ਆਤਮ-ਹੱਤਿਆਵਾਂ ਰੋਕਣ ਲਈ ਸਰਕਾਰ ਨੂੰ ਲੋੜੀਂਦੇ ਯਤਨ ਕਰਨ ਦੀ ਲੋੜ

0

ਆਤਮ-ਹੱਤਿਆਵਾਂ ਰੋਕਣ ਲਈ ਸਰਕਾਰ ਨੂੰ ਲੋੜੀਂਦੇ ਯਤਨ ਕਰਨ ਦੀ ਲੋੜ

ਆਤਮ-ਹੱਤਿਆ ਦੀਆਂ ਵਧਦੀਆਂ ਘਟਨਾਵਾਂ ‘ਤੇ ਕਾਬੂ ਪਾਉਣ ਲਈ ਸੰਸਾਰ ਆਤਮ-ਹੱਤਿਆ ਵਿਰੋਧੀ ਦਿਨ ਹਰ ਸਾਲ 10 ਸਤੰਬਰ ਨੂੰ ਮਨਾਇਆ ਜਾਂਦਾ ਹੈ ਪਰ ਅਜਿਹੇ ਦਿਹਾੜੇ ਵੀ ਦੇਸ਼ ਵਿੱਚ ਆਤਮ-ਹੱਤਿਆ ਵਰਗੀ ਬੁਰਾਈ ਨੂੰ ਖਤਮ ਕਰਨ ਵਿੱਚ ਅਜੇ ਤੱਕ ਸਹਾਈ ਸਿੱਧ ਨਹੀਂ ਹੋਏ ਹਨ ਜਿਸਦਾ ਸਿੱਧਾ ਕਾਰਨ ਇਹੀ ਹੈ ਕਿ ਅਜਿਹੇ ਦਿਨ ਸਿਰਫ਼ ਕਾਗਜ਼ਾਂ ਤੱਕ ਸੀਮਤ ਹੋ ਕੇ ਰਹਿ ਗਏ ਹਨ ਅਤੇ ਖਾਨਾਪੂਰਤੀ ਦੇ ਨਾਂਅ ‘ਤੇ ਹੀ ਥੋੜ੍ਹੇ-ਬਹੁਤ ਪ੍ਰੋਗਰਾਮ ਕਰਕੇ ਪੱਲਾ ਝਾੜਿਆ ਜਾ ਰਿਹਾ ਹੈ

