ਖੇਡ ਕਬੱਡੀ ਦੀ ਬਹੁਪੱਖੀ ਸ਼ਖਸੀਅਤ, ਰਾਜ ਕਕਰਾਲਾ

0
452

ਖੇਡ ਕਬੱਡੀ ਦੀ ਬਹੁਪੱਖੀ ਸ਼ਖਸੀਅਤ, ਰਾਜ ਕਕਰਾਲਾ

ਮਾਂ ਖੇਡ ਕਬੱਡੀ ਅਜੋਕੇ ਦੌਰ ਵਿੱਚ ਕਾਫੀ ਸਿਖਰਾਂ ਤੱਕ ਪਹੁੰਚ ਗਈ ਹੈ ਤੇ ਇਸ ਨੂੰ ਪਿਆਰ ਕਰਨ ਵਾਲੇ ਦਰਸ਼ਕ ਤੇ ਇਸ ਖੇਡ ਨੂੰ ਪ੍ਰਫੁਲਿਤ ਕਰਨ ਲਈ ਬਹੁਤ ਸਾਰੇ ਖਿਡਾਰੀਆਂ ਦੇ ਯੋਗਦਾਨ ਸਦਕਾ ਅੱਜ ਇਹ ਖੇਡ ਕੱਖਾਂ ਤੋਂ ਲੱਖਾਂ ਦੀ ਹੋ ਚੁੱਕੀ ਹੈ, ਤੇ ਅਜੋਕੇ ਸਮੇਂ ਖੇਡ ਪ੍ਰੇਮੀਆਂ ਦੇ ਸਿਰ ਇਸ ਖੇਡ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਹੈ। ਇਸੇ ਕਤਾਰ ਵਿੱਚ ਦੇ ਸੁਪਰ-ਸਟਾਰ ਰੇਡਰ ਜੋਗੀ ਦੇਧਣਾਂ ਦੇ ਗੁਆਂਢੀ ਪਿੰਡ ਕਕਰਾਲਾ (ਭਾਈਕਾ) ਦਾ ਜੰਮਪਲ ਰਾਜਵੀਰ ਸਿੰਘ ਕਕਰਾਲਾ ਜੋ ਕਿ ਸ਼ੁਰੂਆਤੀ ਦੌਰ ਤੋਂ ਹੀ ਕਬੱਡੀ ਖਿਡਾਰੀ ਹੋਣ ਦੇ ਨਾਲ-ਨਾਲ ਹੁਣ ਵਰਤਮਾਨੀ ਸਮੇਂ ਬਹੁਤ ਹੀ ਸਫਲ ਕਬੱਡੀ ਰੈਫਰੀ ਵਜੋਂ ਆਪਣੀ ਪਹਿਚਾਣ ਬਣਾ ਰਿਹਾ ਹੈ। ਇਸ ਖਿਡਾਰੀ ਦਾ ਜਨਮ 5 ਮਈ 1979 ਨੂੰ ਸਮਾਣਾ ਨੇੜੇ ਪਿੰਡ ਕਕਰਾਲਾ ਭਾਈਕਾ ਵਿਖੇ ਪਿਤਾ ਸ੍ਰ: ਕਰਨੈਲ ਸਿੰਘ ਦੇ ਘਰ ਮਾਤਾ ਬਲਵਿੰਦਰ ਕੋਰ ਦੀ ਕੁੱਖੋਂ ਹੋਇਆ। ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ, ਇਸ ਸ਼ਖਸੀਅਤ ਨੂੰ ਇਲਾਕੇ ਵਿੱਚ ਰਾਜ ਕਕਰਾਲਾ ਦੇ ਨਾਂਅ ਨਾਲ ਹੀ ਜਾਣਿਆ ਜਾਂਦਾ ਹੈ।

