ਘਰਾਂ ‘ਚੋਂ ਨਿਕਲੇ ਮਨੁੱਖ ਨੇ ਪੰਜਾਬ ਦੀ ਆਬੋ-ਹਵਾ ਨੂੰ ਮੁੜ ਪਲੀਤ ਕਰਨਾ ਕੀਤਾ ਸ਼ੁਰੂ

0

ਬਹੁਤ ਵਧੀਆ ਹੋਇਆ ਹਵਾ ਕੁਆਲਟੀ ਦਾ ਪੱਧਰ ਮੁੜ ਵਿਗੜਨ ਲੱਗਾ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸਰਕਾਰ ਵੱਲੋਂ ਲਾਕਡਾਊਨ ਵਿੱਚ ਢਿੱਲ ਦੇਣ ਤੋਂ ਬਾਅਦ ਘਰਾਂ ਚੋਂ ਨਿੱਕਲੇ ਮਨੁੱਖਾਂ ਨੇ ਪੰਜਾਬ ਦੀ ਆਬੋ-ਹਵਾ ਨੂੰ ਮੁੜ ਪਲੀਤ ਕਰਨਾ ਸ਼ੁਰੂ ਕਰ ਦਿੱਤਾ ਹੈ। ਘਰਾਂ ‘ਚ ਕੈਦ ਕੀਤੇ ਮਨੁੱਖ ਕਰਕੇ ਜਿਹੜਾ ਵਾਤਾਵਰਨ ਦਹਾਕਿਆਂ ਬਾਅਦ ਸਾਫ਼ ਸੁਥਰਾ ਹੋਇਆ ਸੀ, ਉਸ ‘ਚ ਗੰਧਲੇਪਣ ਨੇ ਫ਼ਿਰ ਰਫ਼ਤਾਰ ਫੜ ਲਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਡਰ ਵੱਲੋਂ ਵੱਖ-ਵੱਖ ਸ਼ਹਿਰਾਂ ‘ਚ ਲਾਏ ਮੋਨੀਟਰਿੰਗ ਸਟੇਸ਼ਨ ਹਵਾ ਦਾ ਇੰਨਡੈਕਸ (ਏਕਿਊਆਈ) ਮੁੜ ਪ੍ਰਦੂਸਿਤ ਹੋਣ ਵੱਲ ਇਸ਼ਾਰਾ ਕਰਨ ਲੱਗੇ ਹਨ।

ਜਾਣਕਾਰੀ ਅਨੁਸਾਰ ਦੇਸ਼ ਭਰ ਅੰਦਰ ਕੋਰੋਨਾ ਸੰਕਟ ਦੇ ਚੱਲਦਿਆਂ 20 ਮਾਰਚ ਤੋਂ ਬਾਅਦ ਲਾਕਡਾਊਨ ਅਤੇ ਕਰਫਿਊ ਸ਼ੁਰੂ ਹੋ ਗਿਆ ਸੀ, ਜਿਸ ਕਾਰਨ ਮਨੁੱਖ ਨੂੰ ਘਰਾਂ ਵਿੱਚ ਕੈਦ ਕਰ ਦਿੱਤਾ ਗਿਆ ਸੀ।

ਆਵਜਾਈ ਦੇ ਸਾਧਨ, ਫੈਕਟਰੀਆਂ, ਉਦਯੋਗ ਆਦਿ ਸਭ ਕੁਝ ਠੱਪ ਹੋ ਗਿਆ ਸੀ। ਇਸ ਨਾਲ ਸਭ ਤੋਂ ਵੱਧ ਫਾਇਦਾ ਕੁਦਰਤੀ ਵਾਤਾਵਰਣ ਨੂੰ ਹੋਇਆ ਸੀ। ਦਹਾਕਿਆਂ ਬਾਅਦ ਇਹ ਪਹਿਲੀ ਵਾਰ ਸੀ, ਜਦੋਂ ਪੰਜਾਬ ਦੀ ਆਬੋ ਹਵਾ ਬਹੁਤ ਵਧੀਆ ਮਾਪੀ ਗਈ ਸੀ ਜੋ ਕਿ ਬਿਲਕੁੱਲ ਪ੍ਰਦੂਸ਼ਨ ਰਹਿਤ ਸੀ। ਇੱਥੋਂ ਤੱਕ ਕਿ ਜਲੰਧਰ ਸਮੇਤ ਹੋਰ ਥਾਵਾਂ ਤੋਂ ਗੁਆਂਢੀ ਮੁਲਕਾਂ ਦੇ ਪਹਾੜ ਵੀ ਨਜਰ ਆਉਣ ਲੱਗੇ ਸਨ।

ਇੱਧਰ ਹੁਣ ਮੁੜ ਸਰਕਾਰਾਂ ਵੱਲੋਂ ਐਲਾਨੀ ਕੈਦ ‘ਚੋਂ ਕੁਝ ਛੁਟਕਾਰਾਂ ਮਿਲਣ ਤੋਂ ਬਾਅਦ ਅਵਾਜਾਈ ਅਤੇ ਫੈਕਟਰੀਆਂ ਆਦਿ ਦੇ ਸ਼ੁਰੂ ਹੋਣ ਨਾਲ ਪੰਜਾਬ ਦੀ ਆਬੋ ਹਵਾ ਵਿੱਚ ਮੁੜ ਪਹਿਲਾਂ ਵਰਗੀ ਤਬਦੀਲੀ ਹੋਣੀ ਸ਼ੁਰੂ ਹੋ ਗਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੋਨੀਟਰਿੰਗ ਸਟੇਸ਼ਨ ਤਾਂ ਮੰਡੀ ਗੋਬਿੰਦਗੜ੍ਹ ਦੀ ਹਵਾ ਕੁਆਲਟੀ ਨੂੰ ਮੁੜ ਪੂਅਰ (ਖਰਾਬ) ਦਰਸਾਉਣ ਲੱਗੇ ਹਨ।

