ਆਨਲਾਈਨ ਪੜ੍ਹ੍ਹ੍ਹਾਈ ਦਾ ਮਹੱਤਵ, ਮੁਸ਼ਕਲਾਂ ਤੇ ਹੱਲ

0

ਆਨਲਾਈਨ  ਪੜ੍ਹਾਈ ਦੀ ਪ੍ਰਕਿਰਿਆ ਪਹਿਲੀ ਵਾਰ ਸ਼ੁਰੂ ਹੋਣ ਕਰਕੇ ਕੁਝ ਮੁਸ਼ਕਲਾਂ ਦਾ ਆਉਣਾ ਸੁਭਾਵਿਕ

ਦੇਸ਼ ਚ ਕਰੋਨਾ ਆਫਤ ਦੌਰਾਨ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਚ ਪਹਿਲੀ ਦਫ਼ਾ ਆਨਲਾਈਨ ਐਡਮਿਸ਼ਨਾਂ ਅਤੇ ਆਨਲਾਈਨ ਸਟੱਡੀ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਜ਼ਰੂਰਤ ਪਈ ਹੈ ਕਿਉਂਕਿ ਸਮਾਜਿਕ ਦੂਰੀ ਬਣਾਈ ਰੱਖਣ ਦੇ ਮੱਦੇਨਜ਼ਰ ਸਕੂਲ ਖੋਲ੍ਹਣੇ ਹਾਲੇ ਅਸੰਭਵ ਹਨ,  ਜਿਸ ਕਰਕੇ ਵਿਦਿਆਰਥੀਆਂ ਦੇ ਦਾਖਲੇ ਤੇ ਪੜ੍ਹ੍ਹਾਈ ਸਬੰਧੀ ਸਾਡੇ ਸਭ ਦੇ ਸਾਹਮਣੇ ਇੱਕ ਵੱਡੀ ਸਮਸਿਆ ਪੜ੍ਹਾਈ ਚਾਲੂ ਰੱਖੇ ਜਾਣ ਦੀ ਸੀ।

ਇਸੇ ਕਰਕੇ ਆਨਲਾਇਨ ਪੜ੍ਹਾਈ ਦੀ ਪ੍ਰਕਿਰਿਆ ਸ਼ੁਰੂ ਕਰਨੀ ਪਈ, ਜਿਸ ਨੂੰ ਵਿਦਿਆਰਥੀਆਂ ਤੇ ਮਾਪਿਆਂ  ਵੱਲੋਂ ਬੇਸ਼ੱਕ ਵੱਡੇ ਪੱਧਰ ‘ਤੇ ਹੁੰਗਾਰਾ ਮਿਲ ਰਿਹਾ ਹੈ ਪਰ ਆਨਲਾਈਨ  ਪੜ੍ਹਾਈ ਦੀ ਪ੍ਰਕਿਰਿਆ ਪਹਿਲੀ ਵਾਰ ਸ਼ੁਰੂ ਹੋਣ ਕਰਕੇ ਕੁਝ ਮੁਸ਼ਕਲਾਂ ਦਾ ਆਉਣਾ ਸੁਭਾਵਿਕ ਹੈ।
ਆਨਲਾਈਨ ਪੜ੍ਹਾਈ ਦੀ ਪ੍ਰਕਿਰਿਆ ਦਾ ਕੰਮ ਸਰਕਾਰੀ ਤੇ ਪ੍ਰਾਈਵੇਟ, ਦੋਵਾਂ ਤਰ੍ਹਾਂ ਦੇ ਸਕੂਲਾਂ ਵੱਲੋਂ ਅਰੰਭ ਕਰ ਦਿੱਤਾ ਹੋਇਆ ਹੈ ਪਰ ਸਰਕਾਰੀ ਸਕੂਲ ਇਸ ਵਿੱਚ ਅੱਗੇ ਚਲ ਰਹੇ ਹਨ ਸਿੱਟੇ ਵਜੋਂ ਸੂਬੇ ਦੇ ਸਰਕਾਰੀ ਸਕੂਲਾਂ ਚ ਸੈਸ਼ਨ 2019-2020 ਦੇ ਮੁਕਾਬਲੇ, ਸ਼ੈਸ਼ਨ 2020-2021 ‘ਚ  ਲੱਗਭੱਗ ਡੇਢ ਲੱਖ ਤੋ ਜ਼ਿਆਦਾ ਦਾਖਲੇ ਹੋ ਚੁੱਕੇ ਹਨ ਜੋ ਇੱਕ ਰਿਕਾਰਡ ਹੈ।

