ਲੇਖ

ਸਿਹਤ ਤੰਤਰ ਦੀ ਨਾਕਾਮੀ ਹੈ ਨਿਪਾਹ ਵਾਇਰਸ ਦੀ ਦਸਤਕ

Health, Mechanism, Failure, NipahVirus

ਰਮੇਸ਼ ਠਾਕੁਰ

ਕੇਰਲ ਵਿੱਚ ਨਿਪਾਹ ਵਾਇਰਸ ਦਾ ਇੱਕ ਪਾਜ਼ੀਟਿਵ ਕੇਸ ਸਾਹਮਣੇ ਆਉਣ ਨਾਲ ਸਿਹਤ ਵਿਭਾਗ ਦੇ ਹੱਥ-ਪੈਰ ਫੁੱਲ ਗਏ ਹਨ, ਨਾਲ ਹੀ ਪਹਿਲਾਂ ਵਿੱਚ ਇਸ ਵਾਇਰਸ ਨੂੰ ਖ਼ਤਮ ਕਰਨ ਦੇ ਕੀਤੇ ਗਏ ਕਾਗਜ਼ੀ ਦਾਅਵੇ ਵੀ ਮਿੱਟੀ ਹੋ ਗਏ ਹਨ। ਦਰਅਸਲ ਗੱਲਾਂ ਕਰਨਾ ਅਤੇ ਜ਼ਮੀਨ ‘ਤੇ ਕੰਮ ਕਰਕੇ ਵਿਖਾਉਣ ਵਿੱਚ ਬਹੁਤ ਫ਼ਰਕ ਹੁੰਦਾ ਹੈ। ਸਮੁੱਚੇ ਹਿੰਦੁਸਤਾਨ ਵਿੱਚ ਹਰ ਇੱਕ ਸਾਲ ਬੇਨਾਮ ਬਿਮਾਰੀਆਂ ਦੀ ਚਪੇਟ ਵਿੱਚ ਆ ਕੇ ਅਣਗਿਣਤ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਇਨ੍ਹਾਂ ਘਟਨਾਵਾਂ ਨੂੰ ਵੇਖ ਕੇ ਮਾਲੂਮ ਹੁੰਦਾ ਹੈ ਕਿ ਸਾਡਾ ਸਿਹਤ ਸੁਰੱਖਿਆ ਤੰਤਰ ਅੱਜ ਵੀ ਐਮਰਜੈਂਸੀ ਸੰਕ੍ਰਮਿਤ ਰੋਗਾਂ ਅਤੇ ਖਤਰਨਾਕ ਜਾਨਲੇਵਾ ਵਾਇਰਸਾਂ ਨਾਲ ਲੜਨ ਦੇ ਕਾਬਿਲ ਨਹੀਂ ਹੈ। ਇਲਾਜ ਪ੍ਰਣਾਲੀ ਵਿੱਚ ਬਦਲਾਅ ਲਈ ਜੋ ਤਰੱਕੀ ਕਰਨੀ ਚਾਹੀਦੀ ਹੈ, ਉਹ ਹਾਲੇ ਤੱਕ ਨਹੀਂ ਕੀਤੀ ਗਈ ਹੈ। ਜਿੱਥੋਂ ਤੱਕ ਨਿਪਾਹ ਵਾਇਰਸ ਦੀ ਗੱਲ ਹੈ ਤਾਂ ਇਸ ਵਾਇਰਸ ਨੇ ਪਿਛਲੇ ਹੀ ਸਾਲ ਦਸਤਕ ਦੇ ਕੇ ਸਾਨੂੰ ਸੁਚੇਤ ਕਰ ਦਿੱਤਾ ਸੀ। ਪਰ ਸਾਡੇ ਹੈਲਥ ਸਿਸਟਮ ਨੇ ਹਲਕੇ ਵਿੱਚ ਲਿਆ, ਜਿਸਦਾ ਨਤੀਜਾ ਸਾਡੇ ਸਾਹਮਣੇ ਹੈ ਅਸੀਂ ਫਿਰ ਉਸਦੇ ਚੁੰਗਲ ਵਿੱਚ ਫਸਦੇ ਦਿਸ ਰਹੇ ਹਾਂ। ਨਿਪਾਹ ਵਾਇਰਸ ਦਾ ਦੁਬਾਰਾ ਆਉਣਾ ਸਿੱਧੇ ਤੌਰ ‘ਤੇ ਸਾਡੀ ਇਲਾਜ ਪ੍ਰਣਾਲੀ ਦੀ ਨਾਕਾਮੀ ਕਿਹਾ ਜਾਵੇਗਾ।

