ਮੁੱਦਾ ਮੱਧਮ, ਰਾਜਨੀਤੀ ਚਮਕੀ

0

ਫਿਲਮੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ ਮਸਲਾ ਸਿਆਸੀ ਪੇਚਾਂ ‘ਚ ਏਨਾ ਜ਼ਿਆਦਾ ਫਸ ਗਿਆ ਹੈ ਕਿ ਮੂਲ ਮੁੱਦਾ ਜੋ ਪੁਲਿਸ ਜਾਂ ਕਿਸੇ ਹੋਰ ਜਾਂਚ ਏਜੰਸੀ ਦੀ ਜਾਂਚ ਨਾਲ ਸੁਲਝਣਾ ਸੀ, ਹੁਣ ਨਜ਼ਰ ਹੀ ਨਹੀਂ ਆ ਰਿਹਾ ਹੈ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਉਹ ਸਮਾਂ ਦੂਰ ਨਹੀਂ ਜਦੋਂ ਸਿਆਸੀ ਪਾਰਟੀਆਂ ਚੋਣਾਂ ‘ਚ ਆਪਣੀ ਜਿੱਤ-ਹਾਰ ਲਈ ਵੀ ਇਸ ਮੁੱਦੇ ਦੇ ਨਾਂਅ ‘ਤੇ ਵੋਟ ਮੰਗਣ ਤੋਂ ਵੀ ਗੁਰੇਜ ਨਹੀਂ ਕਰਨਗੀਆਂ ਮ੍ਰਿਤਕ ਸੁਸ਼ਾਂਤ ਸਿੰਘ ਬਿਹਾਰ ਨਾਲ ਸਬੰਧਤ ਹੈ।

ਜਾਂਚ ਦਾ ਸਾਹਮਣਾ ਕਰ ਰਹੀ ਰੀਆ ਚੱਕਰਵਰਤੀ ਬੰਗਾਲ ਨਾਲ ਤੇ ਇਸ ਮਾਮਲੇ ‘ਚ ਬਿਆਨਬਾਜ਼ੀ ਕਾਰਨ ਮਹਾਂਰਾਸ਼ਟਰ ਸਰਕਾਰ ਨਾਲ ਉਲਝ ਰਹੀ ਫਿਲਮੀ ਅਦਾਕਾਰ ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਹੈ ਬਿਹਾਰ ‘ਚ ਸੱਤਾਧਾਰੀ ਭਾਜਪਾ ਸੁਸ਼ਾਂਤ ਸਿੰਘ ਦੇ ਪਰਿਵਾਰ ਨਾਲ ਖੜ੍ਹੀ ਹੈ ਕੋਲਕਾਤਾ ਕਾਂਗਰਸ ਨੇ ਰੀਆ ਚੱਕਰਵਰਤੀ ਦੇ ਹੱਕ ‘ਚ ਰੈਲੀਆਂ ਕੱਢਣ ਦੀ ਸ਼ੁਰੂਆਤ ਕਰ ਦਿੱਤੀ ਹੈ ਮਹਾਂਰਾਸ਼ਟਰ ‘ਚ ਸੱਤਾਧਾਰੀ ਸ਼ਿਵਸੈਨਾ ਕੰਗਨਾ ਰਣੌਤ ਨੂੰ ਭਾਜਪਾ ਦੀ ਹਮਾਇਤ ਦਾ ਇਸ਼ਾਰਾ ਕਰ ਰਹੀ ਹੈ ਬਿਹਾਰ ਤੇ ਬੰਗਾਲ ‘ਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ।