ਇਸ ਖਿਡਾਰੀ ਨੇ ਆਪਣੇ ਹੀ ਪਿੰਡ ਦੇ ਸ੍ਰ: ਅਮਰੀਕ ਸਿੰਘ ਧਾਲੀਵਾਲ ਜੀ ਦੀ ਪ੍ਰੇਰਨਾ ਸਦਕਾ 28 ਕਿੱਲੋ ਵਜਨ ਤੋਂ ਪਿੰਡ ਦੁਗਾਲ ਤੋਂ ਕਬੱਡੀ ਦੀ ਸ਼ੁਰੂਆਤ ਕੀਤੀ ਅਤੇ ਆਪਣੀ ਅਣਥੱਕ ਮਿਹਨਤ ਸਦਕਾ ਹਰ ਵਜਨ ਦੀ ਕਬੱਡੀ ਖੇਡੀ, ਅਤੇ 62 ਕਿਲੋ ਵਜਨੀ ਕਬੱਡੀ ਵਿੱਚ ਇਸ ਖਿਡਾਰੀ ਦੀ ਸ਼ਾਨਦਾਰ ਕਬੱਡੀ ਸਦਕਾ ਕਕਰਾਲਾ ਦੀ ਟੀਮ ਪੂਰੇ ਪੰਜਾਬ ਵਿੱਚ ਆਪਣੀ ਉੱਚ ਖੇਡ ਸਦਕਾ ਆਪਣਾ ਵੱਖਰਾ ਸਥਾਨ ਰੱਖਦੀ ਸੀ। ਭਾਵੇਂ ਟੀਮ ਵਿੱਚ ਹੋਰ ਵੀ ਬਹੁਤ ਸਾਰੇ ਖਿਡਾਰੀ ਸਨ, ਪਰ ਇਸ ਖਿਡਾਰੀ ਦਾ ਯੋਗਦਾਨ ਬਹੁਤ ਅਹਿਮ ਸੀ। ਵਜਨੀ ਕਬੱਡੀ ਵਿੱਚ ਆਪਣੀ ਵੱਖਰੀ ਛਾਪ ਛੱਡਣ ਤੋਂ ਬਾਅਦ ਰਾਜਵੀਰ ਨੇ ਓਪਨ ਕਬੱਡੀ ਵਿੱਚ ਪੈਰ ਰੱਖਿਆ ਤੇ ਉਸੇ ਸਮੇਂ ਤੋਂ ਹੀ ਆਪਣੀ ਕੈਂਚੀ ਰੂਪੀ ਦਾਅ ਨਾਲ ਕਾਫੀ ਪ੍ਰਸਿੱਧੀ ਹਾਸਲ ਕੀਤੀ।