ਸਾਲ ਬਾਅਦ ਦੁਬਾਰਾ ਨਿਪਾਹ ਵਾਇਰਸ ਦੀ ਦਸਤਕ ਨੇ ਸਮੁੱਚੇ ਸਿਹਤ ਤੰਤਰ ਵਿੱਚ ਹੜਕੰਪ ਮਚਾ ਦਿੱਤਾ ਹੈ। ਕੇਰਲ ਅਤੇ ਹੋਰ ਰਾਜਾਂ ਵਿੱਚ ਪਿਛਲੇ ਸਾਲ ਇਸ ਵਾਇਰਸ ਨੇ ਜੋ ਤਾਂਡਵ ਮਚਾਇਆ ਸੀ ਉਸਦੇ ਜਖ਼ਮ ਹਾਲੇ ਭਰੇ ਵੀ ਨਹੀਂ ਸਨ, ਪਰ ਇੱਕ ਵਾਰ ਫਿਰ ਆਪਣੀ ਹਾਜ਼ਰੀ ਦਰਜ ਕਰਾ ਕੇ ਚਾਰੇ ਪਾਸੇ ਹਲਚਲ ਮਚਾ ਦਿੱਤੀ ਹੈ। ਕੇਰਲ ਵਿੱਚ ਨਿਪਾਹ ਵਾਇਰਸ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਿਵੇਂ ਹੀ ਪੁਸ਼ਟੀ ਹੋਈ ਰਾਜ ਸਰਕਾਰ ਅਤੇ ਕੇਂਦਰ ਸਰਕਾਰ ‘ਚ ਖਲਬਲੀ ਮਚੀ ਹੋਈ ਹੈ। ਦੋ ਦਿਨ ਪਹਿਲਾਂ ਰਾਜ ਸਰਕਾਰ ਨੇ ਉੱਥੋਂ ਦੇ ਇੱਕ ਵਿਦਿਆਰਥੀ ਦੇ ਸਰੀਰ ਵਿੱਚ ਵਾਇਰਸ ਸੰਕ੍ਰਮਿਤ ਹੋਣ ਦੀ ਪੁਸ਼ਟੀ ਕੀਤੀ ਹੈ। ਘਟਨਾ ਦੇ ਸਬੰਧ ਵਿੱਚ ਕੇਰਲ ਦੀ ਸਿਹਤ ਮੰਤਰੀ ਨੇ ਤੁਰੰਤ ਕੇਂਦਰੀ ਸਿਹਤ ਮੰਤਰੀ ਨੂੰ ਜਾਣੂ ਕਰਾਇਆ ਹੈ। ਉਸ ਤੋਂ ਬਾਅਦ ਕੇਂਦਰੀ ਸਿਹਤ ਵਿਭਾਗ ਹਰਕਤ ਵਿੱਚ ਆ ਕੇ ਹਾਲਾਤਾਂ ਨੂੰ ਸੰਭਾਲਣ ਵਿੱਚ ਮੁਸ਼ਤੈਦ ਹੋ ਗਿਆ ਹੈ। ਦਰਅਸਲ ਪਿਛਲੇ ਸਾਲ ਇਸ ਵਾਇਰਸ ਨੇ ਕਈਆਂ ਦੀ ਜਾਣ ਲੈ ਲਈ ਸੀ, ਇਸ ਲਈ ਪਹਿਲਾਂ ਦੀਆਂ ਘਟਨਾਵਾਂ ਨੂੰ ਵੇਖਦੇ ਹੋਏ ਸਿਹਤ ਮਹਿਕਮਾ ਸਮੱਸਿਆ ਨਾਲ ਨਜਿੱਠਣ ਲਈ ਆਪਣੇ ਵੱਲੋਂ ਕੋਈ ਕੋਰ-ਕਸਰ ਨਹੀਂ ਛੱਡਣਾ ਚਾਹੁੰਦਾ। ਨਿਪਾਹ ਨਾਲ ਨਜਿੱਠਣ ਲਈ ਫਿਲਹਾਲ ਕੇਰਲ ਦੇ ਐਨਾਰਕੁਲਮ ਮੈਡੀਕਲ ਕਾਲਜ ਵਿੱਚ ਵੱਖਰਾ ਵਾਰਡ ਬਣਾਇਆ ਗਿਆ ਹੈ। ਪੀੜਤ ਵਿਦਿਆਰਥੀ ਦੀ ਨਿਗਰਾਨੀ ਲਈ ਇੱਕ ਵੱਡੀ ਮੈਡੀਕਲ ਟੀਮ ਲਾਈ ਗਈ ਹੈ ।

ਸਵਾਲ ਉੱਠਦਾ ਹੈ ਕਿ ਸਾਡਾ ਸਿਹਤ ਤੰਤਰ ਬਿਨਾ ਕਾਰਨ ਤੋਂ ਪੈਦਾ ਹੋਣ ਵਾਲੇ ਸੰਕ੍ਰਮਿਤ ਵਾਇਰਸਾਂ ਅਤੇ ਬਿਮਾਰੀਆਂ ਨਾਲ ਨਜਿੱਠਣ ਲਈ ਇੰਨਾ ਕਮਜ਼ੋਰ ਕਿਉਂ ਹੈ? ਜਦੋਂ ਕਿ ਹਕੂਮਤਾਂ ਸਿਹਤ ਦੇ ਖੇਤਰ ਵਿੱਚ ਵੱਡੀ ਸਫਲਤਾ ਪਾਉਣ ਦੀਆਂ ਗੱਲਾਂ ਕਰਦੀਆਂ ਹਨ। ਪਰ ਮੌਜੂਦਾ ਨਿਪਾਹ ਵਾਇਰਸ ਤੋਂ ਫੈਲੀਆਂ ਸਮਾਜਿਕ ਚਿੰਤਾਵਾਂ ਦਰਸਾਉਂਦੀਆਂ ਹਨ ਕਿ ਸਾਡਾ ਸਿਹਤ ਢਾਂਚਾ ਹੁਣ ਵੀ ਕਾਫ਼ੀ ਕਮਜ਼ੋਰ ਹੈ। ਬਿਮਾਰੀਆਂ ਨਾਲ ਨਜਿੱਠਣ ਲਈ ਜਿੰਨੇ ਕਾਗਜ਼ੀ ਦਾਅਵੇ ਕੀਤੇ ਜਾਂਦੇ ਹਨ ਉਹ ਉਸ ਸਮੇਂ ਫੁੱਸ ਹੋ ਜਾਂਦੇ ਹਨ ਜਦੋਂ ਲੋਕ ਨਿਪਾਹ ਵਾਇਰਸ ਦੀ ਚਪੇਟ ਵਿੱਚ ਆਉਂਦੇ ਹਨ। ਪਿਛਲੇ ਸਾਲ ਜਦੋਂ ਕੇਰਲ ਵਿੱਚ ਹੀ ਨਿਪਾਹ ਵਾਇਰਸ ਨੇ ਦਸਤਕ ਦਿੱਤੀ ਸੀ, ਤੱਦ ਦਾਅਵਾ ਕੀਤਾ ਗਿਆ ਸੀ ਕਿ ਭਵਿੱਖ ਵਿੱਚ ਇਸ ਵਾਇਰਸ ਨਾਲ ਨਜਿੱਠਣ ਦੇ ਪੁਖਤਾ ਇੰਤਜਾਮ ਹੈ। ਦਵਾਈਆਂ ਦੀ ਲੋੜੀਂਦੀ ਡੋਜ ਹੋਣ ਦਾ ਦਾਅਵਾ ਕੀਤਾ ਗਿਆ ਸੀ। ਪਰ ਦਾਅਵਿਆਂ ਦੀ ਹਕੀਕਤ ਹੁਣ ਸਭ ਦੇ ਸਾਹਮਣੇ ਹੈ।

