ਕੋਰੋਨਾ ਕਾਰਨ ਹਾਸ਼ੀਏ ‘ਤੇ ਪਹੁੰਚੀ ਦਿਹਾੜੀਦਾਰ ਮਜ਼ਦੂਰਾਂ ਦੀ ਜ਼ਿੰਦਗੀ

0

ਕੋਰੋਨਾ ਕਾਰਨ ਹਾਸ਼ੀਏ ‘ਤੇ ਪਹੁੰਚੀ ਦਿਹਾੜੀਦਾਰ ਮਜ਼ਦੂਰਾਂ ਦੀ ਜ਼ਿੰਦਗੀ

ਅੱਜ ਜਦੋਂ ਪੂਰੀ ਦੁਨੀਆ ਵਿੱਚ ਹੀ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ ਤਾਂ ਅਜਿਹੇ ਮਾਹੌਲ ਵਿੱਚ ਮਜਦੂਰਾਂ ਦੀ ਹਾਲਤ ਅਤਿ ਤਰਸਯੋਗ ਬਣੀ ਹੋਈ ਹੈ। ਜੇਕਰ ਮਜਦੂਰਾਂ ਦੀ ਅਜੋਕੇ ਸਮੇਂ ਦੀ ਸਥਿਤੀ ਦੀ ਗੱਲ ਕਰੀਏ ਤਾਂ ਇਹ ਸੱਚ ਸਾਹਮਣੇ ਆਉਂਦਾ ਹੈ ਕਿ ਅਸਮਾਨ ਨੂੰ ਛੂੰਹਦੀਆਂ ਬਿਲਡਿੰਗਾਂ ਬਣਾਉਣ ਵਾਲੇ ਮਜਦੂਰਾਂ ਦੇ ਅੱਜ ਵੀ ਆਪਣੇ ਸਿਰ ‘ਤੇ ਛੱਤ ਨਹੀਂ ਹੈ। ਪਹਿਲਾਂ ਹੀ ਤਰਸਯੋਗ ਹਾਲਾਤ ਵਿੱਚ ਆਪਣਾ ਨਿਰਬਾਹ ਕਰ ਰਹੇ ਇਨ੍ਹਾਂ ਮਜਦੂਰਾਂ ਲਈ ਕੋਰੋਨਾ ਵੱਡੀ ਮਹਾਂਮਾਰੀ ਬਣਕੇ ਆਇਆ ਹੈ।

ਇਸ ਮਹਾਂਮਾਰੀ ਦੀ ਸਭ ਤੋਂ ਜ਼ਿਆਦਾ ਮਾਰ ਉਨ੍ਹਾਂ ਦਿਹਾੜੀਦਾਰ ਮਜਦੂਰਾਂ ‘ਤੇ ਪਈ ਹੈ ਜਿਨ੍ਹਾਂ ਨੇ ਆਪਣੀ ਦੋ ਡੰਗ ਦੀ ਰੋਟੀ ਵੀ ਰੋਜ਼ਾਨਾ ਕਮਾ ਕੇ ਖਾਣੀ ਹੁੰਦੀ ਹੈ। ਅਜਿਹੇ ਮਜਦੂਰ ਜਦੋਂ ਸਵੇਰ ਤੋਂ ਆਥਣ ਤੱਕ ਆਪਣਾ ਪਸੀਨਾ ਵਹਾਉਂਦੇ ਹਨ ਤਾਂ ਜਾ ਕੇ ਇਨ੍ਹਾਂ ਦੇ ਪਰਿਵਾਰਾਂ ਨੂੰ ਰੋਟੀ ਨਸੀਬ ਹੁੰਦੀ ਹੈ ਪਰ ਅੱਜ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲਾਕਡਾਊਨ ਦੇ ਚੱਲਦਿਆਂ ਮਜਦੂਰ ਪਰਿਵਾਰਾਂ ਦੀ ਆਰਥਿਕਤਾ ਪੂਰੀ ਤਰ੍ਹਾਂ ਡਾਵਾਂਡੋਲ ਹੈ।