ਅਜੋਕੇ ਸਮੇਂ ਦੌਰਾਨ ਰੋਜ਼ਾਨਾ ਹੀ ਅਖਬਾਰਾਂ ਵਿੱਚ ਅਨੇਕਾਂ ਖ਼ਬਰਾਂ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਆਤਮ-ਹੱਤਿਆ ਕੀਤੇ ਜਾਣ ਦੀਆਂ ਆ ਰਹੀਆਂ ਹਨ ਜੋ ਦੇਸ਼ ਲਈ ਵੱਡੀ ਚਿੰਤਾ ਦੀ ਗੱਲ ਹੈ। ਬਦਲਦੀ ਜੀਵਨਸ਼ੈਲੀ ਕਾਰਨ ਅੱਜ ਨੌਜਵਾਨ ਵਰਗ ਵਿੱਚ ਸਹਿਣ ਸ਼ਕਤੀ ਦੀ ਵੱਡੀ ਕਮੀ ਵੇਖੀ ਜਾ ਰਹੀ ਹੈ। ਮਾਨਸਿਕ ਪਰੇਸ਼ਾਨੀ ਦੇ ਕੁਝ ਅਜਿਹੇ ਮਹੱਤਵਪੂਰਨ ਕਾਰਨ ਹਨ ਜਿਨ੍ਹਾਂ ਵਿੱਚ ਅਸਫਲਤਾ ਵਿਅਕਤੀ ਨੂੰ ਆਤਮ-ਹੱਤਿਆ ਕਰਨ ਲਈ ਮਜ਼ਬੂਰ ਕਰ ਦਿੰਦੀ ਹੈ। ਭਾਰਤ ਵਿੱਚ ਆਤਮ-ਹੱਤਿਆ ਦੇ ਪ੍ਰਮੁੱਖ ਕਾਰਨਾਂ ਵਿੱਚ ਪੜ੍ਹਾਈ, ਕਰੀਅਰ ਤੇ ਪਰਿਵਾਰਕ ਜਿੰਮੇਵਾਰੀਆਂ, ਬੇਰੁਜ਼ਗਾਰੀ, ਭਿਆਨਕ ਰੋਗ ਦਾ ਹੋਣਾ, ਪਰਿਵਾਰਕ ਕਲੇਸ਼, ਗਰੀਬੀ, ਪ੍ਰੀਖਿਆ ਵਿੱਚ ਅਸਫਲਤਾ, ਆਰਥਿਕ ਵਿਵਾਦ ਆਦਿ ਹਨ। ਅਜੋਕੇ ਸਮੇਂ ਘਟਦੇ ਰੁਜ਼ਗਾਰ ਦੇ ਵਸੀਲਿਆਂ ਕਾਰਨ ਦੇਸ਼ ਦੇ ਨੌਜਵਾਨ ਵਰਗ ਵਿੱਚ ਆਤਮ-ਹੱਤਿਆ ਦੀਆਂ ਘਟਨਾਵਾਂ ਜ਼ਿਆਦਾ ਸਾਹਮਣੇ ਆਉਣ ਲੱਗੀਆਂ ਹਨ।

ਭਾਵੇਂ ਆਤਮ-ਹੱਤਿਆ ਨੂੰ ਨੈਤਿਕ ਤੇ ਕਾਨੂੰਨੀ ਦੋਨਾਂ ਪੱਖਾਂ ਤੋਂ ਹੀ ਇੱਕ ਦੋਸ਼ ਮੰਨਿਆ ਗਿਆ ਹੈ ਪਰ ਮਾਨਸਿਕ ਪਰੇਸ਼ਾਨ ਹੋਇਆ ਵਿਅਕਤੀ ਇਨ੍ਹਾਂ ਸਾਰੇ ਦੋਸ਼ਾਂ ਨੂੰ ਭੁੱਲ ਜਾਂਦਾ ਹੈ। ਆਤਮ-ਹੱਤਿਆ ਸ਼ਬਦ ਜੀਵਨ ਤੋਂ ਡਰ ਕੇ ਭੱਜਣ ਦਾ ਡਰਾਉਣਾ ਸੱਚ ਹੈ ਜੋ ਦਿਲ ਨੂੰ ਡਰਾਉਂਦਾ ਹੈ, ਖੌਫ ਪੈਦਾ ਕਰਦਾ ਹੈ, ਦਰਦ ਦਿੰਦਾ ਹੈ। ਇਨ੍ਹਾਂ ਡਰਾਉਣੇ ਹਲਾਤਾਂ ਨੂੰ ਘੱਟ ਕਰਨ ਲਈ ਅਤੇ ਆਤਮ-ਹੱਤਿਆ ਦੀਆਂ ਵਧਦੀਆਂ ਘਟਨਾਵਾਂ ‘ਤੇ ਕਾਬੂ ਪਾਉਣ ਲਈ ਇਹ ਦਿਨ ਹਰ ਸਾਲ ਮਨਾਇਆ ਜਾਂਦਾ ਹੈ ਪਰ ਅਜਿਹੇ ਦਿਹਾੜੇ ਵੀ ਦੇਸ਼ ਵਿੱਚ ਆਤਮ-ਹੱਤਿਆ ਵਰਗੀ ਬੁਰਾਈ ਨੂੰ ਖਤਮ ਕਰਨ ਵਿੱਚ ਅਜੇ ਤੱਕ ਸਹਾਈ ਸਿੱਧ ਨਹੀਂ ਹੋਏ ਹਨ।