ਨਿਪਾਹ ਵਾਇਰਸ ਤੇਜੀ ਨਾਲ ਫੈਲਣ ਵਾਲਾ ਬੇਹੱਦ ਖਤਰਨਾਕ ਸੰਕਰਮਣ ਹੈ ਉਸਨੂੰ ਤੁਰੰਤ ਰੋਕ ਸਕਣਾ ਮੁਸ਼ਕਲ ਹੁੰਦਾ ਹੈ। ਭਾਰਤ ਦਾ ਇਸ ਰੋਗ ਨਾਲ ਵਾਹ ਇੱਕ-ਅੱਧਾ ਸਾਲ ਪਹਿਲਾਂ ਹੀ ਪਿਆ ਹੈ, ਇਸ ਲਈ ਸਾਡੇ ਸਿਹਤ ਮਹਿਕਮੇ ਦੇ ਕੋਲ ਇਸਨੂੰ ਰੋਕਣ ਲਈ ਕੋਈ ਖਾਸ ਮੁਕੰਮਲ ਇੰਤਜਾਮ ਹਾਲੇ ਵੀ ਨਹੀਂ ਹੈ। ਹਾਲਾਂਕਿ ਕੋਸ਼ਿਸ਼ਾਂ ਹਰ ਸੰਭਵ ਜਾਰੀ ਹਨ। ਨਿਪਾਹ ਵਾਇਰਸ ਨੇ ਪਿਛਲੇ ਸਾਲ ਕੇਰਲ ਦੇ ਹੀ ਕੋਝੀਕੋਡ ਜਿਲ੍ਹੇ ਵਿੱਚ ਦਸਤਕ ਦਿੱਤੀ ਸੀ। ਤੱਦ ਕੁਝ ਹੀ ਦਿਨਾਂ ਵਿੱਚ ਉੱਥੇ ਕਈ ਲੋਕ ਇਸ ਵਾਇਰਸ ਦੀ ਚਪੇਟ ਵਿੱਚ ਆ ਗਏ ਸਨ। ਹੜਕੰਪ ਉਦੋਂ ਜ਼ਿਆਦਾ ਮੱਚ ਗਿਆ ਸੀ, ਜਦੋਂ ਸਿਰਫ਼ ਦੋ ਦਿਨਾਂ ਵਿੱਚ ਦਰਜਨ ਭਰ ਲੋਕਾਂ ਦੀ ਮੌਤ ਹੋ ਗਈ ਸੀ। ਵੇਖਦੇ ਹੀ ਵੇਖਦੇ ਕੇਰਲ ਰਾਜ ਦੇ ਤਕਰੀਬਨ ਹਸਪਤਾਲ ਨਿਪਾਹ ਵਾਇਰਸ ਦੀ ਚਪੇਟ ਵਿੱਚ ਆਉਣ ਵਾਲੇ ਮਰੀਜਾਂ ਨਾਲ ਭਰ ਗਏ ਸਨ। ਪਿਛਲੇ ਸਾਲ ਦੀ ਦਹਿਸ਼ਤ ਹਾਲੇ ਵੀ ਲੋਕਾਂ ਦੇ ਜ਼ਿਹਨ ਵਿੱਚ ਹੈ। ਇਸ ਲਈ ਇੱਕ ਵਾਰ ਫਿਰ ਨਿਪਾਹ ਵਾਇਰਸ ਦੀ ਦਸਤਕ ਨੇ ਸਾਰਿਆਂ ਨੂੰ ਭੈਅਭੀਤ ਕਰ ਦਿੱਤਾ ਹੈ। ਇਸਨੂੰ ਲੈ ਕੇ ਦਿੱਲੀ ਵਿੱਚ ਬੀਤੇ ਮੰਗਵਾਰ ਨੂੰ ਇੱਕ ਵੱਡੀ ਸਿਹਤ ਬੈਠਕ ਕੀਤੀ ਗਈ, ਕੁੱਝ ਹਵਾਈ ਅੱਡਿਆਂ ‘ਤੇ ਜਾਂਚ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਖਾਸ ਤੌਰ ‘ਤੇ ਕੇਰਲ ਤੋਂ ਆਉਣ-ਜਾਣ ਵਾਲੇ ਲੋਕਾਂ ਦੇ ਲਈ।