ਲੋਕਾਂ ਕੋਲ ਕੋਰੋਨਾ ਕਾਰਨ ਪੈਸੇ ਦੀ ਘਾਟ

 ਦੂਸਰੇ  ਪਾਸੇ ਕੋਰੋਨਾ ਕਾਰਨ ਪਾ੍ਰਈਵੇਟ ਸਕੂਲਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਵਿਚਕਾਰ ਦਾਖਲਾ /ਫੀਸਾਂ ਸਬੰਧੀ ਲੰਬੇ ਸਮੇਂ ਤੋਂ ਕਸ਼ਮਕਸ਼ ਚੱਲਦੀ ਆ ਰਹੀ ਹੈ ਜਿਸ ਦੌਰਾਨ ਕਾਫੀ ਗਿਣਤੀ ‘ਚ ਲੋਕਾਂ ਨੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ ‘ਚ ਦਾਖਲ ਕਰਵਾ ਲਿਆ ਹੈ, ਕਿਉਂਕਿ ਲੋਕਾਂ ਕੋਲ ਕੋਰੋਨਾ ਕਾਰਨ ਪੈਸੇ ਦੀ ਘਾਟ ਹੈ ਉਹ ਪ੍ਰਾਈਵੇਟ ਸਕੂਲਾਂ ਨੂੰ ਹਜ਼ਾਰਾਂ ਰੁਪਏ ਦਾਖਲਾ ਫੀਸਾਂ ਤੇ ਸਾਲਾਨਾ ਚਾਰਜਿਜ਼ ਭਰਨ ਤੋਂ ਅਸਮਰੱਥ ਹਨ।

ਸਰਕਾਰੀ ਸਕੂਲਾਂ ‘ਚ ਦਾਖਲਿਆਂ ਦਾ ਰੁਝਾਨ ਕਾਫੀ ਵਧ ਗਿਆ ਹੈ

ਉਧਰ ਸਰਕਾਰੀ ਸਕੂਲਾਂ ‘ਚ ਦਾਖਲਾ ਤੇ ਮਹੀਨਾਵਾਰ ਫੀਸ ਜ਼ੀਰੋ ਹੈ ਕਿਤਾਬਾਂ ਤੇ ਵਰਦੀਆਂ ਮੁਫ਼ਤ ਹਨ ਦੁਪਹਿਰ ਦੇ ਖਾਣੇ ਦੀ ਸਹੂਲਤ ਅਤੇ ਸਕਾਲਰਸ਼ਿਪ ਵੀ ਮਿਲਦੀ ਹੈ, ਜਿਸ ਕਰਕੇ ਸਰਕਾਰੀ ਸਕੂਲਾਂ ‘ਚ ਦਾਖਲਿਆਂ ਦਾ ਰੁਝਾਨ ਕਾਫੀ ਵਧ ਗਿਆ ਹੈ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਸ੍ਰੀ  ਕ੍ਰਿਸ਼ਨ ਕੁਮਾਰ ਅਤੇ ਅਧਿਆਪਕਾਂ ਦੀ ਸਿਰ ਤੋੜ ਮਿਹਨਤ ਸਦਕਾ ਸਰਕਾਰੀ ਸਕੂਲਾਂ ਨੇ ਬਾਜ਼ੀ ਮਾਰਦਿਆਂ ਪਹਿਲੀ ਟਰਮ ਦੇ ਪੇਪਰ ਆਨਲਾਈਨ ਲੈ ਕੇ  ਇੱਕ ਮਿਸਾਲ ਕਾਇਮ ਕਰ ਦਿੱਤੀ ਹੈ।

ਸਿੱਖਿਆ ਵਿਭਾਗ ਦੇ ਇਸ ਉੱਦਮ ਨੂੰ ਵਿਦਿਆਰਥੀਆਂ ਵੱਲੋਂ ਵੱਡਾ ਹੁੰਗਾਰਾ

ਸਿੱਖਿਆ ਸਕੱਤਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਿਖਿਆ ਵਿਭਾਗ ਵੱਲੋਂ ਹਰ ਵਿਸ਼ੇ ਦਾ 20 ਅੰਕ ਦਾ ਪੇਪਰ ਲਿਆ ਗਿਆ ਹੈ ਅਤੇ ਪੇਪਰ ‘ਚੋਂ 7 ਅੰਕ ਲੈਣ ਵਾਲਾ ਵਿਦਿਆਰਥੀ ਪਾਸ ਹੈ। ਸਿੱਖਿਆ ਵਿਭਾਗ ਦੇ ਇਸ ਉੱਦਮ ਨੂੰ ਵਿਦਿਆਰਥੀਆਂ ਵੱਲੋਂ ਵੱਡਾ ਹੁੰਗਾਰਾ ਮਿਲਿਆ ਹੈ ਵਿਦਿਆਰਥੀਆਂ ਵੱਲੋ ਆਨਲਾਈਨ ਟੈਸਟ ‘ਚ ਚੋਖੀ ਰੁਚੀ ਵਿਖਾਈ ਗਈ ਹੈ ਅਧਿਆਪਕਾਂ ਨੇ ਪੂਰੀ ਰੂਹ ਨਾਲ ਇਹ ਆਨਲਾਈਨ ਪੇਪਰ ਲੈਣ ਉਪਰੰਤ ਚੈੱਕ ਕਰਕੇ ਵਿਦਿਆਰਥੀਆਂ  ਦੇ ਆਨਲਾਇਨ ਨੰਬਰ ਵੀ ਲਾ ਦਿੱਤੇ ਹਨ।

