ਦੇਸ਼ ਦੇ ਮਹਾਨ ਆਗੂ, ਮਾਸਟਰ ਤਾਰਾ ਸਿੰਘ ਜੀ

ਦੇਸ਼ ਦੇ ਮਹਾਨ ਆਗੂ, ਮਾਸਟਰ ਤਾਰਾ ਸਿੰਘ ਜੀ

ਦੁਨੀਆਂ ਵਿਚ ਬਹੁਤ ਸਾਰੇ ਅਜਿਹੇ ਲੋਕ ਜਨਮ ਲੈਂਦੇ ਰਹਿੰਦੇ ਹਨ ਜਿਨ੍ਹਾਂ ਦਾ ਜੀਵਨ ਉਨ੍ਹਾਂ ਦੇ ਆਪਣੇ-ਆਪ ਤੱਕ ਜਾਂ ਉਨ੍ਹਾਂ ਦੇ ਪਰਿਵਾਰ ਤੱਕ ਹੀ ਸੀਮਤ ਹੋ ਕੇ ਰਹਿ ਜਾਂਦਾ ਹੈ ਭਾਵ ਉਹ ਜੋ ਕੁੱਝ ਵੀ ਕਰਦੇ ਹਨ ਉਸ ਦਾ ਸੁਖਦਾਈ ਜਾਂ ਦੁੱਖਦਾਈ ਪ੍ਰਭਾਵ ਉਨ੍ਹਾਂ ਦੇ ਅਤਿ ਨੇੜਲੇ ਘੇਰੇ ਵਿਚ ਹੀ ਸਿਮਟ ਕੇ ਰਹਿ ਜਾਂਦਾ ਹੈ। ਦੂਸਰੇ ਪਾਸੇ ਸੰਸਾਰ ਵਿਚ ਕੁੱਝ ਅਜਿਹੇ ਲੋਕਾਂ ਦੀ ਆਮਦ ਵੀ ਸਮੇਂ-ਸਮੇਂ ਹੁੰਦੀ ਰਹਿੰਦੀ ਹੈ ਜੋ ਨਾ ਸਿਰਫ ਆਪਣੇ-ਆਪ ਲਈ ਹੀ ਜਿਉਂਦੇ ਹਨ ਸਗੋਂ ਆਪਣੇ ਦੇਸ਼ ਅਤੇ ਸਮਾਜ ਦੇ ਪ੍ਰਤੀ ਵੀ ਕੁਰਬਾਨੀ ਦਾ ਜਜ਼ਬਾ ਰੱਖਦੇ ਹਨ। ਇਸ ਜਜ਼ਬੇ ਕਾਰਨ ਉਹ ਲੋਕਾਈ ਦੇ ਸਦੀਵੀ ਸਤਿਕਾਰ ਦੇ ਪਾਤਰ ਬਣ ਜਾਂਦੇ ਹਨ ਜੋ ਯੁਗਾਂ-ਯੁਗਾਂਤਰਾਂ ਤੱਕ ਜਿਉਂ ਦਾ ਤਿਉਂ ਹੀ ਬਣਿਆ ਰਹਿੰਦਾ ਹੈ।

