ਮਾਂ ਨੇ ਨਸ਼ੇ ਲਈ ਨਾ ਦਿੱਤੇ ਪੈਸੇ ਤਾਂ ਘਰ ਨੂੰ ਹੀ ਲਾ ਦਿੱਤੀ ਅੱਗ

0
124

ਅੱਗ ਕਾਰਨ ਘਰ ਦਾ ਸਾਰਾ ਸਾਮਾਨ ਸੜ ਕੇ ਹੋਇਆ ਸੁਆਹ

(ਵਿੱਕੀ ਕੁਮਾਰ) ਮੋਗਾ। ਜਿੱਥੇ ਇੱਕ ਪਾਸੇ ਕਾਂਗਰਸ ਸਰਕਾਰ ਨਸ਼ੇ ਖ਼ਤਮ ਹੋਣ ਦੇ ਬਹੁਤ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਸੱਚਾਈ ਇਸ ਤੋਂ ਕੋਹਾਂ ਦੂਰ ਹੈ। ਪੰਜਾਬ ਵਿੱਚ ਨਸ਼ਿਆਂ ਦੇ ਛੇਵੇਂ ਦਰਿਆ ਨੇ ਘਰਾਂ ਦੇ ਘਰ ਉਜਾੜ ਕੇ ਰੱਖ ਦਿੱਤੇ ਹਨ। ਮੋਗਾ ਦੇ ਪਿੰਡ ਸਲੀਣਾ ਵਿੱਚ ਮਾਂ ਨੇ ਆਪਣੇ ਪੁੱਤ ਨੂੰ ਨਸ਼ੇ ਲਈ 200 ਰੁਪਏ ਨਾ ਦਿੱਤੇ ਤਾਂ 24 ਸਾਲਾ ਨੌਜਵਾਨ ਨੇ ਰਾਤ ਨੂੰ ਆਪਣੇ ਘਰ ਨੂੰ ਹੀ ਅੱਗ ਲਗਾ ਦਿੱਤੀ। ਜਦੋਂ ਕਮਰੇ ਨੂੰ ਅੱਗ ਲੱਗੀ ਤਾਂ ਪਰਿਵਾਰ ਵਾਲਿਆਂ ਨੂੰ ਨੀਂਦ ਨਹੀਂ ਆਈ ਸੀ, ਪਰ ਜਦੋਂ ਤੱਕ ਪਰਿਵਾਰ ਨੂੰ ਅੱਗ ਦਾ ਪਤਾ ਲੱਗਾ ਤਾਂ ਕਮਰੇ ਦੇ ਚਾਰੇ ਪਾਸੇ ਅੱਗ ਦੀਆਂ ਲਪਟਾਂ ਉੱਠਣੀਆਂ ਸ਼ੁਰੂ ਹੋ ਗਈਆਂ। ਮਾਪਿਆਂ ਅਤੇ ਚਾਰ ਭੈਣਾਂ ਨੇ ਅੱਗ ਦੀਆਂ ਲਪਟਾਂ ਵਿਚਕਾਰ ਭੱਜ ਕੇ ਆਪਣੀ ਜਾਨ ਤਾਂ ਬਚਾ ਲਈ, ਪਰ ਘਰ ਦਾ ਸਾਰਾ ਸਾਮਾਨ ਨਾ ਬਚਾ ਸਕੀਆਂ ਅਤੇ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਪਰਿਵਾਰਕ ਮੈਂਬਰ ਸੁੱਤੇ ਹੁੰਦੇ ਤਾਂ ਵੱਡਾ ਹਾਦਸਾ ਹੋ ਸਕਦਾ ਸੀ

ਪਰਿਵਾਰ ਨੇ ਪੁਲਿਸ ’ਤੇ ਗੁੱਸਾ ਦਿਖਾਉਂਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਥਾਣਾ ਸਦਰ ਦੀ ਪੁਲਿਸ ਨੂੰ ਬੇਟੇ ਦੀ ਸ਼ਿਕਾਇਤ ਕੀਤੀ ਸੀ ਪਰ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਜੇਕਰ ਪਰਿਵਾਰਕ ਮੈਂਬਰ ਸੁੱਤੇ ਹੁੰਦੇ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਨੌਜਵਾਨ ਦਾ ਆਪਣੀ ਪਤਨੀ ਨਾਲ ਨਸ਼ਾ ਕਰਨ ਦੀ ਆਦਤ ਕਾਰਨ ਡੇਢ ਮਹੀਨਾ ਪਹਿਲਾਂ ਤਲਾਕ ਹੋ ਚੁੱਕਾ ਹੈ।
ਜਾਣਕਾਰੀ ਅਨੁਸਾਰ ਥਾਣਾ ਸਦਰ ਅਧੀਨ ਪੈਂਦੇ ਪਿੰਡ ਸਲੀਣਾ ’ਚ 24 ਸਾਲ ਦਾ ਨੌਜਵਾਨ ਹਰਜੀਵਨ ਸਿੰਘ ਉਰਫ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਦਾ 6 ਸਾਲ ਪਹਿਲਾਂ ਵਿਆਹ ਹੋਇਆ ਸੀ। ਉਸਦੀ ਇੱਕ ਛੋਟੀ ਕੁੜੀ ਹੈ।