ਅਕੈਡਮੀ ਸਥਾਪਨਾ: ਕਬੱਡੀ ਜਗਤ ਦੇ ਥੰਮ੍ਹ ਵਜੋਂ ਜਾਣੇ ਜਾਂਦੇ ਗੁਰਮੇਲ ਸਿੰਘ ਪ੍ਰਧਾਨ ਦਿੜ੍ਹਬਾ ਨੇ ਸੰਨ 2006 ਤੋਂ ਇੱਕੋ ਟੀਮ ਦੇ ਚਾਰ ਖਿਡਾਰੀ ਰਾਜ ਕਕਰਾਲਾ ਤੇ ਉਸਦੇ ਸਾਥੀ ਖਿਡਾਰੀਆਂ ਮੇਜਰ ਕਕਰਾਲਾ, ਮੌੜ ਕਕਰਾਲਾ ਤੇ ਕਾਲਾ ਝਨੇੜੀ ਨੂੰ ਲੈ ਕੇ ਕਬੱਡੀ ਅਕੈਡਮੀ ਦੀ ਸਥਾਪਨਾ ਕੀਤੀ, ਤੇ ਇਹ ਅਕੈਡਮੀ ਅੱਜ ਪੂਰੇ ਵਿਸ਼ਵ ਵਿੱਚ ਤੇ ਕਬੱਡੀ ਜਗਤ ਵਿੱਚ ਬਹੁਤ ਅਹਿਮ ਕਬੱਡੀ ਦੀ ਸੰਸਥਾ ਵਜੋਂ ਸਥਾਨ ਰੱਖਦੀ ਹੈ। ਰਾਜ ਨੇ ਦਿੜ੍ਹਬਾ ਵੱਲੋਂ ਖੇਡਦੇ ਹੋਏ ਉਸ ਸਮੇਂ ਦੇ ਸਾਰੇ ਚੋਟੀ ਦੇ ਰੇਡਰਾਂ ਤੋਂ ਆਪਣਾ ਲੋਹਾ ਮਨਵਾਇਆ, ਤੇ ਉਸ ਸਮੇਂ ਦੇ ਬਹੁਤ ਚੋਟੀ ਦੇ ਖਿਡਾਰੀ ਰਾਜ ਨੂੰ ਟੱਚ ਲੈਣ ਤੋਂ ਖੌਫ ਖਾਂਦੇ ਸਨ। ਤੇ ਇਸ ਤਰ੍ਹਾਂ ਆਪਣੀ ਸ਼ਾਨਦਾਰ ਖੇਡ ਦੀ ਬਦੌਲਤ ਕਬੱਡੀ ਦੇ ਹਰ ਮੈਦਾਨ ਵਿੱਚ ਕਬੱਡੀ ਨੂੰ ਚਾਹੁਣ ਵਾਲਿਆਂ ਵਿੱਚ ਰਾਜ ਦੇ ਜੱਫਿਆਂ ਦੀ ਚਰਚਾ ਹੋਣ ਲੱਗੀ।

ਉਸ ਸਮੇਂ ਦੇ ਮਸ਼ਹੂਰ ਕਬੱਡੀ ਖਿਡਾਰੀ ਕਿੰਦਾ ਬਿਹਾਰੀਪੁਰੀਆ, ਸੰਦੀਪ ਲੁੱਧਰ ਤੇ ਜੋਗੀ ਦੇਧਣਾਂ ਬਾਬਾ ਜਲਾਲਦੀਵਾਲ, ਗੁਲਜਾਰੀ ਮੂਣਕ ਅਤੇ ਹੋਰ ਕਈ ਨਾਮੀ ਕਬੱਡੀ ਜਗਤ ਦੀਆਂ ਹਸਤੀਆਂ ਨੂੰ ਫੜ੍ਹ-ਫੜ੍ਹ ਕੇ ਆਪਣਾ ਨਾਂਅ ਚੰਗੇ ਖਿਡਾਰੀਆਂ ਵਿੱਚ ਸ਼ਾਮਲ ਕੀਤਾ।

ਜੀਵਨ ਘਟਨਾਵਾਂ: ਜਿਸ ਸਮੇਂ ਰਾਜ ਕਕਰਾਲਾ ਦੀ ਖੇਡ ਸਿਖਰਾਂ ’ਤੇ ਸੀ ਤੇ ਜਿਸ ਸਦਕਾ ਉਸਨੇ ਮੈਦਾਨਾਂ ਵਿੱਚ ਆਪਣੀ ਧਾਕ ਕਾਇਮ ਕੀਤੀ ਹੋਈ ਸੀ ਤੇ ਉਸ ਸਮੇਂ ਦੌਰਾਨ ਉਹ ਮੈਚ ਦੌਰਾਨ ਹੀ ਗੋਡੇ ਦੀ ਸੱਟ ਦਾ ਸ਼ਿਕਾਰ ਹੋ ਗਿਆ। ਜਿਸ ਕਾਰਨ ਰਾਜ ਨੂੰ ਕਾਫੀ ਸਮਾਂ ਖੇਡ ਦੇ ਮੈਦਾਨ ਤੋਂ ਬਾਹਰ ਰਹਿਣਾ ਪਿਆ। ਬਚਪਨ ਤੋਂ ਹੀ ਦਿਨ-ਰਾਤ ਮਿਹਨਤ ਕਰਕੇ ਇਸ ਮੁਕਾਮ ’ਤੇ ਪਹੁੰਚੇ ਰਾਜ ਲਈ ਇਹ ਬਹੁਤ ਵੱਡਾ ਦੁੱਖ ਸੀ, ਪਰ ਰਾਜ ਨੇ ਆਪਣੇ ਦੋਸਤਾਂ-ਮਿੱਤਰਾਂ ਤੇ ਪਰਿਵਾਰ ਦੀ ਸਪੋਟ ਸਦਕਾ ਗੋਡੇ ਦੀ ਸੱਟ ਦੇ ਇਲਾਜ ਤੋਂ ਤਕਰੀਬਨ ਇੱਕ ਸਾਲ ਬਾਅਦ ਮੁੜ ਮੈਦਾਨ ’ਚ ਵਾਪਸੀ ਕੀਤੀ। ਸੱਟ ਤੋਂ ਬਾਅਦ ਇਸ ਖਿਡਾਰੀ ਨੇ ਬਹੁਤ ਜੋਸ਼ੀਲੇ ਅੰਦਾਜ ਵਿੱਚ ਵਾਪਸੀ ਕੀਤੀ।