ਸੰਸਾਰ ‘ਚ ਹਰ 40 ਸੈਕਿੰਡ ਵਿੱਚ ਇੱਕ ਵਿਅਕਤੀ ਆਤਮ-ਹੱਤਿਆ ਕਰਦਾ ਹੈ। 15 ਤੋਂ 30 ਸਾਲ ਦੀ ਉਮਰ ਦੇ ਲੋਕਾਂ ਦੀ ਮੌਤ ਵਿੱਚ ਆਤਮ-ਹੱਤਿਆ ਮੌਤ ਦਾ ਦੂਜਾ ਪ੍ਰਮੁੱਖ ਕਾਰਨ ਹੈ। ਪਿਛਲੇ ਤਿੰਨ ਦਹਾਕਿਆਂ ਵਿੱਚ ਵਿਗਿਆਨ ਦੀ ਤਰੱਕੀ ਦੇ ਨਾਲ ਜਿੱਥੇ ਬਿਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਕਮੀ ਆਈ ਹੈ ਉੱਥੇ ਹੀ ਆਤਮ-ਹੱਤਿਆ ਦੀ ਗਿਣਤੀ ਪਹਿਲਾਂ ਨਾਲੋਂ ਜਿਆਦਾ ਹੋ ਗਈ ਹੈ। ਚਿੰਤਾ ਦੀ ਗੱਲ ਇਹ ਵੀ ਹੈ ਕਿ ਅਜੋਕੇ ਸਹੂਲਤ ਭੋਗੀ ਜੀਵਨ ਨੇ ਤਣਾਅ, ਲੜਾਈ-ਝਗੜੇ ਨੂੰ ਵਧਾਇਆ ਹੈ। ਆਪਣੇ ਸੁਪਨਿਆਂ ਨੂੰ ਪੂਰਾ ਨਾ ਕਰ ਸਕਣ ਵਾਲੇ ਵਿਅਕਤੀ ਵੀ ਬਹੁਤੀ ਵਾਰ ਅਜਿਹੇ ਕਦਮ ਉਠਾ ਲੈਂਦੇ ਹਨ।

ਇਹ ਸਿਰਫ਼ ਭਾਰਤ ਦੀ ਸਮੱਸਿਆ ਨਹੀਂ ਹੈ। ਵਿਦੇਸ਼ਾਂ ‘ਚ ਵੀ ਇਸਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਸੰਯੁਕਤ ਰਾਸ਼ਟਰ ਅਮਰੀਕਾ ਵਿੱਚ 2014 ‘ਚ ਕੁੱਲ 42773 ਆਤਮ-ਹੱਤਿਆਵਾਂ ਹੋਈਆਂ। ਭਾਰਤ ਵਿੱਚ ਮਾਨਸਿਕ ਪਰੇਸ਼ਾਨੀ ਦੇ ਮਾਮਲੇ ਤੇਜੀ ਨਾਲ ਵਧ ਰਹੇ ਹਨ। ਸੰਸਾਰ ਸਿਹਤ ਸੰਗਠਨ ਦੀ ਇੱਕ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਚੀਨ ਅਤੇ ਭਾਰਤ ਮਾਨਸਿਕ ਪਰੇਸ਼ਾਨੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚ ਸ਼ਾਮਿਲ ਹਨ। ਦੁਨੀਆ ਭਰ ‘ਚ ਮਾਨਸਿਕ ਪਰੇਸ਼ਾਨੀ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਕਰੀਬ 32 ਕਰੋੜ ਹੈ।