ਅੱਜ ਲੱਖਾਂ ਮਜਦੂਰ ਪਰਿਵਾਰਾਂ ਦੇ ਢਿੱਡ ਖਾਲੀ ਹਨ। ਬੱਚੇ ਭੁੱਖ ਨਾਲ ਤੜਫ਼ ਰਹੇ ਹਨ। ਅਜਿਹੇ ਪਰਿਵਾਰਾਂ ‘ਤੇ ਮੁਸੀਬਤਾਂ ਦੇ ਪਹਾੜ ਟੁੱਟ ਚੁੱਕੇ ਹਨ। ਇਹ ਮਜਦੂਰ ਕੰਮ ਕਰਕੇ ਆਪਣੇ ਪਰਿਵਾਰਾਂ ਦੇ ਢਿੱਡ ਭਰਨਾ ਚਾਹੁੰਦੇ ਹਨ ਪਰ ਕੰਮ ਨਹੀਂ ਹੈ। ਜਦੋਂ ਦੇਸ਼ ਵਿੱਚ ਲਾਕਡਾਊਨ ਸ਼ੁਰੂ ਹੋਇਆ ਤਾਂ ਇਹ ਮਜਦੂਰ ਆਪਣੀ ਬੱਚਤ ਵਿੱਚੋਂ ਆਪਣਾ ਢਿੱਡ ਭਰਦੇ ਰਹੇ। ਇਨ੍ਹਾਂ ਮਜਦੂਰਾਂ ਨੂੰ ਪਹਿਲੇ ਗੇੜ ਦੇ ਲਾਕਡਾਊਨ ਦੇ ਖੁੱਲ੍ਹਣ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਉਮੀਦ ਸੀ ਕਿ ਲਾਕਡਾਊਨ ਖੁੱਲ੍ਹੇਗਾ ਤਾਂ ਉਹ ਆਪਣੀ ਦੋ ਡੰਗ ਦੀ ਰੋਟੀ ਦਾ ਜੁਗਾੜ ਕਰ ਸਕਣਗੇ।

ਕਮਾ ਕੇ ਆਪਣੇ ਬੱਚਿਆਂ ਦੇ ਢਿੱਡ ਭਰ ਸਕਣਗੇ। ਉਨ੍ਹਾਂ ਦੀ ਜ਼ਿੰਦਗੀ ਫਿਰ ਪਟੜੀ ‘ਤੇ ਆ ਜਾਵੇਗੀ ਪਰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਲਾਕਡਾਊਨ ਨੂੰ 3 ਮਈ ਤੇ ਫੇਰ 17  ਮਈ ਤੱਕ ਵਧਾਏ ਜਾਣ ਦਾ ਐਲਾਨ ਹੋਇਆ ਤਾਂ ਇਨ੍ਹਾਂ ਮਜਦੂਰਾਂ ਦੀ ਇਹ ਉਮੀਦ ਦੀ ਕਿਰਨ ਵੀ ਟੁੱਟ ਗਈ। ਉਨ੍ਹਾਂ ਦੀ ਪਰੇਸ਼ਾਨੀ ਹੋਰ ਵਧ ਗਈ। ਥੋੜ੍ਹੇ-ਬਹੁਤ ਕਮਾਏ ਗਏ ਪੈਸੇ ਖਤਮ ਹੋ ਗਏ। ਦੇਸ਼ ਵਿੱਚ ਚਾਰੇ ਪਾਸੇ ਰੇਲਾਂ ਅਤੇ ਬੱਸਾਂ ਬੰਦ ਹੋਣ ਕਾਰਨ ਇਹ ਮਜਦੂਰ ਪਰਿਵਾਰ ਜਿੱਥੇ ਸਨ ਉੱਥੇ ਹੀ ਫਸ ਗਏ। ਭਾਰਤ ਵਿੱਚ ਲੱਖਾਂ ਮਜਦੂਰ ਆਪਣੀ ਰੋਜੀ-ਰੋਟੀ ਦੀ ਤਲਾਸ਼ ਵਿੱਚ ਦੂਸਰੇ ਸੂਬਿਆਂ ਵਿੱਚ ਜਾਂਦੇ ਹਨ।