ਇੱਕ ਵਿਰਾਮ ਤੋਂ ਬਾਅਦ ਇਸ ਖਿਡਾਰੀ ਨੇ ਦੁਬਾਰਾ ਫਿਰ ਰੇਡਰਾਂ ਤੇ ਆਪਣੇ ਚਾਹੁਣ ਵਾਲਿਆਂ ਵਿੱਚ ਕਾਫੀ ਚਰਚਾ ਤੇ ਆਪਣੀ ਚੰਗੀ ਖੇਡ ਸਦਕਾ ਆਪਣਾ ਰੁਤਬਾ ਬਰਕਰਾਰ ਰੱਖਿਆ। ਘੱਟ ਵਜਨ ਹੋਣ ਦੇ ਬਾਵਜੂਦ ਆਪਣੀ ਮਿਹਨਤ ਨਾਲ ਹੱਥੀਂ ਕਿਰਤ ਕਰਨ ਵਿੱਚ ਵਿਸ਼ਵਾਸ ਨਾਲ ਆਪਣੇ ਹੱਥਾਂ ਨੂੰ ਲੋਹਾ ਬਣਾਇਆ ਤੇ ਮੈਦਾਨਾਂ ਵਿੱਚ ਕਹਿੰਦੇ-ਕਹਾਉਂਦੇ ਰੇਡਰਾਂ ਨੂੰ ਧੌਲਾਂ ਮਾਰ ਕੇ ਚੱਕਰ ਲਿਆਉਣ ਕਾਰਨ ਕਈ ਖਿਡਾਰੀ ਰਾਜ ਕਕਰਾਲਾ ਦਾ ਟੱਚ ਲੈਣੋ ਬਹੁਤ ਡਰਦੇ ਸਨ।