ਜਿਸ ਵਿੱਚੋਂ 50 ਫੀਸਦੀ ਲੋਕ ਸਿਰਫ ਚੀਨ ਤੇ ਭਾਰਤ ਵਿੱਚ ਹਨ। ਸੰਸਾਰ ਸਿਹਤ ਸੰਗਠਨ ਦੀ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਦੁਨੀਆ ਭਰ ਵਿੱਚ ਮਾਨਸਿਕ ਪਰੇਸ਼ਾਨੀ ਦੇ ਸ਼ਿਕਾਰ ਲੋਕਾਂ ਦੀ ਅਨੁਮਾਨਿਤ ਗਿਣਤੀ ਵਿੱਚ 2005 ਤੋਂ 2015 ਦੇ ਵਿਚਕਾਰ 18.4 ਫੀਸਦੀ ਦਾ ਵਾਧਾ ਹੋਇਆ ਹੈ। ਭਾਰਤ ਵਰਗੇ ਹਰ ਵਿਕਾਸਸ਼ੀਲ ਦੇਸ਼ ਵਿੱਚ ਆਤਮ-ਹੱਤਿਆ ਦਾ ਸਭ ਤੋਂ ਵੱਡਾ ਕਾਰਨ ਚਿੰਤਾ ਹੈ। 2015 ‘ਚ ਭਾਰਤ ਵਿੱਚ ਕਰੀਬ 3.8 ਕਰੋੜ ਲੋਕ ਚਿੰਤਾ ਵਰਗੀ ਸਮੱਸਿਆ ਤੋਂ ਪੀੜਤ ਸਨ ਤੇ ਇਸਦੇ ਵਧਣ ਦੀ ਦਰ 3 ਫੀਸਦੀ ਸੀ। ਪੁਰਸ਼ਾਂ ਦੇ ਮੁਕਾਬਲੇ ਔਰਤਾਂ ਵਿੱਚ ਮਾਨਸਿਕ ਪਰੇਸ਼ਾਨੀ ਅਤੇ ਚਿੰਤਾ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ।

ਕੌਮੀ ਅਪਰਾਧ ਰਿਕਾਰਡ ਬਿਊਰੋ (ਐਨਸੀਆਰਬੀ) ਦੇ ਅੰਕੜੇ ਦੱਸਦੇ ਹਨ ਕਿ ਦੇਸ਼ ਵਿੱਚ ਦਿਮਾਗੀ ਰੂਪ ਨਾਲ ਪਰੇਸ਼ਾਨ ਲੋਕ ਵੱਡੀ ਗਿਣਤੀ ਵਿੱਚ ਜਾਨ ਦੇ ਰਹੇ ਹਨ। ਇਨ੍ਹਾਂ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਸ਼ਾਮਿਲ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2016 ਵਿੱਚ ਲਗਭਗ 17.1 ਫ਼ੀਸਦੀ ਲੋਕਾਂ ਨੇ ਬਿਮਾਰੀ ਦੀ ਵਜ੍ਹਾ ਨਾਲ ਆਤਮ-ਹੱਤਿਆ ਕੀਤੀ ਜਦੋਂ ਕਿ ਪਰਿਵਾਰਕ ਕਾਰਨਾਂ ਨਾਲ ਆਤਮ-ਹੱਤਿਆ ਕਰਨ ਵਾਲੇ ਲੋਕਾਂ ਦੀ ਗਿਣਤੀ 29.2 ਫੀਸਦੀ ਰਹੀ। ਐਨਸੀਆਰਬੀ ਮੁਤਾਬਿਕ 2016 ‘ਚ 131008 ਲੋਕਾਂ ਨੇ ਆਤਮ-ਹੱਤਿਆ ਕੀਤੀ।