ਉਨ੍ਹਾਂ ਨੂੰ ਉਮੀਦ ਹੁੰਦੀ ਹੈ ਕਿ ਉਹ ਮਿਹਨਤ ਮਜਦੂਰੀ ਕਰਕੇ ਆਪਣੇ ਜੀਵਨ ਦੀ ਗੱਡੀ ਨੂੰ ਸਹੀ ਢੰਗ ਨਾਲ ਚਲਾ ਸਕਣਗੇ ਪਰ ਜਦੋਂ ਮੁਸੀਬਤਾਂ ਦੇ ਪਹਾੜ ਡਿੱਗ ਪੈਣ ਤਾਂ ਉਹ ਕਿੱਧਰ ਜਾਣ, ਇਹ ਮਜਦੂਰ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਸਨ ਪਰ ਜਾਣ ਕਿਵੇਂ, ਸਥਿਤੀ ਅਜਿਹੀ ਬਣ ਗਈ ਕਿ ਇਨ੍ਹਾਂ ਨੂੰ ਹੁਣ ਕੋਰੋਨਾ ਨਹੀਂ ਸਗੋਂ ਭੁੱਖਮਰੀ ਦਾ ਡਰ ਸਤਾਉਣ ਲੱਗਾ। ਹੁਣ ਉਹ ਕਿੱੱਥੋਂ ਖਾਣ, ਬਾਹਰ ਕੰਮ ਨਹੀਂ ਤੇ ਜੇਬ੍ਹ ਵਿੱਚੋਂ ਪੈਸੇ ਖਤਮ।

ਕੋਰੋਨਾ ਵਰਗੀ ਮਹਾਂਮਾਰੀ ਕਾਰਨ ਬਾਹਰ ਨਿੱਕਲਣਾ ਵੀ ਮੌਤ ਨੂੰ ਸੱਦਾ ਦੇਣ ਵਾਲੀ ਗੱਲ ਹੈ ਪਰ ਜਦੋਂ ਸਥਿਤੀ ਅਜਿਹੀ ਬਣ ਜਾਵੇ ਕਿ ਭੁੱਖ ਨਾਲ ਮਰਨ ਦੀ ਹੀ ਨੌਬਤ ਆ ਜਾਵੇ ਤਾਂ ਇਨਸਾਨ ਸਭ ਕੁਝ ਭੁੱਲ ਜਾਂਦਾ ਹੈ। ਅਜਿਹੀ ਸਥਿਤੀ ਹੀ ਇਨ੍ਹਾਂ ਮਜ਼ਦੂਰਾਂ ਦੀ ਬਣੀ। ਮੁੰਬਈ ਵਰਗੇ ਦੇਸ਼ ਦੇ ਅਨੇਕ ਮਹਾਂਨਗਰਾਂ ਵਿੱਚ ਸਥਾਪਿਤ ਉਦਯੋਗਾਂ ਵਿੱਚ ਯੂਪੀ, ਬਿਹਾਰ ਆਦਿ ਸੂਬਿਆਂ ਦੇ ਲੱਖਾਂ ਮਜਦੂਰ ਕੰਮ ਕਰਕੇ ਆਪਣੀ ਜੀਵਿਕਾ ਚਲਾਉਂਦੇ ਹਨ।

ਉਦਯੋਗ ਧੰਦੇ ਬੰਦ ਹੋਣ ਕਾਰਨ ਹੀ ਇਨ੍ਹਾਂ ਮਜਦੂਰਾਂ ਲਈ ਵੱਡੀ ਸਮੱਸਿਆ ਪੈਦਾ ਹੋਈ। 14 ਅਪਰੈਲ ਨੂੰ ਮੁਬੰਈ ਦੇ ਬਾਂਦਰਾ ਵਿਖੇ ਇਹ ਮਜਦੂਰ ਇਸ ਆਸ ਨਾਲ ਇਕੱਠੇ ਹੋਏ ਕਿ ਹੁਣ ਲਾਕਡਾਊਨ ਖੁੱਲ੍ਹ ਜਾਵੇਗਾ ਅਤੇ ਉਹ ਆਪਣੇ ਘਰਾਂ ਨੂੰ ਜਾ ਸਕਣਗੇ। ਜਦੋਂ ਅਜਿਹਾ ਨਹੀਂ ਹੋਇਆ ਤਾਂ ਇਨ੍ਹਾਂ ਮਜਦੂਰਾਂ ਨੇ ਸਰਕਾਰ ਤੋਂ ਬਿਹਾਰ ਅਤੇ ਯੂਪੀ ਲਈ ਰੇਲ ਗੱਡੀਆਂ ਚਲਾਏ ਜਾਣ ਦੀ ਮੰਗ ਕੀਤੀ ਪਰ ਜਦੋਂ ਅਜਿਹਾ ਨਹੀਂ ਹੋ ਸਕਿਆ ਤਾਂ ਇਹ ਪਰਿਵਾਰ ਪੈਦਲ ਹੀ ਆਪਣੇ ਘਰਾਂ ਵੱਲ ਨੂੰ ਨਿੱਕਲ ਤੁਰੇ।

