ਚਿੱਟੇ ਮੱਛਰ ਤੇ ਗੁਲਾਬੀ ਸੁੰਡੀ ਦਾ ਕਹਿਰ ਜਾਰੀ, ਭੁੱਚੋ ਖੁਰਦ ਦੇ ਕਿਸਾਨਾਂ ਨੇ ਪੰਜ ਏਕੜ ਨਰਮਾ ਵਾਹਿਆ

ਚਿੱਟੇ ਮੱਛਰ ਤੇ ਗੁਲਾਬੀ ਸੁੰਡੀ ਦਾ ਕਹਿਰ ਜਾਰੀ, ਭੁੱਚੋ ਖੁਰਦ ਦੇ ਕਿਸਾਨਾਂ ਨੇ ਪੰਜ ਏਕੜ ਨਰਮਾ ਵਾਹਿਆ

(ਗੁਰਜੀਤ) ਭੁੱਚੋ ਮੰਡੀ। ਭੁੱਚੋ ਇਲਾਕੇ ਵਿੱਚ ਚਿੱਟੇ ਮੱਛਰ ਤੇ ਗੁਲਾਬੀ ਸੁੰਡੀ ਦਾ ਕਹਿਰ ਲਗਾਤਾਰ ਜਾਰੀ ਹੈ। ਨਰਮੇ ’ਤੇ ਰੇਹਾਂ ਸਪਰੇਹਾਂ ਦਾ ਅਸਰ ਨਾ ਹੋਣ ਕਰਕੇ ਇਲਾਕੇ ਦੇ ਕਿਸਾਨਾਂ ਨੂੰ ਨਰਮਾ ਵਾਹੁਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਦੂਸਰੇ ਪਾਸੇ ਖੇਤੀਬਾੜੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਅਤੇ ਕਿਰਤੀ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਨਰਮੇ ਦੀ ਫਸਲ ਨੂੰ ਕਦੇ ਚਿੱਟਾ ਮੱਛਰ ਕਦੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਨਰਮੇ ਦੀ ਫ਼ਸਲ ਤਬਾਹ ਹੋ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ ਪਿੰਡ ਭੁੱਚੋ ਖੁਰਦ ਦੇ ਹਰਦੀਪ ਸਿੰਘ ਸਪੁੱਤਰ ਸ਼ੇਰ ਸਿੰਘ ਗਿੱਲ ਨੇ ਤਿੰਨ ਏਕੜ ਨਰਮੇ ਦੀ ਫਸਲ ਬੀਜੀ ਸੀ। ਨਰਮੇ ਦੀ ਫਸਲ ਨੂੰ ਚਿੱਟੇ ਤੇਲੇ ਦੇ ਹਮਲੇ ਕਾਰਨ ਪੁੱਤਾਂ ਵਾਂਗ ਪਾਲੀ ਹੋਈ ਫਸਲ ਨੂੰ ਵਾਹੁਣ ਲਈ ਮਜਬੂਰ ਹੋਣਾ ਪਿਆ। ਇਸੇ ਤਰ੍ਹਾਂ ਹੀ ਪਿੰਡ ਦੇ ਕਿਸਾਨ ਫੌਜਾ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਠੇਕੇ ’ਤੇ ਜ਼ਮੀਨ ਲੈ ਕੇ 14 ਕਨਾਲ ਨਰਮੇ ਦੀ ਫਸਲ ਬੀਜੀ ਸੀ, ਪ੍ਰੰਤੂ ਰੇਹਾਂ ਸਪਰੇਹਾਂ ਕਰਕੇ ਹਾਰ ਗਿਆ ਪਰ ਚਿੱਟੇ ਮੱਛਰ ਤੇ ਗੁਲਾਬੀ ਸੁੰਡੀ ’ਤੇ ਕਾਬੂ ਨਾ ਪਿਆ ਤਾਂ ਨਰਮੇ ਦੀ ਫਸਲ ਨੂੰ ਮਜਬੂਰੀ ਵੱਸ ਵਾਹੁਣਾ ਪਿਆ।