ਨਿਗਰਾਨੀ ਇਸ ਲਈ ਕੀਤੀ ਜਾ ਰਹੀ ਹੈ ਤਾਂ ਕਿ ਉਨ੍ਹਾਂ ਦੇ ਸੰਪਰਕ ਵਿੱਚ ਹੋਰ ਵਿਅਕਤੀ ਨਾ ਆ ਸਕਣ। ਹਾਲਾਤ ਦੀ ਗੰਭੀਰਤਾ ਨੂੰ ਵੇਖਦੇ ਹੋਏ ਦਿੱਲੀ ਤੋਂ ਡਾਕਟਰਾਂ ਦੀ ਇੱਕ ਵਿਸ਼ੇਸ਼ ਟੀਮ ਕੇਰਲ ਲਈ ਰਵਾਨਾ ਕਰ ਦਿੱਤੀ ਗਈ ਹੈ। ਹਾਲਾਂਕਿ ਨਿਪਾਹ ਵਾਇਰਸ ਦੀ ਖਬਰ ਫੈਲਣ ਦੇ ਨਾਲ ਹੀ ਸਮੁੱਚੇ ਕੇਰਲ ਦੇ ਲੋਕ ਭੈਅਭੀਤ ਹੋ ਗਏ ਹਨ। ਕੇਰਲ ਤੋਂ ਬਾਅਦ ਆਸ-ਪਾਸ ਦੇ ਕੁੱਝ ਹੋਰ ਰਾਜਾਂ ਵਿੱਚ ਸੁਰੱਖਿਆ ਦੇ ਖਾਸੇ ਇੰਤਜਾਮ ਕੀਤੇ ਜਾ ਰਹੇ ਹਨ। ਪੂਣੇ ਵਿੱਚ ਵੀ ਅਜਿਹੇ ਕੁੱਝ ਮਾਮਲਿਆਂ ਦੇ ਆਉਣ ਦਾ ਸ਼ੱਕ ਹੈ। ਤਾਂ ਹੀ ਪੂਣੇ ਸਥਿਤ ਵਿਰੋਲਾਜੀ ਇੰਸਟੀਚਿਊਟ ਵਿੱਚ ਕੁੱਝ ਲੋਕਾਂ ਦੇ ਖੂਨ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਤ ਹੋਰ ਨਾ ਵਿਗੜਨ ਇਸ ਲਈ ਕੇਰਲ ਸਰਕਾਰ ਨੇ ਇਸ ‘ਤੇ ਕੇਂਦਰ ਸਰਕਾਰ ਤੋਂ ਤੱਤਕਾਲ ਮੱਦਦ ਮੁਹੱਈਆ ਕਰਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੀ ਅਪੀਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੇਂਦਰ ਨੇ ਤੁਰੰਤ ਐਨਸੀਡੀਸੀ ਦੀ ਟੀਮ ਨੂੰ ਕੇਰਲ ਭੇਜ ਦਿੱਤਾ ਹੈ। ਟੀਮ ਵਾਇਰਸ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੇਗੀ। ਸੂਤਰ ਦੱਸਦੇ ਹਨ ਕਿ ਕੇਂਦਰ ਸਰਕਾਰ ਨੇ ਮਲੇਸ਼ੀਆ ਸਰਕਾਰ ਨਾਲ ਵੀ ਸੰਪਰਕ ਕੀਤਾ ਹੈ। ਕਿਉਂਕਿ ਮਲੇਸ਼ੀਆ ਦੋ ਦਹਾਕੇ ਪਹਿਲਾਂ ਇਸ ਰੋਗ ਦਾ ਸਾਹਮਣਾ ਕਰ ਚੁੱਕਾ ਹੈ।

