ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿਚ ਕੀਰਤਨ ਦਾ ਮੁੱਢ ਬੰਨ੍ਹਣ ਵਾਲੇ: ਭਾਈ ਮਰਦਾਨਾ ਜੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿਚ ਕੀਰਤਨ ਦਾ ਮੁੱਢ ਬੰਨ੍ਹਣ ਵਾਲੇ: ਭਾਈ ਮਰਦਾਨਾ ਜੀ

ਸਿੱਖ ਇਤਿਹਾਸ ਵਿਚ ਜਿਥੇ ਸ੍ਰੀ ਗੁਰੁ ਨਾਨਕ ਦੇਵ ਜੀ ਦਾ ਨਾਮ ਬੜੀ ਹੀ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ ਨਾਲ ਲਿਆ ਜਾਂਦਾ ਹੈ ਉਥੇ ਭਾਈ ਮਰਦਾਨਾ ਜੀ ਦਾ ਨਾਂ ਵੀ ਬਹੁਤ ਹੀ ਅਦਬ ਅਤੇ ਪਿਆਰ ਨਾਲ ਲਿਆ ਜਾਂਦਾ ਹੈ। ਧਰਤ ਲੋਕਈ ਨੂੰ ਸੋਧਣ ਹਿੱਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਈ-ਕਈ ਮੀਲ ਬਿਖੜਿਆਂ ਪੈਂਡਿਆਂ ਦਾ ਸਫਰ ਤਹਿ ਕੀਤਾ ਹੈ। ਇਸ ਸਫਰ ਵਿਚ ਗੁਰੂ ਸਾਹਿਬ ਦਾ ਡਟਵਾਂ ਸਾਥ ਦੇਣ ਵਾਲਿਆਂ ਵਿੱਚ ਭਾਈ ਮਰਦਾਨਾ ਜੀ ਦਾ ਨਾਂਅ ਉੱਭਰਵੇਂ ਰੂਪ ਵਿੱਚ ਲਿਆ ਜਾਂਦਾ ਹੈ।

ਭਾਈ ਮਰਦਾਨਾ ਜੀ ਜਿਨ੍ਹਾਂ ਦਾ ਪਹਿਲਾ ਨਾਮ ਭਾਈ ‘ਦਾਨਾ’ ਸੀ, ਦਾ ਜਨਮ 6 ਫਰਵਰੀ 1459 ਈ.ਨੂੰ ਪਿੰਡ ਤਲਵੰਡੀ(ਰਾਇ ਭੋਇ ਦੀ) ਦੇ ਵਸਨੀਕ ਚੌਂਭੜ ਜਾਤ ਦੇ ਮਿਰਾਸੀ ਮੀਰ ਬਾਦਰੇ ਅਤੇ ਮਾਤਾ ਲੱਖੋ ਜੀ ਦੇ ਘਰ ਹੋਇਆ। ਉਮਰ ਪੱਖੋਂ ਭਾਈ ਮਰਦਾਨਾ ਜੀ ਗੁਰੂੁ ਨਾਨਕ ਪਾਤਿਸ਼ਾਹ ਨਾਲੋਂ ਲਗਭੱਗ ਸਵਾ 10 ਸਾਲ ਵੱਡੇ ਸਨ। ਸੰਗੀਤ ਉਨ੍ਹਾਂ ਦੀ ਵਿਰਾਸਤੀ ਦਾਤ ਸੀ।