ਬੇਸ਼ੱਕ ਇਹ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਪਲੇਠਾ ਤਜ਼ਰਬਾ ਸੀ। ਪਰ  ਕਾਫੀ ਹੱਦ ਤੱਕ ਕਾਮਯਾਬ ਆਖਿਆ ਜਾ ਸਕਦਾ ਹੈ। ਇਸ ਤਜ਼ਰਬੇ ਦੌਰਾਨ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਭਾਵੇਂ ਨਿੱਕੀਆਂ ਮੋਟੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ ਕਿਉਂਕਿ ਬਹੁਤ ਸਾਰੇ ਬੱਚਿਆਂ ਕੋਲ ਐਂਡਰਾਇਡ ਫੋਨ ਨਹੀਂ ਹਨ,ਜਿਸ ਸਦਕਾ ਉਨ੍ਹਾਂ ਨੂੰ ਆਨਲਾਈਨ ਪੜ੍ਹਾਈ ਕਰਨ ‘ਚ ਕੁਝ ਮੁਸ਼ਕਲ ਜ਼ਰੂਰ ਆਈ ਹੈ।

ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਆਨਲਾਇਨ ਪੜ੍ਹਾਈ ਦਾ ਤਜ਼ਰਬਾ ਹੋਇਆ

ਸੋਸ਼ਲ ਮੀਡੀਏ ਜ਼ਰੀਏ ਹੀ ਹੱਲ ਕੀਤੇ ਪੇਪਰਾਂ ਦੀ ਚੈਕਿੰਗ ਵੀ ਅਧਿਆਪਕਾਂ ਦੁਆਰਾ ਮੋਬਾਇਲ ਫੋਨ ਉਤੇ ਵੱਖ-ਵੱਖ ਐਪਸ ਡਾਊਨਲੋਡ ਕਰਕੇ ਕਰ ਲਈ ਗਈ ਹੈ ਇਸ ਤਰ੍ਹਾਂ ਸਰਕਾਰੀ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਦੇ ਜੁਲਾਈ ਟਰਮ ਦੇ (6 ਤੋਂ 12ਵੀ ਜਮਾਤ ਤੱਕ) ਦੇ ਟੈਸਟ ਲੈ ਲਏ ਜਾਣ ਨਾਲ ਅਧਿਆਪਕਾਂ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਆਨਲਾਇਨ ਪੜ੍ਹਾਈ ਦਾ ਤਜ਼ਰਬਾ ਹੋਇਆ ਹੈ ਤੇ ਮਨੋਬਲ ਬਣਿਆ ਹੈ ਖਾਸ ਗੱਲ ਇਹ ਹੋਈ ਹੈ ਕਿ ਮਾਨਯੋਗ ਸਿੱਖਿਆ ਸਕੱਤਰ (ਸਕੂਲ) ਅਤੇ ਅਧਿਆਪਕਾਂ ਦੇ ਸਾਂਝੇ ਯਤਨਾ ਨੂੰ ਬੂਰ ਪਿਆ ਹੈ।

