ਅਮਰਿੰਦਰ ਦੀ ਰਿਹਾਇਸ਼ ਘੇਰਨ ਜਾਂਦੇ ਮਾਸਟਰ ਮੋਟੀਵੇਟਰ ਪੁਲਿਸ ਨੇ ਭਜਾ-ਭਜਾ ਕੇ ਕੁੱਟੇ

0

ਕੁੱਟਮਾਰ ਕਾਰਨ ਕਈ ਮੋਟੀਵੇਟਰ ਹੋਏ ਜ਼ਖਮੀ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦੇ ਸ਼ਹਿਰ ਦੀ ਪੁਲਿਸ ਨੇ ਅੱਜ ਕਾਫ਼ੀ ਸਮੇਂ ਬਾਅਦ ਜਲ ਸਪਲਾਈ ਵਿਭਾਗ ਅਤੇ ਸੈਨੀਟੇਸ਼ਨ ਵਿਭਾਗ ‘ਚ ਕੰਮ ਕਰ ਰਹੇ ਮੋਟੀਵੇਟਰ ਤੇ ਮਾਸਟਰ ਮੋਟੀਵੇਟਰਾਂ ‘ਤੇ ਲਾਠੀਚਾਰਜ ਕਰਕੇ ਮੁੜ ਆਪਣੇ ਹੱਥ ਖੋਲ੍ਹ ਲਏ। ਇਸ ਦੌਰਾਨ ਪੁਲਿਸ ਨੇ ਇਨ੍ਹਾਂ ਮਾਸਟਰ ਮੋਟੀਵੇਟਰਾਂ ‘ਤੇ ਭਜਾ-ਭਜਾ ਕੇ ਡੰਡੇ ਬਰਸਾਏ ਅਤੇ ਕਾਬੂ ਕਰਨ ਸਮੇਂ ਕਥਿਤ ਤੌਰ ‘ਤੇ ਅੱਭਦਰ ਭਾਸ਼ਾ ਦਾ ਵੀ ਪ੍ਰਯੋਗ ਵੀ ਕੀਤਾ ਗਿਆ। ਇਸ ਧੱਕਾ ਮੁੱਕੀ ਅਤੇ ਲਾਠੀਚਾਰਜ ‘ਚ ਕੁਝ ਮੋਟੀਵੇਟਰਾਂ ਦੇ ਬੇਹੋਸ਼ ਹੋਣ ਦੀ ਵੀ ਖ਼ਬਰ ਹੈ। ਇਹ ਮਾਸਟਰ ਮੋਟੀਵੇਟਰ ਆਪਣੀਆਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਅੱਜ ਇੱਥੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਪੁੱਜੇ ਹੋਏ ਸਨ। ਇੱਧਰ ਪੁਲਿਸ ਵੱਲੋਂ ਵੀ ਮੋਤੀ ਮਹਿਲ ਦੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ।

ਜਾਣਕਾਰੀ ਅਨੁਸਾਰ ਮੋਟੀਵੇਟਰ ਅਤੇ ਮਾਸਟਰ ਮੋਟੀਵੇਟਰ ਪਹਿਲਾਂ ਇੱਥੇ ਫੁਹਾਰਾ ਚੌਂਕ ਵਿਖੇ ਇਕੱਠੇ ਹੋਏ ਅਤੇ ਇਸ ਤੋਂ ਬਾਅਦ ਇਨ੍ਹਾਂ ਮੋਤੀ ਮਹਿਲ ਵੱਲ ਚਾਲੇ ਪਾ ਦਿੱਤੇ। ਵੱਡੀ ਗਿਣਤੀ ਪੁਲਿਸ ਫੋਰਸ ਨੇ ਇਨ੍ਹਾਂ ਨੂੰ ਪੋਲੋਂ ਗਰਾਊਂਡ ਵਿਖੇ ਰੋਕ ਲਿਆ। ਇਸੇ ਦੌਰਾਨ ਹੀ ਇਹ ਮੋਟੀਵੇਟਰ ਪੁਲਿਸ ਦਾ ਘੇਰਾ ਤੋੜ ਕੇ ਅੱਗੇ ਵੱਧਣ ਦੀ ਕੋਸ਼ਿਸ ਕਰਨ ਲੱਗੇ ਤਾਂ ਇੱਥੇ ਪੁਲਿਸ ਵੱਲੋਂ ਇਨ੍ਹਾਂ ਨਾਲ ਧੱਕਾ ਮੁੱਕੀ ਕੀਤੀ ਗਈ। ਇਸ ਤੋਂ ਬਾਅਦ ਇਨ੍ਹਾਂ ਨੇ ਇੱਥੇ ਹੀ ਧਰਨਾ ਠੋਕ ਦਿੱਤਾ। ਕੁਝ ਸਮੇਂ ਬਾਅਦ ਮੁੜ ਮੋਟੀਵੇਟਰਾਂ ਵੱਲੋਂ ਮੋਤੀ ਮਹਿਲਾਂ ਵੱਲ ਵਧਣ ਦਾ ਯਤਨ ਕੀਤਾ ਗਿਆ ਅਤੇ ਪੁਲਿਸ ਦਾ ਘੇਰਾ ਤੋੜ ਕੇ ਵਾਈਪੀਐਸ ਚੌਂਕ ਵੱਲ ਵੱਧਣ ਲੱਗੇ, ਜਿੱਥੇ ਪੁਲਿਸ ਵੱਲੋਂ ਇਨ੍ਹਾਂ ਨੂੰ ਖਦੇੜਨ ਲਈ ਲਾਠੀਚਾਰਜ਼ ਕੀਤਾ ਗਿਆ ਅਤੇ ਕਈ ਮੋਟੀਵੇਟਰ ਨੌਜਵਾਨਾਂ ਨੂੰ ਭਜਾ-ਭਜਾ ਕੇ ਕੁੱਟਿਆ ਗਿਆ।