ਇੱਥੇ ਅੱਜ ਏਕਿਊਆਈ 242 ਦਰਜ਼ ਕੀਤਾ ਗਿਆ ਹੈ ਜੋ ਕਿ 3 ਅਪਰੈਲ ਨੂੰ ਲਾਕਡਾਊਨ ਦੌਰਾਨ ਸਿਰਫ਼ 37 ਏਕਿਊਆਈ ਸੀ। ਮੰਡੀ ਗੋਬਿੰਦਗੜ੍ਹ ਇੰਡਸਟਰੀ ਏਰੀਆ ਹੈ, ਜਿੱਥੇ ਕਿ ਕਾਫ਼ੀ ਫੈਕਟਰੀਆਂ ਲੱਗੀਆਂ ਹੋਈਆਂ ਹਨ। ਇੱਥੇ ਕੁਝ ਦਿਨਾਂ ‘ਚ ਹੀ ਹਵਾ ਦੀ ਮਾਤਰਾ ਖਰਾਬ ਹੋ ਗਈ ਹੈ। ਇਸ ਤੋਂ ਇਲਾਵਾ ਸ੍ਰੀ ਅੰਮ੍ਰਿਤਸਰ ਵਿਖੇ ਏਕਿਊਆਈ 142 ਦਰਜ਼ ਕੀਤਾ ਗਿਆ ਹੈ ਜੋ ਕਿ 3 ਅਪਰੈਲ ਨੂੰ 60 ਏਕਿਊਆਈ ਸੀ।

ਇਸੇ ਤਰ੍ਹਾਂ ਹੀ ਜੇਕਰ ਰੋਪੜ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਅੱਜ ਏਕਿਊਆਈ 142 ਦਰਜ਼ ਕੀਤਾ ਗਿਆ ਹੈ, ਜੋ ਕਿ 3 ਅਪਰੈਲ ਨੂੰ ਸਿਰਫ਼ 28 ਏਕਿਊਆਈ ਸੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਪਟਿਆਲਾ ਅੰਦਰ ਏਕਿਊਆਈ 127 ਹੈ ਜਦੋਂ ਕਿ ਬੰਦ ਦੌਰਾਨ ਸਿਰਫ਼ 21 ਏਕਿਊਆਈ ਹੀ ਦਰਜ਼ ਕੀਤਾ ਗਿਆ ਸੀ। ਖੰਨਾ ਵਿੱਚ ਲਾਏ ਮੋਨੀਟਰਿੰਗ ਸਟੇਸ਼ਨ ਅੱਜ 112 ਏਕਿਊਆਈ ਦਰਸਾ ਰਹੇ ਸਨ ਜਦਕਿ 3 ਅਪਰੈਲ ਨੂੰ ਇੱਥੇ ਵੀ ਏਕਿਊਆਈ 35 ਦਰਜ਼ ਕੀਤਾ ਗਿਆ ਸੀ ਜੋ ਕਿ ਬਹੁਤ ਵਧੀਆ ਹਵਾ ਕੁਆਲਟੀ ਦਰਸਾ ਰਿਹਾ ਸੀ।

ਜਲੰਧਰ ਅਤੇ ਬਠਿੰਡਾ ਦੀ ਹਵਾ ਕੁਆਲਟੀ ਵਿੱਚ ਵੀ ਵਿਗਾੜ ਵਧਿਆ ਹੈ। ਕੁਝ ਦਿਨ ਪਹਿਲਾਂ ਹੀ ਮਨੁੱਖ ਨੂੰ ਸਰਕਾਰ ਵੱਲੋਂ ਖੁੱਲ੍ਹਾ ਛੱਡਣ ਤੋਂ ਬਾਅਦ ਸੜਕਾਂ ‘ਤੇ ਵਾਹਨਾਂ ਦੀ ਗਿਣਤੀ ਤੇਜ ਹੋਈ ਸੀ ਅਤੇ ਕੁਝ ਫੈਕਟਰੀਆਂ ਅਤੇ ਉਦਯੋਗਾਂ ਨੇ ਵੀ ਰਫ਼ਤਾਰ ਫੜ ਲਈ ਸੀ, ਜਿਸ ਤੋਂ ਬਾਅਦ ਹੀ ਵਾਤਾਵਰਣ ਵਿੱਚ ਜਹਿਰੀਲੇ ਤੱਤ ਰਲਣੇ ਸ਼ੁਰੂ ਹੋ ਗਏ ਸਨ, ਜਿਸ ਨੇ ਹਵਾ ਦੀ ਸ਼ੁੱਧਤਾਂ ਨੂੰ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ।

ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਜਿਉਂ ਜਿਉਂ ਮਨੁੱਖ ਨੂੰ ਖੁੱਲ੍ਹ ਮਿਲਦੀ ਜਾਵੇਗੀ ਅਤੇ ਰੁਕੇ ਪਏ ਕੰਮ ਮੁੜ ਸ਼ੁਰੂ ਹੋ ਜਾਣਗੇ ਤਾਂ ਇਸ ਦਾ ਸਿੱਧਾ ਅਸਰ ਹਵਾ ‘ਤੇ ਪੈਣਾ ਸ਼ੁਰੂ ਹੋ ਜਾਵੇਗਾ। ਸਾਫ਼ ਹੋਇਆ ਵਾਤਾਰਵਣ ਜਲਦ ਹੀ ਮਨੁੱਖ ਦੀ ਵਜ੍ਹਾ ਨਾਲ ਬਿਮਾਰੀਆਂ ਵੰਡਣੀਆਂ ਸ਼ੁਰੂ ਕਰ ਦੇਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।