ਇਹ ਸਤਿਕਾਰ ਉਨ੍ਹਾਂ ਦੇ ਇੱਥੋਂ ਸਰੀਰਕ ਰੂਪ ਵਿਚ ਚਲੇ ਜਾਣ ਤੋਂ ਬਾਅਦ ਵੀ ਉਨ੍ਹਾਂ (ਕੀਤੇ ਕਾਰਜਾਂ ਕਰਕੇ) ਨੂੰ ਲੋਕ-ਚੇਤਿਆਂ ਵਿਚ ਵਸਾਈ ਰੱਖਦਾ ਹੈ। ਇਸ ਵਸੇਬੇ ਕਰਕੇ ਹੀ ਉਨ੍ਹਾਂ ਦੀ ਵਿਚਾਰਧਾਰਾ ’ਤੇ ਪਹਿਰਾ ਦੇਣ ਵਾਲੇ ਲੋਕ ਉਨ੍ਹਾਂ ਪ੍ਰਤੀ ਹਰ ਸਾਲ (ਜਨਮ ਦਿਨ/ਬਰਸੀ ਮਨਾ ਕੇ) ਆਪਣਾ ਸਤਿਕਾਰ ਪ੍ਰਗਟ ਕਰਦੇ ਰਹਿੰਦੇ ਹਨ। ਇਹ¿; ਭਾਵਨਾ ਪੰਥ ਰਤਨ ਮਾਸਟਰ ਤਾਰਾ ਸਿੰਘ ਦੇ ਪ੍ਰਤੀ ਵੀ ਹਰ ਸਾਲ ਹੀ ਪ੍ਰਗਟਾਈ ਜਾਂਦੀ ਹੈ।

ਸਰਬਾਂਗੀ ਵਿਅਕਤੀਤਵ ਦੇ ਮਾਲਕ ਮਾਸਟਰ ਤਾਰਾ ਸਿੰਘ ਦਾ ਜਨਮ 24 ਜੂਨ 1885 ਈਸਵੀ ਨੂੰ ਅਣਵੰਡੇ ਪੰਜਾਬ ਦੇ ਜ਼ਿਲ੍ਹਾ ਰਾਵਲਪਿੰਡੀ ਵਿਚ ਸਥਿਤ ਪਿੰਡ ਹਰਿਆਲ ਦੇ ਵਸਨੀਕ ਸ੍ਰੀ ਗੋਪੀ ਚੰਦ ਮਲਹੋਤਰਾ ਦੇ ਗ੍ਰਹਿ ਵਿਖੇ ਹੋਇਆ। ਉਨ੍ਹਾਂ ਦਾ ਮੁੱਢਲਾ ਨਾਂਅ ਨਾਨਕ ਚੰਦ ਸੀ ਪਰ ਸਿੱਖ ਧਰਮ ਵਿਚ ਅਥਾਹ ਸ਼ਰਧਾ ਅਤੇ ਵਿਸ਼ਵਾਸ ਹੋਣ ਕਾਰਨ ਉਨ੍ਹਾਂ ਦਾ ਨਾਮਕਰਨ ਤਾਰਾ ਸਿੰਘ ਹੋ ਗਿਆ। ਮਾਸਟਰ ਤਾਰਾ ਸਿੰਘ ਨੇ 1907 ਈ. ਵਿਚ ਬੀ.ਏ. ਪਾਸ ਕਰ ਲਈ ਅਤੇ ਉਚੇਰੀ ਪੜ੍ਹਾਈ (ਐਮ. ਏ.) ਕਰਨ ਲਈ ਸੈਂਟਰਲ ਟਰੇਨਿੰਗ ਕਾਲਜ ਲਾਹੌਰ ਵਿਚ ਦਾਖਲ ਹੋ ਗਏ।

ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਲਾਇਲਪੁਰ ਜ਼ਿਲੇ੍ਹ ਦੇ ਇੱਕ ਖਾਲਸਾ ਹਾਈ ਸਕੂਲ ਵਿਖੇ ਮੁੱਖ ਅਧਿਆਪਕ ਨਿਯੁਕਤ ਹੋ ਗਏ। ਸੇਵਾ ਅਤੇ ਪਰਉਪਕਾਰ ਦੀ ਭਾਵਨਾ ਹੋਣ ਕਰਕੇ ਉਹ ਕੇਵਲ ਪੰਦਰਾਂ ਰੁਪਏ ਮਹੀਨਾ ਵੇਤਨ ’ਤੇ¿; ਹੀ ਕੰਮ ਕਰਦੇ ਰਹੇ। ਘੱਟ ਵੇਤਨ ਲੈਣ ਬਾਵਜ਼ੂਦ ਵੀ ਉਹ ਪੂਰੀ ਲਗਨ ਅਤੇ ਮਿਹਨਤ ਨਾਲ ਕੰਮ ਕਰਦੇ ਸਨ। ਉਨ੍ਹਾਂ ਦੀ ਇਸ ਵਿਸ਼ੇਸ਼ ਲਗਨ ਅਤੇ ਮਿਹਨਤ ਸਦਕਾ ਖਾਲਸਾ ਹਾਈ ਸਕੂਲ ਬਿਹਤਰੀਨ ਸਕੂਲਾਂ ਦੀ ਕਤਾਰ ਵਿਚ ਸ਼ਾਮਲ ਹੋ ਗਿਆ। ਸਕੂਲ ਦੀ ਪ੍ਰਸਿੱਧੀ ਦੇ ਨਾਲ-ਨਾਲ ਮਾਸਟਰ ਤਾਰਾ ਸਿੰਘ ਜੀ ਵੀ ਹਰਮਨਪਿਆਰੇ (ਵਿਸ਼ੇਸ਼ ਕਰਕੇ ਲਾਇਲਪੁਰ ਦੇ ਇਲਾਕੇ ਵਿਚ) ਹੋਣ ਲੱਗ ਪਏ। ਕੁਝ ਕਾਰਨਾਂ ਕਰਕੇ ਮਾਸਟਰ ਜੀ ਨੂੰ ਇਸ ਸਕੂਲ ਦੀ ਮੁੱਖ-ਅਧਿਆਪਕੀ ਤੋਂ ਤਿਆਗ-ਪੱਤਰ ਦੇਣਾ ਪੈ ਗਿਆ।

ਇਸ ਤੋਂ ਬਾਅਦ ਉਹ ਆਪਣੇ ਘਰੇਲੂ ਜ਼ਿਲੇ੍ਹ ਰਾਵਲਪਿੰਡੀ ਦੇ ਕੱਲਰ ਖਾਲਸਾ ਹਾਈ ਸਕੂਲ ਦੇ ਮੁੱਖ ਅਧਿਆਪਕ ਬਣ ਗਏ। ਮਾਸਟਰ ਤਾਰਾ ਸਿੰਘ ਜੀ ਦੀ ਯੋਗ ਅਗਵਾਈ ਹੇਠ ਕੱਲਰ ਸਕੂਲ ਨੇ ਪੰਥ ਨੂੰ ਅਜਿਹੇ ਹੀਰੇ (ਨੇਤਾ) ਦਿੱਤੇ ਜਿਨ੍ਹਾਂ ਨੇ ਦੇਸ਼/ਪੰਥ ਦੀ ਖਾਤਰ ਸੇਵਾ ਦੇ ਨਾਲ-ਨਾਲ ਜੀਵਨ ਵੀ ਲੇਖੇ ਲਾ ਦਿੱਤਾ। ਉਸ ਵਕਤ ਮਾਸਟਰ ਜੀ ਦੇ ਨਾਲ ਲਾਲ ਸਿੰਘ ਕਮਲਾ ਅਕਾਲੀ, ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ, ਗਿਆਨੀ ਹੀਰਾ ਸਿੰਘ ਦਰਦ ਅਤੇ ਮਾਸਟਰ ਸੁਜਾਨ ਸਿੰਘ ਜੀ ਸਰਹਾਲੀ ਵੀ ਕੰਮ ਕਰਦੇ ਸਨ। ਕੁੱਝ ਸਮੇਂ ਬਾਅਦ ਉਨ੍ਹਾਂ ਨੇ ਇਹ ਸਕੂਲ ਵੀ ਛੱਡ ਦਿੱਤਾ ਅਤੇ ਮੁੜ ਲਾਇਲਪੁਰ ਚਲੇ ਗਏ। ਇੱਥੇ ਉਨ੍ਹਾਂ ਨੇ ਆੜ੍ਹਤ ਦੀ ਦੁਕਾਨ ਖੋਲ੍ਹ ਲਈ ਜੋ ਉਨ੍ਹਾਂ ਦੇ ਸੁਭਾਅ ਨਾਲ ਮੇਲ ਨਾ ਖਾਂਦੀ ਕਰਕੇ ਛੱਡਣੀ ਪੈ ਗਈ।

ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਹੋ ਜਾਣ ਕਰਕੇ ਮਾਸਟਰ ਤਾਰਾ ਸਿੰਘ ਜੀ ਅੰਮਿ੍ਰਤਸਰ ਆ ਗਏ ਅਤੇ ਉਸ ਵਕਤ ਦੀ ਚਰਚਿਤ ਅਫ਼ਬਾਰ ‘ਅਕਾਲੀ’ ਦੇ ਸੰਪਾਦਕ ਬਣ ਗਏ। ਇਸ ਖੂਨੀ ਸਾਕੇ ਕਾਰਨ ਸਿੱਖ ਭਾਈਚਾਰੇ ਵਿਚ ਗੁੱਸੇ ਦੀ ਅੱਗ ਭੜਕ ਪਈ ਤੇ ਸਿੱਖ ਆਗੂਆਂ ਨੇ ਨਿਰਣਾ ਲਿਆ ਕਿ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ¿; ਕਰਵਾਉਣਾ ਚਾਹੀਦਾ ਹੈ।

ਜਦੋਂ ਬਾਬਾ ਖੜਕ ਸਿੰਘ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਤਾਂ ਮਾਸਟਰ ਤਾਰਾ ਸਿੰਘ ਜੀ ਨੂੰ ਇਸ ਕਮੇਟੀ ਦਾ ਸਕੱਤਰ ਬਣਾਇਆ ਗਿਆ। ਇਸ ਕਮੇਟੀ ਵਿਚ ਅੰਗਰੇਜ਼ ਸਰਕਾਰ ਦੇ ਨਾਲ ਨਾ ਮਿਲਵਰਤਣ ਦਾ ਮਤਾ ਪਾਸ ਕੀਤਾ ਗਿਆ ਜਿਸ ਦੇ ਪਾਸ ਹੋਣ ਨਾਲ ਅਕਾਲੀਆਂ ਅਤੇ ਅੰਗਰੇਜ਼ਾਂ ਦਾ ਸਿੱਧਾ ਮੁਕਾਬਲਾ ਹੋ ਗਿਆ। ਮਾਸਟਰ ਜੀ ਨੇ ਅੰਮਿ੍ਰਤਸਰ ਦਫ਼ਤਰ ਵਿਚ ਰਹਿ ਕੇ ਪੰਥ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਇੱਕ ਕਰਕੇ ਕੰਮ ਕਰਨਾ ਆਰੰਭ ਕਰ ਦਿੱਤਾ। ਪ੍ਰੋ: ਨਿਰੰਜਨ ਸਿੰਘ ਦੇ ਸਹਿਯੋਗ ਸਦਕਾ ਉਨ੍ਹਾਂ ਨੇ ਬਹੁਤ ਸਾਰੇ ਇਸ਼ਤਿਹਾਰ, ਪੈਂਫਲਟ ਤੇ ਟਰੈਕਟ ਲਿਖ ਕੇ ਦੂਰ-ਦੁਰਾਡੇ ਤੱਕ ਭੇਜੇ ਜਿਸ ਨਾਲ ਕੌਮ ਵਿਚ ਇੱਕ ਜਾਗ੍ਰਤੀ ਪੈਦਾ ਹੋ ਗਈ।