ਭਾਈ ਮਰਦਾਨਾ ਜੀ ਦੀ ਜੋਟੀ ਗੁਰੁ ਨਾਨਕ ਦੇਵ ਜੀ ਨਾਲ ਛੋਟੀ ਉਮਰ ਵਿੱਚ ਪੈ ਗਈ ਸੀ ਜੋ ਗੁਰੂ ਸਾਹਿਬ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਕਾਰਨ ਆਖ਼ਰੀ ਦਮ ਤੱਕ ਨਿਭਦੀ ਰਹੀ। ਇਹ ਜੋਟੀ ਜਿੱਥੇ ਭਰਾਤਰੀ ਭਾਵ ਵਾਲੀ ਅਤੇ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੀ ਵਿਚਾਰਧਾਰਾ ਦੀ ਤਰਜ਼ਮਾਨੀ ਕਰਦੀ ਹੈ,ਉਥੇ ਸਾਂਝੀਵਾਲਤਾ ਦੇ ਸਿਧਾਂਤ ਨੂੰ ਵੀ ਪਕਿਆਈ ਬਖ਼ਸ਼ਦੀ ਹੈ। ਭਾਈ ਸਾਹਿਬ ਜਿੱਥੇ ਇੱਕ ਉੱਚਕੋਟੀ ਦੇ ਸੰਗੀਤਕਾਰ ਸਨ ਉਥੇ ਗੁਰੂ ਸਾਹਿਬ ਦੇ ਸੱਚੇੇ ਤੇ ਪੱਕੇ ਮਿੱਤਰ ਵੀ ਸਨ। ਭਾਈ ਮਰਦਾਨਾ ਜੀ ਦਾ ਇਹ ਵੀ ਇੱਕ ਸੁਭਾਗ ਰਿਹਾ ਹੈ ਕਿ ਉਨ੍ਹਾਂ ਨੂੰ ਮਨੁੱਖਤਾ ਦੇ ਰਹਿਬਰ ਸ੍ਰੀ ਗੁਰੁ ਨਾਨਕ ਸਾਹਿਬ ਦਾ ਵਡੇਰਾ ਅਤੇ ਲੰਮੇਰਾ (ਲੱਗਭਗ ਛੇ ਦਹਾਕੇ) ਸਾਥ ਪ੍ਰਾਪਤ ਹੋਇਆ ਹੈ।

ਇਸ ਸਾਥ ਸਦਕਾ ਹੀ ਉਨ੍ਹਾਂ ਨੇ ਗੁਰੂ ਸਾਹਿਬ ਨਾਲ ਦੇਸ਼-ਵਿਦੇਸ਼ ਦਾ ਲੱਗਭੱਗ 40000 ਕਿਲੋਮੀਟਰ (ਚਾਰ ਉਦਾਸੀਆਂ) ਦਾ ਸਫਰ ਤਹਿ ਕੀਤਾ ਹੈ। ਇਸ ਸਫਰ ਦੌਰਾਨ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਬਿਰਤੀ ਅਕਾਲ ਪੁਰਖ ਨਾਲ ਜੁੜਦੀ ਤਾਂ ਉਹ ਭਾਈ ਸਾਹਿਬ ਨੂੰ ਸੰਬੋਧਿਤ ਹੋ ਕੇ ਆਖਦੇ ਮਰਦਾਨਿਆ! ਰਬਾਬ ਵਜਾ ਬਾਣੀ ਆਈ ਹੈ। ਤੇ ਭਾਈ ਸਾਹਿਬ ਗੁਰੂ ਜੀ ਦਾ ਹੁਕਮ ਪਾ ਕੇ ਰਬਾਬ ਦੀਆਂ ਤਾਰਾਂ ਛੇੜ ਦਿੰਦੇ। ਜਿਥੇ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਪਾਤਸ਼ਾਹੀ ਦੀ ਬਾਣੀ ਨੂੰ 19 ਰਾਗਾਂ ਵਿਚ ਪਰੋ ਕੇ ਗਾਉਣ ਦਾ ਸ਼ਰਫ ਹਾਸਲ ਹੈ ਉਥੇ ਨਾਲ ਹੀ ਉਨ੍ਹਾਂ ਨੂੰ ਗੁਰੂ ਘਰ ਦੇ ਪਹਿਲੇ ਕੀਰਤਨੀਏ ਹੋਣ ਦਾ ਮਾਣ ਵੀ ਮਿਲਦਾ ਹੈ।