ਪਰ ਲੱਗਦਾ ਤਕਦੀਰ ਨੂੰ ਕੁੱਝ ਹੋਰ ਹੀ ਮਨਜੂਰ ਸੀ ਸੱਟ ਤੋਂ ਉੁਭਰਨ ਤੋਂ ਬਾਅਦ ਜਦੋਂ ਰਾਜ ਕਕਰਾਲਾ ਦੀ ਖੇਡ ਮੁੜ ਸਿਖਰਾਂ ਛੂਹਣ ਲੱਗੀ ਤਾਂ ਉਹ ਮੁੜ ਦੂਸਰੀ ਵਾਰ ਗੋਡੇ ’ਤੇ ਸੱਟ ਖਾ ਬੈਠਾ, ਜਿਸ ਤੋਂ ਉੁਭਰਨ ਵਿੱਚ ਇਸ ਖਿਡਾਰੀ ਨੂੰ ਕਾਫੀ ਸਮਾਂ ਲੱਗ ਗਿਆ। ਇਹ ਸੱਟ ਸਿਰਫ ਰਾਜ ਦੀ ਗੋਡੇ ’ਤੇ ਹੀ ਨਹੀਂ ਲੱਗੀ ਸਗੋਂ ਉਸਦੀ ਮਿਹਨਤ ਤੇ ਉਮੀਦ ਨੂੰ ਵੀ ਲੱਗੀ ਸੀ, ਜੋ ਕਿ ਉਸਨੇ ਇਸ ਮੁਕਾਮ ਤੱਕ ਪਹੁੰਚਣ ਲਈ ਕੀਤੀ ਸੀ। ਰਾਜ ਨੇ ਸੱਟ ਤੋਂ ਉੱਭਰਨ ਲਈ ਮੈਦਾਨਾਂ ’ਚ ਖਿਡਾਰੀ ਵਜੋਂ ਵਾਪਸੀ ਕਰਨ ਦੀ ਕੋਸਿਸ਼ ਕੀਤੀ ਪਰੰਤੂ ਇਸ ਸੱਟ ਨੇ ਕਬੱਡੀ ਜਗਤ ਦੇ ਸਟਾਰ ਜਾਫੀ ਦੇ ਕਾਰਵੇਂ ’ਤੇ ਵਿਰਾਮ ਲਾ ਦਿੱਤਾ ਸੀ। ਜਿਹੜਾ ਖਿਡਾਰੀ ਪੂਰੇ ਵਿਸ਼ਵ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਿੱਚ ਵਿਸਵਾਸ਼ ਰੱਖਦਾ ਸੀ। ਉਹ ਸੱਟਾਂ ਦੇ ਬਦਲਦੇ ਕਬੱਡੀ ਸਮੀਕਰਨਾਂ ਵਿੱਚ ਗੁੰਮਨਾਮ ਹੋ ਗਿਆ।

ਬੇਸ਼ੱਕ ਇਸ ਖਿਡਾਰੀ ਨੂੰ ਸੱਟਾਂ ਕਾਰਨ ਕਬੱਡੀ ਖੇਡਣੀ ਛੱਡਣੀ ਪਈ ਪਰ ਅੱਜ ਵੀ ਰਾਜ ਪਿੰਡਾਂ ਵਿੱਚ ਕਬੱਡੀ ਦੇ ਕੈਂਪ ਲਾ ਕੇ, ਨਵੇਂ ਖਿਡਾਰੀ ਪੈਦਾ ਕਰਨ ਵਿੱਚ ਯੋਗਦਾਨ ਪਾ ਰਿਹਾ ਹੈ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਆਪਣਾ ਅਹਿਮ ਰੋਲ ਅਦਾ ਕਰ ਰਿਹਾ ਹੈ। ਕਬੱਡੀ ਸਿਖਲਾਈ ਤੋਂ ਇਲਾਵਾ ਰਾਜ ਕਕਰਾਲਾ ਮਾਲਵੇ ਖੇਤਰ ਦੇ ਕਬੱਡੀ ਟੂਰਨਾਮੈਂਟਾਂ ਵਿੱਚ ਬਤੋਰ ਰੈਫਰੀ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ। ਆਪਣੀਆਂ ਨਿਰੋਲ ਤੇ ਨਿਰਪੱਖ ਕਬੱਡੀ ਟੂਰਨਾਮੈਂਟਾਂ ਦੀਆਂ ਸੇਵਾਵਾਂ ਸਦਕਾ ਹੁਣ ਰਾਜ ਪੂਰੇ ਮਾਲਵੇ ਦੇ ਚੋਟੀ ਦੇ ਰੈਫਰੀਆਂ ਵਿੱਚ ਸ਼ੁਮਾਰ ਹੋ ਚੁੱਕਾ ਹੈ ।