ਪੰਥ ਵਿਚ ਆਈ ਜਾਗ੍ਰਤੀ ਕਾਰਨ ਸਭ ਤੋਂ ਪਹਿਲਾਂ ਚਾਬੀਆਂ ਦਾ ਮੋਰਚਾ ਲਾਇਆ ਗਿਆ। ਇਸ ਮੋਰਚੇ ਵਿਚ ਬਾਬਾ ਖੜਕ ਸਿੰਘ ਅਤੇ ਮਾਸਟਰ ਤਾਰਾ ਸਿੰਘ ਜੀ ਨੇ ਅੱਗੇ ਹੋ ਕੇ ਗਿ੍ਰਫ਼ਤਾਰੀ ਦਿੱਤੀ। ਇਸ ਮੋਰਚੇ ਦੀ ਜਿੱਤ ਤੋਂ ਬਾਅਦ ‘ਗੁਰੂ ਕੇ ਬਾਗ’ ਅਤੇ ‘ਜੈਤੋ’ ਦਾ ਮੋਰਚਾ ਲੱਗ ਗਿਆ। ਇਨ੍ਹਾਂ ਮੋਰਚਿਆਂ ਵਿਚ ਸ਼ਾਮਲ ਜਥਿਆਂ ’ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਗਿਆ ਅਤੇ ਸ਼੍ਰੋਮਣੀ ਕਮੇਟੀ ਨੂੰ ਕਾਨੂੰਨ ਵਿਰੋਧੀ ਕਰਾਰ ਦਿੱਤਾ ਗਿਆ। ਕਮੇਟੀ ਦੇ ਅੰਤਿ੍ਰਮ ਮੈਂਬਰਾਂ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਉੱਪਰ ਮੁਕੱਦਮਾ ਚਲਾਇਆ ਗਿਆ।

ਇਨ੍ਹਾਂ ਗਿ੍ਰਫ਼ਤਾਰ ਮੈਂਬਰਾਂ ਵਿੱਚ ਮਾਸਟਰ ਤਾਰਾ ਸਿੰਘ ਵੀ ਸ਼ਾਮਲ ਸਨ। ਦੇਸ਼ਭਗਤੀ ਦੀ ਭਾਵਨਾ ਪ੍ਰਬਲ ਹੋਣ ਕਰਕੇ ਮਾਸਟਰ ਤਾਰਾ ਸਿੰਘ ਵਿਦੇਸ਼ੀ ਰਾਜ ਤੋਂ ਮੁਕਤੀ ਤਾਂ ਚਾਹੁੰਦੇ ਸਨ ਪਰ ਉਹ ਸਿੱਖ ਹਿੱਤਾਂ ਨੂੰ ਕੁਰਬਾਨ ਨਹੀਂ ਸੀ ਹੋਣ ਦੇਣਾ ਚਾਹੁੰਦੇ ਸਨ। ਉਹ ਅਕਸਰ ਕਿਹਾ ਕਰਦੇ ਸਨ ਕਿ ‘ਮੈਂ ਮਰਾਂ, ਪੰਥ ਜੀਵੇ’ ਅਤੇ ‘ਸਿੱਖੋ ਜੇ ਮੈਂ ਮਾੜਾ ਹਾਂ ਤਾਂ ਮੈਨੂੰ ਮਾਰ ਦਿਉ, ਪੰਥ ਨੂੰ ਨਾ ਮਾਰੋ’। ਆਪਣੇ ਇਨ੍ਹਾਂ ਬੋਲਾਂ ਨੂੰ ਜੀਵਤ¿; ਰੱਖਣ ਲਈ ਉਹ ਹਮੇਸ਼ਾਂ ਹੀ ਸਿੱਖ ਹਿੱਤਾਂ ਲਈ ਲੜਦੇ ਰਹੇ।