ਪ੍ਰਾਈਵੇਟ ਸਕੂਲਾਂ  ਤੇ ਮਾਪਿਆਂ ਨੂੰ ਮਿਲ ਜੁਲ ਕੇ ਇਸ ਮੁਸ਼ਕਲ ਦਾ ਹੱਲ ਕੱਢਣਾ ਚਾਹੀਦਾ ਹੈ

ਦੂਜੇ ਪਾਸੇ ਪ੍ਰਾਈਵੇਟ ਸਕੂਲਾਂ ਤੇ ਉਥੇ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ‘ਚ ਫੀਸਾਂ ਸਬੰਧੀ ਰੇੜ੍ਹਕਾ ਬਰਕਰਾਰ ਹੋਣ ਸਦਕਾ ਦੁਬਿਧਾ ਵਾਲਾ ਵਾਤਾਵਰਨ ਚਲ ਰਿਹਾ ਹੈ  ਬਹੁਤ ਸਾਰੇ ਸਕੂਲਾਂ ‘ਚ ਇਸੇ ਵਜਾ ਕਰਕੇ ਵਿਦਿਆਰਥੀਆਂ ਨੂੰ ਆਨਲਾਈਨ ਸਟੱਡੀ ਕਰਵਾਉਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਵੱਲੋਂ ਦਾਖਲਾ ਤੇ ਮਹੀਨਾਵਾਰ ਫੀਸਾਂ ਨਹੀਂ ਭਰੀਆਂ ਗਈਆਂ, ਜਿਸ  ਕਰਕੇ ਪ੍ਰਾਈਵੇਟ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।  ਪਰ ਕੋਰੋਨਾ ਮਾਹਾਂਮਾਰੀ ਦੇ ਇਸ ਮਾੜੇ ਦੌਰ ‘ਚ ਪ੍ਰਾਈਵੇਟ ਸਕੂਲਾਂ  ਤੇ ਮਾਪਿਆਂ ਨੂੰ ਮਿਲ ਜੁਲ ਕੇ ਇਸ ਮੁਸ਼ਕਲ ਦਾ ਹੱਲ ਕੱਢਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।

ਆਨਲਾਇਨ ਸਟੱਡੀ ਦਾ ਹੱਲ ਵੀ ਸਰਕਾਰ ਤੇ ਮਾਪਿਆਂ ਨੂੰ ਰਲ-ਮਿਲ ਕੇ ਕੱਢਣਾ ਚਾਹੀਦਾ ਹੈ

ਆਨਲਾਈਨ ਸਟੱਡੀ ਦੀ ਕਾਮਯਾਬੀ ਲਈ ਪੇਸ਼ ਆਉਂਦੀਆਂ ਮੁਸ਼ਕਲਾਂ ਦਾ ਹੱਲ ਕੱਢ ਕੇ ਪੜ੍ਹਾਈ ਦੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ ਸਰਕਾਰੀ ਸਕੂਲਾਂ ਦੇ ਜਿਹੜੇ ਵਿਦਿਆਰਥੀਆਂ ਕੋਲ ਐਂਡਰਾਇਡ ਫੋਨ ਨਾ ਹੋਣ ਕਰਕੇ ਆਨਲਾਇਨ ਸਟੱਡੀ ਮਟੀਰੀਅਲ ਪ੍ਰਾਪਤ ਕਰਨ ‘ਚ ਦਿੱਕਤ ਆ ਰਹੀ ਹੈ।

ਮੁਫ਼ਤ ਮੋਬਾਇਲ ਫੋਨ ਵੰਡੇ ਜਾਣੇ ਦੀ ਲੋੜ

ਉਸ ਦਾ ਹੱਲ ਵੀ ਸਰਕਾਰ ਤੇ ਮਾਪਿਆਂ ਨੂੰ ਰਲ-ਮਿਲ ਕੇ ਜ਼ਰੂਰ ਕੱਢਣਾ ਚਾਹੀਦਾ ਹੈ। ਸਮਾਜ ਸੇਵੀ ਜਥੇਬੰਦੀਆਂ ਤੇ ਸਮਾਜ ਸੇਵਕਾਂ ਨੂੰ ਅੱਗੇ ਆ ਕੇ ਗਰੀਬ ਤੇ ਲੋੜਵੰਦ ਵਿਦਿਆਰਥੀਆਂ ਨੂੰ ਕਿਤਾਬਾਂ, ਕਾਪੀਆਂ, ਬੂਟ, ਜਰਸੀਆਂ ਆਦਿ ਸਮਾਨ ਵੰਡਣ ਦੀ ਤਰ੍ਹਾਂ, ਹੁਣ ਮੁਫ਼ਤ ਮੋਬਾਇਲ ਫੋਨ ਵੰਡੇ ਜਾਣੇ ਦੀ ਲੋੜ ਹੈ ,ਤਾਂ ਜੋ ਕਿਸੇ ਵੀ ਵਿਦਿਆਰਥੀ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਇਹ ਦੇਸ਼ ਤੇ ਸਮਾਜ ਪ੍ਰਤੀ ਇੱਕ ਵੱਡਾ ਫਰਜ਼ ਹੈ  ਸਾਨੂੰ ਸਭ ਨੂੰ ਸਮਾਜਕ ਦੂਰੀ ਬਣਾਈ ਰੱਖਣ ਵਾਸਤੇ ਆਨਲਾਈਨ ਸਟੱਡੀ ਦੇ ਮਹੱਤਵ ਨੂੰ ਸਮਝਣ ਦੀ ਜ਼ਰੂਰਤ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਵੇ।
ਲੈਕਚਰਾਰ ਅਜੀਤ ਸਿੰਘ ਖੰਨਾ
ਕਿਸ਼ੋਰੀ ਲਾਲ ਜੇਠੀ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਖੰਨਾ ਜਿਲ੍ਹਾ ਲੁਧਿਆਣਾ
ਮੋਬਾਇਲ:84376-60510

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