ਇਹ ਕੋਈ ਪ੍ਰਦਰਸ਼ਨ ਨਹੀਂ ਕਰ ਰਹੇ ਸਨ ਤੇ ਨਾ ਹੀ ਇਨ੍ਹਾਂ ਦੀ ਕੋਈ ਮੰਗ ਸੀ। ਇਹ ਤਾਂ ਸਿਰਫ਼ ਆਪਣੇ ਘਰਾਂ ਤੱਕ ਪਹੁੰਚਣਾ ਚਾਹੁੰਦੇ ਸਨ। ਇਨ੍ਹਾਂ ਮਜਦੂਰਾਂ ਨੂੰ ਅਲੱਗ-ਅਲੱਗ ਸੂਬਿਆਂ ਦੀਆਂ ਸੀਮਾਵਾਂ ‘ਤੇ ਰੋਕਿਆ ਗਿਆ ਅਤੇ ਸਰਕਾਰ ਵੱਲੋਂ ਇਨ੍ਹਾਂ ਲਈ ਸ਼ੈਲਟਰ ਹਾਊਸ ਬਣਾਏ ਗਏ।

ਆਖਿਰ ਹੁਣ ਜਦੋਂ ਤਾਲਾਬੰਦੀ ਨੂੰ ਅੱਗੇ ਵਧਾ ਦਿੱਤਾ ਗਿਆ ਹੈ ਤਾਂ ਇਨ੍ਹਾਂ ਮਜਦੂਰਾਂ ਲਈ ਸ਼ੈਲਟਰ ਹਾਊਸਾਂ ਵਿੱਚ ਵੀ ਐਨਾ ਲੰਮਾਂ ਸਮਾਂ ਰੁਕਣਾ ਸੰਭਵ ਨਹੀਂ। ਹੁਣ ਭਾਵੇਂ ਸਰਕਾਰ ਵੱਲੋਂ ਵਿਸ਼ੇਸ਼ ਰੇਲ ਗੱਡੀ ਚਲਾ ਕੇ ਇਨ੍ਹਾਂ ਮਜਦੂਰਾਂ ਨੂੰ ਆਪਣੇ-ਆਪਣੇ ਘਰਾਂ ਤੱਕ ਪਹੁੰਚਾਉਣ ਦੇ ਯਤਨ ਤਾਂ ਜਾਰੀ ਹਨ ਪਰ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਪਹਿਲਾਂ ਆਪਣੇ ਘਰਾਂ ਨੂੰ ਆਪਣੀ ਕਮਾਈ ਕੁਝ ਪੂੰਜੀ ਦਾ ਹਿੱਸਾ ਲੈ ਕੇ ਜਾਣ ਵਾਲੇ ਇਹ ਮਜਦੂਰ ਅੱਜ ਖਾਲੀ ਜੇਬ੍ਹਾਂ ਅਤੇ ਖਾਲੀ ਢਿੱਡ ਆਪਣੇ ਸੂਬਿਆਂ ਵੱਲ ਨੂੰ ਦੁਖੀ ਮਨ ਨਾਲ ਪਰਤ ਰਹੇ ਹਨ।

ਜਿਨ੍ਹਾਂ ਪਰਿਵਾਰਾਂ ਦੀ ਜੀਵਨ ਰੇਖਾ ਹੀ ਨਿੱਤ ਦਿਨ ਦਿਹਾੜੀ ਕਰਕੇ ਚੱਲਦੀ ਹੈ ਆਖਿਰ ਉਹ ਆਉਣ ਵਾਲੇ ਸਮੇਂ ਵਿੱਚ ਆਪਣੇ ਪਰਿਵਾਰਾਂ ਦਾ ਢਿੱਡ ਕਿਵੇਂ ਭਰ ਸਕਣਗੇ? ਭਾਵੇਂ ਅੱਜ ਦੇਸ਼ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ ਪਰ ਕੇਂਦਰ ਸਰਕਾਰ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਪਰਵਾਸੀ ਮਜਦੂਰਾਂ ਦੀ ਹੈ ਜੋ ਵਿਵਸਥਾ ਦੀ ਘਾਟ ਕਾਰਨ ਦਰ-ਦਰ ਦੀਆਂ ਠ੍ਹੋਕਰਾਂ ਖਾਣ ਲਈ ਮਜ਼ਬੂਰ ਹੋ ਰਹੇ ਹਨ।