ਸਿੱਖੀ ਸਿਧਾਂਤਾਂ (ਵਿਸ਼ੇਸ਼ ਕਰਕੇ ਸਰਬੱਤ ਦਾ ਭਲਾ ਮੰਗਣ ਵਾਲੇ) ਦੀ ਪਹਿਰੇਦਾਰੀ ਕਰਦਿਆਂ ਮਾਸਟਰ ਤਾਰਾ ਸਿੰਘ ਨੇ ਬਹੁਤ ਸਾਰੀਆਂ ਕੈਦਾਂ ਕੱਟੀਆਂ। ਜਦੋਂ ਵੀ ਦੇਸ਼ ਵਿਚ ਕੋਈ ਲੋਕ ਭਲਾਈ ਦੀ ਲਹਿਰ ਆਰੰਭ ਹੁੰਦੀ ਤਾਂ ਮਾਸਟਰ ਜੀ ਹਮੇਸ਼ਾ ਹੀ ਮੂਹਰਲੀਆਂ ਸਫ਼ਾਂ ਵਿਚ ਹੁੰਦੇ। ਇੱਥੋਂ ਤੱਕ ਕਿ ਮਹਾਤਮਾ ਗਾਂਧੀ ਵੱਲੋਂ ਸਮੇਂ-ਸਮੇਂ ਸ਼ੁਰੂ ਕੀਤੀਆਂ ਕਈ ਲਹਿਰਾਂ ਨੂੰ ਵੀ ਉਨ੍ਹਾਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਜਾਂਦਾ ਰਿਹਾ ਹੈ। ਮਾਸਟਰ ਤਾਰਾ ਸਿੰਘ ਦਾ ਜੀਵਨ ਇੱਕ ਧਰੂ ਤਾਰੇ ਵਰਗਾ ਰਿਹਾ ਹੈ।

ਉਨ੍ਹਾਂ ਦਾ ਸ਼ੁਮਾਰ ਕੌਮ ਦੇ ਚੋਣਵੇਂ ਰਾਹ-ਦਸੇਰਿਆਂ ਵਿਚ ਕੀਤਾ ਜਾਂਦਾ ਹੈ। ਤੀਖਣ ਬੁੱਧੀ ਹੋਣ ਦੇ ਨਾਲ-ਨਾਲ ਉਹ ਨਿੱਡਰ ਵੀ ਸਨ। ਔਖਿਆਲਿਆਂ ਵਕਤਾਂ ਵਿਚ ਉਹ ਕਦੇ ਡੋਲਦੇ ਨਹੀਂ ਸਨ ਅਤੇ ਤੱਤਕਾਲ ਨਿਰਣਾ ਲੈ ਲਿਆ ਕਰਦੇ ਸਨ। ਕੋਈ ਵੀ ਪੰਥਕ ਪ੍ਰੋਗਰਾਮ ਅਜਿਹਾ ਨਹੀਂ ਕਿਹਾ ਜਾ ਸਕਦਾ ਜਿਸ ਵਿਚ ਮਾਸਟਰ ਤਾਰਾ ਸਿੰਘ ਦੀ ਅਹਿਮ ਭੂਮਿਕਾ ਨਾ ਰਹੀ ਹੋਵੇ। ਪੰਥ ਲਈ ਮਰ-ਮਿਟਣ ਦੀ ਭਾਵਨਾ ਰੱਖਣ ਵਾਲਾ ਇਹ ਅਨਮੋਲ ਰਤਨ ਆਪਣਾ ਜੀਵਨ ਸਫ਼ਰ ਸਮਾਪਤ ਕਰਕੇ 22 ਨਵੰਬਰ 1967 ਨੂੰ ਕੌਮ ਨੂੰ ਆਪਣੀ ਆਖਰੀ ਫ਼ਤਿਹ ਬੁਲਾ ਗਿਆ।

ਰਿਸ਼ੀ ਨਗਰ ਐਕਸਟੈਨਸ਼ਨ, ਲੁਧਿਆਣਾ
ਮੋ. 94631-32719

ਰਮੇਸ਼ ਬੱਗਾ ਚੋਹਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