ਇਹ ਮਾਣ-ਸਤਿਕਾਰ ਭਾਈ ਮਰਦਾਨਾ ਜੀ ਤੱਕ ਹੀ ਸੀਮਤ ਨਹੀਂ ਰਿਹਾ ਸਗੋਂ ਉਨ੍ਹਾਂ ਦੀਆਂ ਕਈ ਪੀੜ੍ਹੀਆਂ ਤੱਕ ਬਣਿਆ ਆ ਰਿਹਾ ਹੈ। ਸ਼੍ਰੀ ਗੁਰੁ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਜੀ ਸਮੇਂ ਕੀਰਤਨ ਦੀ ਸੇਵਾ ਨਿਭਾਉਣ ਵਾਲੇ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਰਬਾਬੀ ਵੀ ਇਸੇ ਹੀ ਖਾਨਦਾਨ ਨਾਲ ਸਬੰਧਤ ਸਨ। ਭਾਈ ਲਾਲ ਜੀ ਅਤੇ ਭਾਈ ਸ਼ਾਦ ਜੀ ਦਾ ਨਾਮਵਰ ਕੀਰਤਨੀ ਜਥਾ ਵੀ ਇਸ ਹੀ ਘਰਾਣੇ ਨਾਲ ਜੁੜਿਆ ਹੋਇਆ ਹੈ।

ਜਗਤ ਜਲੰਦੇ ਨੂੰ ਤਾਰਦੇ ਹੋਏ ਜਦੋਂ ਸ਼੍ਰੀ ਗੁਰੁ ਨਾਨਕ ਦੇਵ ਜੀ (ਆਪਣੀ ਚੌਥੀ ਉਦਾਸੀ ਸਮਂੇ) ਅਫਗਾਨਿਸਤਾਨ ਦੇ ਨਗਰ ਖੁਰਮ ਵਿਖੇ ਪਹੁੰਚੇ ਤਾਂ ਭਾਈ ਮਰਦਾਨਾ ਜੀ ਨੂੰ ਅਕਾਲ-ਪੁਰਖ ਦਾ ਸਦੀਵੀ ਸੱਦਾ ਆ ਗਿਆ। ਆਪਣੇ ਸੱਚੇ ਅਤੇ ਪੱਕੇ ਸਾਥੀ ਸ਼੍ਰੀ ਗੁਰੁ ਨਾਨਕ ਦੇਵ ਜੀ ਨਾਲ ਬਚਨ-ਬਿਲਾਸ ਕਰਦਿਆਂ ਅਖੀਰ 27 ਨਵੰਬਰ 1534 ਈ: ਨੂੰ ਭਾਈ ਮਰਦਾਨਾ ਜੀ ਇਸ ਭੌਤਿਕ ਸੰਸਾਰ ਤੋਂ ਰੁਖ਼ਸਤ ਪਾ ਗਏ। ਆਪਣੇ ਸੁੱਖ-ਦੁੱਖ ਦੇ ਭਾਈਵਾਲ ਭਾਈ ਮਰਦਾਨਾ ਜੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਹੱਥੀਂ ਦਰਿਆ ਕੁਰਮ ਦੇ ਕਿਨਾਰੇ ਸਪੁਰਦ-ਏ-ਖਾਕ ਕਰ ਦਿੱਤਾ, ਜਿਥੇ ਅੱਜ ਵੀ ਉਨ੍ਹਾਂ (ਭਾਈ ਸਾਹਿਬ) ਦੀ ਔਲਾਦ ਉਨ੍ਹਾਂ ਦੀ ਯਾਦ ਨੂੰ ਸੰਭਾਲੀ ਬੈਠੀ ਹੈ
#1348/17/1 ਗਲੀ ਨੰ: 8 ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)
ਮੋ: 9463132719
ਰਮੇਸ਼ ਬੱਗਾ ਚੋਹਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