ਇਨ੍ਹਾਂ ਵਿੱਚ 38267 ਲੋਕਾਂ ਨੇ ਪਰਿਵਾਰਕ ਕਾਰਨਾਂ ਅਤੇ 22411 ਲੋਕਾਂ ਨੇ ਰੋਗ ਦੀ ਵਜ੍ਹਾ ਨਾਲ ਆਤਮ-ਹੱਤਿਆ ਕੀਤੀ। ਇਸ ਤੋਂ ਪਹਿਲਾਂ ਸਾਲ 2015 ਵਿੱਚ 21178 ਲੋਕਾਂ ਨੇ ਦੇਸ਼ ਵਿੱਚ ਰੋਗ ਤੋਂ ਪਰੇਸ਼ਾਨ ਹੋ ਕੇ ਆਤਮ-ਹੱਤਿਆ ਕੀਤੀ ਸੀ। ਸਮਾਜ ਦਾ ਦੁਖਦ ਪਹਿਲੂ ਇਹ ਹੈ ਕਿ 18 ਸਾਲ ਤੋਂ ਵੀ ਘੱਟ ਉਮਰ ਦੇ ਬੱਚੇ ਵੀ ਮਾਨਸਿਕ ਪਰੇਸ਼ਾਨੀ ਕਾਰਨ ਆਤਮ-ਹੱਤਿਆ ਕਰ ਰਹੇ ਹਨ। 2016 ਵਿੱਚ 18 ਸਾਲ ਤੋਂ ਘੱਟ ਉਮਰ ਦੇ 411 ਬੱਚਿਆਂ ਵਲੋਂ ਆਤਮ-ਹੱਤਿਆ ਕੀਤੀ ਹੈ।

ਇੱਕ ਰਿਪੋਰਟ ਅਨੁਸਾਰ ਭਾਰਤ ‘ਚ ਲਗਭਗ 15 ਕਰੋੜ ਲੋਕ ਮਾਨਸਿਕ ਰੋਗੀ ਹਨ ਜਿਨ੍ਹਾਂ ਨੂੰ ਦਵਾਈਆਂ ਦੀ ਜ਼ਰੂਰਤ ਹੈ ਪਰ ਦੇਸ਼ ਵਿੱਚ ਇਸ ਬਿਮਾਰੀ ਨਾਲ ਸਬੰਧਿਤ ਡਾਕਟਰਾਂ ਦੀ ਵੱਡੀ ਕਮੀ ਕਾਰਨ ਸਿਰਫ 3 ਕਰੋੜ ਲੋਕਾਂ ਨੂੰ ਹੀ ਮੈਡੀਕਲ ਸਹੂਲਤ ਮਿਲ ਰਹੀ ਹੈ। ਭਾਰਤ ਅੰਦਰ ਜਿਸ ਤੇਜੀ ਨਾਲ ਹਰ ਇਨਸਾਨ ਦੇ ਜੀਵਨ ਵਿੱਚ ਤਣਾਅ ਵਧ ਰਿਹਾ ਹੈ

ਲਾਕਡਾਊਨ ਦੇ ਬਾਅਦ ਲੋਕਾਂ ‘ਤੇ ਆਰਥਿਕ ਮੰਦੀ ਨੇ ਤਣਾਅ ਬਣਕੇ ਹਮਲਾ ਕੀਤਾ ਹੈ। ਹੁਣ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੇ ਨਾਲ-ਨਾਲ ਆਪਣੀ ਰੋਜੀ-ਰੋਟੀ ਦੇ ਜੁਗਾੜ ਲਈ ਵੀ ਲੜਨਾ ਪੈ ਰਿਹਾ ਹੈ। ਜ਼ਿਆਦਾਤਰ ਲੋਕ ਕੰਮ-ਧੰਦੇ ਪ੍ਰਭਾਵਿਤ ਹੋਣ ਕਾਰਨ ਵੀ ਮਾਨਸਿਕ ਤੌਰ ‘ਤੇ ਪਰੇਸ਼ਾਨੀ ਝੱਲ ਰਹੇ ਹਨ। ਕੋਰੋਨਾ ਵਾਇਰਸ ਦੇ ਆਉਣ ਤੋਂ ਬਾਅਦ ਦੇਸ਼ ‘ਚ ਮਾਨਸਿਕ ਰੋਗਾਂ ਨਾਲ ਪੀੜਤ ਮਰੀਜਾਂ ਦੀ ਗਿਣਤੀ ਵਿੱਚ 15 ਤੋਂ 20 ਫੀਸਦੀ ਵਾਧਾ ਹੋਇਆ ਹੈ।