Bhucho Mandi~01
ਭੁੱਚੋ ਮੰਡੀ : ਖ਼ਰਾਬ ਹੋਈ ਨਰਮੇ ਦੀ ਫਸਲ ਵਾਹ ਰਿਹਾ ਕਿਸਾਨ ਤਸਵੀਰ : ਸੱਚ ਕਹੂੰ ਨਿਊਜ਼

ਪਿੰਡ ਦੇ ਕਿਸਾਨਾਂ ਗੁਲਾਬ ਸਿੰਘ, ਦੁੱਲਾ ਸਿੰਘ, ਬਿੰਦਾ ਸਿੰਘ,ਜਗਜੀਤ ਸਿੰਘ ,ਮੁਖਤਿਆਰ ਸਿੰਘ, ਗੁਰਤੇਜ ਸਿੰਘ ,ਬਲਵਿੰਦਰ ਸਿੰਘ, ਦਰਸ਼ਨ ਸਿੰਘ, ਬੂਟਾ ਸਿੰਘ ,ਬੰਤਾ ਸਿੰਘ, ਗੁਰਮੇਲ ਸਿੰਘ, ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਨਰਮਾ ਵੀ ਚਿੱਟੇ ਮੱਛਰ ਅਤੇ ਗੁਲਾਬੀ ਸੁੰਡੀ ਦੀ ਮਾਰ ਹੇਠ ਆਇਆ ਹੋਇਆ ਹੈ ਪਰ ਉਨ੍ਹਾਂ ਤੋਂ ਵੀ ਬਿਮਾਰੀ ’ਤੇ ਕਾਬੂ ਨਹੀਂ ਪੈ ਰਿਹਾ ਹੈ।ਜੇਕਰ ਕੁਝ ਕੁ ਦਿਨਾਂ ਤੱਕ ਸੁੰਡੀ ’ਤੇ ਕਾਬੂ ਨਾ ਪਿਆ ਤਾਂ ਉਨ੍ਹਾਂ ਨੂੰ ਵੀ ਮਜਬੂਰੀ ਵੱਸ ਨਰਮਾ ਵਾਹੁਣਾ ਪਵੇਗਾ।ਇਸ ਮੌਕੇ ਉਨ੍ਹਾਂ ਖੇਤੀਬਾੜੀ ਅਧਿਕਾਰੀਆਂ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਠੰਢੇ ਕਮਰਿਆਂ ’ਚ ਬਹਿ ਕੇ ਕਿਸਾਨਾਂ ਨੂੰ ਚਿੱਟੇ ਮੱਛਰ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਜ਼ਮੀਨੀ ਪੱਧਰ ’ਤੇ ਇਸ ਦੇ ਉਲਟ ਹੈ ਕਿ ਕਿਸਾਨ ਆਏ ਦਿਨ ਆਪਣੀ ਨਰਮੇ ਦੀ ਫਸਲ ਵਾਹੁਣ ਲਈ ਮਜਬੂਰ ਹੋ ਰਹੇ ਹਨ। ਇਸ ਮੌਕੇ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਤੀ ਏਕੜ ਚਾਲੀ ਹਜਾਰ ਰੁਪਏ ਮੁਆਵਜਾ ਦਿੱਤਾ ਜਾਵੇ।

ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਕਿਸਾਨਾਂ ਨੂੰ ਢੁੱਕਵਾਂ ਮੁਆਵਜਾ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਬੰਤ ਸਿੰਘ, ਸੁਖਮੰਦਰ ਸਿੰਘ ਸਰਾਭਾ, ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਭੁੱਚੋ ਖੁਰਦ ਕਮੇਟੀ ਦੇ ਸਕੱਤਰ ਹਰਪ੍ਰੀਤ ਕੌਰ,ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਨਛੱਤਰ ਸਿੰਘ, ਜੱਗਾ ਸਿੰਘ , ਚੰਦ ਸਿੰਘ, ਜਗਤਾਰ ਸਿੰਘ, ਵਿੱਕੀ ਸਿੰਘ, ਸੋਹਨ ਲਾਲ , ਗੱਗੀ , ਚਰਨਾ ਸਿੰਘ ਅਤੇ ਹੋਰ ਕਿਸਾਨ ਵੀ ਮੌਕੇ ਤੇ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here