ਮਾਹਿਰਾਂ ਦਾ ਤਰਕ ਇਹ ਵੀ ਹੈ ਕਿ ਲਾਕਡਾਊਨ ਖਤਮ ਹੋਣ ਤੋਂ ਬਾਅਦ ਵੀ ਮੰਦੀ ਦਾ ਇਹ ਰੁਝਾਨ ਨਿਰੰਤਰ ਜਾਰੀ ਰਹੇਗਾ। ਕਾਮੇ ਕੰਮ ਦੀ ਭਾਲ ਵਿੱਚ ਇੱਧਰ-ਉੱਧਰ ਭਟਕਣਗੇ ਪਰ ਕੰਮ ਨਹੀਂ ਮਿਲੇਗਾ। ਇਸੇ ਰੁਝਾਨ ਨੂੰ ਵੇਖਦਿਆਂ ਹੀ ਉਦਯੋਗਾਂ ਦੇ ਮਾਲਕਾਂ ਨੇ ਕਾਮਿਆਂ ਦੀ ਛਾਂਟੀ ਕਰ ਦਿੱਤੀ ਹੈ।

ਬਹੁਤੇ ਉਦਯੋਗ ਲਾਕਡਾਊਨ ਖੁੱਲ੍ਹਣ ਤੋਂ ਬਾਅਦ ਵੀ ਬੰਦ ਰਹਿਣ ਦੀ ਨੌਬਤ ਆ ਸਕਦੀ ਹੈ। ਅਜਿਹੇ ਵਿੱਚ ਇਨ੍ਹਾਂ ਉਦਯੋਗਾਂ ਵਿੱਚ ਕੰਮ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨ ਵਾਲੇ ਮਜਦੂਰ ਆਖਿਰ ਕਿੱਧਰ ਜਾਣਗੇ, ਸਰਕਾਰ ਸਾਹਮਣੇ ਇਨ੍ਹਾਂ ਮਜਦੂਰਾਂ ਲਈ ਕੰਮ ਦੀ ਵਿਵਸਥਾ ਕਰਨਾ ਵੱਡੀ ਚੁਣੌਤੀ ਹੋਵੇਗਾ।

ਹਰਿਆਣਾ ਅਤੇ ਦਿੱਲੀ ਸਰਕਾਰ ਨੇ ਭਾਵੇਂ ਆਟੋ, ਰਿਕਸ਼ਾ ਚਾਲਕ ਮਜਦੂਰਾਂ ਲਈ ਕੁਝ ਰਾਹਤ ਦਾ ਐਲਾਨ ਵੀ ਕੀਤਾ ਹੈ ਪਰ ਅਜਿਹੀ ਰਾਹਤ ਨਾਲ ਮਜਦੂਰ ਪਰਿਵਾਰ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਿੰਨਾ ਕੁ ਸਮਾਂ ਚਲਾ ਸਕਣਗੇ ਇਹ ਅਜੇ ਵੀ ਵੱਡਾ ਸਵਾਲ ਬਣਿਆ ਹੋਇਆ ਹੈ। ਮਜਦੂਰ ਵਰਗ ਦੇਸ਼ ਦੀ ਆਰਥਿਕਤਾ ਦੀ ਨੀਂਹ ਹੈ ਤੇ ਇਸ ਨੀਂਹ ਨੂੰ ਮਜਬੂਤ ਕਰਕੇ ਰੱਖਣਾ ਸਰਕਾਰ ਦਾ ਹੀ ਫਰਜ਼ ਹੈ। ਇਸ ਲਈ ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਇਹ ਜਰੂਰੀ ਹੋ ਗਿਆ ਹੈ ਕਿ ਸਰਕਾਰ ਇਨ੍ਹਾਂ ਮਜਦੂਰਾਂ ਲਈ ਜਲਦੀ ਤੋਂ ਜਲਦੀ ਕੰਮ ਦੀ ਵਿਵਸਥਾ ਕਰੇ ਤਾਂ ਜੋ ਇਨ੍ਹਾਂ ਦੀ ਜ਼ਿੰਦਗੀ ਦੀ ਗੱਡੀ ਫਿਰ ਤੋਂ ਲੀਹ ‘ਤੇ ਆ ਸਕੇ।
ਐਲਨਾਬਾਦ, ਸਰਸਾ (ਹਰਿਆਣਾ)
ਮੋ. 94670-95953
ਜਗਤਾਰ ਸਮਾਲਸਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।