ਨਸ਼ੇ ਦੀ ਲਤ ਕਾਰਨ ਡੇਢ ਮਹੀਨਾ ਪਹਿਲਾਂ ਉਸ ਦਾ ਤਲਾਕ ਹੋ ਗਿਆ ਸੀ। ਉਸਦੀ ਮਾਤਾ ਨੇ ਦੱਸਿਆ ਕਿ ਉਸ ਦਾ ਲੜਕਾ ਸਵੇਰੇ 200 ਰੁਪਏ ਚਿੱਟੇ ਲਈ ਲੈ ਗਿਆ ਸੀ। ਸ਼ਾਮ ਨੂੰ ਉਹ ਫਿਰ ਤੋਂ 200 ਰੁਪਏ ਮੰਗ ਰਿਹਾ ਸੀ ਤਾਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਨਾਰਾਜ਼ ਹੋ ਕੇ ਜਦੋਂ ਸਾਰਾ ਪਰਿਵਾਰ ਖਾਣਾ ਖਾ ਕੇ ਸੌਂ ਗਿਆ ਤਾਂ ਹਰਜੀਵਨ ਰਾਤ ਸਾਢੇ 9 ਵਜੇ ਗੁੱਸੇ ਵਿੱਚ ਘਰ ਪਹੁੰਚ ਗਿਆ। ਉਸ ਨੇ ਕਮਰੇ ਦੇ ਬਾਹਰ ਰੱਖੇ ਸਾਮਾਨ ਨੂੰ ਅੱਗ ਲਗਾਉਣੀ ਸ਼ੁਰੂ ਕਰ ਦਿੱਤੀ, ਜਿੱਥੇ ਪਰਿਵਾਰਕ ਮੈਂਬਰ ਸੌਂ ਰਹੇ ਸਨ। ਸਰਦੀ ਦਾ ਮੌਸਮ ਹੋਣ ਕਾਰਨ ਅੱਗ ਲੱਗਣ ਬਾਰੇ ਪਰਿਵਾਰਕ ਮੈਂਬਰਾਂ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਅੱਗ ਦੀਆਂ ਲਪਟਾਂ ਕਮਰੇ ਦੇ ਦਰਵਾਜ਼ੇ ਤੱਕ ਪਹੁੰਚੀਆਂ, ਪਰ ਉਦੋਂ ਤੱਕ ਘਰ ਦਾ ਸਾਰਾ ਸਾਮਾਨ ਸੜ ਗਿਆ ਸੀ।

ਬਾਅਦ ’ਚ ਜਦੋਂ ਪੀੜਤ ਪਰਿਵਾਰ ਨੇ ਰਾਤ ਨੂੰ ਹੀ ਇਸ ਦੀ ਸੂਚਨਾ ਥਾਣਾ ਸਦਰ ਨੂੰ ਦੁਬਾਰਾ ਦਿੱਤੀ ਤਾਂ ਪੁਲਿਸ ਨੇ ਰਾਤ ਨੂੰ ਹੀ ਮੌਕੇ ’ਤੇ ਪਹੁੰਚ ਕੇ ਅੱਗ ਬੁਝਾ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮੁਲਜ਼ਮ ਨੂੰ ਸਵੇਰੇ ਹਿਰਾਸਤ ਵਿੱਚ ਲੈ ਲਿਆ।

ਥਾਣਾ ਇੰਚਾਰਜ ਡੀਐਸਪੀ (ਅਡੀਸ਼ਨਲ) ਜਤਿਨ ਬਾਂਸਲ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਖ਼ੁਦ ਮੌਕੇ ’ਤੇ ਪੁੱਜੇ। ਮੁਲਜ਼ਮ ਨੂੰ ਹਿਰਾਸਤ ’ਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ 5 ਨਵੰਬਰ ਨੂੰ ਪਿੰਡ ਰੌਲੀ ’ਚ ਵੀ ਪੁਲਿਸ ਨੇ ਪਿੰਡ ’ਚ ਨਸ਼ਾ ਵੇਚਣ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਤਾਂ ਪਿੰਡ ਦੇ ਲੋਕਾਂ ਨੂੰ ਖੁਦ ਮੋਰਚਾ ਖੋਲ੍ਹਣਾ ਪਿਆ ਸੀ। ਨਸ਼ੇ ਵੇਚਣ ਵਾਲਿਆਂ ਖਿਲਾਫ ਇਸ ਮਾਮਲੇ ਦੀ ਸੂਚਨਾ ਉਪ ਮੁੱਖ ਮੰਤਰੀ ਨੂੰ ਦਿੱਤੀ। ਉਸ ਦੇ ਹੁਕਮਾਂ ’ਤੇ ਪੁਲਿਸ ਸਰਗਰਮ ਹੋ ਗਈ ਤਾਂ ਤਿੰਨ ਵਿਅਕਤੀਆਂ ਨੂੰ ਫੜਿਆ ਗਿਆ। ਨਸ਼ਾ ਤਸਕਰਾਂ ਦੇ ਮਾਮਲੇ ’ਚ ਲੋਕਾਂ ਦਾ ਪੁਲਿਸ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