ਜਦੋਂ ਪੁਲਿਸ ਵੱਲੋਂ ਇਨ੍ਹਾਂ ਨੂੰ ਫੜਿਆ ਜਾ ਰਿਹਾ ਸੀ ਤਾਂ ਉਸ ਸਮੇਂ ਅਭੱਦਰ ਭਾਸ਼ਾ ਦਾ ਪ੍ਰਯੋਗ ਵੀ ਕੀਤਾ ਗਿਆ। ਪੁਲਿਸ ਵੱਲੋਂ ਇਨ੍ਹਾਂ ਵਿੱਚੋਂ ਕਈਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਦੌਰਾਨ ਕਈਆਂ ਦੇ ਬੇਹੋਸ਼ ਹੋਣ ਦੀ ਵੀ ਖ਼ਬਰ ਹੈ । ਇਸ ਮੌਕੇ ਮੋਟੀਵੇਟਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਸੋਢੀ ਅਤੇ ਵਾਇਸ ਪ੍ਰਧਾਨ ਸੁਖਵਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਮੋਟੀਵੇਟਰ ਕਾਫ਼ੀ ਸਮੇਂ ਤੋਂ ਸਵੱਛ ਭਾਰਤ, ਸਵੱਛ ਪੰਜਾਬ ਅÎਭਿਆਨ ਤਹਿਤ ਪਿੰਡਾਂ ਵਿੱਚ ਲੋਕਾਂ ਨੂੰ ਪਾਣੀ ਦੀ ਸੰਭਾਲ ਅਤੇ ਸਵੱਛਤਾ ਬਾਰੇ ਜਾਗਰੂਕ ਕਰਦੇ ਆ ਰਹੇ ਹਨ। ਉਹ ਸਵੇਰੇ ਪੰਜ ਵਜੇ ਤੋਂ ਲੈ ਕੇ ਦੇਰ ਰਾਤ ਤੱਕ ਡਿਊਟੀ ਕਰਦੇ ਹਨ ਪਰ ਸਰਕਾਰ ਨੇ ਨਵੀਂ ਭਰਤੀ ਕੱਢ ਕੇ ਮੋਟੀਵੇਟਰਾਂ ਨੂੰ ਰੁਜ਼ਗਾਰ ਤੋਂ ਵਾਂਝਾ ਕਰ ਦਿੱਤਾ ਹੈ।

ਜਿਸ ਦਾ ਮੋਟੀਵੇਟਰਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਯੂਨੀਅਨ ਨੇ ਮੰਗ ਕੀਤੀ ਕਿ ਜਿਹੜੀਆਂ ਪੋਸਟਾਂ ਸਰਕਾਰ ਨੇ ਕੱਢੀਆਂ ਹਨ, ਉਨ੍ਹਾਂ ਪੋਸਟਾਂ ‘ਤੇ ਪਹਿਲਾਂ ਤੋਂ ਕੰਮ ਕਰ ਰਹੇ ਮੋਟੀਵੇਟਰਾਂ ਨੂੰ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਬਿਨਾਂ ਸ਼ਰਤ ਮਹਿਕਮੇ ਵਿੱਚ ਸ਼ਾਮਲ ਨਾ ਕੀਤਾ ਤੇ ਮਹੀਨਾਵਾਰ ਤਨਖਾਹ ਦਾ ਪ੍ਰਬੰਧ ਨਾ ਕੀਤਾ ਤਾਂ ਇਹ ਸੰਘਰਸ਼ ਵਿੱਚ ਮਰਨ ਵਰਤ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਮੌਕੇ ਤਹਿਸੀਲਦਾਰ ਵੱਲੋਂ ਆਕੇ ਭਾਵੇਂ ਇਨ੍ਹਾਂ ਦੀ ਗੱਲ ਸੁਣੀ ਗਈ, ਪਰ ਉਨ੍ਹਾਂ ਮੋਟੀਵੇਟਰਾਂ ‘ਤੇ ਹੀ ਦੋਸ਼ ਮੜਦਿਆਂ ਕਿਹਾ ਕਿ ਇਨ੍ਹਾਂ ਵੱਲੋਂ ਧੱੱਕਾ ਕੀਤਾ ਗਿਆ ਹੈ। ਇਸ ਮੌਕੇ ਡੀਐਸਪੀ ਸਿਟੀ 1 ਯੋਗੇਸ਼ ਸ਼ਰਮਾ, ਥਾਣਾ ਤ੍ਰਿਪੜੀ ਦੇ ਇੰਚਾਰਜ਼ ਹਰਜਿੰਦਰ ਢਿੱਲੋਂ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਪਾਰਟੀ ਵੀ ਮੌਜੂਦ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.