ਹਿੰਦੁਸਤਾਨ ਵਿੱਚ ਨਿਪਾਹ ਦੀ ਪਹਿਚਾਣ ਦੂਜੀ ਵਾਰ ਕੀਤੀ ਗਈ ਹੈ। ਦਰਅਸਲ ਇਹ ਜਾਨਵਰਾਂ ਵਿੱਚ ਪਾਇਆ ਜਾਣ ਵਾਲਾ ਰੋਗ ਹੈ। ਖਾਸ ਤੌਰ ‘ਤੇ ਚਾਮਚੜਿੱਕ ਅਤੇ ਸੂਰ ਤੋਂ ਫੈਲਦਾ ਹੈ। ਇਨ੍ਹਾਂ ਜਾਨਵਰਾਂ ਤੋਂ ਹੁੰਦੀ ਹੋਇਆ ਇਹ ਰੋਗ ਇਨਸਾਨਾਂ ਵਿੱਚ ਸਮਾ ਜਾਂਦਾ ਹੈ। ਸ਼ੁਰੂਆਤ ਵਿੱਚ ਇਸਦਾ ਪਤਾ ਨਹੀਂ ਲੱਗਦਾ। ਪਰ ਜਦੋਂ ਪਤਾ ਲੱਗਦਾ ਹੈ ਤਾਂ ਬਹੁਤ ਦੇਰ ਹੋ ਜਾਂਦੀ ਹੈ। ਇਸ ਰੋਗ ‘ਤੇ ਕਾਬੂ ਲਈ ਫਿਲਹਾਲ ਸਾਡੇ ਡਾਕਟਰਾਂ ਦੇ ਕੋਲ ਕੋਈ ਕਾਰਗਰ ਇਲਾਜ਼ ਪ੍ਰਣਾਲੀ ਨਹੀਂ ਹੈ ਜੋ ਉਹ ਪੀੜਤ ਮਰੀਜਾਂ ਨੂੰ ਮੁਹੱਈਆ ਕਰਾ ਸਕਣ। ਬਚਾਅ ਅਤੇ ਰੋਕਥਾਮ ਹੀ ਸਿਰਫ ਇੱਕ ਸੁਝਾਅ ਹੈ। ਗੰਦੇ ਜਾਨਵਰਾਂ ਤੋਂ ਦੂਰ ਰਹੋ ਅਤੇ ਉਨ੍ਹਾਂ ਨੂੰ ਕੋਲ ਨਾ ਆਉਣ ਦਿਓ। ਕੇਂਦਰ ਦੁਆਰਾ ਭੇਜੀ ਗਈ ਨੈਸ਼ਨਲ ਸੈਂਟਰ ਫਾਰ ਡੀਸੀਜ਼ ਕੰਟਰੋਲ ਦੀ ਟੀਮ ਕੇਰਲ ਵਿੱਚ ਨਿਪਾਹ ਵਾਇਰਸ ਪ੍ਰਭਾਵਿਤ ਇਲਾਕਿਆਂ ਦਾ ਜਾਇਜਾ ਲੈ ਰਹੀ ਹੈ। ਨਿਪਾਹ ਵਾਇਰਸ ਬੱਚਿਆਂ ਨੂੰ ਸਭ ਤੋਂ ਪਹਿਲਾਂ ਅਤੇ ਅਸਾਨੀ ਨਾਲ ਆਪਣੀ ਜਕੜ ਵਿੱਚ ਲੈਂਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top