ਰਾਜਵੀਰ ਸਿੰਘ ਕਕਰਾਲਾ ਇੱਕ ਬਹੁਤ ਨੇਕਦਿਲ ਤੇ ਹਸਮੁੱਖ ਸ਼ਖਸੀਅਤ ਹੋਣ ਦੇ ਨਾਤੇ ਆਪਣੇ ਇਲਾਕੇ ਦਾ ਹਰਮਨਪਿਆਰਾ ਵਿਅਕਤੀਤਵ ਪਾਤਰ ਹੈ। ਇੱਕ ਨਿੱਜੀ ਮੁਲਾਕਾਤ ਵਿੱਚ ਰਾਜ ਕਕਰਾਲਾ ਨੇ ਦੱਸਿਆ ਆਪਣੀ ਜਿੰਦਗੀ ਵਿੱਚ ਆਪਣੀ ਮਿਹਨਤ ਤੇ ਜਨੂੰਨ ਦੇ ਬਲਬੂਤੇ ਆਪਣੀ ਸੰਘਰਸ਼ਮਈ ਜਿੰਦਗੀ ਦੇ ਨਾਲ ਅਤੇ ਮਾੜੇ-ਚੰਗੇ ਸਮੇਂ ਨੂੰ ਹੱਸ ਕੇ ਪ੍ਰਵਾਨ ਕਰਨ ਨੂੰ ਹੀ ਆਪਣੀ ਜਿੰਦਗੀ, ਅਤੇ ਜਿੰਦਗੀ ਦੇ ਉਤਰਾਅ-ਚੜ੍ਹਾਅ ਵਿੱਚ ਖੁਸ਼ ਹੋ ਕੇ ਜਿਊਣ ਨੂੰ ਆਪਣਾ ਜੀਵਨ ਸਿਧਾਂਤ ਮੰਨਦਾ ਹੈ।

ਅਸਲ ਵਿੱਚ ਇਸ ਕਬੱਡੀ ਖਿਡਾਰੀ ਦਾ ਜੀਵਨ-ਪੱਥ ਕਾਫੀ ਸੰਘਰਸ਼ ਵਾਲਾ ਬੀਤਿਆ ਜੋ ਕਿ ਕਾਫੀ ਮਿਹਨਤ ਨਾਲ ਇਸ ਮੁਕਾਮ ’ਤੇ ਪਹੁੰਚਿਆ, ਤੇ ਜਿੰਦਗੀ ਦੀਆਂ ਰੁਕਾਵਟਾਂ ਨੂੰ ਪਾਰ ਕਰਕੇ ਮੁੜ ਮੈਦਾਨਾਂ ਵਿੱਚ ਇੱਕ ਸਫਲ ਰੈਫਰੀ ਵਜੋਂ ਮੱਲਾਂ ਮਾਰ ਰਿਹਾ ਹੈ, ਉੱਥੇ ਅਵਤਾਰ ਸਿੰਘ ਪੋਜੇਵਾਲ ਦੀ ਅੰਡਰ 21 ਕਬੱਡੀ ਟੀਮ ਦੇ ਬਤੌਰ ਕੋਚ ਦੇ ਤੌਰ ’ਤੇ ਵੀ ਸੇਵਾਵਾਂ ਵੀ ਨਿਭਾ ਰਿਹਾ ਹੈ ਤੇ ਇਸ ਪ੍ਰਕਾਰ ਮਾਂ ਖੇਡ ਕਬੱਡੀ ਨੂੰ ਅਰਸ਼ਾਂ ’ਤੇ ਪਹੁੰਚਾਉਣ ’ਚ ਆਪਣਾ ਯੋਗਦਾਨ ਪਾਉਣ ਵਾਲੇ ਅਜਿਹੇ ਸਿਤਾਰੇ ਹੋਰ ਤਰੱਕੀਆਂ ਕਰਦੇ ਰਹਿਣ। ਇਹੀ ਅਰਦਾਸ ਹੈ।
ਦਰਸ਼ਨ ਗਿੱਲ ਦੁਤਾਲ, ਪਾਤੜਾਂ
ਮੋ. 99880-32249

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