ਤਕਨੀਕੀ ਵਿਕਾਸ ਨੇ ਮਨੁੱਖ ਨੂੰ ਸਹੂਲਤਾਂ ਤਾਂ ਦਿੱਤੀਆਂ ਪਰ ਉਸ ਤੋਂ ਉਸ ਦੀਆਂ ਮਾਨਵੀ ਕਦਰਾਂ-ਕੀਮਤਾਂ ਅਤੇ ਸੰਤੁਲਨ ਖੋਹ ਲਿਆ ਹੈ ਪਰ ਆਤਮ-ਹੱਤਿਆ ਕਰਨਾ ਕਿਸੇ ਵੀ ਮਸਲੇ ਦਾ ਹੱਲ ਨਹੀਂ। ਜੀਵਨ ਇੱਕ ਸੰਘਰਸ਼ ਹੈ ਤੇ ਇਸ ਸੰਘਰਸ਼ ਵਿੱਚੋਂ ਨਿੱਕਲ ਕੇ ਆਪਣਾ ਸਫ਼ਲ ਜੀਵਨ ਜਿਉਣਾ ਹੀ ਅਸਲ ਜ਼ਿੰਦਗੀ ਹੈ। ਹਰ ਮਸਲੇ ਦਾ ਕੋਈ ਨਾ ਕੋਈ ਹੱਲ ਜ਼ਰੂਰ ਨਿੱਕਲਦਾ ਹੈ। ਲੋੜ ਹੈ ਤਾਂ ਸਿਰਫ਼ ਇਸ ਗੱਲ ਦੀ ਕਿ ਧੀਰਜ ਰੱਖਿਆ ਜਾਵੇ ਤੇ ਬੁਰੇ ਵਕਤ ਨੂੰ ਆਪਣਾ ਦੁਸ਼ਮਣ ਮੰਨ ਕੇ ਉਸ ਨਾਲ ਹਿੰਮਤ ਤੇ ਦਲੇਰੀ ਨਾਲ ਲੜਿਆ ਜਾਵੇ।

ਆਪਣੀਆਂ ਇੱਛਾਵਾਂ ਨੂੰ ਸੀਮਤ ਕਰਕੇ ਤੇ ਆਪਣੇ ਅੰਦਰ ਪੈਦਾ ਹੋਈਆਂ ਮਾਨਸਿਕ ਪਰੇਸ਼ਾਨੀਆਂ ਦੇ ਕਾਰਨਾਂ ਨੂੰ ਆਪਣੇ ਦੋਸਤਾਂ-ਮਿੱਤਰਾਂ, ਸਕੇ-ਸਬੰਧੀਆਂ ਜਾਂ ਪਰਿਵਾਰਕ ਮੈਂਬਰਾਂ ਨਾਲ ਸਾਂਝਾ ਕਰਕੇ ਘੱਟ ਕੀਤਾ ਜਾ ਸਕਦਾ ਹੈ। ਸਰਕਾਰ ਨੂੰ ਵੀ ਚਾਹੀਦੈ ਕਿ ਦੇਸ਼ ਵਿੱਚ ਡਾਕਟਰੀ ਸਹੂਲਤਾਂ ਨੂੰ ਪ੍ਰਮੁੱਖਤਾ ਦਿੱਤੀ ਜਾਵੇ।  ਆਤਮ-ਹੱਤਿਆ ਦੇ ਕਾਰਨਾਂ ਦੀ ਪੂਰੀ ਘੋਖ ਕਰਕੇ ਇਸਨੂੰ ਰੋਕਣ ਲਈ ਵੀ ਸਰਕਾਰ ਨੂੰ ਲੋੜੀਂਦੇ ਯਤਨ ਕਰਨੇ ਚਾਹੀਦੇ ਹਨ।
ਏਲਨਾਬਾਦ, ਸਰਸਾ (ਹਰਿਆਣਾ)
ਮੋ. 94670-95953
ਜਗਤਾਰ ਸਮਾਲਸਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.