ਤਿੰਨਾਂ ਸੂਬਿਆਂ ਦੀਆਂ ਪਾਰਟੀਆਂ ਬਾਲੀਵੁੱਡ ਦੀ ਤਿਕੋਣੀ ਘਟਨਾ ਨੂੰ ਆਪਣੇ-ਆਪਣੇ ਹੱਕ ‘ਚ ਵਰਤਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੀਆਂ ਹਨ ਆਮ ਤੌਰ ‘ਤੇ ਅਦਾਕਾਰਾਂ ਦਾ ਇੱਕ ਵੱਡਾ ਤੇ ਗੈਰ ਸਿਆਸੀ ਦਾਇਰਾ ਹੁੰਦਾ ਹੈ ਜਿਸ ਵਿੱਚ ਮੁੱਖ ਤੌਰ ‘ਤੇ ਉਹਨਾਂ ਦੇ ਪ੍ਰਸੰਸਕ ਹੁੰਦੇ ਹਨ ਪਰ ਇਸ ਸਿਆਸੀ ਬਿਆਨਬਾਜ਼ੀ ਦੇ ਦੌਰ ‘ਚ ਨਾ ਤਾਂ ਪ੍ਰਸੰਸਕਾਂ ਦਾ ਮੰਚ ਨਹੀਂ ਨਜ਼ਰ ਆ ਰਿਹਾ ਹੈ ਤੇ ਨਾ ਹੀ ਕੋਈ ਅਵਾਜ਼ ਸੁਣਾਈ ਦੇ ਰਹੀ ਹੈ ਅਸਲ ‘ਚ ਸਿਆਸੀ ਸ਼ੋਰ ਤੇ ਮੀਡੀਆ ਟ੍ਰਾਇਲ ਨੇ ਗੱਡੀ ਪਟੜੀ ਤੋਂ ਲਾਹ ਦਿੱਤੀ ਹੈ ਅਦਾਕਾਰ ਦੀ ਮੌਤ ਦੁਖਦਾਈ ਮਾਮਲਾ ਹੈ ਜਿਸ ਦੀ ਗੁੱਥੀ ਬਿਨਾ ਕਿਸੇ ਪੱਖਪਾਤ ਤੋਂ ਸੁਲਝਣੀ ਚਾਹੀਦੀ ਸੀ ਮਹਾਂਰਾਸ਼ਟਰ ਦੀ ਖੇਤਰਵਾਦੀ ਸਿਆਸਤ ਨੇ ਵੀ ਮਾਮਲੇ ਨੂੰ ਪੇਚੀਦਾ ਕਰ ਦਿੱਤਾ ਹੈ।

ਇਹ ਹਕੀਕਤ ਹੈ ਕਿ ਜੇਕਰ ਚੋਣਾਂ ਅੱਗੇ-ਪਿੱਛੇ ਹੁੰਦੀਆਂ ਤਾਂ ਮਾਮਲਾ ਘੱਟ ਤੂਲ ਫੜਦਾ ਸੁਸ਼ਾਂਤ ਦੇ ਪਰਿਵਾਰ ਨਾਲ ਹਮਦਰਦੀ ਦੇ ਨਾਂਅ ‘ਤੇ ਮਾਮਲੇ ਨੂੰ ਉਲਝਾਉਣ ਦੀ ਬਜਾਇ ਇਸ ਦੀ ਨਿਰਪੱਖ ਤੇ ਦਰੁਸਤ ਜਾਂਚ ਦੀ ਜਰੂਰਤ ਹੈ ਆਪਣੇ-ਆਪਣੇ ਸੂਬੇ ਦੇ ਵਿਅਕਤੀ ਲਈ ਭਾਵੁਕਤਾ ਭਰੀ ਮੁਹਿੰਮ ਚਲਾਉਣਾ ਤਰਕਹੀਣ ਤੇ ਮਾਮਲੇ ਦੀ ਸਹੀ ਜਾਂਚ ਨੂੰ ਉਲਝਾਉਣਾ ਹੈ ਚੰਗਾ ਹੋਵੇ ਜੇਕਰ ਸਿਆਸੀ ਪਾਰਟੀਆਂ ਵੋਟਾਂ ਦਾ ਲੋਭ ਛੱਡ ਕੇ ਸੰਜਮ ਤੇ ਜ਼ਿੰਮੇਵਾਰੀ ਤੋਂ ਕੰਮ ਲੈਣ ਸੁਸ਼ਾਂਤ ਦੀ ਮੌਤ ਦੁਖਦਾਈ ਹੈ ਇਸ ਨੂੰ ਚੋਣ ਮੁੱਦਾ ਬਣਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ ਜੇਕਰ ਮਨੁੱਖੀ ਮਾਮਲੇ ‘ਚ ਸਿਆਸੀ ਰੋਟੀਆਂ ਸੇਕੀਆਂ ਗਈਆਂ ਤਾਂ ਇਹ ਸੰਵੇਦਨਹੀਣਤਾ ਦੀ ਇੱਕ ਹੋਰ ਮਾੜੀ ਮਿਸਾਲ ਇਤਿਹਾਸ ‘ਚ ਦਰਜ ਹੋ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.