣਾ ਸਰਕਾਰ ਦਾ ਫਰਜ਼ ਹੈ। ਕਿਰਤੀ ਲੁਕਾਈ ਕਰੋੜਾਂ ਅਰਬਾਂ ਰੁਪਏ ਟੈਕਸ ਦੇ ਰੂਪ ਵਿੱਚ ਸਰਕਾਰ ਨੂੰ ਤਾਰਦੀ ਹੈ ਅਤੇ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਨੇ ਯੂਨੀਵਰਸਿਟੀ ਦੀ ਗਰਾਂਟ ਘਟਾਈ ਹੈ। ਯੂਨੀਵਰਸਿਟੀ ਦੇ ਵਿੱਤੀ ਘਾਟੇ ਦਾ ਕਾਰਨ ਵੀ ਸਰਕਾਰ ਦਾ ਗਰਾਂਟ ਨਾ ਮੁਹੱਈਆ ਕਰਵਾਉਣਾ ਹੈ।

ਯੂਨੀਵਰਸਿਟੀ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਤੋਂ ਗਰਾਂਟ ਦੀ ਮੰਗ ਕਰਨੀ ਚਾਹੀਦੀ ਹੈ ਨਾ ਕਿ ਫੀਸਾਂ ਵਧਾਈਆਂ ਜਾਣੀਆਂ ਚਾਹੀਦੀਆਂ ਹਨ। ਯੁੂਨੀਵਰਸਿਟੀ ’ਚ ਹੋਏ ਘਪਲਿਆਂ ਦੀ ਉੱਚ ਪੱਧਰੀ ਜਾਂਚ ਕਰਕੇ ਦੋਸ਼ੀਆਂ ਨੂੰ ਸਜਾ ਦੇਕੇ ਉਨ੍ਹਾਂ ਤੋਂ ਘਪਲਿਆਂ ਦੀ ਰਾਸ਼ੀ ਤੁਰੰਤ ਵਸੂਲਣੀ ਚਾਹੀਦੀ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਦੀਆਂ ਫੀਸਾਂ ਨੂੰ ਯੂਨੀਵਰਸਿਟੀ ਦੇ ਘਾਟੇ ਦਾ ਕਾਰਨ ਦੱਸ ਕੁਤਰਕ ਕਰ ਰਿਹਾ ਹੈ। ਸਾਂਝੇ ਵਿਦਿਆਰਥੀ ਮੋਰਚੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਜਦੋਂ ਤਕ ਇਹ ਮੰਗਾਂ ਪੂਰਨ ਤੌਰ ਤੇ ਨਹੀਂ ਮੰਨੀਆਂ ਜਾਂਦੀਆਂ ਉਦੋਂ ਤਕ ਧਰਨਾਂ ਜਾਰੀ ਰਹੇਗਾ। ਇਸ ਮੌਕੇ ਸਟੇਜ ਦੀ ਕਾਰਵਾਈ ਏ. ਆਈ. ਐੱਸ.ਐੱਫ ਤੋਂ ਵਰਿੰਦਰ ਨੇ ਅਦਾ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